16 ਫ਼ਰਵਰੀ (ਸੁਖਪਾਲ ਸਿੰਘ ਬੀਰ) ਬੁਢਲਾਡਾ : ਅੱਜ ਦੇ ਮੁਕੰਮਲ ਭਾਰਤ ਬੰਦ ਅਤੇ ਹੜਤਾਲ ਸਬੰਧੀ ਕੱਲ੍ਹ ਵੱਖ ਵੱਖ ਜਥੇਬੰਦੀਆਂ ਵੱਲੋਂ ਬੁਢਲਾਡਾ ਦੇ ਗੋਲ ਚੱਕਰ ਵਿੱਚ ਇਕੱਠ ਕਰਕੇ ਅੱਜ ਦੇ ਮੁਕੰਮਲ ਭਾਰਤ ਬੰਦ ਅਤੇ ਹੜਤਾਲ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਸਨ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਦਿਲਬਾਗ ਸਿੰਘ ਗੱਗੀ ਕਲੀਪੁਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਅੱਜ ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟਰੇਡ ਯੂਨੀਅਨਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਕੱਚੇ ਮੁਲਾਜ਼ਮਾਂ, ਡਰਾਇਵਰਾਂ, ਵਿਦਿਆਰਥੀਆਂ ਨੂੰ ਦਰੜਨ ਅਤੇ ਮੁਲਕ ਦੀ ਸਮੁੱਚੀ ਆਰਥਿਕਤਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਖਿਲਾਫ਼ ਮੁਕੰਮਲ ਭਾਰਤ ਬੰਦ ਅਤੇ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਮੁੱਖ ਮੁੱਦੇ ਪ੍ਚੂਨ ਖੇਤਰ ‘ਚ ਕਾਰਪੋਰੇਟ ਦਾ ਦਾਖਲਾ ਰੋਕਣਾ, ਚਾਰ ਲੇਬਰ ਕੋਡ ਰੱਦ ਕਰਵਾਉਣਾ, ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਅਤੇ ਜਥੇਬੰਦ ਹੋਣ ਦੇ ਅਧਿਕਾਰ ਨੂੰ ਖਾਤਮੇ ਵੱਲ ਲੈ ਕੇ ਜਾਣ ਖਿਲਾਫ਼ ਵਿਰੋਧ ਜਤਾਉਣ, ਹਿੱਟ ਐਂਡ ਰਨ ਕਾਨੂੰਨ ਰੱਦ ਕਰਵਾਉਣ, ਸਰਕਾਰੀ ਅਦਾਰਿਆਂ ਦਾ ਖਾਤਮਾ ਕਰਨ ਦੀ ਨੀਤੀ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ , ਕੱਚੇ ਮੁਲਾਜ਼ਮਾਂ ਨੂੰ ਕੱਚੇ ਰੱਖਣ ਦੀ ਨੀਤੀ ਖਤਮ ਕਰਵਾਉਣ, ਨਵੀਂ ਸਿੱਖਿਆ ਨੀਤੀ 2020 ਰੱਦ ਕਰਵਾਉਣ, ਬਿਜਲੀ ਸੋਧ ਬਿਲ ਤੇ ਸਮਾਰਟ ਮੀਟਰ ਸਕੀਮ ਰੱਦ ਕਰਵਾਉਣ, ਵਧ ਰਹੀ ਬੇਰੁਜ਼ਗਾਰੀ ਅਤੇ ਅਗਨੀਵੀਰ ਭਰਤੀ ਸਕੀਮ ਦੇ ਵਿਰੁੱਧ ਲੋਕਾਂ ਦਾ ਰੋਸ ਦਰਜ਼ ਕਰਵਾਉਣਾ ਸ਼ਾਮਿਲ ਹੈ।
ਉਨ੍ਹਾਂ ਸਾਰੇ ਭਾਰਤੀ ਖਾਸ ਕਰਕੇ ਪੰਜਾਬੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਹੜਤਾਲ ਜਾਂ ਬੰਦ ਸਾਡੇ ਸਭਨਾਂ ਦੀ ਹੋ ਰਹੀ ਲੁੱਟ ਖਿਲਾਫ਼ ਰੋਸ ਪ੍ਰਗਟਾਉਣ ਦਾ ਢੰਗ ਜਾਂ ਇੱਕ ਜ਼ਰੀਆ ਹੈ ਇਸ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਬੁਢਲਾਡਾ ਏਰੀਏ ਦਾ ਭਾਰਾ ਇਕੱਠ ਆਈ ਟੀ ਆਈ ਚੌਂਕ ਬੁਢਲਾਡਾ ਵਿਖੇ 11 ਵਜੇ ਕੀਤਾ ਜਾ ਰਿਹਾ ਹੈ ਜਿੱਥੇ ਲੋਟੂ ਢਾਣੀਆਂ ਤੋਂ ਬਚਾਅ ਅਤੇ ਆਮ ਲੋਕਾਈ ਦੀ ਭਲਾਈ ਸਬੰਧੀ ਆਪਸੀ ਵਿਚਾਰਾਂ ਕੀਤੀਆਂ ਜਾਣਗੀਆਂ।