18 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਮੁੱਖੀ ਅਸ਼ਵਨੀ ਕਪੂਰ ‘ਤੇ ਡੀ.ਐਸ.ਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਥਾਣਾ ਮੁੱਖੀ ਖੇਮਕਰਨ ਸ਼ਮਸ਼ੇਰ ਸਿੰਘ ਨੇ ਇਲਾਕੇ ਦੇ ਸਮੁੱਚੇ ਅਸਲਾ ਧਾਰਕਾਂ ਨੂੰ ਆਪਣਾ ਲਾਇਸੰਸੀ ਅਸਲਾ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਮੌਕੇ ਥਾਣਾ ਖੇਮਕਰਨ ਦੇ ਐੱਸ.ਐੱਚ.ਓ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮਾਨਯੋਗ ਮੁੱਖ ਚੋਣ ਕਮਿਸ਼ਨ ਵੱਲੋਂ ਸੂਬੇ ਅੰਦਰ ਚੋਣ ਜਾਬਤਾ ਲਾਗੂ ਕਰ ਦਿੱਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਅਸਲਾ ਧਾਰਕ ਆਪਣਾ ਅਸਲਾ ਤੁਰੰਤ ਨਜ਼ਦੀਕੀ ਥਾਣੇ ਜਾਂ ਗੰਨ ਹਾਊਸ ਵਿੱਚ ਜਮ੍ਹਾਂ ਕਰਵਾਉਣ। ਉਹਨਾਂ ਕਿਹਾ ਕਿ ਜਿਹੜੇ ਅਸਲਾ ਧਾਰਕ ਆਪਣਾ ਅਸਲਾ ਗੰਨ ਹਾਊਸ ਵਿਖੇ ਜਮ੍ਹਾਂ ਕਰਵਾਉਣਗੇ, ਉਸ ਦੀ ਰਸੀਦ ਥਾਣੇ ਵਿਖੇ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਚੋਣ ਜਾਬਤੇ ਦੌਰਾਨ ਕਿਸੇ ਵੀ ਵਿਅਕਤੀ ਨੂੰ ਆਪਣੇ ਕੋਲ ਅਸਲਾ ਰੱਖਣ ਦੀ ਪੂਰੀ ਤਰ੍ਹਾਂ ਮਨਾਹੀ ਹੋਵੇਗੀ। ਇਸ ਮੌਕੇ ਉਹਨਾਂ ਅਸਲਾ ਧਾਰਕਾਂ ਨੂੰ ਇਹ ਤਾੜਨਾ ਵੀ ਕੀਤੀ ਕਿ ਅਸਲਾ ਜਮਾ ਨਾ ਕਰਵਾਉਣ ਦੀ ਸੂਰਤ ‘ਤੇ ਅਸਲਾ ਧਾਰਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸਦੇ ਅਸਲੇ ਦਾ ਲਾਇਸੰਸ ਕੈਂਸਲ ਕਰਨ ਦੀ ਸਿਫਾਰਿਸ਼ ਵੀ ਕੀਤੀ ਜਾਵੇਗੀ।