28 ਫਰਵਰੀ (ਰਿੰਪਲ ਗੋਲਣ) ਭਿੱਖੀਵਿੰਡ: ਦੇਸ਼ ਵਿਰੋਧੀ ਤਾਕਤਾਂ ਅਤੇ ਸਮਾਜ ‘ਚ ਉਥਲ-ਪੁਥਲ ਮਚਾਉਣ ਵਾਲਿਆਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਬੀਐੱਸਐੱਫ਼ ਅਤੇ ਪੰਜਾਬ ਪੁਲਸ ਵੱਲੋਂ ਸਾਂਝੇ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ। ਇਸੇ ਲੜ੍ਹੀ ਤਹਿਤ ਜਦੋਂ ਅੱਜ ਬੀਐੱਸਐੱਫ ਤੇ ਖੇਮਕਰਨ ਪੁਲਸ ਵੱਲੋਂ ਸ਼ੱਕੀ ਡ੍ਰੋਨ ਦੀ ਗਤੀਵਿਧੀਆਂ ਸੰਬੰਧੀ ਸੂਚਨਾ ਮਿਲਣ ਮਗਰੋਂ ਸਮਾਂ 7:40 ਵਜੇ ਖੇਮਕਰਨ ਸਰਹੱਦ ਨੇੜੇ ਬੀਓਪੀ ਕੇਕੇ ਬੈਰੀਅਰ ‘ਤੇ ਪਿੰਡ ਕਲਸ ਨੇੜੇ ਸਰਚ ਅਭਿਆਨ ਚਲਾਇਆ ਗਿਆ ਤਾਂ ਉਨ੍ਹਾਂ ਨੂੰ ਉਥੋਂ ਚੀਨ ਦਾ ਬਣਿਆ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਖੇਮਕਰਨ ਪੁਲਸ ਨੇ ਗੁਪਤ ਸੋਰਸਿਜ਼ ਤੋਂ ਮਿਲੀ ਸੂਚਨਾ ਦੇ ਅਧਾਰ ‘ਤੇ ਜਦੋਂ ਸਰਹੱਦੀ ਪਿੰਡ ਕਲਸਾਂ ਵਿਖੇ ਬੀਐੱਸਐੱਫ਼ ਦੇ ਸਹਿਯੋਗ ਨਾਲ ਸਰਚ ਅਭਿਆਨ ਚਲਾਇਆ ਤਾਂ ਉਨ੍ਹਾਂ ਨੂੰ ਰਾਜੋਕੇ ਦੇ ਵਸਨੀਕ ਹਰਜਿੰਦਰ ਸਿੰਘ ਪੁੱਤਰ ਕਾਬਲ ਸਿੰਘ ਦੇ ਖੇਤਾਂ ‘ਚੋਂ ਚੀਨ ਦਾ ਬਣਿਆ ਡ੍ਰੋਨ ਬਰਾਮਦ ਹੋਇਆ, ਜਿਸ ਸੰਬੰਧੀ ਥਾਣਾ ਖੇਮਕਰਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀਐੱਸਪੀ ਭਿੱਖੀਵਿੰਡ ਨੇ ਦੱਸਿਆ ਕਿ ਡ੍ਰੋਨ ਨੂੰ ਕਬਜੇ ਵਿੱਚ ਲੈ ਕੇ ਕੀਤੀ ਗਈ ਇਨਵੈਸਟੀਗੇਸ਼ਨ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਾਬੰਦੀਸ਼ੁਦਾ ਸਮੱਗਰੀ ਬਰਾਮਦਗੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ੱਕੀ ਇਲਾਕੇ ਵਿੱਚ ਸਰਚ ਅਭਿਆਨ ਹਾਲੇ ਵੀ ਜਾਰੀ ਹੈ।