ਰਵਿਦਾਸ ਗੁਰੂ ਦੇ ਬਚਨ ਪੁਗਾਈਏ,
ਰਲ਼-ਮਿਲ਼ ਬੇਗਮਪੁਰਾ ਵਸਾਈਏ॥
ਜਾਤ-ਪਾਤ ਦਾ ਭਰਮ ਮਿਟਾਉ
ਛੂਤ-ਛਾਤ ਨੂੰ ਦਿਲੋਂ ਭੁਲਾਉ,
ਹਉਮੇ ਹੈਂਕੜ ਦੀ ਕੱਟ ਤਾਣੀ
ਸੁੱਚੀਆਂ ਸੋਚਾਂ ਦੇ ਤੰਦ ਪਾਉ,
ਈਰਖਾ, ਨਿੰਦਿਆ ਭੁੱਲ-ਭੁਲਾ ਕੇ
ਵੱਡਮੁਲੇ ਸਦਾ ਕਰਮ ਕਮਾਈਏ।
ਰਵਿਦਾਸ ਗੁਰੂ ਦੇ ਬਚਨ ਪੁਗਾਈਏ,
ਰਲ਼-ਮਿਲ਼ ਬੇਗਮਪੁਰਾ ਵਸਾਈਏ॥
ਗੰਗਾ ਸਭ ਦੀ ਸਾਂਝੀ ਹੋਵੇ,
ਜਾਤ-ਪਾਤ ਤੋਂ ਵਾਂਝੀ ਹੋਵੇ,
ਕਿਸੇ ਦੀ ਛੂਹ, ਨਾ ਕਿਸੇ ਨੂੰ ਭਿੱਟੇ
ਸਭ ਦਾ ਸਾਂਝਾ ਮਾਂਝੀ ਹੋਵੇ।
ਸਭ ਦੇ ਦੁੱਖ-ਸੁੱਖ ਸਾਂਝੇ ਕਰਕੇ
ਇੱਕ ਦੂਜੇ ਦਾ ਭਾਰ ਵੰਡਾਈਏ।
ਰਵਿਦਾਸ ਗੁਰੂ ਦੇ ਬਚਨ ਪੁਗਾਈਏ,
ਰਲ਼-ਮਿਲ਼ ਬੇਗਮਪੁਰਾ ਵਸਾਈਏ॥
ਇਨਸਾਨਾਂ ਨੂੰ ਇਨਸਾਨ ਹੀ ਸਮਝੋ,
ਉੱਤਮ ਅਤੇ ਮਹਾਨ ਵੀ ਸਮਝੋ,
ਰੰਗਾਂ, ਨਸਲਾਂ ਦੇ ਵਿੱਚ ਵੰਡਕੇ
ਘਟੀਆ ਤੇ ਨਾਦਾਨ ਨਾ ਸਮਝੋ।
ਕੋਹੜ ਇਹ ਜਾਤਾਂ-ਪਾਤਾਂ ਵਾਲਾ
ਜੜ੍ਹਾਂ ਤੋਂ ਪੁੱਟਕੇ ਪਰ੍ਹਾਂ ਵਗਾਈਏ।
ਰਵਿਦਾਸ ਗੁਰੂ ਦੇ ਬਚਨ ਪੁਗਾਈਏ,
ਰਲ਼-ਮਿਲ਼ ਬੇਗਮਪੁਰਾ ਵਸਾਈਏ॥
ਝੂਠ ਦੇ ਗੋਹੜੇ ਡੁੱਬੀ ਜਾਵਣ,
ਸੱਚ ਦੇ ਪੱਥਰ ਤਰਦੇ ਜਾਵਣ,
ਸਾਂਝੀਵਾਲਤਾ ਦੀ ਛਾਂ ਥੱਲੇ
ਸਭ ਜੀਅ ਆਪਣੀ ਹੋਂਦ ਨੂੰ ਮਾਨਣ।
ਗੁਰੂ ਦੇ ਨਕਸ਼ੇ ਕਦਮ ’ਤੇ ਚੱਲਕੇ
ਉੱਚੀ ਸੋਚ ਨੂੰ ਫੁੱਲ ਚੜ੍ਹਾਈਏ।
ਰਵਿਦਾਸ ਗੁਰੂ ਦੇ ਬਚਨ ਪੁਗਾਈਏ,
ਰਲ਼-ਮਿਲ਼ ਬੇਗਮਪੁਰਾ ਵਸਾਈਏ॥
ਰੱਬ ਨੇ ਸਭ ਇਨਸਾਨ ਬਣਾਏ,
ਵਜੂਦ ਵੀ ਇੱਕੋ ਜਿਹੇ ਬਣਾਏ,
ਸਮਾਜ ’ਚ ਵੰਡੀਆਂ ਪਾਉਣ ਵਾਲ਼ਿਆਂ
ਖੱਤਰੀ, ਬ੍ਰਾਹਮਣ, ਸ਼ੂਦ ਬਣਾਏ।
ਮਾਨਵਤਾ ਦਾ ਘਾਣ ਨਾ ਕਰੀਏ
ਹਰ ਇਨਸਾਨ ਨੂੰ ਗਲੇ ਲਗਾਈਏ।
ਰਵਿਦਾਸ ਗੁਰੂ ਦੇ ਬਚਨ ਪੁਗਾਈਏ,
ਰਲ਼-ਮਿਲ਼ ਬੇਗਮਪੁਰਾ ਵਸਾਈਏ॥
ਸਭ ਦੇ ਸਿਰ ’ਤੇ ਹੋਵੇ ਛੱਤ,
ਸਾਂਝੀ ਹੋਵੇ ਇੱਜ਼ਤ-ਪੱਤ,
ਭੁੱਖੇ ਢਿੱਡ ਨਾ ਸੌਂਵੇਂ ਕੋਈ
ਹਰ ਵਿਅਕਤੀ ਨੂੰ ਹੋਵੇ ਮੱਤ।
ਬਦਲ ਦਈਏ ਲੋਕਾਂ ਦੀਆਂ ਸੋਚਾਂ
ਨਵੀਂ ਕ੍ਰਾਂਤੀ ਲੈ ਕੇ ਆਈਏ।
ਰਵਿਦਾਸ ਗੁਰੂ ਦੇ ਬਚਨ ਪੁਗਾਈਏ,
ਰਲ਼-ਮਿਲ਼ ਬੇਗਮਪੁਰਾ ਵਸਾਈਏ॥
ਮੀਰਾਂ ਬਾਈ ਦਾ ਉੱਚ ਘਰਾਣਾ,
ਗੁਰੂ ਦੇ ਦਰ ’ਤੇ ਆਊਣਾ ਜਾਣਾ,
ਨਛੱਤਰ ਭੋਗਲ ਕਰੇ ਅਰਦਾਸਾ
ਖ਼ੁਸ਼ੀ ਵਸੇ ਪਿੰਡ ਭਾਖੜੀਆਣਾ ।
ਰਵਿਦਾਸ ਗੁਰੂ ਦਾ ਜਨਮ ਦਿਹਾੜਾ
ਸ਼ਰਧਾ ਦੇ ਆਉ ਫੁੱਲ ਚੜ੍ਹਾਈਏ।
ਰਵਿਦਾਸ ਗੁਰੂ ਦੇ ਬਚਨ ਪੁਗਾਈਏ,
ਰਲ਼-ਮਿਲ਼ ਬੇਗਮਪੁਰਾ ਵਸਾਈਏ॥
ਨਛੱਤਰ ਸਿੰਘ ਭੋਗਲ
“ਭਾਖੜੀਆਣਾ”