ਕੇਂਦਰ ਸਰਕਾਰ ਬਹੁਚਰਚਿਤ ਅਗਨੀਪਥ ਯੋਜਨਾ ‘ਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਵਿੱਚ ਅਗਨੀਵੀਰਾਂ ਦੀ ਪੱਕੀ ਭਰਤੀ ਵਿੱਚ ਵਾਧਾ ਕਰਨ ਦੀ ਚਿਰੋਕਣੀ ਮੰਗ ਵੀ ਮੰਨੀ ਜਾ ਸਕਦੀ ਹੈ। ਰੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ ਕੇਂਦਰ ਨੇ ‘ਅਗਨੀਪਥ ਭਰਤੀ ਯੋਜਨਾ’ ‘ਚ ਬਦਲਾਅ ਕਰਨ ਦੀ ਯੋਜਨਾ ਬਣਾਈ ਹੈ। ਇਸ ਬਦਲਾਅ ਨਾਲ ਆਰਮੀ ‘ਚ ਸਥਾਈ ਤੌਰ ‘ਤੇ ਰੱਖੇ ਜਾਣ ਵਾਲੇ ਅਗਨੀਵੀਰਾਂ ਦੀ ਹਿੱਸੇਦਾਰੀ ਵਧ ਸਕਦੀ ਹੈ।
ਇਸ ਦੇ ਨਾਲ ਹੀ ਤਨਖਾਹ ਅਤੇ ਯੋਗਤਾ ਦੀਆਂ ਸ਼ਰਤਾਂ ਵਿੱਚ ਵੀ ਬਦਲਾਅ ਕੀਤਾ ਜਾ ਸਕਦਾ ਹੈ। ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਅਗਨੀਪਥ ਯੋਜਨਾ ਦੇ ਪੂਰੇ ਢਾਂਚੇ ਅਤੇ ਲਾਭਾਂ ਨੂੰ ਬਿਹਤਰ ਬਣਾਉਣਾ ਹੈ।
ਜਿਸ ਦੀ ਵਿਰੋਧੀ ਪਾਰਟੀ ਆਲੋਚਨਾ ਕਰ ਰਹੀ ਹੈ। ਫ਼ੌਜ ਵਿੱਚ ਭਰਤੀ ਹੋਣ ਦੇ ਇੱਛੁਕ ਲੋਕਾਂ ਦਾ ਇੱਕ ਵੱਡਾ ਵਰਗ ਵੀ ਇਸ ਯੋਜਨਾ ਦੇ ਖ਼ਿਲਾਫ਼ ਹੈ।
‘ਇੰਡੀਆ ਟੂਡੇ’ ਦੀ ਇਕ ਰਿਪੋਰਟ ਮੁਤਾਬਕ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅਗਨੀਵੀਰ ਦੀ ਫੌਜ ‘ਚ ਪੱਕੇ ਤੌਰ ‘ਤੇ ਸ਼ਾਮਲ ਹੋਣ ਦੀ ਪ੍ਰਤੀਸ਼ਤਤਾ ਵਧਾਉਣ ‘ਤੇ ਚਰਚਾ ਚੱਲ ਰਹੀ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਅਰੰਭਕ ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਵੀ ਫੌਜ ਦੀ ਫੁੱਲ ਟਾਈਮ ਸੇਵਾ ਵਿੱਚ ਰਹਿ ਸਕਦੇ ਹਨ। ਵਰਤਮਾਨ ਵਿੱਚ, ਸਿਰਫ 25 ਪ੍ਰਤੀਸ਼ਤ ਅਗਨੀਵੀਰ ਆਪਣੀ ਸ਼ੁਰੂਆਤੀ ਸੇਵਾ ਦੀ ਮਿਆਦ ਤੋਂ ਬਾਅਦ ਫੌਜ ਵਿੱਚ ਬਰਕਰਾਰ ਹਨ। ਫੌਜੀ ਮਾਹਿਰ ਇਸ ਗਿਣਤੀ ਨੂੰ ਨਾਕਾਫੀ ਮੰਨਦੇ ਹਨ।
ਫੌਜ ‘ਚ ਵਧੇਗੀ ਅਗਨੀਵੀਰਾਂ ਦੀ ਗਿਣਤੀ…
ਰੱਖਿਆ ਵਿਭਾਗ ਦੇ ਇੱਕ ਚੋਟੀ ਦੇ ਸੂਤਰ ਨੇ ਕਿਹਾ ਕਿ ਜ਼ਮੀਨ ‘ਤੇ ਲੋੜੀਂਦੀ ਲੜਾਕੂ ਤਾਕਤ ਬਰਕਰਾਰ ਰੱਖਣ ਲਈ ਸਥਾਈ ਤੌਰ ‘ਤੇ ਅਗਨੀਵੀਰ ਤਾਕਤ ਦਾ ਇੱਕ ਚੌਥਾਈ ਹਿੱਸਾ ਤਾਇਨਾਤ ਕਰਨਾ ਬਹੁਤ ਘੱਟ ਹੈ।
ਸੂਤਰ ਨੇ ਅੱਗੇ ਕਿਹਾ ਕਿ ਫੌਜ ਨੇ ਸਿਫਾਰਸ਼ ਕੀਤੀ ਹੈ ਕਿ ਚਾਰ ਸਾਲਾਂ ਦੇ ਅੰਤ ‘ਤੇ ਤੈਨਾਤ ਕੀਤੇ ਗਏ ਅਗਨੀਵੀਰਾਂ ਦੀ ਗਿਣਤੀ ਲਗਭਗ 50 ਪ੍ਰਤੀਸ਼ਤ ਹੋਣੀ ਚਾਹੀਦੀ ਹੈ। ਫੌਜ ਨੇ ਅੰਦਰੂਨੀ ਫੀਡਬੈਕ ਅਤੇ ਵੱਖ-ਵੱਖ ਯੂਨਿਟਾਂ ਦੇ ਅੰਦਰ ਕੀਤੇ ਗਏ ਸਰਵੇਖਣਾਂ ਤੋਂ ਬਾਅਦ ਸਰਕਾਰ ਨੂੰ ਇਨ੍ਹਾਂ ਸੰਭਾਵੀ ਤਬਦੀਲੀਆਂ ਬਾਰੇ ਪਹਿਲਾਂ ਹੀ ਸਿਫਾਰਸ਼ਾਂ ਸੌਂਪੀਆਂ ਹਨ। ਰੱਖਿਆ ਵਿਭਾਗ ‘ਚ ਉੱਚ ਅਹੁਦਿਆਂ ‘ਤੇ ਰਹੇ ਅਧਿਕਾਰੀਆਂ ਨੇ ਕਿਹਾ ਕਿ ਇਸ ਬਦਲਾਅ ‘ਚ ਸਮਾਂ ਲੱਗ ਸਕਦਾ ਹੈ ਪਰ ਅਗਨੀਪਥ ਯੋਜਨਾ ਨੂੰ ਅੱਗੇ ਲਿਜਾਣ ਲਈ ਜ਼ਰੂਰੀ ਸੋਧਾਂ ਕੀਤੀਆਂ ਜਾਣਗੀਆਂ।