ਅੱਜ ਸਾਰੀ ਛੁੱਟੀ ਹੋਣ ਤੋਂ ਬਾਅਦ ਮੈਂ ਵਾਪਿਸ ਘਰ ਆਉਣ ਲੱਗਾ ਤਾਂ ਸੋਚਿਆ ਕਿ ਅੱਜ ਮੇਨ ਰੋਡ ਵਾਲੇ ਪਾਸਿਓਂ ਚਲਦੇ ਹਾਂ। ਵੈਸੇ ਮੈਂ ਪਹਿਲਾਂ ਹਮੇਸ਼ਾ ਪਿੰਡਾਂ ਵਿੱਚੋਂ ਹੋ ਕੇ ਜਾਂਦਾ ਹਾਂ। ਮੇਨ ਰੋਡ ਨਾਲ ਜੋੜਦੀ ਲਿੰਕ ਰੋਡ ਉਪਰ ਜਾਂਦਿਆਂ ਰਸਤੇ ਵਿੱਚ ਇੱਕ ਬਜੁਰਗ ਔਰਤ ਨੇ ਆਪਣੀ ਝੋਨੇ ਨਾਲ ਭਰੀ ਇੱਕ ਪੱਲੀ ਵੱਲ ਇਸ਼ਾਰਾ ਕਰਦੇ ਹੋਏ ਮੈਂ ਨੂੰ ਰੋਕਿਆ। ਉਸਨੇ ਕਿਹਾ, “ ਵੇ ਪੁੱਤ, ਆਹ ਭਰੀ ਚਕਾ ਦੇ,… ਮੈਂ ਕਦੋਂ ਦੀ ਡੀਕ ਰਹੀਂ ਆਂ.. ਕੋਈ ਨਹੀਂ ਰੁਕਿਆ .. ਦੋ ਮੈਡਮਾਂ ਵੀ ਲੰਘੀਆਂ ਸੀ.. ਨਿਪਤਿਆਂ ਦੀਆਂ ਨੇ ਮੈਨੂੰ ਦੇਖਕੇ ਪਰ੍ਹਾਂ ਮੂੰਹ- ਕਰ ਲਿਆ।“ ਮੈਂ ਥੋੜਾ ਜਿਆ ਹੱਸਿਆ ਤੇ ਪੱਲੀ ਦੇ ਦੋ ਲੜ ਫੜ ਲਏ। ਬੇਬੇ ਨੇ ਰੋਟੀਆਂ ਵਾਲਾ ਪੌਣਾ ਤੇ ਇੱਕ ਝਾੜੂ ਵੀ ਪੱਲੀ ਚ ਰੱਖ ਦਿੱਤਾ। ਫਿਰ ਅਸੀਂ ਦੋਵਾਂ ਨੇ ਗੱਠ ਘੁੱਟ ਕੇ ਬੰਨ੍ਹ ਦਿੱਤੀ ਤੇ ਮੈਂ ਉਸਦੀ ਭਰੀ ਉਸਦੇ ਸਿਰ ਤੇ ਰਖਾ ਦਿੱਤੀ।ਐਨੇ ਵਿੱਚ ਹੀ ਬੇਬੇ ਨੇ ਗੀਜੇ ‘ਚ ਹੱਥ ਪਾਉਂਦੇ ਹੋਏ ਮੈਂਨੂੰ ਕਿਹਾ ਕਿ “ ਪੁੱਤ ਤੈਨੂੰ ਤਾਂ ਭਰੀ ਬਣਵਾਉਣੀ ਆਉਦੀ ਏ, ਰੁਕ ਮੈਂ ਤੈਨੂੰ ਕੁੱਝ ਦੇਣਾ ਏ “ ਉਸਦਾ ਇੱਕ ਹੱਥ ਭਰੀ ਤੇ ਸੀ ਤੇ ਇੱਕ ਗੀਜੇ ਵਿੱਚ। ਉਹ ਗੀਜੇ ਚ ਹੱਥ ਮਾਰ ਹੀ ਰਹੀ ਸੀ ਕਿ 100 ਦਾ ਨੋਟ ਥੱਲੇ ਡਿੱਗ ਗਿਆ। ਮੈਂ ਚੁੱਕਿਆ ਤੇ ਉਸਨੂੰ ਫੜਾ ਦਿੱਤਾ। ਉਸਨੂੰ ਇਸ ਨੋਟ ਡਿੱਗਣ ਬਾਰੇ ਨਹੀਂ ਸੀ ਪਤਾ ਲੱਗਿਆ। ਫਿਰ ਇੱਕਦਮ ਹੀ ਉਸਨੇ 5 ਰੁਪਏ ਦਾ ਨੋਟ ਮੇਰੀ ਜੇਬ ਚ ਪਾਉਂਦੇ ਕਿਹਾ “ਰੱਬ ਤੈਨੂੰ ਰਾਜੀ ਖੁਸ਼ੀ ਰੱਖੇ ਤੇ ਨੌਕਰੀ ਤੇ ਲਾਵੇ, ਪੁੱਤ। ਮੈਂ ਕਿਹਾ ਕਿ ਮੈਨੂੰ ਨਹੀਂ ਚਾਹੀਦੇ ਪਰ ਉਸਨੇ ਮੋੜਕੇ ਫਿਰ ਤੋਂ ਕਿਹਾ “ ਨਾ ਨਾ.. ਤੂੰ ਤਾਂ ਮੇਰੀਆਂ ਪੋਤੀਆਂ ਵਰਗਾ.. ਮੈਂ ਤਾਂ ਦਉਂ। ਮੈਂ ਉਸ ਦੇ ਵਾਰ ਵਾਰ ਕਹਿਣ ਤੇ 5 ਰੁਪਏ ਫੜ ਲਏ। ਉਹ ਤੁਰ ਪਈ ਤੇ ਮੈਂ ਕੁੱਝ ਨਹੀਂ ਬੋਲਿਆ ਕਿਉਂਕਿ ਉਸਨੂੰ ਇਹ ਦੱਸ ਕੇ ਕਿ ਮੈਂ ਪਹਿਲਾਂ ਹੀ ਨੌਕਰੀ ਤੇ ਲੱਗਿਆ ਹੋਇਆ ਹਾਂ, ਮੈਂ ਉਸਦੀ ਗੱਲ ਨਹੀਂ ਸੀ ਕੱਟਣੀ ਚਾਹੁੰਦਾ। ਉਸ ਬੇਬੇ ਨੂੰ ਭਰੀ ਚੁਕਾਉਣ ਬਦਲੇ, ਪੰਜ ਰੁਪਏ ਦੇ ਰੂਪ ਵਿੱਚ ਮਿਲੀਆਂ ਅਸੀਸਾਂ ਅਣਮੁੱਲੀਆਂ ਨੇ ਮੇਰੇ ਲਈ।
ਵੱਲੋਂ:-
ਗੁਰਪ੍ਰੀਤ ਸਿੰਘ
ਅੰਗਰੇਜ਼ੀ ਮਾਸਟਰ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ,
ਦਾਤੇਵਾਸ (ਮਾਨਸਾ)