ਇਮਾਨਦਾਰ ਸਿਆਸਤਦਾਨਾਂ ਨੂੰ ਅੱਗੇ ਲਿਆਉਣ ਦੀ ਲੋੜ
08 ਮਈ (ਰਾਜਦੀਪ ਜੋਸ਼ੀ) ਬਠਿੰਡਾ: ਲੋਕਾਂ ਨੂੰ ਅਕਾਲੀ ਦਲ ਅਤੇ ਭਾਜਪਾ ਦੇ ਲੁਕਵੇਂ ਗੱਠਜੋੜ ਤੋਂ ਸੁਚੇਤ ਹੋ ਜਾਣਾ ਚਾਹੀਦਾ ਹੈ। ਇਹ ਦੋਵੇਂ ਪਾਰਟੀਆਂ ਅੰਦਰੋਂ ਘਿਓ ਖਿਚੜੀ ਹਨ। ਇਹ ਵਿਚਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਅਮੀਤ ਖੁੱਡੀਆਂ ਫਤਿਹ ਆਪ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਜਤਿੰਦਰ ਭੱਲਾ ਨੇ ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ਅੰਦਰ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਦੋਵੇਂ ਅਕਾਲੀ ਅਤੇ ਭਾਜਪਾ ਪਾਰਟੀਆਂ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ, ਉੱਥੇ ਹੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕੋਲ ਬੈਠ ਕੇ ਇਹ ਤਿੰਨੇ ਖੇਤੀ ਕਾਨੂੰਨ ਬਣਵਾਏ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਅਕਾਲੀ ਦਲ ਅਤੇ ਉਸ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਤਿੰਨ ਖੇਤੀ ਕਾਨੂੰਨਾਂ ਦਾ ਸਵਾਗਤ ਕਰਦਿਆਂ ਭਾਰਤੀ ਜਨਤਾ ਪਾਰਟੀ ਦਾ ਡਟਵਾਂ ਸਾਥ ਦਿੱਤਾ ਸੀ। ਅਮੀਤ ਨੇ ਕਿਹਾ ਕਿ ਭਾਵੇਂ ਕਿਸਾਨਾਂ ਦੇ ਦਬਾਅ ਸਦਕਾ ਸ੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਐਲਾਨ ਤਾਂ ਕੀਤਾ ਪਰ ਅੰਦਰ ਖਾਤੇ ਕਿਤੇ ਨਾ ਕਿਤੇ ਅਜੇ ਵੀ ਦੋਵੇਂ ਪਾਰਟੀਆਂ ਤਿਉਂ ਖਿਚੜੀ ਹਨ। ਇਸ ਲਈ ਲੋਕਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਜੇਕਰ ਉਹ ਅਕਾਲੀ ਦਲ ਨੂੰ ਵੋਟ ਪਾਉਂਦੇ ਹਨ ਤਾਂ ਇਸ ਦਾ ਸਾਫ ਮਤਲਬ ਭਾਜਪਾ ਨੂੰ ਵੋਟ ਪਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਕੰਮ ਕਰ ਰਹੀ ਹੈ। ਪੰਜਾਬ ਸਰਕਾਰ ਨੇ ਹਰ ਘਰ ਲਈ 600 ਯੂਨਿਟ ਬਿਜਲੀ ਮੁਫਤ ਕੀਤੀ ਗਈ ਹੈ ਜਿਸ ਨਾਲ 90 ਫੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਬਿੱਲ ਲਾ ਰਹੇ। ਉਨ੍ਹਾਂ ਕਿਹਾ ਕਿ ਗਰੀਬ ਅਤੇ ਮੱਧ ਵਰਗੀ ਲੋਕਾਂ ਨੂੰ ਆਮ ਆਦਮੀ ਕਲੀਨਿਕ ਬੇਹੱਦ ਸਹਾਈ ਹੋ ਰਹੇ ਹਨ ਜਿੱਥੇ ਸਸਤਾ ਅਤੇ ਵਧੀਆ ਇਲਾਜ ਲੋਕਾਂ ਨੂੰ ਮਿਲ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਕਿਹਾ ਕਿ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਪਾਰਲੀਮੈਂਟ ਵਿਚ ਭੇਜਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਖੁੱਡੀਆਂ ਸ਼ਰੀਫ ਅਤੇ ਇਮਾਨਦਾਰ ਆਗੂਆਂ ਹਨ ਅਤੇ ਲੋਕਾਂ ਨੂੰ ਅਜਿਹੇ ਆਗੂਆਂ ਨੂੰ ਸਿਆਸਤ ਵਿਚ ਅੱਗੇ ਲੈ ਕੇ ਆਉਣਾ ਚਾਹੀਦਾ ਹੈ। ਇਸ ਮੌਕੇ ਬਲਾਕ ਪ੍ਰਧਾਨ ਹਰਦੇਵ ਸਿੰਘ ਫੁੱਲੋ ਮਿੱਠੀ, ਬਲਾਕ ਪ੍ਰਧਾਨ ਲਖਵੀਰ ਸਿੰਘ ਜੈ ਸਿੰਘ ਵਾਲਾ ਆਦਿ ਹਾਜ਼ਰ ਸਨ।