–240 ਸੀਟਾਂ ਵਾਲੇ ਨਰਸਿੰਗ ਕਾਲਜ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ
–ਖੇਡ ਮੰਤਰੀ ਮੀਤ ਹੇਅਰ ਨੇ 25 ਲੱਖ ਰੁਪਏ ਦੇ ਫੰਡ ਪਿੰਡ ‘ਚ ਖੇਡਾਂ ਦੇ ਵਿਕਾਸ ਲਈ ਦਿੱਤੇ
ਬਰਨਾਲਾ, 19 ਜਨਵਰੀ (ਗਗਨਦੀਪ ਸਿੰਘ) ਠੀਕਰੀਵਾਲਾ: ਅੱਜ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜੀ ਦੀ 90 ਵੀਂ ਬਰਸੀ ਮੌਕੇ ਪਿੰਡ ਠੀਕਰੀਵਾਲਾ ਜ਼ਿਲ੍ਹਾ ਬਰਨਾਲਾ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ‘ਚ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰ ਲੋਕਾਂ ਨੇ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਬੋਲਦਿਆਂ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਰਜਾਪਤ ਮੰਡਲ ਮੁਹਿੰਮ ਦੇ ਮੋਢੀ ਸੇਵਾ ਸਿੰਘ ਠੀਕਰੀਵਾਲਾ ਜੀ ਦੀ ਲਾਸਾਨੀ ਕੁਰਬਾਨੀ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਹਮੇਸ਼ਾ ਹੀ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਮਾਣ ਸਨਮਾਨ ਨੂੰ ਮੁੱਖ ਰੱਖਿਆ ਹੈ ਅਤੇ ਇਸ ਦੇ ਮੱਦੇਨਜ਼ਰ ਪਿੰਡ ਠੀਕਰੀਵਾਲਾ ਵਿਖੇ 240 ਸੀਟਾਂ ਦਾ ਨਰਸਿੰਗ ਕਾਲਜ ਬਣਾਉਣ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਾਲਜ ਦੇ ਬਣਨ ਨਾਲ ਲੜਕੀਆਂ ਦੇ ਸਿੱਖਿਆ ਦੇ ਖੇਤਰ ਨੂੰ ਹੁਲਾਰਾ ਮਿਲੇਗਾ ਅਤੇ ਨਾਲ ਹੀ ਪਿੰਡ ਵਾਲਿਆਂ ਲਈ ਬੜੇ ਮਾਣ ਦੀ ਗੱਲ ਹੋਵੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 241 ਲੱਖ ਰੁਪਏ ਤੋਂ ਵੱਧ ਪਿੰਡ ਠੀਕਰੀਵਾਲਾ ਦੇ ਵਿਕਾਸ ਲਈ ਦਿੱਤੇ ਗਏ ਹਨ ਜਿਨ੍ਹਾਂ ‘ਚ ਠੀਕਰੀਵਾਲਾ ਤੋਂ ਭੱਦਲਵੱਡ ਦੀ ਲਿੰਕ ਸੜਕ ਉੱਤੇ ਆਰਮੀ ਪੁੱਲ ਦੀ ਥਾਂ ਨਵਾਂ ਪੁਲ ਬਣਾਉਣ ਦਾ ਕੰਮ, ਪਿੰਡ ਠੀਕਰੀਵਾਲਾ ਦੀ ਫਿਰਨੀ ਦੀ ਸੜਕ, ਨਹਿਰੀ ਖਾਲ ਦਾ ਕੰਮ, ਪਿੰਡ ਦੇ ਜਿਮ ਲਈ ਫੰਡ, ਸਰਕਾਰੀ ਸਕੂਲ ਦੀ ਚਾਰਦਿਵਾਰੀ ਦਾ ਕੰਮ ਅਤੇ ਹੋਰ ਕੰਮ ਸ਼ਾਮਿਲ ਹਮੀ
ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ‘ਚ ਰੱਖੀਆਂ ਮੰਗਾਂ ਨੂੰ ਵੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਨ ਬਿੰਨ ਮੰਨਿਆ ਜਾਵੇਗਾ ਅਤੇ ਇਸ ਸਬੰਧੀ ਕੰਮ ਕੀਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਠੀਕਰੀਵਾਲਾ ‘ਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਵਿਕਸਿਤ ਕਰਨ ਲਈ 25 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਖੇਡਾਂ ‘ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਹੁਲਾਰਾ ਮਿਲੇਗਾ ਅਤੇ ਨਵੇਂ ਖਿਡਾਰੀ ਵੀ ਜੁੜਨਗੇ।
ਵਧੇਰੀ ਜਾਣਕਾਰੀ ਦਿੰਦਿਆਂ ਚੇਅਰਮੈਨ ਵਿਸ਼ੇਸ਼ ਕਮੇਟੀ ਵਿਧਾਨ ਸਭਾ ਅਤੇ ਵਿਧਾਇਕ ਮਹਿਲ ਕਲਾਂ ਸ. ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਰੰਤਰ ਹੀ ਪਿੰਡ ਦੇ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਚ ਵੀ ਵਿਕਾਸ ਕੰਮ ਜਾਰੀ ਰਹਿਣਗੇ।
ਇਸ ਮੌਕੇ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਸੁਸਾਇਟੀ ਵੱਲੋਂ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਮੰਤਰੀ ਸ. ਮੀਤ ਹੇਅਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਠੀਕਰੀਵਾਲਾ ਜੀ ਦੇ ਦੋਹਤੇ ਕੈਪਟਨ ਅਮਰਜੀਤ ਸਿੰਘ ਅਤੇ ਵਿੰਗ ਕਮਾਂਡਰ ਕਰਨਵੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ. ਸਤਵੰਤ ਸਿੰਘ, ਸਹਾਇਕ ਕਮਿਸ਼ਨਰ ਸ. ਸੁਖਪਾਲ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਗੁਰਦੀਪ ਸਿੰਘ ਬਾਠ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਮਾਰਕਿਟ ਕਮੇਟੀ ਚੇਅਰਮੈਨ ਤਪਾ ਤਰਸੇਮ ਸਿੰਘ, ਪ੍ਰਧਾਨ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਸੁਸਾਇਟੀ ਸ. ਜਗਸੀਰ ਸਿੰਘ ਔਲਖ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਸਰਪੰਚ ਸ. ਕਿਰਨਜੀਤ ਸਿੰਘ ਹੈਪੀ ਅਤੇ ਹੋਰ ਲੋਕ ਹਾਜ਼ਰ ਸਨ।