ਹੁਣ ਪਾਰਲੀਮੈਂਟ ਚੋਣਾਂ ਵਿੱਚ ਮਿਲ ਰਹੇ ਸਾਥ ਲਈ ਪੂਰੇ ਸੰਗਰੂਰ ਹਲਕੇ ਦਾ ਧੰਨਵਾਦੀ ਹਾਂ: ਮੀਤ ਹੇਅਰ
ਐਤਕੀਂ ਸੰਗਰੂਰ ਦੀ ਚੋਣ ਵਿੱਚ ਹਲਕੇ ਦੇ ਪੁੱਤਰ ਅਤੇ ਬਾਹਰੀਂ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੈ
ਮੀਤ ਹੇਅਰ ਨੇ ਬਰਨਾਲਾ ਵਿਖੇ ਚੋਣ ਰੈਲੀਆਂ ਵਿੱਚ ਵੱਡੇ ਪ੍ਰਾਜੈਕਟ ਲਿਆਉਣ ਦਾ ਕੀਤਾ ਵਾਅਦਾ
23 ਮਈ (ਗਗਨਦੀਪ ਸਿੰਘ) ਬਰਨਾਲਾ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਸ਼ਹਿਰ ਵਿਖੇ ਬੀਤੀ ਦੇਰ ਸ਼ਾਮ ਕੀਤੀਆਂ ਚੋਣ ਰੈਲੀਆਂ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਉਹ ਜੋ ਵੀ ਹੈ, ਸਭ ਬਰਨਾਲਾ ਵਾਸੀਆਂ ਵੱਲੋਂ ਮਿਲੇ ਸਾਥ ਅਤੇ ਸਹਿਯੋਗ ਸਦਕਾ ਹੈ।
ਮੀਤ ਹੇਅਰ ਨੇ ਕਿਹਾ ਕਿ ਉਹ ਆਪਣੀ ਸਾਰੀ ਉਮਰ ਉਨ੍ਹਾਂ ਦਾ ਰਿਣੀ ਰਹੇਗਾ। ਮੀਤ ਹੇਅਰ ਨੇ ਕਿਹਾ ਕਿ ਹੁਣ ਪਾਰਲੀਮੈਂਟ ਚੋਣਾਂ ਵਿੱਚ ਵੀ ਬਰਨਾਲਾ ਦੇ ਨਾਲ ਪੂਰੇ ਸੰਗਰੂਰ ਹਲਕੇ ਵੱਲੋਂ ਮਿਲ ਰਹੇ ਸਾਥ ਦਾ ਬਹੁਤ ਧੰਨਵਾਦੀ ਹਾਂ।
ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਹਲਕੇ ਤੋਂ ਇਸ ਵਾਰ ਸਾਰੀਆਂ ਪਾਰਟੀਆਂ ਨੇ ਬਾਹਰੋਂ ਉਮੀਦਵਾਰ ਲਿਆ ਕੇ ਖੜ੍ਹੇ ਕੀਤੇ ਹਨ। ਹੁਣ ਸੰਗਰੂਰ ਵਾਸੀ ਫੈਸਲਾ ਕਰਨਗੇ ਕਿ ਉਹ ਆਪਣੇ ਹਲਕੇ ਦੀ ਸੇਵਾ ਆਪਣੇ ਹੀ ਪੁੱਤਰ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਆਪਣੇ ਲੋਕਾਂ ਵੱਲੋਂ ਪ੍ਰਗਟਾਏ ਵਿਸ਼ਵਾਸ ਉਪਰ ਖਰਾ ਉਤਰਨ ਲਈ ਪੂਰੀ ਵਾਹ ਲਾ ਦੇਵਾਂਗਾ।
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਆਪ ਸਰਕਾਰ ਬਣੀ ਅਤੇ ਪਿਛਲੇ ਦੋ ਸਾਲਾਂ ਵਿੱਚ ਲੋਕਾਂ ਨਾਲ ਕੀਤੇ ਸਭ ਗਾਰੰਟੀਆਂ ਪੂਰੀ ਕੀਤੀਆਂ। ਹਾਲਾਂਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਦੇ ਫੰਡ ਰੋਕ ਲਏ। ਉਨ੍ਹਾਂ ਕਿਹਾ ਕਿ ਇਸ ਵਾਰ ਦੇਸ਼ ਵਿੱਚ ਭਾਜਪਾ ਵਿਰੋਧੀ ਲਹਿਰ ਚੱਲ ਰਹੀ ਹੈ ਅਤੇ ਨਵੀਂ ਬਣਨ ਵਾਲੀ ਸਰਕਾਰ ਵਿੱਚ ਆਪ ਦਾ ਵੱਡਾ ਰੋਲ ਹੋਵੇਗਾ। ਉਨ੍ਹਾਂ ਕਿਹਾ ਉਹ ਸੰਗਰੂਰ ਹਲਕੇ ਅਤੇ ਬਰਨਾਲਾ ਲਈ ਵੱਡੇ ਪ੍ਰਾਜੈਕਟ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਸਾਡੇ ਹਲਕੇ ਨਾਲ ਹਮੇਸ਼ਾ ਹੀ ਵਿਤਕਰਾ ਹੁੰਦਾ ਆਇਆ ਹੈ ਅਤੇ ਇਸ ਵਾਰ ਇਹ ਵਿਤਕਰੇਬਾਜ਼ੀ ਬੰਦ ਕਰਵਾਈ ਜਾਵੇਗੀ।