*ਜ਼ਿਲ੍ਹੇ ਦੇ 59 ਹਜ਼ਾਰ ਤੋਂ ਵੱਧ ਸਕੂਲੀ ਵਿਦਿਆਰਥੀ ਲੈ ਰਹੇ ਹਨ
ਮਿਡ-ਡੇ-ਮੀਲ ਦਾ ਲਾਹਾ
*ਜ਼ਿਲ੍ਹੇ ਅੰਦਰ ਸਫ਼ਲਤਾਪੂਰਵਕ ਅਤੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ
ਮਿਡ-ਡੇ-ਮੀਲ ਸਕੀਮ-ਡਿਪਟੀ ਕਮਿਸ਼ਨਰ
03 ਜਨਵਰੀ (ਕਰਨ ਭੀਖੀ) ਮਾਨਸਾ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਨਿਰਵਿਘਨ ਮਿਡ-ਡੇ-ਮੀਲ ਮੁਹੱਈਆ ਕਰਵਾਇਆ ਜਾ ਰਿਹਾ ਹੈ, ਤਾਂ ਜੋ ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਸਕੂਲ ਵਿੱਚ ਹੀ ਆਪਣਾ ਦੁਪਹਿਰ ਦਾ ਖਾਣਾ ਖਾ ਸਕਣ। ਅਪ੍ਰੈਲ 2023 ਤੋਂ ਨਵੰਬਰ 2023 ਤੱਕ ਪੰਜਾਬ ਸਰਕਾਰ ਵੱਲੋਂ ਮਾਨਸਾ ਜ਼ਿਲ੍ਹੇ ਦੇ 495 ਸਕੂਲਾਂ ਨੂੰ 4,24,84,306/- ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 495 ਸਕੂਲਾਂ, ਜਿਨ੍ਹਾਂ ਵਿੱਚ 294 ਪ੍ਰਾਇਮਰੀ ਅਤੇ 201 ਅੱਪਰ ਪ੍ਰਾਇਮਰੀ ਸਕੂਲ ਸ਼ਾਮਿਲ ਹਨ, ਵਿਚ ਮਿਡ-ਡੇ-ਮੀਲ ਨੂੰ ਨਿਰਵਿਘਨ ਜਾਰੀ ਰੱਖਣ ਲਈ ਫੰਡਾਂ ਅਤੇ ਅਨਾਜ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਮਿਡ-ਡੇ-ਮੀਲ ਸਕੀਮ ਬਹੁਤ ਸਫਲਤਾ ਪੂਰਵਕ ਚੱਲ ਰਹੀ ਹੈ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਸਕੂਲਾਂ ਦੇ 59 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਇਸ ਮਿਡ-ਡੇ-ਮੀਲ ਸਕੀਮ ਦਾ ਲਾਹਾ ਲੈ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਡ-ਡੇ-ਮੀਲ ਸਕੀਮ ਅਧੀਨ ਅਨਾਜ ਸਾਫ-ਸੁਥਰਾ, ਤੋਲ ਪੂਰਾ, ਮਿੱਥੇ ਸਮੇਂ ਅੰਦਰ ਸਕੂਲਾਂ ਵਿੱਚ ਪਹੁੰਚਾਉਣ ਅਤੇ ਸਪਲਾਈ ਕੀਤੇ ਜਾਣ ਵਾਲੇ ਅਨਾਜ ਦੀਆਂ ਬੋਰੀਆਂ ’ਤੇ ਮਿਡ-ਡੇ-ਮੀਲ ਦੀ ਮੋਹਰ ਲਗਾਉਣੀ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਠੇਕੇਦਾਰਾਂ ਨੂੰ ਅਨਾਜ ਦੇਣ ਸਮੇਂ ਡਿਜੀਟਲ ਕੰਢਾ (ਭਾਰ ਤੋਲਕ) ਲੈਕੇ ਜਾਣ ਅਤੇ ਸਕੂਲਾਂ ਨੂੰ ਅਨਾਜ ਲੈਣ ਸਮੇਂ ਗੁਣਵੱਤਾ ਅਤੇ ਤੋਲ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਰੂਬੀ ਬਾਂਸਲ ਨੇ ਦੱਸਿਆ ਕਿ ਖਾਣਾ ਬਣਾਉਣ ਲਈ ਕੁੱਲ 1335 ਕੁੱਕ ਰੱਖੇ ਗਏ ਹਨ, ਜਿਨ੍ਹਾਂ ਵਿੱਚੋਂ 789 ਕੁੱਕ ਪ੍ਰਾਇਮਰੀ ਸਕੂਲਾਂ ਲਈ ਅਤੇ 546 ਕੁੱਕ ਅੱਪਰ ਪ੍ਰਾਇਮਰੀ ਸਕੂਲਾਂ ਲਈ ਰੱਖੇ ਗਏ ਹਨ।
ਉਨ੍ਹਾਂ ਦੱਸਿਆ ਕਿ ਅਪ੍ਰੈਲ 2023 ਤੋਂ ਨਵੰਬਰ 2023 ਤੱਕ ਪ੍ਰਾਇਮਰੀ ਸਕੂਲਾਂ ਨੂੰ 311.05 ਮੀਟਰਕ ਟਨ ਕਣਕ ਅਤੇ 345.8 ਮੀਟਰਕ ਟਨ ਚਾਵਲ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸੇ ਤਰ੍ਹਾਂ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ 297.3 ਮੀਟਰਕ ਟਨ ਕਣਕ ਅਤੇ 311.96 ਮੀਟਰਕ ਟਨ ਚਾਵਲ ਮੁਹੱਈਆ ਕਰਵਾਏ ਜਾ ਚੁੱਕੇ ਹਨ।
ਅਪ੍ਰੈਲ 2023 ਤੋਂ ਹੁਣ ਤੱਕ ਜ਼ਿਲ੍ਹੇ ਦੇ 495 ਸਕੂਲਾਂ ’ਚ ਮਿਡ-ਡੇਅ-ਮੀਲ ਲਈ ਕੀਤੇ 4,24,84,306/- ਰੁਪਏ ਜਾਰੀ
Leave a comment