ਆਓ ਮਿਲੀਏ ਕਹਾਣੀਕਾਰ ਦੀਪਤੀ ਬਬੂਟਾ ਨੂੰ ਜਿਸ ਨੇ
2003 ਤੋਂ 2023 ਦਰਮਿਆਨ ਪ੍ਰਕਾਸ਼ਿਤ ਕਹਾਣੀ-ਸੰਗ੍ਰਹਿ ਰਾਹੀਂ ਹਾਜ਼ਰ ਨਿਵੇਕਲੀ ਪਛਾਣ ਦੇ ਕੁਝ ਕਹਾਣੀਕਾਰਾਂ ‘ਚੋਂ ਸੰਨ 2014 ਦੌਰਾਨ ਪ੍ਰਵੇਸ਼ ਕੀਤਾ ਹੈ
ਦੀਪਤੀ ਬਬੂਟਾ ਦਾ ਜਨਮ ਸੰਨ 1972 ਵਿਚ ਜਿਲ੍ਹਾ ਫਿਰੋਜ਼ਪੁਰ, ਤਹਿਸੀਲ ਗੁਰੂ ਹਰ ਸਹਾਇ ਦੇ ਸ਼ਹਿਰ ਗੁਰੂ ਹਰ ਸਹਾਇ ਵਿਖੇ ਪਿਤਾ ਗੁਰਚਰਨ ਸਿੰਘ, ਮਾਤਾ ਕੁਸ਼ੱਲਿਆ ਦੇ ਘਰ ਹੋਇਆ। ਉਹ ਬੀ.ਏ. ਬੀ. ਐਡ., ਡਬਲ ਐਮ.ਏ., ਐਮ.ਫਿਲ., ਐਮ.ਐਡ. ਤੇ ਕੰਪਿਊਟਰ ਵਿਸ਼ੇ ਦੇ ਡਿਪਲੋਮੇ ਕਰ ਗਈ। ਉਹ ਕਰੀਬ 15 ਸਾਲ ਪੱਤਰਕਾਰੀ ਵੱਖ-ਵੱਖ ਅਖ਼ਬਾਰਾਂ ਦੀ ਤੋਂ ਇਲਾਵਾ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਤੇ ਪ੍ਰਿੰਸੀਪਲ ਅਤੇ ਜਿਲ੍ਹਾ ਉਪਭੋਗਤਾ ਝਗੜਾ ਨਿਵਾਰਣ ਫੋਰਮ ਦੀ ਮੈਂਬਰ ਦੇ ਪੰਜ ਵਰ੍ਹੇ ਦਾ ਕਾਰਜ ਕਰਦਿਆਂ ਮੌਜੂਦਾ ਸਮੇਂ ਕੁਲ-ਵਕਤੀ ਲੇਖਿਕਾ ਹੈ। ਉਹ, ਦਾਦੀ ਤੇ ਨਾਨੀ ਤੋਂ ਕਹਾਣੀ ਸੁਣਨ ਦੀ ਗੁੜ੍ਹਤੀ ਲੈਂਦਿਆਂ, ਪਿਤਾ ਜੀ ਤੋਂ ਪੁਸਤਕ ਦੇ ਪੜ੍ਹਨ ਨਾਲ ਜੁੜਦਿਆਂ ਤੇ ਕਾਲਜ ਪੜ੍ਹਦੇ ਸਮੇਂ ਸਾਹਿਤ ਦੀ ਧਾਰਾ ਨਾਲ ਸ਼ਹਿਰ ਜਲਾਲਾਬਾਦ ਪੱਛਮੀ ਦੇ ਸਾਹਿਤਕਾਰ ਦਿਆਲ ਸਿੰਘ ਪਿਆਸਾ ਨੇ ਜੋੜਿਆ ਅਤੇ ਕਹਾਣੀਕਾਰ ਸੁਜਾਨ ਸਿੰਘ, ਬਚਿੰਤ ਕੌਰ ਤੇ ਅਜੀਤ ਕੌਰ ਦੇ ਤਰ੍ਹਾਂ ਕਹਾਣੀ ਸਿਰਜਣਾ ਕਰਾਂ ਦੇ ਰਾਹੀਂ ਸਾਹਿਤਕ-ਸਫਰ ਆਰੰਭਿਆ ਤਾਂ ਸੰਨ 2013 ਵਿਚ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਦੇ ਬਾਅਦ ਸੰਨ 2014 ਵਿਚ ਪਲੇਠਾ ਕਹਾਣੀ-ਸੰਗ੍ਰਹਿ ‘ ਕੁਝ ਤੇਰੀਆਂ ਕੁਝ ਮੇਰੀਆਂ ‘ ਛਪਵਾ ਕੇ ਫਿਰ ਕਵਿਤਾ ਤੇ ਇਕਾਂਗੀ ਅਤੇ ਸੰਨ 2016 ਵਿਚ ‘ ਤੀਜੇ ਪਿੰਡ ਦੇ ਲੋਕ ‘ ਕਹਾਣੀ-ਸੰਗ੍ਰਹਿ, ਅਗਲੇ ਸਾਲ ਵਾਰਤਕ ਦੀ ਪੁਸਤਕ ਤੋਂ ਬਾਅਦ ਸੰਨ 2019 ਵਿਚ ਕਹਾਣੀ-ਸੰਗ੍ਰਹਿ ‘ ਪਿੱਛਾ ਰਹਿ ਗਿਆ ਦੂਰ ‘ ਦੇ ਉਪਰੰਤ ਨਾਟਕ ਦੀ ਕਿਤਾਬ ਅਤੇ ਸੰਨ 2022 ਵਿਚ ‘ ਭੁੱਖ ਇਉਂ ਸਾਹ ਲੈਂਦੀ ਹੈ ‘ ਕਹਾਣੀ-ਸੰਗ੍ਰਹਿ ਦੀ ਚੌਥੀ ਪੁਸਤਕ ਪ੍ਰਕਾਸ਼ਿਤ ਕਰਵਾ ਗਈ ਹੈ। ਉਹ ਫਿਲਮ ਸਕਰਿਪਟ ਦੇ ਨਾਲ ਨਾਲ ਅਦਾਕਾਰ ਵਜੋਂ ਵੀ ਕਾਰਜ ਕਰ ਰਹੀ ਹੈ।
ਕਹਾਣੀ ‘ ਡਾਂਸ ਫਲੋਰ ‘ਨਾਲ ਕਹਾਣੀਕਾਰ ਦੀਪਤੀ ਬਬੂਟਾ ਨੂੰ ਕਹਾਣੀ ਸਾਹਿਤ ਦੇ ਵਿਦਵਾਨਾਂ ਨੇ ਕਹਾਣੀਕਾਰ ਮੰਨਿਆ ਹੈ।
ਉਸ ਦੇ ਤੀਜੇ ਅਤੇ ਚੌਥੇ ਕਹਾਣੀ-ਸੰਗ੍ਰਹਿ ਨੂੰ ਮੈਂ ਪੜ੍ਹਿਆ ਤਾਂ / ਪਿੱਛਾ ਰਹਿ ਗਿਆ ਦੂਰ/ ਦੀਆਂ ਗਿਆਰਾਂ ਕਹਾਣੀਆਂ ਦੇ ਗਿਆਰਾਂ ਹੀ ਰੰਗ ਨੇ ਜਿਵੇਂ, ‘ ਤੇਰੇ ਬਗੈਰ ‘ ਪੇਂਡੂ ਧਰਾਤਲ ਉੱਤੇ ਜਗੀਰਦਾਰੀ ਸਿਸਟਮ ਅੰਦਰ ਮਰਦ ਪ੍ਰਧਾਨ ਸਮਾਜ ਵਿੱਚ ਪਤੀ-ਪਤਨੀ ਦੀ ਕਹਾਣੀ ਹੈ। ਜਗੀਰਦਾਰੀ ਰੁਚੀਆਂ ਦਾ ਮਾਲਕ ਮਰਦ, ਔਰਤ ਨੂੰ ਭੋਗਣ ਵਾਸਤੇ ਇੰਝ ਵੀ ਬੋਲਣ ਲੱਗ ਜਾਂਦਾ ਹੈ, ” ਨਾ ਇਕ ਮਾਮੂਲੀ ਕਿਡਨੀ ਪਿੱਛੇ ਤਾਂ ਨਹੀਂ ਮਰਨ ਦਿੰਦਾ ਤੈਨੂੰ। ਦੱਸ ਭਲਾ, ਜੇ ਤੂੰ ਮਰ ‘ਗੀ ਤਾਂ ਮੈਂ ਲੜਾਂਗਾ ਕੀਹਦੇ ਨਾਲ। ਤੇਰੇ ਬਗੈਰ ਤਾਂ ਮੇਰਾ ਜੀਅ ਨਹੀਂ ਲੱਗਣਾ। ” *1ਪੰਨਾ ਨੰਬਰ _27 ਇਸ ਜਗੀਰਦਾਰੀ ਸਿਸਟਮ ਅੰਦਰ ਦਲਿਤ ਸਮਾਜ ਦੇ ਸੀਰੀ ਤੇ ਉਸਦੀ ਪਤਨੀ ਅਤੇ ਧੀ ਦੇ ਸ਼ੋਸ਼ਣ ਨੂੰ ‘ ਗੌਤਮੀ ਤੋਂ ਸ਼ਬਨਮ ਵਾਇਆ ਰੁਲੀਆ ‘ ਰਾਹੀਂ ਪੇਸ਼ ਕੀਤਾ ਗਿਆ। ਜਿਸ ਦਾ ਜੀਣਾ ਦੁੱਭਰ ਹੋਇਆ ਤਾਂ, ‘ ਉਸਨੇ ਇਸ ਪੀੜ ਤੋਂ ਮੁਕਤੀ ਦਾ ਸੌਖਾ ਰਾਹ ਲੱਭ ਲਿਆ। ਬਸਤੀ ਦੇ ਚੁਰਾਹੇ ਦੇ ਦਰਖਤ ‘ਤੇ ਇਕ ਮਾਸੂਮ ਲਾਸ਼ ਹੋਰ ਝੂਲ ਗਈ । ” ਸ਼ਬਨਮ ਪੁੱਤਰੀ ਰੁਲੀਆ ” ਅਣਪਛਾਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਇਕ ਹੋਰ ਫਾਈਲ ਥਾਣੇ ਦੇ ਰਿਕਾਰਡ ‘ਚ ਸਾਹ ਘੁੱਟ ਕੇ ਮਰਨ ਲਈ ਦਬਾ ਦਿੱਤੀ ਗਈ ।*6 ਪੰਨਾ ਨੰਬਰ _156 ਇਹ ਕਹਾਣੀ ਭਾਰਤੀ ਪੰਜਾਬ ਦੇ ਸਿਸਟਮ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਤਰ੍ਹਾਂ ਹੀ ਪੇਂਡੂ ਮਾਹੌਲ ਵਿੱਚ ਪਾਕਿਸਤਾਨ ਬਣਨ ਸਮੇਂ ਵਿੱਛੜੇ ਤੇ 65_70 ਸਾਲ ਬਾਅਦ ਮੁੜ ਮਿਲੇ ਪਰਿਵਾਰਾਂ ਨੂੰ ‘ ਨਜਰਾਂ ਤੋਂ ਦੂਰ ਨਹੀਂ ‘ ਰਾਹੀਂ ਪਾਠਕਾਂ ਦੇ ਰੂ-ਬ-ਰੂ ਕੀਤਾ ਗਿਆ ਹੈ। ਆਧੁਨਿਕ ਸਿਸਟਮ ਦੇ ਸ਼ਹਿਰੀ ਖੇਤਰ ਵਿੱਚ ਔਰਤ-ਮਰਦ ਅੰਦਰ ਮਰਦ ਦੇ ਮਨਮਰਜ਼ੀ ਵਾਲੇ ਬਾਹਰ ਬਣਾਏ ਗੈਰ- ਸਬੰਧਾਂ ਦੇ ਕਾਰਨ ਉਸ ਦੀ ਪਤਨੀ ਦੇ ਉੱਤੇ ਪਏ ਪ੍ਰਭਾਵ ਨੂੰ ‘ ਠਹਿਰੇ ਪਲ ‘ ਕਿਹਾ ਗਿਆ ਹੈ। ਆਧੁਨਿਕ ਔਰਤ-ਮਰਦ ਦੇ ਜੀਣ ਬਾਰੇ ਦੋ ਸਹੇਲੀਆਂ ਦੀ ਫੋਨ ਕਾਲ ਹੀ ਦੱਸ ਪਾ ਰਹੀ ਹੈ, ‘ ਅੱਜ ਫਿਰ ਸ਼ਿਖਾ ਦਾ ਫੋਨ ਆਇਆ ਹੈ। ਪੈਂਦੀ ਸੱਟੇ ਉਸ ਨੇ ਉਹੀ ਪੁਰਾਣਾ ਸਵਾਲ ਦੁਹਰਾਇਆ ਹੈ, ” ਦਾਮਿਨੀ ਤੇਰਾ ਹਸਬੈਂਡ ਕਿੱਥੇ ?” ” ਕੀ ਆਖਾਂ ?” ਸਮਝ ਨਹੀਂ ਆ ਰਹੀ। *2 ਪੰਨਾ ਨੰਬਰ _28 ਕਹਾਣੀ ਦੇ ਆਖੀਰ ਵਿਚ ਪੰਨਾ ਨੰਬਰ _43 ਉੱਤੇ ” ਓ.ਕੇ. ਇਕ ਸਵਾਲ ਹੋਰ ਹੈ। ਜੇ ਮੈਂ ਆਖਾਂ ਮੈਂ ਲੇਸਬੀਅਨ ਨਹੀਂ ਹਾਂ ਤੇ ਤੇਰੀਆਂ ਹੋਛੀਆਂ ਹਰਕਤਾਂ ਇੱਥੇ ਨਹੀਂ ਚੱਲਣੀਆਂ ਤਾਂ ? ” “,,,,,,” “,,,,” ਉਹ ਗੁਣਗੁਣਾਉਣ ਲੱਗੀ, ” ਤਨ ਸੇ ਤਨ ਕਾ ਮਿਲਨ ਨਾ ਹੋ ਪਾਇ ਆ ਤੋ ਕਯਾ। ” ” ਚਲ ਤੇਰੀ ਹਰ ਗੱਲ ਮਨਜੂਰ ਪਰ ਇਕ ਗੱਲ ਦੱਸ ? ਤੂੰ ਰਹਿ ਲਵੇਂਗੀ ਮੇਰੇ ਤੋਂ ਵੱਖ ?”*3 ਪੰਨਾ ਨੰਬਰ _43 ਇਸ ਤਰ੍ਹਾਂ ਕਹਾਣੀਕਾਰ ਨੇ ਮਹੱਤਵਪੂਰਨ ਪ੍ਰਸ਼ਨ ਉਠਾਏ ਹਨ। ਇਸ ਤਰ੍ਹਾਂ ਦੇ ਸ਼ਹਿਰ ਅੰਦਰ ਹੀ ਅਵਾਰਾ ਗਊਆਂ ਦਾ ਮੁੱਦਾ ‘ ਭਗਵੇਂ ਬੱਦਲਾਂ ‘ਚ ਫਸੇ ਸਿੰਗ ‘ ਤੇ ਕਜੋੜ ਵਿਆਹ ਪ੍ਰਣਾਲੀ ਨੂੰ ਲੈ ਕੇ ‘ ਮੇਲਦੀ ਨਾਗਣ ‘ ਅਤੇ ਕਹਾਣੀ ਤੇ ਕਹਾਣੀਕਾਰ ਅਤੇ ਫਿਲਮੀ ਦੁਨੀਆ ਦਾ ਇਕ ਅੰਸ਼ ‘ ਪੋਸਟਰ ਰਿਲੀਜ਼ ‘ ਜਰੀਏ ਕਹਾਣੀ ਵਿੱਚ ਕਹਾਣੀਕਾਰ ਨੇ ਲਿਆਂਦਾ ਹੈ। ਕਸਬੇ ਦੇ ਜਨ-ਜੀਵਨ ਵਿਚੋਂ ‘ ਬਦਨਾਮ ਬਸਤੀ ‘ ਵੇਸਵਾ ਦਾ ਧੰਦਾ ਕਰਦੀਆਂ ਔਰਤਾਂ ਕਰਕੇ ਹੈ ਦੀ ਮੈਂ ਪਾਤਰ ਦੇ ਦਿਲੋਂ ਭਾਵ ਇੰਝ ਸਨ, ‘ ਨੱਸ ਜਾਣਾ ਚਾਹੁੰਦੀ ਸਾਂ ਵਾਗਾਂ ਤੁੜਾ ਕੇ ਇਸ ਬਸਤੀ ਦੇ ਪਰਛਾਵੇਂ ਤੋਂ ਵੀ ਦੂਰ। ਜਿਊਣਾ ਚਾਹੁੰਦੀ ਸਾਂ। ਹੱਸਣਾ ਚਾਹੁੰਦੀ ਸਾਂ। ਕਿਸੇ ਦੇ ਚੌਂਕੇ ਚੁੱਲ੍ਹੇ ਦੀ ਪਟਰਾਣੀ ਬਣ ਵੱਸਣ ਦਾ ਵੇਖਿਆ ਕਰਦੀ ਸਾਂ ਖੁੱਲ੍ਹੇ ਨੈਣੀਂ ਰੰਗਲਾ ਖੁਆਬ। *4 ਪੰਨਾ ਨੰਬਰ _70 ਪਰ ਉਹ ਬਦਨਾਮ ਬਸਤੀ ਜੋਗੀ ਹੋ ਕੇ ਰਹਿ ਗਈ। ਉਸ ਦੇ ਮਰਦ ਪਿਆਰ ਨੇ ਵੀ ਧੋਖਾ ਦਿੱਤਾ। ‘ ਡਾਂਸ ਫਲੋਰ ‘ ਰਾਹੀਂ ਡੀ.ਜੇ. ਉੱਤੇ ਨੱਚਣ-ਟੱਪਣ ਵਾਲੀਆਂ ਔਰਤ ਆਰਕੈਸਟਰਾਂ ਤੇ ਉਹਨਾਂ ਨਾਲ ਜੁੜੇ ਮਰਦਾਂ ਦੀ ਮਾਨਸਿਕਤਾ ਨੂੰ ਪੜ੍ਹਿਆ ਜਾ ਸਕਦਾ ਹੈ। ਇਸ ਕਹਾਣੀ ਦੇ ਆਰੰਭ ਵਿੱਚ ਹੀ ਕਹਾਣੀਕਾਰ ਨੇ ਵਿਸ਼ਾ-ਵਸਤੂ ਤੇ ਵਖ-ਵਖ ਕਿਸਮ ਦੇ ਪਾਤਰਾਂ ਦਾ ਆਪਣਾ-ਆਪਣਾ ਜਿਊਣ ਢੰਗ ਬ-ਕਮਾਲ ਢੰਗ ਨਾਲ ਪਾਠਕ ਦੇ ਰੂ ਬਰੂ ਕੀਤਾ ਹੈ। ” ਪਾਣੀ ਦੀ ਲਿਆ ਬਾਲਟੀ ਮਾਰ ਏਹਦੇ ਸਿਰ ‘ਤੇ। ਭੈਂ ਚੋ ਐਵੇਂ ਨਹੀਂ ਉੱਠਣ ਲੱਗੀ ਇਹ। ਚੱਲ ਗੀਟਿਆਂ, ਤੂੰ ਕੈਂਟਰ ‘ਚ ਸਮਾਨ ਲੋਡ ਕਰਵਾ। ਛੇਤੀ ਨਿਕਲਣ ਦੀ ਕਰੋ। ਤੁਸੀਂ ਜਾ ਕੇ ਸੈੱਟ ਲਗਾਉਣੈ। ਕੁੜੀਆਂ ਨੂੰ ਪਿਛਲੀ ਕਾਰ ‘ਚ ਭੇਜ ਦਿਆਂਗੇ। ਤੁਸੀਂ ਪਹੁੰਚਦੇ ਹੋਵੋ। “*8 ਪੰਨਾ ਨੰਬਰ _172 ਇਸ ਕਹਾਣੀ ਦੇ ਅੰਤ ਵਿੱਚ ਜਾ ਕੇ ਕਹਾਣੀਕਾਰ ਨੇ ਮਨੁੱਖ ਦੀ ਜੀਣ-ਥੀਣ ਦੀ ਪੀੜ੍ਹੀ ਦਰ ਪੀੜ੍ਹੀ ਵਾਲੀ ਪ੍ਰਵਿਰਤੀ ਨੂੰ ਮਨੁੱਖੀ ਸਮਾਜ ਦੇ ਵਿੱਚ ਇੰਝ ਪੇਸ਼ ਕੀਤਾ ਹੈ। ‘ ਗੁਨੂੰ ਨੇ ਮਾਂ ਨੂੰ ਹੌਸਲਾ ਦਿੰਦੇ ਹੋਏ ਲਾਡ ਨਾਲ ਕਿਹਾ, ” ਮਾਂ, ਮਾਂ ਹੁੰਦੀ ਏ । ਮਾਂ ਫਿਕਰ ਨਾ ਕਰ, ਸਿਤਾਰਾ ਚਮਕੇਗੀ ਤੇ ਰੌਸ਼ਨੀ ਅੱਖਾਂ ਚੁੰਧਿਆਏਗੀ। ਹਨੇਰਾ ਜਾਂਦਾ ਏ ਤਾਂ ਰੌਸ਼ਨੀ ਆਉਂਦੀ ਏ, ਪਰ ਸਿਤਾਰਾ ਹਨੇਰੇ ਵਿੱਚ ਹੀ ਚਮਕਦਾ ਹੈ। ” ਉਸ ਨੇ ਆਪਣੀ ਮਾਂ ਦਾ ਮੱਥਾ ਚੁੰਮਿਆ, ਤੇ ਪੁਰਾਣੇ ਬੈਗ ਵਿਚੋਂ ਮਾਂ ਵਾਲੀ ਚਿੱਟੀ ਨੈਟ ਦੀ ਸਾੜ੍ਹੀ ਕੱਢ ਕੇ ਸੀਨੇ ਨਾਲ ਲਾ ਲਈ । ਪ੍ਰੋਗਰਾਮ ‘ਤੇ ਜਾਣ ਲਈ ਕਾਰ ਬੂਹੇ ਅੱਗੇ ਆ ਪਹੁੰਚੀ। ਗੁਨੂੰ ਮਾਂ ਵੱਲ ਮੁੜੀ, ਉਸ ਦੇ ਹੰਝੂ ਸਾੜ੍ਹੀ ਦੇ ਪੱਲੂ ‘ਚ ਸਮੇਟ ਮੱਥੇ ਨਾਲ ਛੁਹਾਈ ਤੇ ਡਾਂਸ ਫਲੋਰ ਵੱਲ ਚਾਲੇ ਪਾ ਦਿੱਤੇ। *9ਪੰਨਾ ਨੰਬਰ _228 ਇਹ ਵੀ ਇਕ ਕਰੂਰ ਯਥਾਰਥਕ ਮਨੁੱਖੀ ਜੀਵਨ ਹੈ। ‘ ਅੰਨ੍ਹੇ ਮੋੜ ‘ ‘ਤੇ ‘ ਦਾ ਸਰਕਾਰੀ ਸਕੂਲ ਦਾ ਪੰਜਾਬੀ ਅਧਿਆਪਕ ਦੋਹਰੇ ਕਿਰਦਾਰ ਦਾ ਹੈ। ਉਸ ਨੇ ਆਪਣੇ ਬੱਚੇ ਅੰਗਰੇਜ਼ੀ ਮੀਡੀਅਮ ਦੇ ਸਕੂਲਾਂ ਵਿੱਚ ਪੜ੍ਹਾਏ ਤਾਂ ਜਦੋਂ ਬੱਚਿਆਂ ਨੇ ਪੰਜਾਬ ਦੇ ਕਾਲਜ ਵਿਚੋਂ ਡਿਗਰੀ ਹਾਸਲ ਕਰਨ ਦਾ ਫੈਸਲਾ ਲਿਆ ਉਦੋਂ ਪੰਜਾਬੀ ਦੀ ਜਰੂਰਤ ਪਈ । ਉਦੋਂ ਉਸ ਅਖੌਤੀ ਅਧਿਆਪਕ ਨੂੰ ਪੰਜਾਬੀ ਭਾਸ਼ਾ ਦੀ ਮਹੱਤਤਾ ਦਾ ਵਿਸ਼ੇਸ਼ ਤੌਰ ਉੱਤੇ ਮੁੱਲ ਪਤਾ ਲੱਗਾ। ਉਸਦੇ ਸ਼ਬਦਾਂ ਵਿੱਚ, ‘ ਇਕ ਪਾਸੇ ਸਕੂਨ ਮਿਲਿਆ ਤਾਂ ਦੂਜੇ ਪਾਸੇ ਨਵੇਂ ਡਰ ਨੇ ਫਨ ਚੁੱਕ ਲਿਆ। ਜੇ ਇੰਝ ਹੀ ਭਵਿੱਖੀ ਪੀੜ੍ਹੀ ਪੰਜਾਬੀ ਦੀ ਥਾਂ ਪੰਜਾਬ ਹਿਸਟਰੀ ਐਂਡ ਕਲਚਰ ਵਿਸ਼ੇ ਦੀ ਚੋਣ ਕਰਦੀ ਗਈ, ਤਾਂ ਮੇਰੀ ਪੰਜਾਬੀ ਅਧਿਆਪਕ ਦੀ ਪੋਸਟ ਤਾਂ ਸਮਝੋ ਗਈ ।*5 ਪੰਨਾ ਨੰਬਰ _97 ਇਹ ਸਮਕਾਲ ਦਾ ਭਖਦਾ ਮੁੱਦਾ ਹੈ। ਜੋ ਪੇਂਡੂ ਤੇ ਸ਼ਹਿਰੀ ਜੀਵਨ ਦੇ ਸੁਮਿਸ਼ਰਣ ਨਾਲ ਸਬੰਧਿਤ ਅਖੌਤੀ ਸੰਘਰਸ਼ ਜਰੀਏ ਮਾਂ-ਬੋਲੀ ਤੇ ਪੰਜਾਬੀ ਸੱਭਿਆਚਾਰ ਬਾਰੇ ਹੈ। ‘ ਪਿੱਛਾ ਰਹਿ ਗਿਆ ਦੂਰ ‘ ਗਰੀਬੀ ਤੋਂ ਮਿਹਨਤ ਨਾਲ ਪ੍ਰਾਪਤ ਕੀਤੀ ਅਮੀਰੀ ਤੇ ਫਿਰ ਪਰਿਵਾਰ ਅੰਦਰ ਮਾਪਿਆਂ ਤੇ ਬੱਚਿਆਂ ਦੇ ਪੀੜ੍ਹੀ ਪਾੜੇ ਦੇ ਕਹਾਣੀ-ਚਿੱਤਰ ਹਨ। ਕਹਾਣੀ ‘ ਪਿੱਛਾ ਰਹਿ ਗਿਆ ਦੂਰ ‘ ਦੀ ਔਰਤ , ਪਤੀ ਨੂੰ ਪਰਮਾਤਮਾ ਮੰਨਣ ਵਾਲੀ ਜੀਣ ਲਈ ਅਜਿਹੀ ਜਗੀਰਦਾਰੀ ਸਿਸਟਮ ਦੀ ਦਿੱਤੀ ਹੋਈ ਸੋਚ ਰੱਖਦੀ ਹੈ, ” ਕੁਝ ਪਿੱਛੇ ਨਹੀਂ ਛੁੱਟਿਆ ਨਾ ਕੁਝ ਮੋਇਐ। ਆਪਾਂ ਮਿਲ ਕੇ ਸਾਰੀਆਂ ਜਿੰਮੇਵਾਰੀਆਂ ਨਿਭਾਵਾਂਗੇ। ਤੁਹਾਡੀਆਂ ਭੈਣਾਂ ਮੇਰੀਆਂ ਭੈਣਾਂ ਨੇ। ਤੁਸੀਂ ਬੀ.ਏ. ਮੁਕੰਮਲ ਕਰੋ। ਸੁਪਨਾ ਟੁੱਟੇ ਤਾਂ ਜੁੜ ਵੀ ਸਕਦੈ। ਬਸ, ਮਰੇ ਨਾ । ” *7 ਪੰਨਾ ਨੰਬਰ _162 ਇਹ ਔਰਤ ਮਿਹਨਤ ਕਰਦਿਆਂ ਤਰੱਕੀ ਦਿੰਦਿਆਂ ਅੰਤ ਉਸ ਮਿਹਨਤ ਦਾ ਸੁਖ ਬਿਨਾਂ ਮਾਣਿਆ ਹੀ ਮੌਤ ਕਾਰਨ ਆਪਣੇ ਜੀਵਨ ਨੂੰ ਵਿਚਕਾਰ ਹੀ ਛੱਡ ਜਾਂਦੀ ਹੈ।
ਇਹਨਾਂ ਗਿਆਰਾਂ ਕਹਾਣੀਆਂ ਦੇ ਵਿਚੋਂ ਸਰਵੋਤਮ ਕਹਾਣੀ ‘ ਡਾਂਸ ਫਲੋਰ ‘ ਉਭਰ ਕੇ ਸਾਹਮਣੇ ਆਉਂਦੀ ਹੈ। ਇਸ ਕਹਾਣੀ-ਸੰਗ੍ਰਹਿ ਦਾ / ਪਿੱਛਾ ਰਹਿ ਗਿਆ ਦੂਰ/ ਦੀ ਥਾਂ / ਡਾਂਸ ਫਲੋਰ/ ਵਧੇਰੇ ਪ੍ਰਤੀ-ਨਿਧਤਾ ਕਰਨ ਵਾਲਾ ਨਾਮ ਬਣਦਾ ਹੈ। ਇਹ ਸ਼ਬਦ ‘ ਡਾਂਸ ਫਲੋਰ ‘ ਮਨੁੱਖੀ ਸਮਾਜ ਦੇ ਸਮਕਾਲ ਅਤੇ ਬਹੁ-ਰੰਗੀ ਜੀਵਨ ਜਾਚ ਨਾਲ ਸਬੰਧਿਤ ਹੈ। ਇਸ ਤਰ੍ਹਾਂ ਇਹ ਬਾਕੀ ਕਹਾਣੀਆਂ ਦੇ ਰੰਗਾਂ ਨੂੰ ਆਪਣੇ ਵਿੱਚ ਸਮੋ ਲੈਂਦਾ ਹੈ। ਇਹ ਪ੍ਤੀਕ-ਆਤਮਿਕ ਵੀ ਹੈ। ਇਹ ਮਨੁੱਖੀ ਜੀਵਨ ਦਾ ਵੀ ‘ ਡਾਂਸ ਫਲੋਰ ‘ ਹੈ।
‘ ਭੁੱਖ ਇਉਂ ਸਾਹ ਲੈਂਦੀ ਹੈ ‘ ਕਹਾਣੀ-ਸੰਗ੍ਰਹਿ ਅੰਦਰ ਨੌ ਕਹਾਣੀਆਂ ਸ਼ਾਮਲ ਹਨ। ਪਹਿਲੀ ‘ ਵਸ਼ੀਕਰਨ ‘ ਮੈਂ ਮੂਲਕ ਚਰਿੱਤਰ ਵਾਲੀ ਔਰਤ ਪਾਤਰ ਪਿਛਲਝਾਤ ਜੁਗਤ ਜਰੀਏ ਪਾਠਕ ਦੇ ਸਾਹਮਣੇ ਆਪਣੀ ਸਕੂਲ ਦੇ ਅਧਿਆਪਕ ਦੀ ਨਿਯੁਕਤੀ ਦੇ ਪਲੇਠੇ ਸਕੂਲ ਦੇ ਅਧਿਆਪਕ ਨਾਲ ਇਕ ਤਰਫਾ ਪਹਿਲੇ ਪਿਆਰ ਉਪਰੰਤ ਪਿਤਾ ਵੱਲੋਂ ਹੋਰ ਥਾਂ ਵਿਆਹ ਦਿੱਤਾ ਤਾਂ ਜਦੋਂ ਜਵਾਨ ਬੱਚਿਆਂ ਦੀ ਮਾਂ ਬਣ ਚੁੱਕੀ ਉਦੋਂ ਸਮਾਰਟ ਫੋਨ ਘਰ ਆਉਣ ਦੇ ਆਰੰਭ ਵਿਚ ਮੋਬਾਈਲ ਚਲਾਉਣਾ ਸਿੱਖਦਿਆਂ ਦੇ ਦੌਰਾਨ ਇਹ ਹੋਇਆ ਜੋ ਮੈਂ ਪਾਤਰ ਦੇ ਸ਼ਬਦਾਂ ਵਿਚ ਇੰਝ ਹੈ, ‘ਆਖਿਰ ਇਕ ਦਿਨ ਝਕਦੇ-ਝਕਾਂਦੇ ਮੈਂ ‘ ਸਰਚ ‘ ਆਪਸ਼ਨ ਵਿਚ ਜਾ ਕੇ ‘ ਅਭੀਜੀਤ ਸਮਰ ‘ ਟਾਈਪ ਕਰ ਦਿੱਤਾ। ਦਿਲ ਧੜਕ ਕੇ ਸੀਨੇ ‘ਚੋਂ ਬਾਹਰ ਆਵੇ। ਤਲਾਸ਼ ਪੂਰੀ ਹੋਈ। ….’ *8 ਪੰਨਾ ਨੰਬਰ 17 ਇਸ ਕਹਾਣੀ ਵਿਚ ਉਤਸੁਕਤਾ, ਕਥਾ-ਰਸ ਤੇ ਕਾਵਿਕ ਸ਼ਬਦਾਂ ਦੇ ਵਾਕਾਂ ਵਿਚ ਲੁਕੀ ਜੁਗਤ ਜਿਵੇਂ ‘ ਮੈਂ ਸਾਵਣ ਦੀ ਤ੍ਰਿਹਾਈ ਬੱਦਲੀ ਬਣ ਤੜਫਦੀ।’ ‘ ਮੁਬਾਇਲ ਦੀ ਰਿੰਗ ਹੋਈ। ਅਭੀਜੀਤ ਦਾ ਫੋਨ ਸੀ। ” ਹਾਂ ਜੀ, ਆ’ਗੇ ਜੀ। ਦਰਾਂ ਮੂਹਰੇ ਖੜ੍ਹੇ ਆਂ…ਉਸ ਦੇ ਮਿਸ਼ਰੀ ਜਿਹੇ ਬੋਲ ਸਾਹਾਂ ‘ਚ ਪਤਾਸੇ ਘੋਲਣ। ਜਿਵੇਂ ਰਾਂਝਾ ਜੋਗੀ ਦਰ ‘ਤੇ ਅਲਖ ਜਗਾਵੇ …..ਨਜ਼ਰਾਂ ਨੇ ਸਿਜਦਾ ਕੀਤਾ। ਪਲਕਾਂ ਨੇ ਤੇਲ ਚੋਇਆ।’ ਕਾਵਿਕ ਸ਼ੈਲੀ ਪਾਠਕ ਨੂੰ ਕੀਲਦੀ ਹੈ। ਰਾਂਝੇ ਦੇ ਜ਼ਿਕਰ ਨਾਲ ਇਤਿਹਾਸਕ ਪਰਤ ਪ੍ਰਗਟ ਹੋ ਕੇ ਬਿਰਤਾਂਤ ਨੂੰ ਗੂੜ੍ਹਪਣ ਪ੍ਰਾਪਤ ਹੋਇਆ ਹੈ। ਇਸ ਕਹਾਣੀ ਵਿਚ ਯਥਾਰਥਕ ਮੌਕਾ-ਮੇਲ ਵੀ ਮੈਟਾਫਰ ਬਣਾ ਕੇ ਪੇਸ਼ ਕੀਤੀ ਗਈ ਹੈ ਜਿਵੇਂ, ‘ ਲਓ ਜੀ ਚੰਡੀਗੜ੍ਹ ਦੇ ਟ੍ਰੈਫਿਕ ਰੇਲ ਫਾਲੋ ਕਰਦਾ ਬੰਦਾ ਕਦੋਂ ਘੜੀ ਦੀਆਂ ਸੂਈਆਂ ‘ਚ ਉਲਝ ਜਾਵੇ, ਪਤਾ ਹੀ ਨਾ ਲੱਗੇ। ਆਪਾਂ ਮੈਡਮ ਦੇ ਘਰ ਤੋਂ ਇਕ ਚੌਕ ਪਿੱਛੇ ਸਾਂ। ਆਹ ਤੇਲ ਪੁਆਉਣ ਦੇ ਚੱਕਰ ਵਿਚ ਰਸਤਾ ਬਦਲ ਗਿਆ ਤੇ ਹੁਣ ਫਿਰ ਚਾਰ ਬੱਤੀਆਂ ਵਾਲੇ ਚੌਂਕ ਤੇ ਦੋ ਗੋਲ ਚੱਕਰ ਕੱਟ ਕੇ ਮਿਲੇਗਾ ਪੁਰਾਣਾ ਰਾਹ।” * 9 ਪੰਨਾ ਨੰਬਰ 23 ਇਸ ਤਰ੍ਹਾਂ ਹੀ ਇਹ ਰੂਹਾਂ ਜੀਵਨ ਦਾ ਕਈ ਵਰ੍ਹਿਆਂ ਦਾ ਚੱਕਰ ਕੱਟ ਕੇ ਮਿਲੇ। ਇਸ ਇਕ ਤਰਫੋਂ ਕੁਦਰਤੀ ਪਿਆਰ ਪ੍ਰਵਿਰਤੀ ਦਾ ਅੰਤ ਵੀ ਬ-ਕਮਾਲ ਕਹਾਣੀ ਦੱਸਦੀ ਹੈ, ‘ ” ਪੁਰਾਣਾ ਰਾਹ ਵੀ ਨਸੀਬਾਂ ਨਾਲ ਨਸੀਬ ਹੁੰਦੈ…। ਤੇ ਕੁਝ ਰਾਹ, ਦਿਲ ਕਰਦੈ ਕਦੀ ਨਾ ਮੁੱਕਣ। ….। ਜਿਨ੍ਹਾਂ ਦੀ ਕੋਈ ਮੰਜ਼ਿਲ ਨਹੀਂ ਹੁੰਦੀ ? ਮੈਂ ਅੱਜ ਵੀ ਉੱਥੇ ਖੜ੍ਹੀ ਹਾਂ ਸਮਰ। ਮਿੱਠੀਆਂ ਘੁੱਟਾਂ ਦੇ ਕੌੜੇ ਹੌਕੇ ਭਰਦੀ।” ……। ” ਮੈਡਮ ਜੀ, ਮੰਜ਼ਿਲਾਂ ਤੋਂ ਬਗੈਰ ਭਟਕਣ ਫਕੀਰਾਂ ਦਾ ਨਸੀਬ ਹੁੰਦੀ ਏ ਜਾਂ ਆਸ਼ਕਾਂ ਦੀ। ਗ੍ਰਹਿਸਥੀ ਲੋਕਾਂ ਲਈ ਨਿਰਾ ਬਦਨਾਮੀ ਦਾ ਟਿੱਕਾ। ਅਸੀਂ ਤਾਂ ਮੰਗ ਬੰਦੇ…। ਆਪਣਾ ਵਿਚਾਰ ਲਉ।” ਉਹ ਹੱਸਿਆ।’ * 10 ਪੰਨਾ ਨੰਬਰ 23 ਇਹਨਾਂ ਸ਼ਬਦਾਂ ਵਿਚ ਸੁਨੇਹਾ ਵੀ ਹੈ ਤੇ ਸਿਰਫ ਇਕ ਸ਼ਬਦ ‘ ਮਲੰਗ ‘ ਰਾਹੀਂ ਆਪਣਾ ਤੁਆਰਫ ਵੀ ਬ-ਕਮਾਲ ਹੈ। ਅਜਿਹੀ ਬ-ਕਮਾਲਤਾ ਅਗਲੇ ਪਹਿਰਿਆਂ ਦੇ ਵਿਚ ਸ਼ਾਮਲ ਹੈ। ਜਿਸ ਵਿਚ ਇਕ ਨਵੀਂ ਪੰਜਾਬੀ ਕਹਾਣੀ ਦੀ ਨਿਵੇਕਲੀ ਪਛਾਣ ਵੀ ਪਈ ਹੋਈ ਹੈ। ਉਸ ਦਾ ਨਮੂਨਾ ਵੇਖੋ, ‘ ” ਪਰ ਤੁਸੀਂ ਵਿਆਹੇ ਹੋਏ ਹੋ।.ਫੋਨ ਆਇਆ ਮੈਡਮ ਜੀ ਦੇ ਬੇਟੇ ਦਾ ਤੇ ਫਿਰ ਪਤੀ ਦਾ। ਬੜੇ ਮਾਣ ਨਾਲ ਦੱਸਣ, ‘ ਮੈਂ ਅਭੀਜੀਤ ਸਰ ਨਾਲ ਜਾ ਰਹੀ ਹਾਂ।’ ਮੈਨੂੰ ਆਪਣੇ ਆਪ ‘ਤੇ ਮਾਣ ਹੋਵੇ। ਕਿੰਨਾਂ ਸਾਊ ਬੰਦਾ ਏਂ ਤੂੰ ਯਾਰ। ਜਨਾਨੀਆਂ ਕਿੱਥੇ ਦੱਸਦੀਆਂ ਘਰਦਿਆਂ ਨੂੰ ਕਿਸੇ ਆਦਮੀ ਨਾਲ ਇਕੱਲੇ ਜਾਣ ਬਾਰੇ ! ਘੱਟੋ-ਘੱਟ ਮੇਰੇ ਤਾਂ ਹੁਣ ਤੱਕ ਦਾ ਅਨੁਭਵ ਇਹੀ ਦੱਸਦੈ।” ” ਇਹ ਵਿਸ਼ਵਾਸ ਹੀ ਤਾਂ ਜਿੱਤਿਐ ਅਭੀਜੀਤ ਜੀ ਜ਼ਿੰਦਗੀ ਹਾਰ ਕੇ।” ਮੇਰਾ ਆਤਮ-ਵਿਸ਼ਵਾਸ ਬੋਲਿਆ। ‘ *11 ਪੰਨਾ 25
ਉਪਰੋਕਤ ਵਿਚਾਰਾਂ ‘ਚੋਂ ਲੰਘਦਿਆਂ ਅੰਤ ਵਿਚ, ‘ ” ਇੰਨੀ ਮਿੱਠੀ ਤਹਿਸੀਲਦਾਰਨੀ …।” ‘ ਤਹਿਸੀਲਦਾਰਨੀ …।’ ਅਭੀਜੀਤ ਦੇ ਮੂੰਹੋਂ ਤਹਿਸੀਲਦਾਰਨੀ ਸੁਣ ਕੇ ਮੇਰੇ ਅੰਦਰੋਂ ਕੜਾਕ ਕਰਦਾ ਕੁਝ ਟੁੱਟਿਆ। ਮੇਰੀਆਂ ਬਾਹਾਂ ਦੀ ਕੱਸ ਢਿੱਲੀ ਪੈ ਗਈ ਤੇ ਸਮਰ ਦੇ ਵਸ਼ੀਕਰਨ ‘ਚੋਂ ਮੁਕਤ ਹੋਣ ਲਈ ਸੰਗੀਤਾ ਦੀ ਰੂਹ ਛਟਪਟਾਉਣ ਲੱਗੀ। ……। ਬੇਟੇ ਦਾ .ਫੋਨ ਹੈ। ਮੈਂ .ਫੋਨ ਹੈਂਡ ਫਰੀ ਕਰ ਦਿੱਤਾ ਹੈ। ” ਕਿੱਥੇ ਹੋ ਮੰਮਾ ? ” ” ਇੰਡੀਅਨ ਕਾਫੀ ਹਾਊਸ ਬੇਟੇ ।” ” ਅਭੀਜੀਤ ਸਰ ਨਾਲ ਹੋ ?” ਉਸ ਪੁੱਛਿਆ। ” ਨਹੀਂ, ਸੰਗੀਤਾ ਨਾਲ । ” ਆਖ .ਫੋਨ ਫਲਾਇਟ ਮੋਡ ‘ਤੇ ਲਗਾ ਮੈਂ ਕੌਫੀ ਦੀਆਂ ਚੁਸਕੀਆਂ ਭਰਨ ਲੱਗੀ ਹਾਂ।’ *12ਪੰਨਾ 26 ਇਹਨਾਂ ਸ਼ਬਦਾਂ ਨਾਲ ਕਹਾਣੀ ਦਾ ਅੰਤ ਖੁੱਲ੍ਹੇ ਮੂੰਹ ਵਾਲਾ ਹੈ। ਇਹ ਪਾਠਕ ਨੂੰ ਸੋਚਣ ਲਾਉਂਦਾ ਹੈ। ਅਭੀਜੀਤ ਨੇ ਇਕ ਤਰਫੋਂ ਕੁਦਰਤੀ ਪਿਆਰ ਕਰ ਰਹੀ ਮੈਡਮ ਸੰਗੀਤਾ ਨੂੰ ਅੰਤ ਵਿਚ ਜਿਉਣ ਦਾ ਢੰਗ ਦੇ ਦਿੱਤਾ ਕਿ ਆਪਣੇ ਆਪ ਲਈ ਜੀਓ, ਕਿਸੇ ਦੂਸਰੇ ਵਾਸਤੇ ਨਹੀਂ …। ਇਸ ਤਰ੍ਹਾਂ ਇਹ ਕਹਾਣੀ ਬਿਹਤਰੀਨ ਕਹਾਣੀ ਹੈ।
‘ ਬਲੈਕ ਹੋਲ ‘ ਬਿਲਕੁਲ ਅਣ-ਛੋਹਿਆ ਨਵਾਂ ਬਿਰਤਾਂਤ ਪੇਸ਼ ਕਰਦੀ ਕਹਾਣੀ ਫੈਂਟਸੀ ਜੁਗਤ ਜਰੀਏ ਬਾਈਵੀਂ ਸਦੀ ਵਿਚ ਲਿਜਾਂਦੀ ਲੱਗਦੀ ਹੈ। ਇਸ ਦਾ ਵਿਸ਼ਾ-ਵਸਤੂ ਬੰਦੇ ਦੇ ਔਰਤ ਦੇ ਬੱਚੇ ਦੇ ਜਰੀਏ ਮੋਢੇ ਪੋਰਟੇਬਲ ਆਕਸੀਜਨ ਦਾ ਸਿਲੰਡਰ, ਗੁੱਟ ‘ਤੇ ਬਲੱਡ ਪ੍ਰੈਸ਼ਰ, ਸ਼ੂਗਰ, ਆਕਸੀਜਨ ਲੈਵਲ, ਦਿਲ ਦੀਆਂ ਧੜਕਣਾਂ, ਨਬਜ਼ ਦਾ ਫੜਕੇ ਦਰਸਾਉਂਦੀ ਮਸ਼ੀਨ ਆਦਿ ਹੈ। ਜਿਸ ਜਰੀਏ ਮਾਪੇ ਬਣਨ ਦੀ ਆਸ ਪਈ ਹੋਈ ਹੈ। ਇਸ ਤਰ੍ਹਾਂ ਦੇ ਨਾਵਲੀ ਕਾਂਡ ਪੇਸ਼ ਕਰਦੀ ਕਹਾਣੀ ਪੇਂਡੂ ਮੁਹਾਵਰੇ ਤੇ ਸ਼ਬਦਾਂ ਨੂੰ ਸ਼ਹਿਰੀ ਟੱਚ ਨਾਲ ਬਦਲਦੀ ਹੈ ਜਿਵੇਂ ; ਰੋਣ ਨੂੰ ਰੁਦਨ, ਜੀਵ-ਜੰਤੂਆਂ ਦੀ ਚੂੰ-ਤੜਕ, ਸਿਰਹਾਣਿਉਂ ਨੂੰ ਸਿਰਹਾਂਦੀਉਂ ਆਦਿ। ਇਸ ਤਰ੍ਹਾਂ ਫੈਂਟਸੀ ਜੁਗਤ ਜਰੀਏ ਭਵਿੱਖਮੁਖੀ ਯਥਾਰਥ ਦੀ ਕਹਾਣੀ ਹੈ। ਵਰਣਾਤਮਿਕ ਜੁਗਤ ਨਾਲ ਬਹੁਤੀ ਵਾਰਤਕ ਸਰਬਗਿਆਤਾ ਬਿਰਤਾਂਤਕਾਰ ਨੇ ਪੇਸ਼ ਕੀਤੀ ਹੈ।
‘ ਔਖੀ ਘੜੀ ‘ ਮੈਂ ਮੂਲਕ ਚਰਿੱਤਰ ਵਾਲੀ ਔਰਤ ਪਾਤਰ ਜਰੀਏ ਨਾਵਲ ਦੇ ਕਾਂਡ ਪੇਸ਼ ਕਰਦੀ ਆਰੰਭ ਤੇ ਅੰਤ ਵਿਚ ਵਰਤਮਾਨ ਅਤੇ ਵਿਚਕਾਰ ਬੀਤੇ ਸਮੇਂ ਦੀ ਕਹਾਣੀ ਛੇ ਫੁੱਟ ਕੱਦ, ਸੰਧੂਰੀ ਰੰਗ, ਤਗੜਾ ਜਵਾਨ ਕੌਣ ਮੰਨੇ ਮੇਰੇ ਪੁੱਤਰ ਨੂੰ ਕੋਈ ਬੀਮਾਰੀ ਵੀ ਹੋ ਸਕਦੀ ਹੈ ? ਚੰਗਾ ਭਲਾ ਘਰੋਂ ਗਿਆ। ਬਰੇਨ ਟਿਊਮਰ ਜਿਹੇ ਚੰਦਰਾ ਰੋਗ….! ਇਸ ਕਹਾਣੀ ਵਿਚ ਮੈਂ ਪਾਤਰ ਔਰਤ ਦੀ ਦੂਸਰੀ ਮਨੀਸ਼ਾ ਨਾਂ ਦੀ ਔਰਤ ਨਾਲ ਬਣੀ ਸਾਂਝ ਮੌਕਾ-ਮੇਲ ਜਾਪਦੀ ਹੈ। ਇਸ ਤਰ੍ਹਾਂ ਕਹਾਣੀ ਦੇ ਅੰਤ ਵਿਚ ਇਕ ਪਹਿਰਾ-ਗ੍ਰਾਫ ਹੈ, ‘ ” ਮੁੰਡੇ ਦੇ ਇਲਾਜ ਦੀ ਫਿਕਰ ਨਾ ਕਰੀਂ। ” ਚੈੱਕ ਮੇਰੇ ਵੱਲ ਵਧਾਉਂਦਾ ਅਵਿਨਾਸ਼ ਬੋਲਿਆ। ਅਜੀਬ ਕਸ਼-ਮ-ਕਸ਼ ‘ਚ ਮੈਂ ਚੈੱਕ ਲੈਣ ਲਈ ਹੱਥ ਅੱਗੇ ਵਧਾਇਆ। ਨਜ਼ਰਾਂ ਚੈੱਕ ਉੱਤੇ ਕੀਤੇ ਅਨੀਤਾ ਦੇ ਹਸਤਾਖ਼ਰਾਂ ‘ਤੇ ਠਹਿਰ ਗਈਆਂ। ਤੇ ਹੱਥ, ਹੱਥ ਨੂੰ ਲਕਵਾ ਮਾਰ ਗਿਆ। ‘ *13 ਪੰਨਾ ਨੰਬਰ 50 ਇਹਨਾਂ ਸਤਰਾਂ ਵਿਚ ਕਹਾਣੀ ਪਈ ਹੋਈ ਹੈ। ਇਸ ਮੈਂ ਪਾਤਰ ਔਰਤ ਦੇ ਪਤੀ ਦੇ ਅਨੀਤਾ ਦੇ ਨਾਲ .ਗੈਰ-ਸਮਾਜਿਕ ਸਬੰਧ ਬਹੁਤ ਸੰਕੇਤਕ ਸ਼ਬਦਾਂ ਵਿਚ ਕਹਾਣੀ ਨੇ ਪਹਿਲਾਂ ਬਿਆਨ ਕੀਤੇ ਹਨ। ਇੱਥੇ ਆਖਿਰ ਵਿਚ ਪਹਿਲੀ ਵਾਰ ਅਜਿਹਾ ਪਤੀ ਆਪਣੀ ਪਤਨੀ ਨਾਲ ਜ਼ੁਬਾਨ ਸਾਂਝੀ ਕਰਦਾ ਹੈ। ਚੈੱਕ ਉੱਤੇ ਆਪਣੀ ਰਖੇਲ ਦੇ ਹਸਤਾਖ਼ਰ ਦੇ ਰਹੱਸ ਦਾ ਉਦਘਾਟਨ ਕਰਦਾ ਹੈ। ਇਹ ਰਹੱਸ ਦੀ ਰਮਜ਼ ਦਾ ਗਲਪ ਬਿੰਬ ਹੀ ਕਹਾਣੀ ਦੀ ਵਿਲੱਖਣਤਾ ਹੈ।
‘ ਭੁੱਖ ਇਉਂ ਸਾਹ ਲੈਂਦੀ ਹੈ ‘ ਚਾਰ ਕਾਂਡ ਪੇਸ਼ ਕਰਦੀ ਕਹਾਣੀ ਫੈਂਟਸੀ ਜੁਗਤ ਜਰੀਏ ਵਿਅੰਗ-ਆਤਮਿਕ ਵਾਰਤਕਨੁਮਾ ਪੇਸ਼ਕਾਰੀ ਹੈ। ਕੈਵਿਨ ਕਾਰਟਰ ਪੇਸ਼ਾਵਰ ਫੋਟੋਗ੍ਰਾਫਰ ਦੇ ਕੈਮਰੇ ਰਾਹੀਂ ਅਫਰੀਕਾ ਦੇਸ਼ ਦੀਆਂ ਮਰ ਰਿਹਾ ਬਾਲ ਭੁੱਖ ਦੀ ਮੰਜ਼ਰਕਸ਼ੀ, ਮੈਨੂੰ ਬਿਲਗੇਟਸ ਝੰਜੋੜਦਾ ਹੈ, ਬੱਚਾ ਤੇ ਉਸ ਦਾ ਦਾਦੂ ਆਦਿ ਕੋਲਾਜਕਾਰੀ ਬਿਰਤਾਂਤ ਤਾਂ ਹੈ ਪਰ ! ਅ-ਮੂਰਤੀਕਰਨ ਤੇ ਫੈਂਟਸੀ ਵਾਲਾ ਯਥਾਰਥ ਬਣਦਾ ਹੈ। ਮੇਰੇ ਪਾਠਕ-ਮਨ ਦੀ ਸਮਝ ਵਿਚ ਨਹੀਂ ਆਉਂਦਾ।
‘ ਪੰਜਵਾਂ ਮੋਢਾ ‘ ਲਕਵੇ ਦੀ ਮਾਰੀ ਕਿਸੇ ਦੀ ਸੱਸ ਨੂੰ ਨੂੰਹ ਦੇ ਆਰੰਭ ਵਿਚ ਬੋਲ-ਕੁਬੋਲ ਨੇ, ‘ ” ਵੱਡੀ ਭੈਣ ਨੂੰ ਬਾਹਲਾ ਧਰੇਕ ਜਾਗਦਾ ਏ, ਤਾਂ ਚੁੱਕੇ ਮੰਜੇ ਤੇ ਲੈ ਜਾਵੇ। ਕਿਧਰੇ ਧੀ ਨੂੰ ਹਿਰਖ ਈ ਨਾ ਮਾਰ ਲਵੇ। ਭਈ , ਬੁੱਢੜੀ ਤੋਂ ਪਿੱਛਾ ਛੁਡਾਉਣ ਲਈ ਨੂੰਹਾਂ ਨੇ ਉਹਦੀ ਮਾਂ ਦੀ ਘੰਡੀ ਤਾਂ ਨਹੀਓਂ ਦੱਬ’ਤੀ। ” *14 ਪੰਨਾ ਨੰਬਰ 63 ਇਸ ਔਰਤ ਦੇ ਮਰਨ ਦੀ ਉਡੀਕ ਹੋ ਰਹੀ ਹੈ। ਕਦੋਂ ਮਰੇ, ਕਦੋਂ ਜਾਨ ਛੁੱਟੇ। ਇਸ ਤਰ੍ਹਾਂ ਇਕ ਉਤਸੁਕਤਾ ਨਾਲ ਪਾਠਕ ਨੂੰ ਆਪਣੇ ਨਾਲ ਜੋੜ ਲੈਂਦੀ ਹੈ ਪਰ, ਬੀਤੇ ਸਮੇਂ ਦੀ ਕਹਾਣੀ ਵਰਣਾਤਮਿਕ ਜੁਗਤ ਨਾਲ ਨਾਵਲ ਦੇ ਕਾਂਡ ਰਾਹੀਂ ਭਾਰਤ-ਪਾਕਿਸਤਾਨ ਦੋ ਆਜ਼ਾਦ ਮੁਲਖ ਬਣਨ ਦੇ ਵੇਰਵੇ ਤਕ ਫੈਲਦੀ ਹੋਈ ਅੰਤ ਵਿਚ ਮਾਂ ਦੇ ਨਾਂ ਪੰਜਵੇਂ ਹਿੱਸੇ ਦਾ ਦੱਸ ਕੀ ਕਰਨੈ ? ਤੇ ਆਖਰੀ ਪ੍ਰਸੰਗ ਹੈ ਕਿ ਧੀ ਨੇ ਭਰਾ ਵੱਲ ਕੁਨੱਖਾ ਝਾਕਦੀ ਨੇ ਪਿੰਜਰ ਹੋਈ ਮਾਂ ਨੂੰ ਚੁੱਕ ਮੋਢੇ ਲਾ ਲਿਆ। ਇਸ ਵਾਕ ਰਾਹੀਂ ਬੰਦ ਅੰਤ ਵਿਚ ਸ਼ਾਮਲ ਹੋਇਆ ਕਹਾਣੀ ਦਾ ਢਿੱਲਾ ਬਿਰਤਾਂਤ ਆਪਣੇ ਸਿਰਲੇਖ ਅਧੀਨ ਆ ਜਾਂਦਾ ਹੈ।
‘ ਸਿਰਫ ਐਨੀ ਮੇਰੀ ਬਾਤ ਨਹੀਂ ‘, ਜਿਸ ਦਾ ਸਿਰਲੇਖ ਵੀ ਲੰਮਾ ਹੈ ਤੇ ਨਾਵਲ ਦੇ ਕਾਂਡਾਂ ਵਿਚ ਪੰਜਾਬ ਕੌਰ ਪਾਤਰ ਦੇ ਜੀਵਨ ਦਾ ਬਿਰਤਾਂਤ ਵੀ ਲੰਮੇਰਾ ਹੈ। ਜੋ ਅਸਲ ਵਿਚ ਕਹਾਣੀ ਦੇ ਵੇਰਵੇ ਰਾਹੀਂ ‘ ਬਿਸਵੇਦਾਰੀ, ਰਜਵਾੜਾਸ਼ਾਹੀ ਤੋਂ ਮੁਕਤ ਹੋ ਮੈਂ ਪੈਪਸੂ ਤੇ ਪੰਜਾਬ ਤੋਂ ਪੰਜਾਬ ਹੋਈ ‘ ਪੰਜਾਬ ਦੀ ਕਹਾਣੀ ਹੈ। ਪੰਜਾਬ ਕੌਰ ਪਾਤਰ ਇਕ ਰੂਪਕ ਹੈ। ਇਸ ਕਹਾਣੀ ਦੇ ਅੰਤ ਵਿਚ ਇਕ ਮੁਹਾਵਰਾ ਵੇਖੋ , ‘ ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜ਼ੀ, ਨਹੀਂ ਮੋੜਦੇ ਸੂਰਮੇ ਅੰਗ ਮੀਆਂ।’ ਟਰੈਕਟਰ ਦੀ ਟਰਾਲੀ ਦੇ ਡਾਲੇ ‘ਤੇ ਲਿਖਿਆ ਪੇਸ਼ ਕੀਤਾ ਹੈ। ਜਦੋਂ ਕਿ ਇਹ ਮੁਹਾਵਰਾ ਟਰਾਲੀ ਦੇ ਡਾਲੇ ‘ਤੇ ਲਿਖਿਆ ਹੋਇਆ ਮੈਂ ਅੱਜ ਤਕ ਨਹੀਂ ਵੇਖਿਆ। ਇੰਝ ਇਹ ਕਹਾਣੀ ਫਾਰਮੂਲਾ ਦੀ ਜੁਗਤ ਜਰੀਏ ਬਣੀ ਹੈ।
‘ ਮੁਕਤੀ ਤੋਂ ਪਾਰ ‘ ਦੇ ਸਰਬਗਿਆਤਾ ਬਿਰਤਾਂਤਕਾਰ ਨੇ ਕਹਾਣੀ ਦੇ ਆਰੰਭ ਵਿਚ ਜੱਚਾ ਬੱਚਾ ਦੀ ਮੰਗਲ ਕਾਮਨਾ ਲਈ ਰੱਖਿਆ ਯਗ ਸਮਾਪਤੀ ਦੇ ਗਤੀਸ਼ੀਲ ਯਥਾਰਥ ਨੂੰ ਨਾਵਲ ਦੇ ਕਾਂਡਾਂ ਵਿਚ ਵਰਤਮਾਨ ਤੇ ਅਤੀਤ ਦੇ ਰਾਹੀਂ ਵਿਚ ਵਿਚ ਗੂੜ੍ਹ ਗਿਆਨ ਦੀ ਵਾਰਤਾਲਾਪ ਦਿੰਦਿਆਂ ਭਾਰੀ ਸ਼ਬਦਾਵਲੀ ਜੋ ਕਹਾਣੀ ਦੀ ਪਾਠਕ ਨਾਲ ਸੰਚਾਰ ਵਿਚ ਵਿਘਨਕਾਰੀ ਵਸਤੂ ਨੂੰ ਸਾਹਮਣੇ ਲਿਆਉਂਦੀ ਹੈ। ਇਹ ਕਹਾਣੀ ਆਪਣੇ ਸਿਰਲੇਖ ਦੇ ਸ਼ਬਦਾਂ ਵਿਚ ਯਥਾਰਥ ਤੋਂ ਪਾਰ ਚਲੀ ਗਈ ਹੈ।
‘ ਵੱਸ ਅੱਖੀਆਂ ਦੇ ਕੋਲ ‘ ਨਾਵਲ ਦੇ ਕਾਂਡਾਂ ਵਿਚ ਵਰਤਮਾਨ ਤੇ ਅਤੀਤ ਵਿਚ ਸ਼ਹਿਰੀ ਜੀਵਨ ਉੱਤੇ ਆਰੰਭ ਵਿਚ ਨਾਟਕੀ ਵਾਰਤਾਲਾਪ ਦੇ ਬਾਅਦ ਮੈਂ ਮੂਲਕ ਚਰਿੱਤਰ ਵਾਲੀ ਔਰਤ ਪਾਤਰ ਜੋ ਬੂਟੀਕ ਦੀ ਗੱਲ ਕਰਦੀ ਆਪਣੇ ਗ੍ਰਾਹਕਾਂ ਦੇ ਆਰਡਰ ਜੋ ਅਸਟ੍ਰੇਲੀਆ ਯੇ ਕੈਨੇਡਾ ਤੋਂ ਨੇ ਤੋਂ ਸਿਰ ਖੁਰਕ ਦੀ ਵਿਹਲ ਨਹੀਂ ਉਤੋਂ ਡੈਡੀ ਜੀ ਦੀ ਹਾਲਤ ਠੀਕ ਨਹੀਂ ਪਰ ਉਹ ਢਾਬੇ ਦਾ ਖਹਿੜਾ ਨਹੀਂ ਛੱਡਦੇ ਦੇ ਵੇਰਵੇ ਦਿੰਦੀ ਹੈ ਨੂੰ ਪੜ੍ਹ ਕੇ ਵਿਰੋਧੀ ਜੁੱਟ ਵਾਲੇ ਚਰਿੱਤਰ ਦੀ ਜਾਣਕਾਰੀ ਤੇ ਉਤਸੁਕਤਾ ਅਤੇ ਕਹਾਣੀ-ਪਣ ਮੈਨੂੰ ਆਪਣੇ ਨਾਲ ਜੋੜਦਾ ਹੈ। ਇਸ ਡੈਡੀ, ਬੁਟੀਕ ਵਾਲੀ ਦਾ ਰਿਟਾਇਰ ਫੌਜੀ ਸਹੁਰਾ ਹੈ। ਜਿਸ ਨੇ ਫੌਜੀ ਰਸੋਈਏ ਦੇ ਕੰਮ ਨੂੰ ਢਾਬੇ ਰਾਹੀਂ ਚਲਾ ਕੇ ਆਜ਼ਾਦ ਜ਼ਿੰਦਗੀ ਜਿਉਣ ਦਾ ਜਰੀਆ ਬਣਾਇਆ ਹੋਇਆ ਹੈ। ਉਸ ਦੀ ਨੂੰਹ ਦਾ ਘਰਵਾਲਾ ਜਾਣੀ ਕਿ ਆਪਣਾ ਪੁੱਤ ਕੋਈ ਨੌਕਰੀ ਕਰ ਰਿਹਾ ਹੈ। ਬੀਤੇ ਸਮੇਂ ਦੀਆਂ ਯਾਦਾਂ ਰਾਹੀਂ ਅੱਗੇ ਵੱਧਦੀ ਹੋਈ ਕਹਾਣੀ ਫੌਜੀ ਦੇ ਵੰਨ-ਸੁਵੰਨੇ ਖਾਣਿਆਂ, ਬੂਟੀਕ ਦੇ ਗ੍ਰਾਹਕਾਂ ਦੇ ਵੇਰਵਿਆਂ ਦੇ ਨਾਲ ਫੌਜੀ ਸਹੁਰਾ ਸਾਹਿਬ ਦੇ ਗੁੰਮ ਹੋ ਜਾਣ ਦੀ ਉਤਸੁਕਤਾ ਦਾ ਉੱਤਰ ਜਾਣਨ ਵਾਸਤੇ ਪਾਠਕ ਨੂੰ ਆਪਣੇ ਨਾਲ ਜੋੜ ਲੈਂਦੀ ਹੈ। ਇਸ ਕਹਾਣੀ ਦੇ ਅੰਤ ਵਿਚ ਗੁਆਚਿਆ ਡੈਡੀ ਕਿਵੇਂ ਹਾਜ਼ਰ ਹੋਇਆ ਦੀ ਜਾਣਕਾਰੀ ਨਹੀਂ ਦਿੰਦਾ। ਇਸ ਤਰ੍ਹਾਂ ਕਹਾਣੀ ਅਧੂਰੀ ਜਾਪਦੀ ਹੈ। ਇਸ ਕਹਾਣੀ ਦਾ ਸਿਰਲੇਖ ਵੀ ਆਪਣੇ ਅਰਥ ਕਹਾਣੀ ਦੇ ਅੰਦਰ ਨਹੀਂ ਰਮਾ ਸਕਿਆ ਮਹਿਸੂਸ ਹੋਇਆ ਹੈ।
‘ ਓਪਰੀ ਬਲਾ ‘ ਆਪਣੇ ਸਪੱਸ਼ਟ ਸਿਰਲੇਖ ਹੇਠ ਕਹਾਣੀ ਆਪਣੇ ਆਰੰਭ ਵਿਚ ਨੌਕਰ ਤੇ ਮਾਲਕ , ਗਰੀਬ ਤੇ ਅਮੀਰ ਦਾ ਵਿਰੋਧੀ ਜੁੱਟ ਵਾਲੇ ਚਰਿੱਤਰ ਦੀ ਜਾਣਕਾਰੀ ਤੇ ਉਤਸੁਕਤਾ ਦੇ ਦਿੰਦੀ ਹੈ। ਇਸ ਕਹਾਣੀ ਵਿਚ ਪਿੰਡ ਦੇ ਸਰਦਾਰਾਂ ਦੀ ਕੁੜੀ ਵਿਆਹ ਉਪਰੰਤ ਦਿੱਲੀ ਰਹਿ ਰਹੀ ਹੈ। ਉਹ ਆਪਣੇ ਘਰ ਦੀ ਸਫਾਈ ਅਤੇ ਆਪਣੇ ਨਿੱਕੇ ਬੱਚੇ ਦੀ ਸੰਭਾਲ ਵਾਸਤੇ ਆਪਣੇ ਪਿੰਡ ਦੇ ਦਿਹਾੜੀਦਾਰ ਗਰੀਬ ਪਰਿਵਾਰ ਦੀ ਜਵਾਨ ਕੁੜੀ ਨੂੰ ਆਪਣੇ ਕੋਲ ਰੱਖਦੀ ਹੈ। ਜਿੱਥੇ ਤਿੰਨ ਧਿਰਾਂ ਜਿਵੇਂ ਨੌਕਰ ਬਣੀ ਕੁੜੀ ਤੇ ਉਸਦਾ ਪਰਿਵਾਰ ਅਤੇ ਮਾਲਕਣ ਖੁਸ਼ ਨੇ ਉੱਥੇ, ਸਮੇਂ ਦੀ ਵਿੱਥ ਉਪਰੰਤ ਦੁਖੀ ਹੋ ਜਾਂਦੀਆਂ ਹਨ। ਇਸ ਦਾ ਕਾਰਨ ਹੈ ਕਿ ਨੌਕਰ ਬਣੀ ਕੁੜੀ ਤੋਂ ਬਹੁਤ ਬਹੁਤ ਕੰਮ ਲਿਆ ਜਾਂਦਾ ਹੈ। ਜਿਸ ਬਦਲੇ ਉਸ ਦੇ ਮਾਪਿਆਂ ਨੇ ਪੱਕਾ ਕੋਠਾ ਪਾ ਲਿਆ ਸੀ ਪਰ ! ਮਾਲਕਣ ਦੁਖੀ ਹੈ ਕਿ ਨੌਕਰ ਬਣੀ ਕੁੜੀ ਉਸ ਦਾ ਭੇਤ ਪਾ ਕੇ ਹੁਣ ਅੱਗੋਂ ਸਵਾਲ-ਜਵਾਬ ਕਰਨ ਲੱਗੀ ਹੈ। ਪਰ ਮਜਬੂਰੀ ਮਾਰੀ ਖੁੱਲ੍ਹੀਜੀ ਕੈਦ ਹੰਢਾਉਂਦੀ ਕੁੜੀ ਅੰਦਰੇ-ਅੰਦਰ ਕੁਮਲਾਉਣ ਲੱਗੀ। ਉਸ ਅਜਿਹਾ ਬੁਖਾਰ ਚੜ੍ਹਿਆ ਕਿ ਮਾਲਕਣ ਨੇ ਪਿੰਡ ਜਾ ਛੱਡੀ। ਅਨਪੜ੍ਹ ਮਾਪੇ ਓਪਰੀ ਬਲਾ ਵਾਲਾ ਬੁਖਾਰ ਸਮਝਦਿਆਂ ਸੁਖਣਾ ਸੁਖਦੇ ਹਨ ਪਰ ਕੁੜੀ ਨੇ ਕਿਹਾ, ” ਕੀ ਡਰਾਮਾ ਕਰਨ ਲੱਗੀ ਏਂ ਮੰਮੀ ? ” ਆਪਣੇ ਮਾਪੇ ਘਰ ਪਿੰਡ ਵਿਚ ਰਹਿ ਰਹੀ ਮਾਲਕਣ ਦੋ-ਚਾਰ ਦਿਨਾਂ ਦੇ ਬਾਅਦ ਆਈ। ਕੁੜੀ ਦੀ ਮਾਂ ਕਹਿੰਦੀ ਹੈ, ” ਮੈਡਮ ਜੀ ਕਿਰਨਾਂ ਥੋੜ੍ਹੀ ਢਿੱਲੀ-ਮਿੱਸੀ ਏ। ਜਾਣ ਤੋਂ ਵਿੱਟਰੀ ਖੜ੍ਹੀ ਏ। …. ਤੁਸੀਂ ਆਹ ਨਿੱਕੀ ਸੀਤੂ ਨੂੰ ਲੈ ਜੋ। ਕੱਚੀ ਮਿੱਟੀ ਜਿਵੇਂ ਚਾਹੋ ਆਵਦੇ ਮੁਤਾਬਿਕ ਢਾਲ ਲਿਆ ਜੇ…।” * 15 ਪੰਨਾ ਨੰਬਰ 140 ਇੱਥੇ ਕਿਰਨਾਂ ਨੇ ਆਪਣੀ ਛੋਟੀ ਭੈਣ ਸੀਤੂ ਦੀ ਬਾਂਹ ਅੱਗੇ ਹੋ ਫੜ੍ਹ ਲਈ ਤੇ ਬੋਲੀ, ” ਭੱਜ ਲੈ ਸੀਤੂ, ਓਪਰੀਆਂ ਬਲਾਵਾਂ ਕਿਸੇ ਦੀਆਂ ਸਕੀਆਂ ਨਹੀਂ ਹੁੰਦੀਆਂ। ਆਵਦੇ ਘਰ ਦੋ ਕੀ , ਅੱਧੀ ਦਾ ਵੀ ਰੱਜ।” ਉਹ ਰੰਬਾ ਤੇ ਪੱਲੀ ਚੁੱਕ ਘਰ ਦਾ ਬੂਹਾ ਟੱਪ ਗਈਆਂ।_ ਇਸ ਤਰ੍ਹਾਂ ਕਹਾਣੀ ਦੇ ਅੰਤ ਵਿਚ ਅਚਾਨਕ ਆਏ ਬਦਲਾਅ ਨੇ ਸਿਰਲੇਖ ‘ ਓਪਰੀ ਬਲਾ ‘ ਵਾਲੇ ਸ਼ਬਦਾਂ ਦੇ ਦੋਹਰੇ ਅਰਥ ਪ੍ਰਦਾਨ ਕਹਾਣੀਕਾਰ ਵੱਲੋਂ ਕਰਵਾਏ ਗਏ ਨੇ ਬੌਧਿਕ ਪਾਠਕ ਨੂੰ ਮਹਿਸੂਸ ਕਰਵਾਉਂਦੇ ਹਨ। ਇਸ ਤਰ੍ਹਾਂ ਇਹ ਕਹਾਣੀ ਲਮਕਾਓ ਦੇ ਰਾਹੀਂ ਉਹਨਾਂ ਮਾਪਿਆਂ ਦੇ ਦਰਸ਼ਨ ਕਰਵਾਉਂਦੀ ਹੈ ਜੋ ਅੰਧ-ਵਿਸ਼ਵਾਸ ਦੇ ਵਿਚ ਆਪਣੀਆਂ ਕੁੜੀਆਂ ਨੂੰ ਬੇਗਾਨੇ ਹੱਥਾਂ ਵਿਚ ਦੇ ਕੇ ਖੁਦ ਸ਼ੋਸ਼ਣ ਕਰਵਾਉਂਦੇ ਹਨ।
ਇਕਵੀਂ ਸਦੀ ਦੇ ਦੂਜੇ ਦਹਾਕੇ ਦੇ ਉਤਰ-ਅੱਧ ਤੋਂ ਪੰਜਾਬੀ ਕਹਾਣੀਕਾਰਾਂ ਦਾ ਇਕ ਨਵਾਂ ਪੋਚ ਉਭਰਨਾ ਸ਼ੁਰੂ ਹੋ ਗਿਆ ਸੀ। ਇਹ ਸਮਾਂ ਨਵੇਂ ਵਿਸ਼ਿਆਂ ਨਾਲ ਵੀ ਸੰਬੰਧਤ ਹੈ। ਇਸ ਦੌਰ ਦੇ ਅਗਲੇ 4_5 ਸਾਲਾਂ ਵਿੱਚ ਹੀ ਪੰਜਾਬੀ ਕਹਾਣੀ ਦੀ ਪੰਜਵੀਂ ਪੀੜ੍ਹੀ ਦਾ ਪੂਰ ਬਣ ਗਿਆ ਸੀ। ਇਸ ਦੇ ਅੰਤਰਗਤ ਹੀ ਕਹਾਣੀਕਾਰ ਦੀਪਤੀ ਬਬੂਟਾ ਦੀਆਂ ਕਹਾਣੀਆਂ ਦੇ ਵਿਸ਼ਿਆਂ ਨੂੰ ਪਾਠਗਤ ਅਧਿਐਨ ਅਧੀਨ ਵਿਚਾਰਨਾ ਬਣਦਾ ਹੈ। ਇਹਨਾਂ ਕਹਾਣੀਆਂ ਵਿਚੋਂ ਦੀਪਤੀ ਬਬੂਟਾ ਨੇ ਅਵਾਰਾ ਗਊਆਂ, ਮਾਂ-ਬੋਲੀ ਤੇ ਪੰਜਾਬੀ ਸੱਭਿਆਚਾਰ, ਕਹਾਣੀ ਤੋਂ ਫਿਲਮ ਬਣਾਉਣ ਵਾਲੇ ਡਾਇਰੈਕਟਰ ਦੀ ਬੌਧਿਕਤਾ ਤੇ ਡੀ.ਜੇ. ਉੱਤੇ ਨੱਚਣ-ਟੱਪਣ ਵਾਲੀਆਂ ਔਰਤਾਂ, ਵਸ਼ੀਕਰਨ, ਓਪਰੀ ਬਲਾ ਦਾ ਜੀਵਨ ਜਿਊਣ ਢੰਗ ਜੋ ਹੈ ਉਹ ਵਿਸ਼ੇਸ਼ ਤੌਰ ਉੱਤੇ ਰਜਿਸਟਰ ਕਰਵਾਇਆ ਹੈ।
‘ ਕਿਸੇ ਵੀ ਸਾਹਿਤਕ ਵੰਨਗੀ ਦਾ ਰੂਪਾਕਾਰਕ ਰੂਪਾਂਤਰਣ ਦਾ ਵਰਤਾਰਾ ਨਿਰੰਤਰ ਵਾਪਰਦਾ ਰਹਿੰਦਾ ਹੈ। ਰੂਪਾਕਾਰ ਦੀ ਦ੍ਰਿਸ਼ਟੀ ਤੋਂ ਪੰਜਾਬੀ ਕਹਾਣੀ ਦੇ ਇਤਿਹਾਸ ‘ਤੇ ਝਾਤ ਪਾਈਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਮੇਂ ਸਮੇਂ ਜਿਵੇਂ ਪ੍ਰਤੀਮਾਨਕ ਕਹਾਣੀ, ਹੁਨਰੀ, ਅ-ਕਹਾਣੀ, ਦਸਤਾਵੇਜ਼ੀ ਤੇ ਮਿੰਨੀ ਅਤੇ ਲੰਮੀ ਕਹਾਣੀ ਦੇ ਰੁਝਾਨ ਪ੍ਰਚਲਤ ਹੁੰਦੇ ਰਹੇ ਹਨ। ਇਸ ਪਰੰਪਰਾ ਨੂੰ ਅੱਗੇ ਤੋਰਦੀ ਅਜੋਕੀ ਪੰਜਾਬੀ ਕਹਾਣੀ ਵਿੱਚ ਨਾਵਲੀ-ਕਹਾਣੀ ਦਾ ਰੁਝਾਨ ਤੇਜੀ ਨਾਲ ਜੜ੍ਹਾਂ ਫੜ੍ਹ ਰਿਹਾ ਹੈ। *16 ਪੰਜਾਬੀ ਕਹਾਣੀ 2019 ਦੀ _ ਡਾ.ਬਲਦੇਵ ਸਿੰਘ ਧਾਲੀਵਾਲ ।
ਸਾਨੂੰ ਕਹਾਣੀਕਾਰ ਦੀਪਤੀ ਬਬੂਟਾ ਦੀਆਂ ਕਹਾਣੀਆਂ ਪੜ੍ਹਦਿਆਂ ਉਸ ਦੇ ਵਿਸ਼ਿਆਂ ਤੇ ਪੇਸ਼ਕਾਰੀ ਵਿਚੋਂ ਨਾਵਲੀ-ਕਹਾਣੀ ਦੇ ਦਰਸ਼ਨ ਹੁੰਦੇ ਹਨ। ਨਾਵਲੀ-ਕਹਾਣੀ ਨਾਵਲ ਦੇ ਕਥਾ-ਵਸਤੂ ਤੇ ਸੰਰਚਨਾ ਵਰਗੀ ਹੁੰਦੀ ਹੈ। ਇਹ ਲੰਮੀ ਕਹਾਣੀ ਨਾਲੋਂ ਵੱਖਰੇ ਢੰਗ ਦੀ ਹੈ। ਇਸ ਨਾਵਲੀ-ਕਹਾਣੀ ਦੇ ਵਿੱਚ ਕਹਾਣੀਪਣ ਘੱਟ ਹੁੰਦਾ ਹੈ। ਇਸ ਵਿੱਚ ਘਟਨਾਵੀਂ ਕ੍ਰਮ, ਵਿਸ਼ਾ-ਵਸਤੂ ਦਾ ਬਹੁ-ਪਰਤੀ ਤੇ ਬਹੁ-ਪਾਸਾਰੀ ਲੰਬੇ ਵਿਸਥਾਰ ਵਾਲਾ ਵਰਨਣ ਹੀ ਕਹਾਣੀ ਦੇ ਤੱਤਾਂ ਦਾ ਸੰਤੁਲਿਤ ਸੰਤੁਲਨ ਬਣਨ ਲਈ ਵਿਘਨ ਪਾਉਣ ਵਾਲਾ ਹੈ। ਇਹ ਨਾਵਲੀ-ਕਹਾਣੀ ਦੀ ਵੰਨਗੀ ਪੰਜਾਬੀ ਕਹਾਣੀ ਦੇ ਪਾਠਕਾਂ ਵਿੱਚ ਬਹੁਤੀ ਪ੍ਰਵਾਨ ਨਹੀਂ ਹੋ ਸਕੀ।
ਦੋਵੇਂ ਕਹਾਣੀ-ਸੰਗ੍ਰਹਿ ‘ਚੋਂ ਬਹੁਤੀਆਂ ਕਹਾਣੀਆਂ ਅੰਦਰ ਨਾਟਕੀ ਵਾਰਤਾਲਾਪਾਂ ਦੀ ਬਹੁਤਾਤ ਹੈ। ਇਹ ਵਾਰਤਾਲਾਪ ਭਾਸ਼ਣ ਵਰਗੇ ਵੀ ਹਨ। ਹਾਂ, ਅਜਿਹੇ ਵਿੱਚ ਗਿਆਨ ਦੀ ਵੀ ਬਹੁਲਤਾ ਹੈ। ਕਹਾਣੀਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਭ ਕੁਝ ਨੂੰ ਕਹਾਣੀ ਦੇ ਤੱਤਾਂ ਅਧੀਨ ਸੰਤੁਲਿਤ ਸੰਤੁਲਨ ਬਿਰਤਾਂਤ ਸਿਰਜਣ ਵਾਸਤੇ ਵਰਤੋਂ ਵਿੱਚ ਲਿਆਵੇ ਅਤੇ ਵਿਸਥਾਰ ਤੋਂ ਬਚਾਓ ਕਰਨਾ ਚਾਹੀਦਾ ਹੈ। ਕਹਾਣੀਕਾਰ ਦੀਪਤੀ ਬਬੂਟਾ ਨੇ ਭਾਸ਼ਾ ਦੀ ਪੇਸ਼ਕਾਰੀ ਅੰਦਰ ਕਈ ਥਾਂ ਸ਼ਬਦਾਂ, ਵਾਕਾਂ ਤੇ ਮੁਹਾਵਰਿਆਂ ਨੂੰ ਪੰਜਾਬੀ ਤੇ ਹਿੰਦੀ ਦਾ ਸੁਮਿਸ਼ਰਣ ਬਣਾ ਕੇ ਪੇਸ਼ ਕੀਤਾ ਹੈ। ਇਸ ਦੀ ਸ਼ੁੱਧਤਾ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਇਸ ਤਰ੍ਹਾਂ ਕਹਾਣੀਕਾਰ ਨੂੰ ਕਹਾਣੀ ਜੁਗਤਾਂ ਦਾ ਗਿਆਨ ਹੈ। ਕਹਾਣੀ ਨੂੰ ਉਤਸੁਕਤਾ ਨਾਲ ਅੱਗੇ ਵਧਾਉਣਾ ਚਾਹੀਦਾ ਹੈ ਦੀ ਜਾਣਕਾਰੀ ਵੀ ਹੈ। ਹਾਂ, ਕਹਾਣੀਕਾਰ ਨੂੰ ਕਹਾਣੀਪਣ ਸਿਰਜਣ ਲਈ ਕਹਾਣੀ ਦੇ ਤੱਤਾਂ ਅਨੁਸਾਰ ਨਿਭਾ ਕਰਨ ਵਾਸਤੇ ਹੋਰ ਧਿਆਨ ਦੇਣ ਦੀ ਲੋੜ ਹੈ।
ਕਹਾਣੀਕਾਰ ਦੀਪਤੀ ਬਬੂਟਾ ਨੇ ਕਹਾਣੀਆਂ ਦੇ ਵਿਸ਼ਿਆਂ ਰਾਹੀਂ ਬਹੁ-ਰੰਗੀ ਯਥਾਰਥ ਪੇਸ਼ ਕੀਤਾ ਹੈ। ਇਹ ਸਮਾਜਿਕ ਯਥਾਰਥ ਹੈ। ਇਸ ਯਥਾਰਥ ਅੰਦਰੋਂ ਕਹਾਣੀਕਾਰ ਨੇ ਕਾਰਜ-ਕਾਰਣੀ ਕਿਰਿਆਵਾਂ ਤਾਂ ਪੇਸ਼ ਕੀਤੀਆਂ ਹਨ ਪਰ ਤਣਾਓ ਤੇ ਟਕਰਾਓ ਨਹੀਂ ਪੇਸ਼ ਕੀਤਾ ਗਿਆ। ਇਹ ਸਥਿਤੀਆਂ ਤੇ ਪ੍ਰਸਥਿਤੀਆਂ ਦੀਆਂ ਕਹਾਣੀਆਂ ਹਨ।