31 ਫਰਵਰੀ (ਨਰਿੰਜਣ ਬੋਹਾ) ਬੋਹਾ: ਕਰ ਭਲਾ-ਹੋ ਭਲਾ ਸਮਾਜ ਸੇਵੀ ਟਰੱਸਟ ਪੰਜਾਬ ਵੱਲੋਂ ਮਿਤੀ 10 ਫ਼ਰਵਰੀ 2024 ਨੂੰ ਸਵ: ਉਂਕਾਰ ਸਿੰਘ ਯਾਦਗਾਰੀ ਸਟੇਡੀਅਮ ਪਿੰਡ ਹਾਕਮ ਵਾਲਾ ਜ਼ਿਲ੍ਹਾ ਮਾਨਸਾ ਵਿਖੇ ਕਰਵਾਏ ਜਾ ਰਹੇ ਸਾਲਾਨਾਂ ਨਾਟਕ ਮੇਲੇ ਅਤੇ ਸਨਮਾਨ ਸਮਾਰੋਹ ਸਮੇਂ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸਨਮਾਨੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਦੇ ਨਾਵਾਂ ਦਾ ਐਲਾਣ ਅੱਜ ਕਰ ਦਿੱਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਸਰਪ੍ਰਸਤ ਜਸਪਾਲ ਸਿੰਘ ਜੱਸੀ ਨੇ ਦੱਸਿਆ ਕਿ ਡਾ. ਕੁਲਦੀਪ ਦੀਪ ਦੀ ਨਿਗਰਾਨੀ ਹੇਠ ਕਰਵਾਏ ਜਾਣ ਵਾਲੇ ਇਸ ਮੇਲੇ ਸਮੇਂ ਦੇਸ਼ ਸੇਵਾ ਦੇ ਖੇਤਰ ‘ਚ ਸ਼ਹੀਦ ਪਰਬਜੀਤ ਸਿੰਘ ਹਾਕਮਵਾਲਾ ਦੇ ਪਰਿਵਾਰ ਨੂੰ ਅਤੇ ਖੇਡਾਂ ਦੇ ਖ਼ੇਤਰ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਹਿਤ ਦੇ ਖ਼ੇਤਰ ਵਿੱਚ ਪਾਏ ਉੱਘੇ ਯੋਗਦਾਨ ਲਈ ਕਹਾਣੀਕਾਰ ਅਤੇ ਆਲੋਚਕ ਨਿਰੰਜਣ ਬੋਹਾ ਅਤੇ ਡਾਕਟਰ ਦਵਿੰਦਰ ਸਿੰਘ ਬੋਹਾ (ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ) ਨੂੰ , ਰੰਗ ਮੰਚ ਦੇ ਖ਼ੇਤਰ ਵਿੱਚ ਪਾਏ ਯੋਗਦਾਨ ਲਈ ਜਗਤਾਰ ਔਲਖ ਅਤੇ ਹਰਫ਼ਨਮੌਲਾ ਕਲਾਕਾਰ ਵੀਰਦਵਿੰਦਰ ਸਿੰਘ ਥਿੰਦ ਨੂੰ ਅਤੇ ਮਿਆਰੀ ਤੇ ਨਿਰਪੱਖ ਪੱਤਰਕਾਰਤਾ ਲਈ ਵੈਬ ਚੈਨਲ ‘ਸਿਰਲੇਖ’ ਦੇ ਮੀਡੀਆ ਕਰਮੀ ਸੁੱਖੀ ਮੰਘਾਣੀਆਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੇਲੇ ਸਮੇਂ ਉੱਘੇ ਨਾਟਕ ਨਿਰਦੇਸ਼ਕ ਸੁਰਿੰਦਰ ਸਾਗਰ ਦੀ ਨਿਰਦੇਸ਼ਨਾ ਹੇਠ ਸਾਰਾ ਦਿਨ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਸਮੇਂ ਦਿਲਪ੍ਰੀਤ ਸਿੰਘ ਥਿੰਦ, ਜਗਵੀਰ ਸਿੰਘ, ਪ੍ਰੇਮ ਸਿੰਘ ਤੇਜੇ, ਕਸ਼ਮੀਰ ਸਿੰਘ ਥਿੰਦ,ਬਬਲੀ ਸਿੰਘ, ਡਾਕਟਰ ਦਰਸ਼ਨ ਜੱਸੜ ਅਤੇ ਡਾਕਟਰ ਸੁਖਪਾਲ ਸਿੰਘ ਸਿੱਧੂ ਵੀ ਮੌਜੂਦ ਸਨ।