—ਸਾਡੇ ਸਮਾਜ ਵਿੱਚ ਨਾਥਾਂ ਜੋਗੀਆਂ ਨੂੰ ਸਤਿਕਾਰਤ ਨਜ਼ਰ ਨਾਲ਼ ਦੇਖਿਆ ਜਾਂਦਾ ਹੈ। ਨਾਥ ਜੋਗੀ ਆਦਿ ਕਾਲ ਵੇਲ਼ੇ ਤੋਂ ਇਸ ਸਮਾਜ ਵਿੱਚ ਬਿਰਾਜਮਾਨ ਨੇ। ਨਾਥਾਂ ਨੂੰ ਸਿੱਧ, ਜੋਗੀ, ਅਵਧੂਤ, ਅਵਧੂ, ਔਧੇ ਅਉਧੂ ਆਦਿ ਕਈ ਨਾਵਾਂ ਨਾਲ਼ ਸੱਦਿਆ ਜਾਂਦਾ ਹੈ। ਇਹਨਾਂ ਦੀ ਉਤਪੱਤੀ ‘ਆਦਿ ਨਾਥ’ ਤੋਂ ਮੰਨੀ ਜਾਂਦੀ ਹੈ। ਆਮ ਕਰਕੇ ਇਹਨਾਂ ਨੂੰ ਨਾਥ ਹੀ ਕਿਹਾ ਜਾਂਦਾ ਹੈ। ‘ਨ’ ਦਾ ਅਰਥ ਹੈ ਅਨਾਦਿ ਰੂਪ ਅਤੇ ‘ਥ’ ਦਾ ਅਰਥ ਹੈ ਤਿੰਨਾਂ ਲੋਕਾਂ ਦਾ ਸਥਾਪਿਤ ਹੋਣਾ। ਨਾਥ ਮਤ ਦਾ ਸਪਸ਼ਟ ਅਰਥ ਹੈ ਉਹ ਅਨਾਦਿ ਧਰਮ ਜਿਹੜਾ ਤਿੰਨਾਂ ਲੋਕਾਂ ਦੀ ਸਥਿਰਥਤਾ ਦਾ ਕਾਰਨ ਹੈ। ਭਾਵ ਕਿ ਮੋਕਸ਼ ਦੇਣ ਵਿੱਚ ਪੂਰਨ ਅਤੇ ਅਗਿਆਨਤਾ ਨੂੰ ਰੋਕਣ ਵਾਲ਼ਾ।
ਨਾਥ ਸੰਪਰਦਾ ਦਾ ਹਰ ਯੋਗੀ, ਸਿੱਧ, ਸਾਧੂ ਸੰਤ ਆਪਣੇ ਆਪ ਨੂੰ ਆਦਿ ਨਾਥ ਮੱਤ ਦਾ ਉਪਾਸ਼ਕ ਦੱਸਦਾ ਹੈ। ਕੁਝ ਵਿਦਵਾਨ ਆਦਿ ਨਾਥ ਨੂੰ ਸਿੱਧ ਮੱਤ ਵੀ ਕਹਿੰਦੇ ਹਨ। ਸਿੱਧ ਦਾ ਭਾਵ ਹੈ ਨਿਰਣੇ ਕੀਤਾ ਗਿਆ ਮੱਤ। ਨਾਥਾਂ ਦੇ ਕੁਝ ਪੁਰਾਤਨ ਆਗੂਆਂ ਨੇ ਕੁਝ ਵਿਸ਼ੇਸ਼ ਸਿਧਾਂਤਾਂ ਨੂੰ ਸਿੱਧ ਕੀਤਾ ਸੀ ਤਦ ਤੋਂ ਹੀ ਇਹਨਾਂ ਨੂੰ ਸਿੱਧ ਕਿਹਾ ਜਾਣ ਲੱਗਾ। ਕਈ ਲੋਕਾਂ ਅਨੁਸਾਰ ਜਿਹੜੇ ਲੋਕ ਤੰਤਰ ਵਿਦਿਆ ਨਾਲ਼ ਕੋਈ ਸਿੱਧੀ ਪ੍ਰਾਪਤ ਕਰ ਲੈਂਦੇ ਉਹਨਾਂ ਨੂੰ ਸਿੱਧ ਕਿਹਾ ਜਾਂਦਾ ਸੀ। ਇਹ ਲੋਕ ਆਪਣੇ ਆਪ ਨੂੰ ਸਿੱਧ ਅਤੇ ਆਪਣੇ ਗ੍ਰੰਥਾਂ ਨੂੰ ‘ਸਿਧਾਂਤ’ ਕਹਿੰਦੇ ਹਨ।
ਪੁਰਾਤਨ ਸਮੇਂ ਵਿੱਚ ਸਿੱਧਾਂ ਵਿੱਚ ਵਕਤ ਦੇ ਗੇੜ ਨਾਲ਼ ਕਈ ਕਮੀਆਂ ਆ ਗਈਆਂ ਅਤੇ ਇਹ ਤਿੰਨ ਭਾਗਾਂ ਵਿੱਚ ਵੰਡੇ ਗਏ – 1.ਸਹਿਜਯਾਨੀ ਸਿੱਧ ਧਾਰਾ (ਸੰਤ ਮੱਤ) 2. ਹਠ ਯੋਗ (ਨਾਥ ਸੰਪਰਦਾਇ) 3.ਸਮਾਰਤ ਵੈਸ਼ਣਵ ਧਾਰਾ (ਬ੍ਰਹਮ ਅਤੇ ਸ਼ੈਵ ਰੂਪ) ।
ਇਹਨਾਂ ਸਾਰਿਆਂ ਦਾ ਸਾਹਿਤ ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਪਾਲੀ ਭਾਸ਼ਾ ਵਿੱਚ ਮਿਲਦਾ ਹੈ। ਸ਼ੰਕਰ ਜਾਂ ਆਦਿ ਨਾਥ ਨੂੰ ਸਹਿਜਯਾਣੀ ਸਿੱਧ ਧਾਰਾ ਦਾ ਬਾਨੀ ਮੰਨਿਆ ਜਾਂਦਾ ਹੈ। ਬੁੱਧ ਧਰਮ ਦੇ ਭਿਕਸ਼ੂ ਜਦ ਪਤਿਤ ਹੋ ਗਏ ਤਾਂ ਉਹਨਾਂ ਨੇ ਆਪਣੇ ਸਿਧਾਂਤਾਂ ਦਾ ਤਿਆਗ ਕਰ ਦਿੱਤਾ। ਉਹਨਾਂ ਵਿੱਚ ਹੌਲੀ ਹੌਲੀ ਮੂਰਤੀ ਪੂਜਾ ਤੇ ਅਵਤਾਰਵਾਦ ਦਾ ਪਸਾਰ ਸ਼ੁਰੂ ਹੋ ਗਿਆ।
ਹਠ ਯੋਗ ਧਾਰਾ ਜਾਂ ਨਾਥ ਸੰਪਰਦਾਇ ਵਿੱਚ ਸਰੀਰ ਨੂੰ ਵੱਖ-ਵੱਖ ਯੋਗ ਕਿਰਿਆਵਾਂ ਜਾਂ ਪ੍ਰਾਣਾਯਾਮ ਰਾਹੀਂ ਸਾਧ ਕੇ ਹਠ ਜਾਂ ਜ਼ਿਦ ਨਾਲ਼ ਈਸ਼ਵਰ ਨਾਲ਼ ਅਭੇਦ ਹੋਣ ਦਾ ਯਤਨ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਮਛੇਂਦਰ ਨਾਥ, ਮਤਿਸੇਂਦਰ ਨਾਥ ਜਾਂ ਨਾਗਾਰਜੁਨ ਨੂੰ ਇਸ ਦਾ ਬਾਨੀ ਮੰਨਦੇ ਹਨ। ਇਸ ਮੱਤ ਦੇ ਉਪਾਸ਼ਕ 84 ਸਿੱਧ ਹੋਏ ਹਨ ਜਿਨਾਂ ਵਿੱਚੋਂ ਗੋਰਖ ਨਾਥ ਨੂੰ ਮੁਖੀ ਮੰਨਿਆ ਜਾਂਦਾ ਹੈ। ਇਹ ਨਾਥ ਸਵੈਮਤ ਦੇ ਪ੍ਰਭਾਵ ਹੇਠ ਕਾਬਲ ਕੰਧਾਰ ਤੋਂ ਕੰਨਿਆ ਕੁਮਾਰੀ ਤੱਕ ਅਤੇ ਬਲੋਚਿਸਤਾਨ ਤੋਂ ਬੰਗਾਲ ਤੱਕ ਫ਼ੈਲਿਆ।
ਸਮਾਰਤ ਵੈਸ਼ਨਵ ਧਾਰਾ ਦੇ ਮੋਢੀ ਬ੍ਰਾਹਮਣ ਮੱਤ ਦੇ ਅਨੁਯਾਈਆਂ ਜਿਨਾਂ ਨੂੰ ਬੁੱਧ ਮੱਤ ਅਤੇ ਜੈਨ ਧਰਮ ਨਾਲ਼ ਟੱਕਰ ਲੈਣੀ ਪਈ, ਇਹ ਲੋਕ ਵਿਸ਼ਨੂ, ਨਰਾਇਣ, ਵਾਸਦੇਵ ਅਤੇ ਕ੍ਰਿਸ਼ਨ ਦੇ ਉਪਾਸ਼ਕ ਸਨ। ਫਿਰ ਇਹ ਸ਼ਿਵ, ਬ੍ਰਹਮਾ ਅਤੇ ਵਿਸ਼ਨੂ ਤਿੰਨ ਦੇਵਤਿਆਂ ਨੂੰ ਮੰਨਣ ਲੱਗੇ। ਪੰਜਾਬ ਵਿੱਚ ਨੌ ਨਾਥਾਂ ਦੀ ਸੂਚੀ ਮਿਲ਼ਦੀ ਹੈ। ਇਹਨਾਂ ਨੂੰ ਆਦਿ ਨਾਥ ਮੱਤ ਵਿੱਚ ਵੱਖ-ਵੱਖ ਦੇਵਤਿਆਂ ਦੇ ਅਵਤਾਰ ਮੰਨਿਆ ਜਾਂਦਾ ਹੈ। ਨਾਥ ਮਤ ਦੇ ਮੋਢੀ ਭਗਵਾਨ ਸ਼ਿਵ ਮਹਾਦੇਵ ਜਾਂ ਆਦਿ ਨਾਥ ਨੂੰ ਮੰਨਿਆ ਜਾਂਦਾ ਹੈ। ਮਨੁੱਖੀ ਰੂਪ ਵਿੱਚ ਆਦਿ ਨਾਥ ਦਾ ਹੀ ਅਵਤਾਰ ਮਛੰਦਰ ਨਾਥ ਨੂੰ ਮੰਨਿਆ ਜਾਂਦਾ ਹੈ। ਇਸ ਤੋਂ ਸਿੱਧ ਹੁੰਦਾ ਕਿ ਨਾਥਾਂ ਦੇ ਪ੍ਰਥਮ ਆਚਾਰੀਆ ਜਾਂ ਗੁਰੂ ਮਛੰਦਰ ਨਾਥ ਹੀ ਸਨ। ਨਾਥ ਸੰਪਰਦਾ ਦੇ ਸਭ ਤੋਂ ਪ੍ਰਸਿੱਧ ਅਚਾਰੀਆ ਗੋਰਖ ਨਾਥ ਜੋ ਪੰਜਾਬੀ ਸਾਹਿਤ ਦੇ ਮੋਢੀ ਮੰਨੇ ਜਾਂਦੇ ਹਨ ਇਸੇ ਗੁਰੂ ਮਛੰਦਰ ਨਾਥ ਦੇ ਪਿਆਰੇ ਸ਼ਿਸ਼ ਸਨ।
1. ਆਦਿ ਨਾਥ ਨੂੰ ਸ਼ਿਵਜੀ।
2. ਮਛੰਦਰ ਨਾਥ ਨੂੰ ਮਾਇਆ।
3. ਉਦੈ ਨਾਥ ਨੂੰ ਪਾਰਬਤੀ।
4. ਸੰਤੋਖ ਨਾਥ ਨੂੰ ਵਿਸ਼ਨੂ।
5. ਕੰਥੜ ਨਾਥ ਜਾਂ ਗਜ ਬੇਲੀ ਨੂੰ ਗਣੇਸ਼।
6. ਸਤਿਨਾਥ ਨੂੰ ਬ੍ਰਹਮਾ।
7.ਅਚੰਭਾ ਨਾਥ ਨੂੰ ਚੰਬਾ ਦੇ ਰਾਜਾ ਜਾਂ ਪਰਬਤਾਂ ਦਾ ਅਵਤਾਰ।
8. ਚਰੰਗੀ ਨਾਥ ਨੂੰ ਪੂਰਨ ਭਗਤ।
9. ਗੋਰਖ ਨਾਥ ਨੂੰ ਸ਼ਿਵ ਦਾ ਅਵਤਾਰ ਮੰਨਿਆ ਜਾਂਦਾ ਹੈ।
ਇਹਨਾਂ ਤੋਂ ਇਲਾਵਾ ਕਾਪਾਲਿਕ ਨਾਥਾਂ ਦਾ ਮੱਤ ਵੀ ਜੋਗੀਆਂ ਵਿੱਚ ਮਿਲਦਾ ਹੈ ਜੋ ਬਾਕੀਆਂ ਨਾਲੋਂ ਭਿਅੰਕਰ ਨਿਰਭੀਕ ਅਤੇ ਡਰਾਵਨੇ ਸਾਧਕ ਹੁੰਦੇ ਹਨ। ਇਹ ਮੜੀਆਂ ਮਸਾਣਾਂ ਵਿੱਚ ਰਹਿ ਕੇ ਮਾਸ ਦੀ ਵਰਤੋਂ ਕਰਦੇ ਹਨ। ਮਸਾਣ ਜਗਾਉਂਦੇ ਹਨ। ਮੁਰਦਿਆਂ ਨੂੰ ਕਬਰਾਂ ਵਿੱਚੋਂ ਪੁੱਟ ਕੇ ਭੂਤਾਂ ਪ੍ਰੇਤਾਂ ਚੜੇਲਾਂ ਨੂੰ ਵੱਸ ਕਰਨ ਲਈ ਉਹਨਾਂ ਨਾਲ ਵੱਖ-ਵੱਖ ਕਿਰਿਆਵਾਂ ਕਰਦੇ ਹਨ।
ਇਸ ਤਰ੍ਹਾਂ ਕੰਨ ਪਾਟੇ ਨਾਥ ਵੀ ਮਿਲਦੇ ਹਨ। ਗੋਰਖ ਨਾਥ ਨੂੰ ਇਹਨਾਂ ਦਾ ਮੋਢੀ ਮੰਨਿਆ ਜਾਂਦਾ ਹੈ। ਜੋਗ ਮਤ ਦੀ ਰੀਤ ਅਨੁਸਾਰ ਇਸ ਮੱਤ ਵਿੱਚ ਸ਼ਾਮਲ ਹੋਣ ਵਾਲ਼ਿਆਂ ਨੂੰ ਆਪਣੇ ਕੰਨ ਪਾੜ ਕੇ ਮੁੰਦਰਾਂ ਧਾਰਨ ਕਰਨੀਆਂ ਪੈਂਦੀਆਂ ਹਨ। ਇਸ ਕਰਕੇ ਇਹਨਾਂ ਨੂੰ ਕੰਨ ਪਾਟੇ ਜਾਂ ਦਰਸ਼ਨੀ ਸਾਧੂ ਵੀ ਕਿਹਾ ਜਾਂਦਾ ਹੈ। ਜਿਹੜੇ ਯੋਗੀਆਂ ਦੇ ਕੰਨ ਨਹੀਂ ਪਾਟੇ ਹੁੰਦੇ ਉਹਨਾਂ ਨੂੰ ਔਗੜ ਕਿਹਾ ਜਾਂਦਾ ਹੈ। ਜਲੰਧਰ ਅਤੇ ਮਛੰਦਰ ਨਾਥ ਦੇ ਕੰਨ ਨਹੀਂ ਸਨ ਪਾਟੇ ਇਸ ਕਰਕੇ ਇਹਨਾਂ ਨੂੰ ਔਗੜ ਨਾਥ ਕਿਹਾ ਜਾਂਦਾ ਸੀ ਅਤੇ ਇਹਨਾਂ ਦਾ ਮੱਤ ਵੀ ਗੋਰਖ ਨਾਥ ਦੇ ਕੰਨ ਪਾਟੇ ਨਾਥਾਂ ਤੋਂ ਵੱਖਰਾ ਹੈ।
ਇਹ ਨਾਥ ਜੋਗੀ ਗੇਰੂਏ ਰੰਗ ਦੇ ਕੱਪੜੇ ਪਹਿਨਦੇ ਹਨ। ਇਹਨਾਂ ਦੇ ਡੇਰਿਆਂ ਤੇ ਹਮੇਸ਼ਾ ਟਾਗੋਟੀ ਜਾਂ ਅਰਥੀ ਤਿਆਰ ਰੱਖੀ ਹੁੰਦੀ ਹੈ ਜੋ ਇਹਨਾਂ ਨੂੰ ਇਸ ਨਾਸ਼ਵਾਨ ਸੰਸਾਰ ਦੀ ਯਾਦ ਦਿਵਾਉਂਦੀ ਹੈ।
ਸਮੇਂ ਦੇ ਗੇੜ ਨਾਲ਼ ਹੁਣ ਨਾਥ ਜੋਗੀਆਂ ਦੇ ਰਹਿਣ -ਸਹਿਣ ਅਤੇ ਵਿੱਦਿਆ ਤੰਤਰ ਵਿੱਚ ਪਰਿਵਰਤਨ ਆ ਚੁੱਕਾ ਹੈ। ਹੁਣ ਇਹ ਆਮ ਸਮਾਜ ਵਿੱਚ ਘੁਲ਼ ਮਿਲ਼ ਕੇ ਕਬੀਲੇ ਬਣਾ ਕੇ ਰਹਿਣ ਲੱਗ ਪਏ ਹਨ ਅਤੇ ਬਹੁਤ ਸਾਰੇ ਨਾਥ ਜੋਗੀ ਗ੍ਰਹਿਸਥੀ ਜੀਵਨ ਵੱਲ ਝੁਕਾ ਰੱਖਣ ਲੱਗ ਪਏ ਹਨ। ਇਸ ਤਰ੍ਹਾਂ ਇਹ ਆਪਣੀ ਸੰਪਰਦਾਇ ਦੇ ਮੂਲ ਤੱਤਾਂ ਤੋਂ ਵੱਖਰੇ ਹੁੰਦੇ ਜਾ ਰਹੇ ਹਨ।
ਨਾਥ-ਮਤ ਦੇ ਚਿੰਨ੍ਹ :-
ਜਨੇਊ :- ਹਿੰਦੂਆਂ ਵਾਂਗ ਨਾਥ ਲੋਕ ਵੀ ਜਨੇਊ ਦੀ ਵਰਤੋਂ ਕਰਦੇ ਹਨ ਪਰ ਇਹ ਉੱਨ ਦਾ ਬਣਿਆ ਹੁੰਦਾ ਹੈ।
ਸਿੰਗੀ :- ਇਹ ਇੱਕ ਸਾਜ਼ ਹੈ ਜੋ ਮੂੰਹ ਨਾਲ਼ ਫੂਕ ਮਾਰ ਕੇ ਵਜਾਇਆ ਜਾਂਦਾ ਹੈ ਇਸ ਦੀ ਆਵਾਜ਼ ਹੁਣ ਉਪਰੰਤ ਹੀ ਇਹ ਲੋਕ ਕੁਝ ਖਾਂਦੇ ਹਨ ਇਸ ਦੀ ਆਵਾਜ਼ ਨੂੰ ਸਿੰਗੀ-ਨਾਦ ਕਹਿੰਦੇ ਹਨ।
ਰੁਦ੍ਰਾਕਸ਼ :- ਇਸ ਮਾਲਾ ਵਿੱਚ ਪਾਉਣ ਵਾਲੇ ਇੱਕ ਵਿਸ਼ੇਸ਼ ਪ੍ਰਕਾਰ ਦੇ ਮਣਕੇ ਹੁੰਦੇ ਹਨ, ਜਿਸ ਨੂੰ ਜੋਗੀ ਲੋਕ ਆਪਣੇ ਗਲ ਵਿੱਚ ਪਾ ਕੇ ਰੱਖਦੇ ਹਨ ਅਤੇ ਇਸ ਦੇ ਮਣਕਿਆਂ ਨੂੰ ਫੇਰ ਕੇ ਪਾਠ ਕਰਦੇ ਹਨ।
ਮੇਖਲਾ:- ਇਹ ਮੁੰਜ ਦੀ ਬਣੀ ਇੱਕ ਪ੍ਰਕਾਰ ਦੀ ਰੱਸੀ ਹੁੰਦੀ ਹੈ ਜਿਸ ਨੂੰ ਕਮਰ ਤੇ ਵਲੇਟਿਆ ਜਾਂਦਾ ਹੈ ਜਦੋਂ ਤੋਂ ਨਾਥਾਂ ਨੇ ਸੈਨਿਕ ਭੇਖ ਲਿਆ ਤਾਂ ਇਸ ਦੀ ਵਰਤੋਂ ਆਰੰਭ ਕਰ ਦਿੱਤੀ। ਇਸ ਨੂੰ ਪਾ ਕੇ ਭਿੱਖਿਆ ਮੰਗਣ ਲਈ ਜ਼ਰੂਰ ਜਾਣਾ ਪੈਂਦਾ ਹੈ।
ਪਵਿਤਰੀ :- ਸਿੰਗੀ ਨਾਦ ਜਨੇਊ ਵਿੱਚ ਪਵਿੱਤਰੀ ਵੀ ਬੱਧੀ ਹੁੰਦੀ ਹੈ। ਜਿਹੜੇ ਨਾਥ ਉੱਨ ਦੇ ਜਨੇਊ ਦੀ ਵਰਤੋਂ ਨਹੀਂ ਕਰਦੇ ਹਿਰਨ ਦੇ ਸਿੰਗ ਦੀ ਪਵਿੱਤਰੀ ਦੀ ਵਰਤੋਂ ਜ਼ਰੂਰ ਕਰਦੇ ਹਨ।
ਖੱਪਰ ਚਿਪੀ :- ਇਸ ਦੀ ਵਰਤੋਂ ਭਿਖਿਆ ਮੰਗਣ ਲਈ ਕਰਦੇ ਹਨ ਅਤੇ ਭਿੱਖਿਆ ਇਸ ਵਿੱਚ ਲੈਂਦੇ ਹਨ। ਇਹ ਦਰਿਆਈ ਨਾਰੀਅਲ ਤੋਂ ਬਣੀ ਹੁੰਦੀ ਹੈ।
ਕਿੰਗਰੀ :- ਇਹ ਇੱਕ ਪ੍ਰਕਾਰ ਦਾ ਸਾਜ਼ ਹੈ ਜਿਸ ਨੂੰ ਇਹ ਲੋਕ ਚਿਕਾਰੀ ਵੀ ਕਹਿੰਦੇ ਹਨ। ਔਗੜ, ਜੋਗੀੜੇ ਸਬਦ, ਸਬਦੀ, ਪਦ ਜਾਂ ਹੋਰ ਨਾਥ ਪੰਥੀ ਗੀਤ ਆਦਿ ਇਸੇ ਕਿੰਗਰੀ ਤੇ ਗਾਏ ਜਾਂਦੇ ਹਨ।
ਗੋਰਖ ਨਾਥ ਜਾਂ ਧੰਧਾਰੀ:- ਇਹ ਇੱਕ ਪ੍ਰਕਾਰ ਦਾ ਚੱਕਰ ਹੈ ਜੋ ਲੱਕੜ ਦੀਆਂ ਤੀਲੀਆਂ ਜਾਂ ਲੋਹੇ ਦੀਆਂ ਤਾਰਾਂ ਨਾਲ਼ ਬਣਾਇਆ ਜਾਂਦਾ ਹੈ। ਮੰਤਰ ਪੜ੍ਹ ਕੇ ਇਸ ਨੂੰ ਖੋਲ੍ਹਣ ਵਾਲ਼ਾ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ।
ਜਗਤਾਰ ਸਿੰਘ ਸੋਖੀ
ਫ਼ੋਨ : 9417166386
ਆਓ ਜਾਣੀਏ ਨਾਥ ਜੋਗੀ ਸੰਪਰਦਾਇ ਬਾਰੇ।
Leave a comment