—ਵਰਤਮਾਨ ਯੁਗ ਕ੍ਰਾਂਤੀ ਦਾ ਯੁਗ ਹੈ। ਹਰ ਖੇਤਰ ਵਿੱਚ ਵਿਸਫੋਟਕ ਕ੍ਰਾਂਤੀ ਆਈ ਹੈ। ਨੌਜਵਾਨ ਵਰਗ ਲਈ ਬੜਾ ਹੀ ਗੁੰਝਲਦਾਰ ਸਮਾਂ ਹੈ। ਨੌਜਵਾਨ ਤੇ ਯੁਵਾ ਵਰਗ ਉਸ ਮੋੜ ਤੇ ਆ ਕੇ ਖੜਾ ਹੈ,ਜਿੱਥੇ ਉਸ ਨੂੰ ਨਕਾਰਾਤਮਕਤਾ ਆਪਣੇ ਵੱਲ ਜਿਆਦਾ ਖਿੱਚ ਪਾ ਰਹੀ ਹੈ। ਮਨਾਂ ਨੂੰ ਵਰਗਲਾਉਣ ਵਾਲੀਆਂ ਚੀਜ਼ਾਂ ਦਾ ਬੋਲ ਬਾਲਾ ਸਮਾਜ ਵਿੱਚ ਵੱਧ ਰਿਹਾ ਹੈ। ਪੌਸ਼ਟਿਕ ਚੀਜ਼ਾਂ ਦੀ ਜਗ੍ਹਾ ਜੰਕ ਫੂਡ ਦਾ ਵਾਧਾ,ਨਸ਼ਿਆਂ ਦੀ ਵਰਤੋਂ, ਹਿੰਸਾ,ਕਰਾਈਮ ਵਰਗੀਆਂ ਵਾਰਦਾਤਾਂ ਸਰੀਰਕ ਮਾਨਸਿਕ ਰੂਪ ਨਾਲ ਬਿਮਾਰ ਕਰ ਰਹੀਆਂ ਹਨ। ਯੁਵਾ ਵਰਗ ਨਿਰਨੇ ਲੈਣ ਦੀ ਸ਼ਕਤੀਆਂ ਖੋਜ ਰਿਹਾ ਹੈ,ਸਟਰੈਸ ਵਿੱਚ ਵਾਧਾ ਹੋ ਰਿਹਾ ਹੈ ਆਤਮ ਹੱਤਿਆ ਵਰਗੀਆਂ ਘਟਨਾਵਾਂ ਦਿਨ ਬ ਦਿਨ ਵੱਧ ਰਹੀਆਂ ਨੇ। ਬਦਲ ਰਹੇ ਸਮਾਜਿਕ,ਰਾਜਨੀਤਿਕ ਹਾਲਾਤਾਂ ਨੂੰ ਸਮਝਣਾ ਔਖਾ ਹੋ ਰਿਹਾ ਹੈ ਰਾਜਨੀਤਿਕ ਪਾਰਟੀਆਂ ਨੌਜਵਾਨਾਂ ਨੂੰ ਆਪਣੇ ਲਾਭ ਲਈ ਵਰਤ ਰਹੀਆਂ ਨੇ। ਕੰਪੀਟੀਸ਼ਨ ਦਾ ਮਕਸਦ ਪੈਸਾ ਕਮਾਉਣਾ ਹੀ ਰਹਿ ਗਿਆ ਹੈ,ਖੁਸ਼ੀਆਂ ਲੱਭਣ ਦਾ ਨਜ਼ਰੀਆ ਬਦਲ ਰਿਹਾ ਹੈ।ਰਿਸ਼ਤਿਆਂ ਦੇ ਮਾਇਨੇ ਬਦਲ ਰਹੇ ਨੇ ਜਾਂ ਕਹੀਏ ਤਾਂ ਰਿਸ਼ਤੇ ਅੱਜ ਤਾਰ ਤਾਰ ਹੋ ਰਹੇ ਨੇ। ਮੀਡੀਆ, ਵੱਟਸਅਪ, ਇੰਸਟਾਗਰਾਮ, ਫੇਸਬੁੱਕ, ਟਵਿਟਰ ਦਾ ਬੋਲਬਾਲਾ ਸਾਈਬਰ ਕ੍ਰਾਈਮ ਤੇ ਧੱਕੇਸ਼ਾਹੀ,ਵੀਡੀਓ ਕਲਿੱਪ,ਫੋਟੋਆਂ ਯੁਵਾ ਵਰਗ ਦੇ ਮਨਾਂ ਨੂੰ ਬਦਲ ਰਹੀਆਂ ਹਨ। ਕੈਰੀਅਰ ਤੋਂ ਫੋਕਸ ਹਟਦਾ ਜਾ ਰਿਹਾ ਹੈ। ਹੁਣ ਲੋੜ ਹੈ ਚੰਗੇ ਮਾਰਗਦਰਸ਼ਨ ਦੀ।ਉੰਝ ਤਾਂ ਮਾਰਗ ਦਰਸ਼ਨ ਹਰ ਉਮਰ ਦੇ ਵਿਅਕਤੀ ਲਈ ਜਰੂਰੀ ਹੈ ਪ੍ਰੰਤੂ ਵਿਦਿਆਰਥੀ ਵਰਗ ਲਈ ਇਹ ਵਿਸ਼ੇਸ਼ ਮਹੱਤਵਪੂਰਨ ਹੈ ਕਿਉਂਕਿ ਅਜੇ ਵਿਦਿਆਰਥੀ ਹੁਣ ਪ੍ਰੀਖਿਆ ਦੇ ਕੇ ਹੀ ਆਏ ਨੇ ਕਿ ਉਹਨਾਂ ਸਾਹਮਣੇ ਇੱਕ ਬਹੁਤ ਵੱਡੀ ਚੁਨੌਤੀ ਆ ਖੜੀ ਹੈ।ਉਹ ਹੈ ਕੈਰੀਅਰ ਦੀ ਚੋਣ ਕਰਨ ਦੀ।ਉਸ ਲਈ ਕਿਹੜੇ ਵਿਸ਼ੇ ਰੱਖਣੇ ਨੇ, ਕਿਹੜੇ ਸਕੂਲ, ਕਾਲਜ ਵਿੱਚ,ਕਿੱਥੇ ਪੜ੍ਹਾਈ ਕਰਨੀ ਹੈ। ਕੀ ਉਹ ਆਪਣੇ ਸ਼ਹਿਰ ਰਹਿਣਗੇ ਜਾਂ ਬਾਹਰ ਸ਼ਹਿਰ ਹੋਸਟਲ ਵਿੱਚ ਜਾ ਕੇ ਪੜ੍ਹਾਈ ਕਰਨਗੇ।ਇਹ ਬੜਾ ਨਾਜ਼ੁਕ ਦੌਰ ਹੈ ਇੱਕ ਤਾਂ ਉਸ ਲਈ ਸਹੀ ਰਸਤਾ ਲੱਭਣ ਦੀ ਤੇ ਦੂਜਾ ਉਸ ਦੀ ਉਮਰ (ਕਿਸ਼ੋਰ ਅਵਸਥਾ) ਨੂੰ ਧਿਆਨ ਵਿੱਚ ਰੱਖਦਿਆਂ ਨਿਰਣੇ ਲੈਣ ਦੀ। ਕਿਸ਼ੋਰ ਅਵਸਥਾ ਨੂੰ ਆਮ ਤੌਰ ਤੇ ਗੜਬੜ ਵਾਲਾ ਦੌਰ ਅਤੇ ਨਕਾਰਾਤਮਕ ਪੜਾਅ ਮੰਨਿਆ ਜਾਂਦਾ ਹੈ। ਤੂਫਾਨ ਅਤੇ ਤਨਾਅ,ਸਬੰਧਾਂ ਵਿੱਚ ਸਭ ਤੋਂ ਵੱਧ ਨਾਜੁਕ ਦੌਰ,ਜ਼ਿੰਦਗੀ ਦੀ ਕ੍ਰਾਂਤੀ,ਚੁਣੌਤੀਆਂ ਵਾਲਾ ਸਮਾਂ ਮੰਨਿਆ ਜਾਂਦਾ ਹੈ। ਇਸ ਸਮੇਂ ਸਰੀਰਿਕ, ਬੋਧਹਾਤਮਕ, ਭਾਵਨਾਤਮਕ ਤੇ ਸਮਾਜਿਕ ਤਬਦੀਲੀਆਂ ਹੁੰਦੀਆਂ ਹਨ। ਇਸ ਸਮੇਂ ਕਿਸ਼ੋਰ ਵੱਧ ਤੋਂ ਵੱਧ ਸੁਤੰਤਰਤਾ, ਅਮੂਰਤ ਸੋਚਣ ਦੀ ਸਮਰੱਥਾ,ਹਾਣੀਆਂ ਵਿੱਚ ਵੱਧ ਦਿਲਚਸਪੀ, ਸਾਥੀਆਂ ਨਾਲ ਜਾਂ ਬਾਹਰਲੇ ਸਬੰਧਾਂ ਕਾਰਨ ਮਾਪਿਆਂ ਤੋਂ ਦੂਰ, ਇਸ ਸਮੇਂ ਮਨ ਅੰਦਰ ਤੂਫਾਨ ਚੱਲਦਾ ਰਹਿੰਦਾ ਹੈ। ਜਿੱਥੇ ਬਚਪਨ ਦੇ ਸੀਮਤ ਦਾਇਰੇ ਵਿੱਚੋਂ ਨਿਕਲਦੇ ਹਨ ਸਰਪ੍ਰਸਤਾਂ ਦਾ ਡਰ ਜਾਂ ਦੂਰ ਜਾਣ ਦਾ ਡਰ ਹੁੰਦਾ ਹੈ ਪਰ ਇਸ ਸਮੇਂ ਉਹ ਪੂਰਨ ਆਜ਼ਾਦੀ ਦੀ ਖੋਜ ਕਰਦੇ ਹਨ। ਪਰ ਇਹ ਆਜ਼ਾਦੀ ਉਹਨਾਂ ਲਈ ਘਾਤਕ ਸਾਬਤ ਹੋ ਸਕਦੀ ਹੈ ਉਹਨਾਂ ਦੇ ਸਾਥੀ ਗਰੁੱਪਾਂ ਵੱਲ ਧਿਆਨ ਦੇਣ ਅਤੇ ਸਹੀ ਦਿਸ਼ਾ ਵਿਖਾਉਣੀ ਸਭ ਤੋਂ ਜਰੂਰੀ ਹੈ। ਅੱਜ ਲੱਖਾਂ ਬੱਚੇ ਨਸ਼ਿਆਂ ਦੇ ਆਦੀ ਹਨ।ਵੱਖ ਵੱਖ ਅਪਰਾਧਾਂ ਵਿੱਚ ਲੱਗ ਜਾਂਦੇ ਨੇ, ਅਪਰਾਧ, ਚਿੰਤਾਵਾਂ,ਉਦਾਸੀਨਤਾ ਤੇ ਕਈ ਵਾਰੀ ਤਾਂ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕਰਦੇ ਹਨ। ਇਸ ਉਮਰੇ ਕਿਸ਼ੋਰ ਆਪਣੇ ਮਾਤਾ ਪਿਤਾ ਜਾਂ ਸਰਪ੍ਰਸਤਾਂ ਨਾਲੋਂ ਆਪਣੇ ਹਾਣੀਆਂ ਤੇ ਜਿਆਦਾ ਵਿਸ਼ਵਾਸ ਕਰਦੇ ਹਨ। ਜਿਸ ਕਾਰਨ ਉਹਨਾਂ ਵਿੱਚ ਗਲਤ ਫੈਸਲੇ ਦਾ ਰੁਝਾਨ ਵੱਧ ਜਾਂਦਾ ਹੈ। ਇਸ ਪੜਾਅ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਤਾਂ ਬਾਅਦ ਦੇ ਜੀਵਨ ਵਿੱਚ ਸਮਾਜਿਕ ਦੁਰਘਟਨਾ ਬਣ ਸਕਦੀ ਹੈ। ਇਹਨਾਂ ਦਾ ਮੁੱਖ ਕਾਰਨ ਬੱਚਿਆਂ ਨੂੰ ਮਾਰਗਦਰਸ਼ਨ ਦੀ ਘਾਟ ਹੁੰਦੀ ਹੈ. ਕਿਸ਼ੋਰ ਵਿੱਚ ਇਨੀ ਪਰਿਪੱਕਵਤਾ ਨਹੀਂ ਹੁੰਦੀ ਕਿ ਉਹ ਸਮਾਜ ਦੀਆਂ ਤਬਦੀਲੀਆਂ ਤੇ ਹੈਰਾਨ ਕਰਨ ਵਾਲੀਆਂ ਸਥਿਤੀ ਦਾ ਗੰਭੀਰਤਾ ਨਾਲ ਮੁਲਾਕਾਤ ਕਰ ਸਕਣ। ਇਸ ਸਮੇਂ ਜਰੂਰੀ ਹੈ ਕਿ ਨੌਜਵਾਨ ਵਰਗ ਨੂੰ ਸਹੀ ਮਾਰਗਦਰਸ਼ਨ ਤੇ ਦਿਸ਼ਾ ਨਿਰਦੇਸ਼ ਮਿਲਣ। ਤਾਂ ਜੋ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾ ਸਕਣ। ਮਾਰਗਦਰਸ਼ਨ ਇੱਕ ਸੰਕਲਿਤ ਪ੍ਰੋਗਰਾਮ ਹੈ ਜਿਸ ਵਿੱਚ ਮਾਤਾ ਪਿਤਾ,ਅਧਿਆਪਕ, ਸਲਾਹਕਾਰ ਤੇ ਮਾਰਗਦਰਸ਼ਕਾ ਨੂੰ ਆਪਣੀ ਆਪਣੀ ਭੂਮਿਕਾ ਸਹੀ ਤੌਰ ਤੇ ਨਿਭਾਉਣ ਦੀ ਲੋੜ ਹੈ। ਤਾਂ ਜੋ ਯੁਵਾ ਨੌਜਵਾਨ ਵਿਦਿਆਰਥੀ ਸਮੱਸਿਆਵਾਂ,ਚੁਨੌਤੀਆਂ ਦਾ ਸਾਹਮਣਾ ਵਧੀਆ ਤਰੀਕੇ ਨਾਲ ਕਰ ਸਕਣ। ਉਹ ਆਪਣੀ ਅਕਾਦਮਿਕ ਸਮਾਜਿਕ, ਬੋਧਾਤਮਕ, ਭਾਵਨਾਤਮਕ, ਸਮੇਂਗਾਤਮਕ, ਨਿਰਣੇ ਲੈਣ ਦੀ ਸਮਰੱਥਾ, ਕੈਰੀਅਰ ਦੀ ਚੋਣ, ਆਪਣੀ ਪ੍ਰਤਿਭਾ ਤੇ ਸਮਰੱਥਾ ਨੂੰ ਪਛਾਣ ਕੇ ਨਵੀਆਂ ਰਾਹਾਂ ਵੱਲ ਸਫਲਤਾ ਪੂਰਵਕ ਜਾ ਸਕਣ। ਮਾਤਾ ਪਿਤਾ, ਸਰਪ੍ਰਸਤਾ ਮਾਰਗਦਰਸ਼ਕਾਂ ਲਈ ਜਰੂਰੀ ਹੈ ਕਿ ਉਹ ਬੱਚਿਆਂ ਦੀ ਉਮਰ ਦੇ ਮੁਤਾਬਿਕ ਸਮੇਂ ਸਮੇਂ ਤੇ ਉਹਨਾਂ ਨਾਲ ਆਪਣੇ ਤਜੁਰਬੇ ਸ਼ੇਅਰ ਕਰਨ ਤੇ ਮਾਨਸਿਕ ਤੌਰ ਤੇ ਗਾਈਡ ਕਰਦੇ ਰਹਿਣ। ਨੌਜਵਾਨਾਂ ਨੂੰ ਚੰਗੀ ਸਿੱਖਿਆ, ਸੱਭਿਆਚਾਰ, ਸਾਹਿਤ ਨਾਲ ਜੋੜਨ ਤੇ ਮਹਾਨ ਸ਼ਖਸ਼ੀਅਤਾਂ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਘਰ,ਸਕੂਲ ਤੇ ਸਮਾਜ ਵਿੱਚ ਚੰਗੀਆਂ ਕਦਰਾਂ ਕੀਮਤਾਂ ਵਾਲਾ ਮਾਹੌਲ ਸਿਰਜੀਏ।ਨੌਜਵਾਨਾਂ ਦੀ ਸਮਾਜ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਅੱਜ ਦੇ ਨੌਜਵਾਨ ਦੇਸ਼ ਦਾ ਭਵਿੱਖ ਹਨ। ਆਪਣੇ ਦੇਸ਼ ਦਾ ਭਵਿੱਖ ਸਵਾਰਨਾ ਸਾਡੇ ਸਾਰਿਆਂ ਦਾ ਫਰਜ਼ ਹੈ। ਆਓ ਅਸੀਂ ਸਾਰੇ ਨੌਜਵਾਨਾਂ ਦਾ ਭਵਿੱਖ ਸਵਾਰ ਕੇ ਮਜਬੂਤ ਰਾਸ਼ਟਰ ਦਾ ਨਿਰਮਾਣ ਕਰੀਏ।
ਸੰਦੀਪ ਕੁਮਾਰ (ਹਿੰਦੀ ਅਧਿਆਪਕ )
9464310900
ਅੱਜ ਨੌਜਵਾਨਾਂ ਨੂੰ ਮਾਰਗਦਰਸ਼ਨ ਦੀ ਬਹੁਤ ਲੋੜ
Leave a comment