-ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
14 ਫਰਵਰੀ (ਗਗਨਦੀਪ ਸਿੰਘ) ਬਰਨਾਲਾ: ਪੰਜਾਬ ਸਰਕਾਰ ਦੀ ਹਦਾਇਤ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ ਅਧੀਨ ਐਡੀਸ਼ਨਲ ਡਿਪਟੀ ਕਮਿਸ਼ਨਰ ਸ੍ਰ ਮਨਜੀਤ ਸਿੰਘ ਵੱਲੋਂ ਵਿੱਦਿਅਕ ਸੈਸ਼ਨ 2024-25 ਲਈ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਸਕੂਲ ਜੁਮਲਾ ਮਾਲਕਾਨ ਤੋਂ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਇਸ ਪ੍ਰਚਾਰ ਵੈਨ ਰਾਹੀਂ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਢਾਂਚੇ ਵਿੱਚ ਚੌਖੇ ਸੁਧਾਰ ਹੋਏ ਹਨ। ਜਿਸ ਨਾਲ ਸੰਸਾਰ ਭਰ ਵਿੱਚ ਚੱਲ ਰਹੇ ਮੁਕਾਬਲੇ ਬਾਜੀ ਦੇ ਦੌਰ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਮੇਂ ਦੇ ਹਾਣੀ ਬਣਾਏ ਜਾ ਰਹੇ ਹਨ। ਜਿਸ ਸਦਕਾ ਹੁਣ ਕਾਨਵੈਂਟ ਅਤੇ ਮਾਡਲ ਸਕੂਲਾਂ ਦੇ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਨੂੰ ਪ੍ਰਮੁੱਖਤਾ ਦੇ ਰਹੇ ਹਨ।ਇਸ ਮੌਕੇ ਮੌਜੂਦ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰ ਬਰਜਿੰਦਰ ਪਾਲ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ)ਮੈਡਮ ਵਸੁੰਧਰਾ ਕਪਿਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਯੰਤਰ ਯਤਨਾਂ ਸਦਕਾ ਦੋ ਸਾਲਾਂ ਵਿੱਚ ਕੀਤੀ ਗਈ ਮਿਹਨਤ ਨਾਲ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਿਹਾ ਹੈ ਅਤੇ ਮਾਪਿਆਂ ਦਾ ਅਧਿਆਪਕਾਂ ਤੇ ਬਣ ਰਿਹਾ ਵਿਸ਼ਵਾਸ ਸਾਡੀ ਸਫ਼ਲਤਾ ਵੱਲ ਇਸ਼ਾਰਾ ਕਰਦਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਹੋਰ ਗਤੀਵਿਧੀਆ ਵੱਲ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਮੌਕੇ ਬੀ.ਐਨ.ਓ. ਜਸਵਿੰਦਰ ਸਿੰਘ, ਹੈਡਮਿਸਟ੍ਰੈਸ ਮੈਡਮ ਹਰਪ੍ਰੀਤ ਕੌਰ, ਸਕੂਲ ਮੁੱਖੀ ਮੈਡਮ ਸੋਨੀਆ, ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ, ਬੀ.ਪੀ.ਈ.ਓ. ਹਰਿੰਦਰ ਬਰਾੜ, ਗੁਰਦੀਪ ਸਿੰਘ, ਜ਼ਿਲ੍ਹਾ ਸਮਾਰਟ ਮੇਂਟੋਰ ਰਾਜੇਸ਼ ਗੋਇਲ, ਰਮਨਦੀਪ ਸਿੰਘ, ਕੁਲਦੀਪ ਸਿੰਘ ਭੁੱਲਰ, ਡੀ.ਐਮ. ਕਮਲਦੀਪ, ਕੀਰਤੀ ਦੇਵ ਸ਼ਰਮਾ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ, ਭੁਪਿੰਦਰ ਕੁਮਾਰ, ਸੁਖਪਾਲ ਢਿੱਲੋਂ, ਡਾਕਟਰ ਸੰਜੇ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।