25 ਜਨਵਰੀ (ਕਰਨ ਭੀਖੀ) ਭੀਖੀ: ਸਥਾਨਕ ਕਸਬੇ ਦੇ ਸੁਨਾਮ ਰੋਡ ‘ਤੇ ਪਿੰਡ ਹਮੀਰਗੜ੍ਹ ਢੈਪਈ ਦੀ ਹਦੂਦ ਵਿੱਚ ਬਣੇ ਟੋਲ-ਪਲਾਜ਼ਾ ਤੇ ਪਿਛਲੇ 34 ਦਿਨਾਂ ਤੋਂ ਪਲਾਜ਼ੇ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਨੇ ਆਖਰ ਲੰਘੀ ਰਾਤ ਭਾਰੀ ਮਸ਼ੀਨਾਂ ਨਾਲ ਟੋਲ-ਪਲਾਜ਼ਾ ‘ਤੇ ਧਾਵਾ ਬੋਲਿਆ, ਜਦੋਂ ਤੱਕ ਪ੍ਰਸ਼ਾਸਨ ਨੂੰ ਖ਼ਬਰ ਹੋਈ ਉਦੋਂ ਤੱਕ ਇਮਾਰਤ ਦਾ ਕਾਫੀ ਵੱਡਾ ਹਿੱਸਾ ਭੰਨ੍ਹ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਬੇਆਬਾਦ ਅਤੇ ਅਣਅਧਿਕਾਰਤ ਟੋਲ ਪਲਾਜ਼ਾ ਬੀਤੇ ਕਈ ਸਾਲਾਂ ਤੋਂ ਜਿੱਥੇ ਰਾਹਗੀਰਾਂ ਦੀ ਜਾਨ ਲਈ ਖ਼ਤਰਾ ਬਣਿਆ ਹੋਇਆ ਹੈ ਉੱਥੇ ਲੁੱਟਾਂ-ਖੋਹਾਂ ਕਰਨ ਵਾਲੇ ਗੈਰਸਮਾਜੀ ਅਨਸਰਾਂ ਦਾ ਅੱਡਾ ਬਣਿਆ ਹੋਇਆ ਸੀ ਲੋਕਾਂ ਦੀ ਦਿੱਕਤ ਵਿੱਚ ਸ਼ਰੀਕ ਹੁੰਦਿਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਇੱਥੇ ਸ਼ਾਂਤਮਈ ਢੰਗ ਨਾਲ ਪਲਾਜ਼ਾ ਨੂੰ ਹਟਾਉਣ ਲਈ ਨਿਰੰਤਰ ਪੱਕਾ ਮੋਰਚਾ ਲਾਇਆ ਹੋਇਆ ਹੈ ਪ੍ਰੰਤੂ ਪ੍ਰਸ਼ਾਸਨ ਦੀ ਢਿੱਲ, ਅਸੰਵੇਦਨਸ਼ੀਲ ਅਤੇ ਗੈਰ-ਜਿੰਮੇਵਰਾਨਾਂ ਰੱਵਈਏ ਕਾਰਨ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਅੱਕ ਕੇ ਯੂਨੀਅਨ ਵੱਲੋਂ ਰਾਤ ਦੇ ਹਨੇਰੇ ਵਿੱਚ ਆਪਣੀਆਂ ਜਾਨਾਂ ‘ਤੇ ਖੇਡ ਕੇ ਇਸ ਟੋਲ-ਪਲਾਜ਼ੇ ਨੂੰ ਹਟਾਉਣਾ ਪਿਆ, ਜਿਸ ਵਿੱਚ ਉਹ ਵੱਡੀ ਹੱਦ ਤੱਕ ਕਾਮਯਾਬੀ ਵੀ ਮਿਲੀ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਹਗੀਰਾਂ ਦੀ ਸੜਕ ਸੁਰੱਖਿਆ ਨੂੰ ਦੇਖਦੇ ਹੋਏ ਮਲਵੇ ਦਾ ਨਬੇੜਾ ਪ੍ਰਸ਼ਾਸਨ ਖੁਦ ਕਰੇ ਅਤੇ ਮਲਵਾ ਚੁੱਕਣ ਤੱਕ ਧਰਨਾ ਸ਼ਾਂਤਮਈ ਤਰੀਕੇ ਨਾਲ ਜਾਰੀ ਰਹੇਗਾ। ਇਸ ਮੌਕੇ ਪੁਲੀਸ ਦੇ ਰੱਵਈਏ ਖਿਲਾਫ ਬੋਲਦਿਆਂ ਉਹਨਾਂ ਕਿਹਾ ਕਿ ਥਾਣਾ ਭੀਖੀ ਦੀ ਪੁਲੀਸ ਨੇ ਉਨ੍ਹਾਂ ਨਾਲ ਧੱਕੇਮੁੱਕੀ ਵੀ ਕੀਤੀ।ਅੱਜ ਦੇ ਧਰਨੇ ਵਿੱਚ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਸਮਾਓਂ, ਧੰਨਜੀਤ ਸਿੰਘ ਢੈਪਈ, ਰਾਜਪਾਲ ਸਿੰਘ ਅਲੀਸ਼ੇਰ, ਰਾਜ ਸਿੰਘ ਅਕਲੀਆਂ, ਜਗਜੀਤ ਸਿੰਘ ਧਲੇਵਾਂ, ਅਜੈਬ ਸਿੰਘ ਸਮਾਓਂ, ਭੋਲਾ ਸਿੰਘ ਰੱਲਾ, ਲਾਲੀ ਸਿੰਘ ਢੈਪਈ, ਰੂਪ ਸਿੰਘ ਰੱਲਾ, ਮੱਖਣ ਸਿੰਘ ਧਲੇਵਾਂ, ਸੁਰਜੀਤ ਸਿੰਘ ਭੁਪਾਲ, ਬਿੰਦਰ ਸਿੰਘ ਜੱਸੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਕਿਸਾਨ ਮੌਜੂਦ ਸਨ।
ਫੋਟੋ ਕੈਪਸ਼ਨ:ਢਾਹੇ ਗਏ ਟੋਲ ਪਲਾਜ਼ਾ ਦੀ ਤਸਵੀਰ।
2 ਧਰਨੇ ਦੌਰਾਨ ਹਾਜ਼ਰ ਪੁਲੀਸ ਮੁਲਾਜ਼ਮ। ਫੋਟੋ ਕਰਨ ਭੀਖੀ