—–ਕਿਲ੍ਹੇ ਉਸਾਰੇ ਜਾਂਦੇ ਹਨ। ਵਾਰਾਂ ਲਿਖੀਆਂ ਅਤੇ ਗਾਈਆਂ ਜਾਂਦੀਆਂ ਹਨ। ਕਿਲ੍ਹੇ ਹਕੂਮਤੀ ਜ਼ੁਲਮਾਂ ਦੇ ਪ੍ਰਤੀਕ ਹੁੰਦੇ ਹਨ। ਵਾਰਾਂ ਹੱਕਾਂ ਲਈ ਜੂਝਦੀ ਸੂਰਮਗਤੀ ਦੀਆਂ ਚਿੰਨ੍ਹ ਹੁੰਦੀਆਂ ਹਨ। ਕਿਲ੍ਹੇ ਹੂਕਾਂ ਹੁੰਦੇ ਹਨ। ਵਾਰਾਂ ਹੇਕਾਂ ਹੁੰਦੀਆਂ ਹਨ। ਕਿਲ੍ਹਿਆਂ ਦੇ ਮੀਨਾਰਾਂ ਉੱਪਰ ਲਾਲਸਾ ਦੇ ਤਖ਼ਤ ਕਾਬਜ ਹੁੰਦੇ ਹਨ ਅਤੇ ਨੀਂਹਾਂ ਹੇਠ ਹਜ਼ਾਰਾਂ-ਲੱਖਾਂ ਜੀਊਣ ਜੋਗਿਆਂ ਦੀ ਰੱਤ ਪਸਰੀ ਹੁੰਦੀ ਹੈ। ਵਾਰ੍ਹਾਂ ਕਿਲ੍ਹਿਆਂ ਦੇ ਫਤਵਿਆਂ ਦੀ ਭਾਜੀ ਮੋੜਨ ਵਾਲੇ ਸੂਰਮਿਆਂ ਦੀ ਸਿਫ਼ਤ ਕਰਦੀਆਂ ਹਨ। ਕਿਲ੍ਹਿਆਂ ਦੀਆਂ ਫ਼ਸੀਲਾਂ ਉੱਤੇ ਝੋਲੀ ਚੁੱਕਾਂ ਅਤੇ ਮੌਕਾਪ੍ਰਸਤਾਂ ਦੇ ਵੱਗ ਫਿਰਦੇ ਹਨ। ਵਾਰਾਂ ਅੰਦਰ ਅਣਖਾਂ ਅਤੇ ਗ਼ੈਰਤਾਂ ਦੇ ਜਾਨ ਹੂਲਣ ਵਾਲੇ ਨਾਇਕ ਹੁੰਦੇ ਹਨ। ਕਿਲ੍ਹੇ ਝੁਕਾਉਣ ਨੂੰ ਜਿੱਤ ਸਮਝਦੇ ਹਨ। ਵਾਰਾਂ ਲੋਕਾਈ ਦੇ ਦਿਲ ਜਿੱਤਣ ਵਾਲਿਆਂ ਸੂਰਬੀਰਾਂ ਦੀਆਂ ਗਥਾਵਾਂ ਹੁੰਦੀਆਂ ਹਨ। ਕਿਲ੍ਹੇ ਦੀ ਮਹਿਮਾ ਕੇਵਲ ਟੁੱਕੜਬੋਚ ਕਰਦੇ ਹਨ। ਕਿਰਤੀਆਂ ਦੇ ਹੱਕਾਂ ਲਈ ਅੜਨ, ਲੜਨ,ਅਤੇ ਖੜਨ ਵਾਲਿਆਂ ਦੀਆਂ ਵਾਰਾਂ ਦੀ ਲੋਕ ਸਮੂਹ ਸ਼ਾਹਦੀ ਭਰਦਾ ਹੈ। ਕਿਲ੍ਹਿਆਂ ਦੀਆਂ ਕਲਮਾਂ, ਦਵਾਤਾਂ ਅਤੇ ਖਰੜੇ ਕੇਵਲ ਅੰਕੜਿਆਂ ਦੇ ਸਰੋਤ ਬਣਦੇ ਹਨ।ਵਾਰਾਂ ਦੇ ਛੰਦ ਯੁਗਾਂਤਰ ਬਣਦੇ ਹਨ। ਕਿਲ੍ਹੇ ਲੁੱਟ ਦਾ ਪ੍ਰਤੀਕ ਬਣਦੇ ਹਨ। ਵਾਰਾਂ ਧਾੜਵੀਆਂ ਦੇ ਵਹਿਣਾਂ ਨੂੰ ਬੰਨ੍ਹ ਮਾਰਨ ਵਾਲੀਆਂ ਦਲੇਰੀਆਂ ਦੀਆਂ ਮਿਸਾਲਾਂ ਹਨ। ਕਿਲ੍ਹਿਆਂ ਨੂੰ ਸ਼ਿਲਾਲੇਖ ਖੁਦਵਾਉਣੇ ਪੈਂਦੇ ਹਨ। ਵਾਰਾਂ ਪੀੜੀਆਂ ਦੀ ਵਿਰਾਸਤ ਰਚਦੀਆਂ ਹਨ। ਕਿਲ੍ਹਿਆਂ ਦੀ ਉਮਰ ਹਕੂਮਤਾਂ ਦੀਆਂ ਉਮਰਾਂ ਦੀ ਮੁਥਾਜ ਹੁੰਦੀ ਹੈ। ਵਾਰਾਂ ਸਮਿਆਂ ਦੇ ਉਰਵਾਰ-ਪਾਰ ਹੁੰਦੀਆਂ ਹਨ। ਕਿਲ੍ਹੇ ਬੇਸ਼ਰਮਾਂ ਦੀ ਮੰਡੀ ਹੁੰਦੇ ਹਨ। ਵਾਰਾਂ ਗ਼ੈਰਤਾਂ ਦੀ ਕਰਮਭੂਮੀ ਹੁੰਦੀਆਂ ਹਨ। ਕਿਲ੍ਹੇ ਹਾਕਮਾਂ ਅੰਦਰਲੇ ਸਹਿਮ ਦਾ ਸਾਕਾਰ ਹੁੰਦੇ ਹਨ। ਵਾਰਾਂ ਮਨਾਂ ਅੰਦਰਲੇ ਡਰ ਭਜਾਉਣ ਦੀਆਂ ਸਾਖਿਆਤਾਕਾਰ ਹੁੰਦੀਆਂ ਹਨ। ਕਿਲ੍ਹੇ ਉਹਨਾਂ ਦੀ ਲੋੜ ਹੈ ਜੋ ਵੇਲਾ ਆਉਣ ਉੱਪਰ ਲੁਕਣ ਅਤੇ ਭੱਜਣ ਦੀਆਂ ਵਿਉਂਤਾਂ ਰੱਖਦੇ ਹਨ। ਵਾਰਾਂ ਉਹਨਾਂ ਦੇ ਵਾਸਤੇ ਪਾਉਂਦੀਆਂ ਹਨ ਜੋ ਭੁੱਖੇ ਢਿੱਡ, ਖਾਲੀ ਹੱਥ ਅਤੇ ਫੱਟੜ ਕਾਇਆ ਲੈ ਕੇ ਵੀ ਜਾਬਰਾਂ ਨੂੰ ਸਾਹਿਮਣਿਓਂ ਟੱਕਰਦੇ ਹਨ। ਕਿਲ੍ਹੇ ਮਜ਼ਦੂਰਾਂ ਦੀ ਬੇਬਸੀ ਵਾਲ਼ੀਆਂ ਤਸਵੀਰਾਂ ਹਨ। ਵਾਰਾਂ ਮਜ਼ਦੂਰਾਂ ਦੀ ਜੁਰਅੱਤ ਦਾ ਚਲਚਿੱਤਰ ਹੁੰਦੀਆਂ ਹਨ। ਕਿਲ੍ਹੇ ਪਦਾਰਥਵਾਦੀ ਜੀਵਨ ਦੇ ਲਲਸਾਏ ਹੁੰਦੇ ਹਨ। ਵਾਰਾਂ ਠੋਸ ਤੋਂ ਗਹਿਨ ਹੁੰਦੀਆਂ ਮਨਮੁੱਖਾਂ-ਗੁਰਮੁੱਖਾਂ ਵਿਚਲੇ ਪਾੜਿਆਂ ਦੀਆਂ ਪੂਰਕ ਹੋਣ ਦੀ ਵੀ ਸਮਰੱਥਾ ਰੱਖਦੀਆਂ ਹਨ। ਕਿਲ੍ਹੇ ਸਮਕਾਲੀਆਂ ਦੀ ਸੋਭਾ ਗਾਉਂਦੇ ਹਨ। ਵਾਰਾਂ ਇਤਿਹਾਸ ਅਤੇ ਭਵਿੱਖ ਦੇ ਦਿਸਹੱਦਿਆਂ ਦੀ ਸਾਂਝੀ ਇਬਾਰਤ ਬਣਦੀਆਂ ਹਨ। ਕਿਲ੍ਹੇ ਦੂਸਰਿਆਂ ਨੂੰ ਦਬਾਉਣ ਨੂੰ ਆਪਣਾ ਵਡੱਪਣ ਮੰਨਦੇ ਹਨ। ਵਾਰਾਂ ਡਿੱਗਿਆਂ-ਢੱਠਿਆਂ, ਦੱਬਿਆਂ-ਕੁਚਲਿਆਂ ਨਾਲ ਮੋਢਾ ਮੇਚਣ ਵਿੱਚ ਆਪਣੀ ਸ਼ਾਨ ਸਮਝਦੀਆਂ ਹਨ। ਕਿਲ੍ਹਿਆਂ ਦੇ ਹੱਥਕੰਡਿਆਂ ਦੀ ਗਿਰਾਵਟ ਦਾ ਕੋਈ ਪੱਧਰ ਨਹੀਂ। ਵਾਰਾਂ ਅਣਖੀ ਸ਼ਮਲਿਆਂ ਦੇ ਝੂਲਣ ਦਾ ਮਾਪਦੰਡ ਹਨ। ਕਿਲ੍ਹਿਆਂ ਕੋਲ ਸੰਗੀਨਾਂ ਹੁੰਦੀਆਂ ਹਨ। ਵਾਰਾਂ ਕੋਲ ਸ਼ਬਦੀ ਚੋਭਾਂ ਹੁੰਦੀਆਂ ਹਨ ਜੋ ਸਦੀਵੀ ਮਾਰਾਂ ਕਰਦੀਆਂ ਹਨ। ਕਿਲ੍ਹੇ ਹੁਕਮ ਵਜਾਉਣ ਵਾਲਿਆਂ ਦੇ ਰੌਲੇ ਹਨ। ਵਾਰਾਂ ਨਾਬਰੀ ਦੀ ਆਵਾਜ਼ ਹਨ। ਕਿਲ੍ਹੇ ਰਿਆਇਆ ਵਿੱਚ ਪਾੜਾਂ ਪਾ,ਰਾਜ ਕਰਨ ਦੀ ਨੀਤੀ ਉੱਪਰ ਚਲਦੇ ਹਨ। ਵਾਰਾਂ ਸਾਂਝੀਵਾਲਤਾ ਸਿਰਜਦੀਆਂ ਹਨ। ਇਤਿਹਾਸ ਨੂੰ ਵਾਚਦਿਆਂ ਇਹ ਫੈਸਲੇ ਅਸੀਂ ਲੈਣੇ ਹਨ ਕਿ ਅਸੀਂ ਆਪਣੇ ਜਾਨਸ਼ੀਨਾਂ ਦੀ ਮਾਨਸਿਕਤਾ ਅੰਦਰ ਕਿਲ੍ਹੇ ਉਸਰਦੇ ਵੇਖਣੇ ਹਨ ਜਾਂ ਵਾਰਾਂ ਦੀ ਰਚਨਾ ਹੁੰਦੀ ਵੇਖਣੀ ਹੈ । ਜੋ ਅਸੀਂ ਉਹਨਾਂ ਨੂੰ ਬਣਾਉਣਾ ਚਾਹੁੰਦੇ ਹਾਂ ਉਸੇ ਤਰ੍ਹਾਂ ਦੀ ਜੀਵਨ ਸ਼ੈਲੀ ਸਾਨੂੰ ਉਹਨਾਂ ਲਈ ਵਿਰਾਸਤ ਵਿੱਚ ਛੱਡ ਕੇ ਜਾਣੀ ਹੋਵੇਗੀ।
………………………… ……
ਮਲਕੀਤ ਰਾਸੀ