–ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਦੇ ਰਚੇਤਾ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਦਾ ਜਨਮ 1861 ਈਸਵੀ,10 ਭਾਦੋਂ ਸੰਮਤ 1918 ਨੂੰ ਪਟਿਆਲਾ ਰਿਆਸਤ ਦੇ ਪਿੰਡ ਸਬਜ ਬਨੇਰਾ ਵਿਖੇ ਪਿਤਾ ਭਾਈ ਨਰਾਇਣ ਸਿੰਘ ਜੀ ਅਤੇ ਮਾਤਾ ਬੀਬੀ ਹਰਿ ਕੌਰ ਜੀ ਦੇ ਘਰ ਹੋਇਆ। ਇਹਨਾਂ ਦੇ ਵਡੇਰੇ ਪਿੰਡ ਪਿੱਥੋ ਜੋ ਕਿ ਨਾਭਾ ਰਿਆਸਤ ਵਿੱਚ ਸੀ ਵਿਖੇ ਰਹਿੰਦੇ ਸਨ। ਭਾਈ ਸਾਹਿਬ ਜੀ ਦੇ ਪਿਤਾ ਸਰਦਾਰ ਨਰਾਇਣ ਸਿੰਘ ਜੀ ਬੜੇ ਨਾਮ ਰਸੀਏ ਗਿਆਨੀ ਪੁਰਸ਼ ਸਨ। ਉਹਨਾਂ ਨੇ ਆਪਣੇ ਜੀਵਨ ਵਿੱਚ ਤਿੰਨ ਅਤਿ ਅਖੰਡ ਪਾਠ ਵੀ ਕੀਤੇ। ਅਤਿ ਅਖੰਡ ਪਾਠ ਇੱਕੋ ਆਸਨ ਵਿੱਚ ਕੀਤਾ ਜਾਂਦਾ ਹੈ। ਇੱਕ ਵੇਰ ਮਹਾਰਾਜਾ ਹੀਰਾ ਸਿੰਘ ਨਾਭਾ ਨੇ ਉਹਨਾਂ ਤੋਂ ਅਤਿ ਅਖੰਡ ਪਾਠ ਸਰਵਣ ਵੀ ਕੀਤਾ ਸੀ। ਆਪ ਜੀ ਦੇ ਪਰਿਵਾਰ ਦਾ ਖ਼ਰਚਾ ਪਿੰਡ ਪਿੱਥੋਂ ਦੀ ਜੱਦੀ ਜ਼ਮੀਨ ਦੀ ਆਮਦਨ ਤੋਂ ਚੱਲਦਾ ਸੀ।
ਭਾਈ ਕਾਨ੍ਹ ਸਿੰਘ ਨਾਭਾ ਨੇ ਕੋਈ ਵੀ ਸਕੂਲੀ ਵਿਦਿਆ ਹਾਸਿਲ ਨਹੀਂ ਸੀ ਕੀਤੀ। ਉਹਨਾਂ ਨੇ ਗੁਰਬਾਣੀ ਤੇ ਗੁਰਮੁਖੀ ਦੀ ਸਿੱਖਿਆ ਭਾਈ ਭੂਪ ਸਿੰਘ ਜੀ ਤੋਂ ਲਈ। ਇਹਨਾਂ ਨੇ ਸੰਸਕ੍ਰਿਤ ਦੀ ਸਿੱਖਿਆ ਬਾਬਾ ਕਲਿਆਣ ਦਾਸ ਤੋਂ ਫਿਰ ਪੰਡਿਤ ਸ਼੍ਰੀਧਰ, ਬੰਸੀਧਰ, ਭਾਈ ਵੀਰ ਸਿੰਘ ਜਲਾਲ ਕੇ, ਭਾਈ ਰਾਮ ਸਿੰਘ ਤੋਂ ਤੇ ਬਾਵਾ ਪਰਮਾਨੰਦ ਤੋਂ ਵੇਦਾਂਤ ਦੀ ਸਿੱਖਿਆ ਲਈ। ਭਾਈ ਸਾਹਿਬ ਸੰਗੀਤ ਦੇ ਵੀ ਮਾਹਰ ਸਨ ਉਹਨਾਂ ਨੇ ਪਿੰਡ ਮਹਿਰਾਜ ਦੇ ਮਹੰਤ ਗੱਜਾ ਸਿੰਘ ਤੋਂ ਤਾਊਸ ਅਤੇ ਦਿਲਰੁਬਾ ਵਜਾਉਣਾ ਸਿੱਖਿਆ।
20 ਕੁ ਸਾਲ ਦੀ ਉਮਰ ਵਿੱਚ ਉਹਨਾਂ ਨੇ ਫ਼ਾਰਸੀ ਅਤੇ ਅੰਗਰੇਜ਼ੀ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ। ਉਹਨਾਂ ਨੇ ਭਾਈ ਭਗਵਾਨ ਸਿੰਘ ਦੁੱਗ ਤੋਂ ਫ਼ਾਰਸੀ ਦੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਫਿਰ ਆਪ ਨੇ ਦਿੱਲੀ ਅਤੇ ਆਗਰੇ ਜਾ ਕੇ ਹੋਰ ਸਿੱਖਿਆ ਪ੍ਰਾਪਤ ਕੀਤੀ। ਦੋ ਸਾਲ ਦਿੱਲੀ ਅਤੇ ਆਗਰੇ ਰਹਿਣ ਤੋਂ ਬਾਅਦ ਉਹ ਲਾਹੌਰ ਆ ਗਏ। ਇੱਥੇ ਉਹਨਾਂ ਨੇ ਭਾਈ ਸੰਤ ਸਿੰਘ ਗਿਆਨੀ ਡੇਰਾ ਸਾਹਿਬ ਵਾਲ਼ਿਆਂ ਤੋਂ ਸਿੱਖ ਇਤਿਹਾਸ ਨਾਲ਼ ਸੰਬੰਧਿਤ ਫ਼ਾਰਸੀ ਪੁਸਤਕਾਂ ਦਾ ਅਧਿਐਨ ਕੀਤਾ। ਲਾਹੌਰ ਵਿੱਚ ਦੋ ਕੁ ਸਾਲ ਠਹਿਰਨ ਉਪਰੰਤ ਆਪ ਵਾਪਸ ਨਾਭੇ ਆ ਗਏ। ਨਾਭੇ ਰਹਿੰਦਿਆਂ ਆਪ ਦੀ ਪਹਿਲੀ ਸ਼ਾਦੀ ਪਿੰਡ ਧੂਰੇ ਰਿਆਸਤ ਪਟਿਆਲਾ ਤੇ ਦੂਜੀ ਸ਼ਾਦੀ ਮੁਕਤਸਰ ਸਾਹਿਬ ਵਿਖੇ ਹੋਈ। ਦੋਨਾਂ ਪਤਨੀਆਂ ਦੇ ਸੁਰਗਵਾਸ ਹੋਣ ਤੇ ਤੀਜੀ ਸ਼ਾਦੀ ਪਿੰਡ ਰਾਮਗੜ੍ਹ (ਪਟਿਆਲਾ) ਵਿਖੇ ਸਰਦਾਰ ਹਰਚਰਨ ਸਿੰਘ ਜੀ ਸਪੁੱਤਰੀ ਬੀਬੀ ਬਸੰਤ ਕੌਰ ਨਾਲ ਹੋਈ ਜਿਸ ਦੀ ਕੁੱਖੋਂ ਸਰਦਾਰ ਭਗਵੰਤ ਸਿੰਘ ਹਰੀ ਨੇ 1892 ਈਸਵੀ ਨੂੰ ਜਨਮ ਲਿਆ।
ਭਾਈ ਸਾਹਿਬ ਨੇ ਕੁਝ ਸਮਾਂ ਰਿਆਸਤ ਨਾਭਾ ਵਿਖੇ ਮੁਲਾਜ਼ਮਤ ਕੀਤੀ। ਇਸ ਸਮੇਂ ਹੀ ਆਪ ਸਨ 1902,1908 ਅਤੇ 1910 ਵਿੱਚ ਵਿਲਾਇਤ ਵੀ ਗਏ। ਆਪ ਦਾ ਮੇਲ ਮਿਸਟਰ ਐਮ.ਏ.ਮਕਾਲਿਫ਼ ਨਾਲ਼ ਹੋਇਆ। ਆਪ ਦੀ ਸਹਾਇਤਾ ਨਾਲ਼ ਉਸ ਨੇ ਗੁਰਬਾਣੀ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਅਤੇ ਕਿਤਾਬ ‘ਦੀ ਸਿੱਖ ਰਿਲੀਜਨ’ ਤਿਆਰ ਕੀਤੀ। 25 ਦਸੰਬਰ,1911 ਨੂੰ ਮਹਾਰਾਜਾ ਹੀਰਾ ਸਿੰਘ ਨਾਭਾ ਸੁਰਗਵਾਸ ਹੋ ਗਏ। ਉਹਨਾਂ ਦੇ ਵਾਰਸ ਮਹਾਰਾਜਾ ਰਿਪੁਦਮਨ ਸਿੰਘ ਦੀ ਅੰਗਰੇਜ਼ਾਂ ਨਾਲ਼ ਅਣਬਣ ਹੋ ਗਈ। ਆਪ ਨੇ ਰਿਆਸਤ ਨਾਭਾ ਦੀ ਨੌਕਰੀ ਛੱਡ ਦਿੱਤੀ ਅਤੇ ਕਸ਼ਮੀਰ ਚਲੇ ਗਏ। ਕਸ਼ਮੀਰ ਵਿੱਚ ਆਪ ਨੇ ਅਰਦਾਸਾ ਸੋਧਿਆ ਅਤੇ 1912 ਈਸਵੀ ਵਿੱਚ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਲਿਖਣਾ ਸ਼ੁਰੂ ਕੀਤਾ। 1915 ਵਿੱਚ ਆਪ ਘਰੇਲੂ ਕਾਰਨਾ ਕਰਕੇ ਵਾਪਸ ਆ ਗਏ ਅਤੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੀ ਰਿਆਸਤ ਵਿੱਚ ਮੁਲਾਜ਼ਮ ਹੋ ਗਏ। ਸੰਨ 1913 ਵਿੱਚ ਆਪ ਜੀ ਦੇ ਪਿਤਾ ਸਰਦਾਰ ਨਰਾਇਣ ਸਿੰਘ ਅਕਾਲ ਚਲਾਣਾ ਕਰ ਗਏ। 1917 ਦੇ ਰਾਜਸੀ ਸਮਝੌਤੇ ਅਨੁਸਾਰ ਆਪ ਫਿਰ ਰਿਆਸਤ ਨਾਭਾ ਵਿਖੇ ਆ ਗਏ। ਆਪ ਨੇ 1923 ਵਿੱਚ ਰਿਆਸਤ ਨਾਭਾ ਦੀ ਮੁਲਾਜ਼ਮਤ ਹਮੇਸ਼ਾ ਲਈ ਛੱਡ ਦਿੱਤੀ ਅਤੇ ਮਹਾਨ ਕੋਸ਼ ਦੀ ਰਚਨਾ ਨੂੰ ਸਮਰਪਿਤ ਹੋ ਗਏ।
ਇਸ ਮਹਾਨ ਕੋਸ਼ ਨੂੰ ਪਹਿਲੋਂ ਪਹਿਲ ਚਾਰ ਵਡ-ਆਕਾਰੀ ਸੈਂਚੀਆਂ ਵਿੱਚ ਛਾਪਿਆ ਗਿਆ। ਇਹਨਾਂ ਸੈਂਚੀਆਂ ਦੇ ਕੁੱਲ 3338 ਸਫ਼ੇ ਸਨ। ਭਾਈ ਸਾਹਿਬ ਨੇ ਇਸ ਵਿੱਚ 64263 ਸ਼ਬਦਾਂ ਦੇ ਅਰਥ ਅਤੇ ਵਿਆਖਿਆ ਕੀਤੀ ਹੈ। ਉਹਨਾਂ ਨੇ ਹਰ ਵਾਕ ਦੇ ਅੰਤ ਤੇ ਪੰਜਾਬੀ ਦੀ ਡੰਡੀ ਦੀ ਥਾਂ ਅੰਗਰੇਜ਼ੀ ਵਾਂਗ ਫੁੱਲ ਸਟਾਪ(.ਬਿੰਦੀ) ਲਗਾਈ। ਇਸ ਮਹਾਨ ਕੋਸ਼ ਦਾ ਅੰਤਲਾ ਸ਼ਬਦ 6 ਫਰਵਰੀ 1926 ਨੂੰ ਲਿਖਿਆ ਗਿਆ।
ਮਹਾਨ ਕੋਸ਼ ਨੂੰ ਛਾਪਣ ਸਮੇਂ ਆਈਆਂ ਮੁਸ਼ਕਲਾਂ – ਫ਼ਰੀਦਕੋਟ ਦੇ ਰਾਜੇ ਬਰਜਿੰਦਰ ਸਿੰਘ ਨੇ ਕੋਸ਼ ਛਪਾਉਣ ਦਾ ਵਚਨ ਦਿੱਤਾ ਸੀ ਪਰ ਜਦੋਂ ਕੋਸ਼ ਪੂਰਾ ਹੋਇਆ ਤਾਂ ਉਸ ਸਮੇਂ ਰਾਜੇ ਬਰਜਿੰਦਰ ਸਿੰਘ ਦਾ ਦੇਹਾਂਤ ਹੋ ਚੁੱਕਾ ਸੀ। ਨਾਭੇ ਦੇ ਰਾਜਾ ਰਿਪੁਦਮਨ ਸਿੰਘ ਨੇ ਡੇਢ ਸਾਲ ਲਈ ਭਾਈ ਸਾਹਿਬ ਤੇ ਸਾਰੇ ਅਮਲੇ ਦਾ ਖ਼ਰਚ ਦਿੱਤਾ। ਫਿਰ ਉਹਨਾਂ ਨੂੰ ਜਦ ਗੱਦੀ ਛੱਡਣੀ ਪਈ ਨਵੇਂ ਪ੍ਰਬੰਧਕਾਂ ਨੇ ਖ਼ਜ਼ਾਨਾ ਖਾਲੀ ਹੋਣਾ ਦੱਸ ਕੇ ਮਦਦ ਤੋਂ ਇਨਕਾਰ ਕਰ ਦਿੱਤਾ। ਭਾਈ ਸਾਹਿਬ ਤੇ ਸਹਿਯੋਗੀਆਂ ਨੇ ਇਹ ਵਿਚਾਰ ਬਣਾਇਆ ਕਿ ਕੋਸ਼ ਦੀ ਕੁੱਲ 70 ਰੁਪਏ ਅੰਦਾਜ਼ਨ ਕੀਮਤ ਰੱਖ ਕੇ 500 ਗਾਹਕ ਲੱਭੇ ਜਾਣ ਤੇ 35 ਰੁਪਏ ਪੇਸ਼ਗੀ ਲੈ ਕੇ ਛਾਪਣਾ ਸ਼ੁਰੂ ਕੀਤਾ ਜਾਵੇ। ਕੋਸ਼ ਦਾ ਇੱਕ ਪੱਤਰੇ ਦਾ ਨਮੂਨਾ ਤਿਆਰ ਕੀਤਾ ਗਿਆ ਇਹ 1000 ਧਨਾਢ ਸਿੱਖਾਂ ਆਗੂਆਂ ਤੇ ਵਿਦਵਾਨਾਂ ਨੂੰ ਭੇਜਿਆ ਗਿਆ ਅਤੇ ਗਾਹਕ ਬਣਨ ਦੀ ਬੇਨਤੀ ਕੀਤੀ ਗਈ। ਨੌ ਮਹੀਨਿਆਂ ਵਿੱਚ ਸਿਰਫ 200 ਗਾਹਕ ਹੀ ਬਣੇ, ਇਹਨਾਂ ਵਿੱਚੋਂ 70 ਕੋਸ਼ਾਂ ਦੀ ਪੇਸ਼ਗੀ ਤਾਂ ਇਕੱਲੇ ਦਿੱਲੀ ਤੋਂ ਠੇਕੇਦਾਰ ਸਰਦਾਰ ਬਹਾਦਰ ਧਰਮ ਸਿੰਘ ਨੇ ਭੇਜੀ। ਸਾਰੇ ਸਿੱਖ ਜਗਤ ਵਿੱਚ ਸਿਰਫ 131 ਹੀ ਗਾਹਕ ਬਣੇ। ਆਖਰ ਭਾਈ ਸਾਹਿਬ ਨੇ ਸਿੱਖ ਰਾਜਿਆਂ ਨੂੰ ਇੱਕ ਵਾਰ ਫਿਰ ਗਾਹਕ ਬਣਨ ਲਈ ਬੇਨਤੀ ਪੱਤਰ ਲਿਖਿਆ। ਉਹ ਚਾਹੁੰਦੇ ਸਨ ਕਿ 300 ਕੋਸ਼ ਤਾਂ ਖ਼ਰੀਦੇ ਜਾਣ ਜਿਸ ਨਾਲ਼ ਛਪਾਈ ਦਾ ਖ਼ਰਚਾ ਨਿਕਲ ਆਵੇ। ਪਟਿਆਲ਼ਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਭਾਈ ਸਾਹਿਬ ਨੂੰ ਚਹਿਲ ਬੁਲਾ ਲਿਆ ਅਤੇ ਮਹਾਨ ਕੋਸ਼ ਦੀ ਸਾਰੀ ਛਪਾਈ ਦਾ ਜ਼ਿੰਮਾ ਲਿਆ। ਸਾਰਿਆਂ ਦੀ ਪੇਸ਼ਗੀ ਰਕਮ ਮੋੜ ਦਿਤੀ ਗਈ।
ਛਪਣ ਕਾਰਜ – ਉਸ ਵੇਲ਼ੇ ਅੰਮ੍ਰਿਤਸਰ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਸੁਦਰਸ਼ਨ ਪ੍ਰੈਸ ਚਲਾ ਰਹੇ ਸਨ। ਭਾਈ ਸਾਹਿਬ ਨੇ ਉਹਨਾਂ ਨਾਲ਼ ਗੱਲਬਾਤ ਕੀਤੀ। ਉਹਨਾਂ ਨੂੰ ਨਵਾਂ ਟਾਈਪ ਬਣਾ ਕੇ ਕੋਸ਼ ਛਾਪਣ ਦੀ ਬੇਨਤੀ ਕੀਤੀ। ਚਾਤ੍ਰਿਕ ਜੀ ਪੰਜਾਬੀ ਬੋਲੀ ਦੇ ਮੁਦਈ ਸਨ। ਉਹਨਾਂ ਨੇ ਮਹਾਨ ਕੋਸ਼ ਛਾਪਣਾ ਇੱਕ ਮਿਸ਼ਨ ਦੇ ਤੌਰ ਤੇ ਲਿਆ ਅਤੇ ਮਿਹਨਤ ਸ਼ੁਰੂ ਕਰ ਦਿੱਤੀ। ਉਹਨਾਂ ਨੇ ਹਿੰਦੀ, ਸੰਸਕ੍ਰਿਤ, ਫ਼ਾਰਸੀ ਅਤੇ ਅਰਬੀ ਆਦਿ ਭਾਸ਼ਾਵਾਂ ਦੇ ਸ਼ਬਦਾਂ ਤੇ ਉਹਨਾਂ ਦੀਆਂ ਮੂਲ ਭਾਸ਼ਾਵਾਂ ਅਤੇ ਲਿਪੀਆਂ ਵਿੱਚ ਛਾਪਣ ਲਈ 26 ਅਕਤੂਬਰ, 1927 ਨੂੰ ਇਹ ਕਾਰਜ ਆਰੰਭ ਕਰ ਦਿੱਤਾ। ਲਗਾਤਾਰ ਢਾਈ ਸਾਲਾਂ ਦੀ ਅਣਥੱਕ ਮਿਹਨਤ ਮਗਰੋਂ 13 ਅਪ੍ਰੈਲ,1930 ਨੂੰ ਵਿਸਾਖੀ ਵਾਲ਼ੇ ਦਿਨ ਇਹ ਕਾਰਜ ਸੰਪੂਰਨ ਹੋਇਆ। ਇਸ ਸਮੇਂ ਦੌਰਾਨ ਚਾਤ੍ਰਿਕ ਜੀ ਨੇ ਛਪਾਈ ਦਾ ਹੋਰ ਕੋਈ ਵੀ ਕੰਮ ਨਹੀਂ ਕੀਤਾ। ਛਪਾਈ ਤੇ ਅੰਦਾਜ਼ੇ ਤੋਂ ਵੱਧ ਖ਼ਰਚ ਹੋਣ ਕਰਕੇ ਇਸਦੀ ਛਪਾਈ 1000 ਦੀ ਥਾਂ 500 ਕੀਤੀ ਗਈ। ਲੇਖਕ ਦੀ ਮਿਹਨਤ ਤੋਂ ਬਿਨਾਂ ਹੀ ਇਸ ਤੇ 51000 ਤੋਂ ਵੱਧ ਖ਼ਰਚ ਆਇਆ। ਪਟਿਆਲਾ ਰਿਆਸਤ ਨੇ ਇਸ ਦਾ ਮੁੱਲ 110 ਰੁਪਏ ਰੱਖਿਆ।
ਅਗਸਤ 1948 ਵਿੱਚ ਰਿਆਸਤਾਂ ਖ਼ਤਮ ਹੋ ਗਈਆਂ। ਪਟਿਆਲਾ ਰਿਆਸਤ ਨੂੰ ਪੈਪਸੂ ਰਾਜ ਵਿੱਚ ਬਦਲ ਦਿੱਤਾ ਗਿਆ ਤਾਂ ਰਾਜ ਘਰਾਣੇ ਨੇ ਬਾਕੀ ਬਚਦੇ 100 ਦੇ ਕਰੀਬ ਮਹਾਨ ਕੋਸ਼ ਉਸ ਵੇਲ਼ੇ ਦੇ ਮਹਿਕਮਾ ਪੰਜਾਬੀ ਹੁਣ ਭਾਸ਼ਾ ਵਿਭਾਗ ਨੂੰ ਸੌਂਪ ਦਿੱਤੇ। ਸਮਾਂ ਪਾ ਕੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਨੇ ਇਸ ਦਾ ਨਵਾਂ ਸੰਸਕਰਨ ਛਾਪਣ ਦਾ ਫੈਸਲਾ ਲਿਆ। ਵਿਦਵਾਨਾਂ ਨੇ ਨਵੇਂ ਸੰਸਕਰਨ ਵਿੱਚ ਸੋਧ ਕਰਨ ਦਾ ਵਿਰੋਧ ਕੀਤਾ ਅਤੇ ਮੂਲ ਰਚਨਾ ਹੀ ਰੱਖਣ ਲਈ ਕਿਹਾ। ਭਾਈ ਸਾਹਿਬ ਆਪਣੇ ਅੰਤਲੇ ਦਿਨਾਂ 1930-1939 ਤੱਕ ਹੋਰ ਸ਼ਬਦ ਵੀ ਇਕੱਠੇ ਕਰਦੇ ਰਹੇ ਅਤੇ ਉਹਨਾਂ ਦੀਆਂ ਸੈਂਚੀਆਂ ਤਿਆਰ ਹੋ ਗਈਆਂ ਸਨ। ਇਹ ਸੈਂਚੀਆਂ ਉਹਨਾਂ ਦੇ ਸਪੁੱਤਰ ਸਰਦਾਰ ਭਗਵੰਤ ਸਿੰਘ ਹਰੀ ਨੇ ਭਾਸ਼ਾ ਵਿਭਾਗ ਨੂੰ ਸੌਂਪ ਦਿੱਤੀਆਂ ਅਤੇ ਨਵੇਂ ਸੰਸਕਰਨ ਵਿੱਚ ਅੰਤਿਕਾ ਦੇ ਰੂਪ ਵਿੱਚ ਜੋੜਨ ਦੀ ਆਗਿਆ ਦਿੰਦਿਆਂ ਆਪਣੀ ਨਿਗਰਾਨੀ ਵਿੱਚ ਛਪਾਇਆ। ਇਸ ਤਰ੍ਹਾਂ 1960 ਵਿੱਚ ਨਵੇਂ ਸੰਸਕਰਨ ਵਿੱਚ 99 ਸਫਿਆਂ ਦਾ ਵਾਧਾ ਹੋ ਗਿਆ। ਭਾਸ਼ਾ ਵਿਭਾਗ ਨੇ ਇਸ ਦਾ ਮੁੱਲ 42 ਰੁਪਏ ਰੱਖਿਆ ਅਤੇ 2000 ਦੀ ਗਿਣਤੀ ਵਿੱਚ ਛਾਪਿਆ। ਇਸ ਦਾ ਆਕਾਰ ਵੀ ਉਹਨਾਂ ਪੌਣੇ 13 ਇੰਚ ਅਤੇ ਸਾਢੇ 9 ਇੰਚ ਰੱਖਿਆ। ਪਹਿਲਾਂ ਚਾਰ ਸੈਂਚੀਆਂ ਵਾਲੇ ਮੂਲ ਸੰਸਕਰਨ ਦੇ ਦੋ ਪੰਨੇ ਪਹਿਲੇ ਕਾਲਮ ਵਿੱਚ ਤੇ ਦੋ ਦੂਜੇ ਕਾਲਮ ਵਿੱਚ ਛਾਪੇ ਗਏ। ਇਸ ਨੂੰ ਗਵਰਨਮੈਂਟ ਸਰਵੇ ਆਫ਼ ਇੰਡੀਆ ਪ੍ਰੈਸ ਦੇਹਰਾਦੂਨ ਨੇ 1000 ਦੇ ਲਗਭਗ ਵਡਅਕਾਰੀ ਪੰਨਿਆਂ ਨੂੰ ਪਲੇਟਾਂ (ਫੋਟੋ ਵਿਧੀ) ਰਾਹੀਂ 13 ਮਹੀਨਿਆਂ ਦੀ ਮਿਹਨਤ ਮਗਰੋਂ ਲੋਕ ਅਰਪਿਤ ਕੀਤਾ।
ਇਸ ਦਾ ਭਾਰ 5 ਕਿਲੋ 700 ਗ੍ਰਾਮ ਸੀ।
ਹੋਰ ਰਚਨਾਵਾਂ – ਮਹਾਨ ਕੋਸ਼ ਤੋਂ ਇਲਾਵਾ ਭਾਈ ਕਾਨ੍ਹ ਸਿੰਘ ਨਾਭਾ ਜੀ ਦੀਆਂ ਹੋਰ ਰਚਨਾਵਾਂ ਵੀ ਮਿਲਦੀਆਂ ਹਨ। ਜਿਵੇਂ – ਰਾਜ ਧਰਮ, ਨਾਟਕ ਭਵਾਰਥ ਦੀਪਕਾ ਟੀਕਾ, ਹਮ ਹਿੰਦੂ ਨਹੀਂ, ਗੁਰਮਤਿ ਪ੍ਰਭਾਕਰ, ਗੁਰਮਤਿ ਸੁਧਾਰਕ, ਸਮਸਯਾ ਪੂਰਤੀ। ਇਸ ਤੋਂ ਇਲਾਵਾ ਹੋਰ ਪੁਸਤਕਾਂ ਜਿਹਨਾਂ ਵਿੱਚ ਸਿਰਫ਼ ਇੱਕ ਹੀ ਛਪੀ ਗੁਰਗਿਰਾ ਕਸੌਟੀ, ਪਹਾੜ ਯਾਤ੍ਰਾ,ਵਿਲਾਇਤ ਯਾਤ੍ਰਾ, ਸ਼ਰਾਬ ਨਿਖੇਧ, ਇੱਕ ਜੋਤਿਸ਼ ਗ੍ਰੰਥ ਅਤੇ ਸਦ ਪਰਮਾਰਥ, ਗੁਰਛੰਦ ਦਿਵਾਕਰ, ਗੁਰ ਸ਼ਬਦਲੰਕਾਰ, ਰੂਪ ਦੀਪ ਪਿੰਗਲ ।
ਸਖ਼ਸੀਅਤ – ਭਾਈ ਸਾਹਿਬ ਹੋਰੀ ਤਿੰਨ ਭਰਾ ਸਨ – ਪਹਿਲੇ ਆਪ, ਦੂਜੇ ਮੀਹਾਂ ਸਿੰਘ ਤੇ ਤੀਜੇ ਬਿਸ਼ਨ ਸਿੰਘ ਸਨ। ਘਰ ਦਾ ਸਾਰਾ ਪ੍ਰਬੰਧ ਭਾਈ ਮੀਆਂ ਸਿੰਘ ਕੋਲ਼ ਸੀ। ਸੰਨ 1936 ਵਿੱਚ ਭਾਈ ਬਿਸ਼ਨ ਸਿੰਘ ਅਕਾਲ ਚਲਾਣਾ ਕਰ ਗਏ, 1937 ਵਿੱਚ ਭਾਈ ਮੀਆਂ ਸਿੰਘ ਅਕਾਲ ਚਲਾਣਾ ਕਰ ਗਏ। ਇਸ ਤੋਂ ਪੰਜ ਕੁ ਮਹੀਨੇ ਪਿੱਛੋਂ ਸਾਢੇ 77 ਸਾਲ ਦੀ ਉਮਰ ਵਿੱਚ ਭਾਈ ਕਾਨ੍ਹ ਸਿੰਘ ਜੀ 23 ਨਵੰਬਰ,1939 ਨੂੰ ਅਚਾਨਕ ਚੜ੍ਹਾਈ ਕਰ ਗਏ। ਭਾਈ ਸਾਹਿਬ ਸਾਢੇ 5ਫੁੱਟ ਉੱਚੇ ਕਦ ਦੇ ਸੋਹਣੇ ਸੁਨੱਖੇ ਤੰਦਰੁਸਤ ਵਿਅਕਤੀ ਸਨ। ਆਪਦੇ ਸੁਭਾਅ ਵਿੱਚ ਡਾਢੀ ਮਿੱਠਤ ਅਤੇ ਸੰਜਮ ਸੀ। ਉਹ ਪੰਜਾਬੀ ਅਤੇ ਹਿੰਦੁਸਤਾਨੀ ਰਲਵੀ ਬੋਲਦੇ ਸਨ। ਕਦੇ ਕਦੇ ਉਰਦੂ ਵੀ ਬੋਲ ਲੈਂਦੇ ਸਨ। ਆਪ ਪ੍ਰਕਿਰਤੀ ਦੇ ਪ੍ਰਸ਼ੰਸਕ ਸਨ। ਆਪ ਨੂੰ ਘੋੜ ਸਵਾਰੀ ਦਾ ਵੀ ਸ਼ੌਕ ਸੀ। ਆਪ ਨੇ ਸ਼ਿਕਾਰ ਖੇਡਦੇ ਸਮੇਂ ਕਈ ਵਾਰ ਹਿਰਨਾਂ, ਸੂਰਾਂ ਅਤੇ ਮਗਰਮੱਛਾਂ ਦਾ ਸ਼ਿਕਾਰ ਵੀ ਕੀਤਾ। ਸੰਗੀਤ ਪ੍ਰੇਮੀ ਹੋਣ ਕਰਕੇ ਆਪ ਸਿਤਾਰ ਤੇ ਸੰਗੀਤ ਦਾ ਅਭਿਆਸ ਵੀ ਕਰਦੇ ਸਨ। ਆਪ ਰਾਜਨੀਤੀ ਦੇ ਮਾਹਰ ਹੋਣ ਕਰਕੇ ਹੀ ਆਪ ਨੇ ਮਹਾਰਾਜਾ ਨਾਭਾ ਅਤੇ ਮਾਹਾਰਾਜਾ ਪਟਿਆਲਾ ਦੇ ਦਰਬਾਰ ਵਿੱਚ ਵਿਸ਼ੇਸ਼ ਸਨਮਾਨ ਸਹਿਤ ਮੁਲਾਜ਼ਮਤ ਕੀਤੀ। ਆਪ ਇਕ ਮਹਾਨ ਧਾਰਮਿਕ ਆਗੂ ਖੋਜੀ ਵਿਦਵਾਨ ਅਤੇ ਲਿਖਾਰੀ ਸਨ। ਸਿੱਖ ਇਤਿਹਾਸ ਅਤੇ ਪੰਜਾਬੀ ਜਗਤ ਵਿੱਚ ਆਪ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਤੇ ਬੜੇ ਅਦਬ ਨਾਲ਼ ਲਿਆ ਜਾਂਦਾ ਹੈ।
ਜਗਤਾਰ ਸਿੰਘ ਸੋਖੀ
9417166386
ਮਹਾਨ ਕੋਸ਼ ਅਤੇ ਉਸ ਦੇ ਰਚੇਤਾ ਭਾਈ ਕਾਨ੍ਹ ਸਿੰਘ ਜੀ ਨਾਭਾ
Leave a comment