–ਸਿਵਲ ਹਸਪਤਾਲ ਬਰਨਾਲਾ ਨੂੰ 25 ਕਰੋੜ ਰੁਪਏ ਦੇ ਫੰਡਾਂ ਨਾਲ ਦਿੱਤਾ ਆਵੇਗਾ ਨਵਾਂ ਰੂਪ
–ਮੰਤਰੀ ਮੀਤ ਹੇਅਰ ਨੇ 79 ਲੱਖ ਰੁਪਏ ਦੀ ਲਾਗਤ ਨਾਲ ਗੱਲ੍ਹੀਆ ਚ ਲੱਗਣ ਵਾਲੀਆ ਇੰਟਰ ਲਾਕਿੰਗ ਟਾਇਲਾਂ ਦੇ ਕੰਮ ਦਾ ਨੀਂਹ ਪੱਥਰ ਰੱਖਿਆ
31 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਨਿਹਰੀ ਵਿਭਾਗ ਵੱਲੋਂ ਜ਼ਿਲ੍ਹਾ ਬਰਨਾਲਾ ਵਿਖੇ 150 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਜਿਸ ਵਿੱਚ ਮੋਘਿਆਂ ਦਾ ਕੰਮ, ਨਿਹਰੀ ਪਾਣੀ ਜ਼ਮੀਨ ਦੋਜ਼ ਪਾਈਪਾਂ ਰਾਹੀਂ ਖੇਤਾ ਤੱਕ ਲੈ ਕੇ ਜਾਣ ਦਾ ਪ੍ਰਬੰਧ ਕਰਨਾ ਆਦਿ ਸ਼ਾਮਲ ਹਨ।
ਇਸ ਗੱਲ ਦਾ ਪ੍ਰਗਟਾਵਾ ਸ ਗੁਰਮੀਤ ਸਿੰਘ ਮੀਤ ਹੇਅਰ, ਖੇਡ ਮੰਤਰੀ ਪੰਜਾਬ ਨੇ ਅੱਜ ਵਾਰਡ ਨੰਬਰ 31 ਚ ਇੰਟਰ ਲਾਕਿੰਗ ਟਾਇਲਾਂ ਦਾ ਕੰਮ ਸ਼ੁਰੂਆਤ ਕਰਨ ਮੌਕੇ ਕੀਤਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਚ ਕਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਲੋਕਾਂ ਵੱਲੋਂ ਚਿਰਾਂ ਤੋਂ ਮੰਗ ਸੀ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਪਿੰਡਾਂ ਵਿੱਚ ਛੱਪੜਾਂ ਨੂੰ ਥਾਪਰ ਮਾਡਲ ਉੱਤੇ ਅਧਾਰਿਤ ਨਵਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।
ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਬਰਨਾਲਾ ਨੂੰ 25 ਕਰੋੜ ਰੁਪਏ ਦੀ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣੀ ਹੈ, ਜਿਸ ਸਬੰਧੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਸ ਗ੍ਰਾਂਟ ਨਾਲ ਹਸਪਤਾਲ ਵਿਖੇ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਿਲਣਗੀਆਂ।
ਮੰਤਰੀ ਸ ਗੁਰਮੀਤ ਸਿੰਘ ਮੀਤ ਹੇਅਰ ਨੇ ਵਾਰਡ ਨੰਬਰ 31 ਚ 44 ਲੱਖ ਰੁਪਏ ਅਤੇ ਵਾਰਡ ਨੰਬਰ 15 ਚ 35 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਇੰਟਰ ਲਾਕਿੰਗ ਟਾਇਲਾਂ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਰਡਾਂ ਦੀਆਂ ਗਲੀਆਂ ਚ ਟਾਇਲਾਂ ਦਾ ਕੰਮ ਸਮੇਂ-ਸਿਰ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਲੋੜਵੰਦ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਜਿਥੇ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਦੇ ਕੇ ਆਮ ਆਦਮੀ ਦੇ ਬੋਝ ਨੂੰ ਘਟਾਇਆ ਹੈ ਉਥੇ ਨਾਲ ਹੀ ਸਰਕਾਰ ਵੱਲੋਂ ਲੋਕਾਂ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਬਰਨਾਲਾ ਦੇ 400 ਸਫਾਈ ਕਰਮਚਾਰੀਆਂ ਦੀਆਂ ਪਿਛਲੇ ਕਈ ਸਾਲਾਂ ਦੀ ਮੰਗ ਪੂਰੀ ਕਰਦੇ ਹੋਏ ਉਨ੍ਹਾਂ ਨੂੰ ਠੇਕੇ ਉੱਤੇ ਭਰਤੀ ਕੀਤਾ ਗਿਆ ਹੈ।
ਇਸ ਮੌਕੇ ਸ੍ਰੀ ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ, ਓ ਐੱਸ ਡੀ ਸ੍ਰੀ ਹਸਨਪ੍ਰੀਤ ਭਾਰਦਵਾਜ, ਸਹਾਇਕ ਕਮਿਸ਼ਨਰ ਸ ਸੁਖਪਾਲ ਸਿੰਘ, ਕਾਰਜ ਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਸ੍ਰੀ ਵਿਸ਼ਾਲ ਦੀਪ, ਸ ਰੁਪਿੰਦਰ ਬੰਟੀ, ਕੌਂਸਲਰ ਸ਼੍ਰੀਮਤੀ ਦੀਪ ਮਾਲਾ, ਸ਼੍ਰੀਮਤੀ ਸਰੋਜ ਰਾਣੀ ਅਤੇ ਹੋਰ ਲੋਕ ਹਾਜ਼ਰ ਸਨ।