— ਗ੍ਰਾਂਟ ਥੌਰਨਟਨ ਪਰਿਵਰਤਨ ਪਹਿਲਕਦਮੀ ਦੇ ਤਹਿਤ ਚਾਰ ਪਿੰਡਾਂ ਦੀਆਂ ਔਰਤਾਂ ਨੂੰ ਡੇਅਰੀ ਕਿੱਤੇ ਸਬੰਧੀ ਦੱਸੇ ਗਏ ਗੁਰ, ਦਿੱਤੀ ਗਈ ਸਿਖਲਾਈ
–ਡੱਚ ਡੇਅਰੀ ਮਾਹਿਰ ਨੇ ਡੀ.ਸੀ. ਨਾਲ ਮੁਲਾਕਾਤ ਕੀਤੀ, ਬਿਹਤਰ ਦੁੱਧ ਉਤਪਾਦਨ ਲਈ ਦੁਧਾਰੂ ਪਸ਼ੂਆਂ ਨੂੰ ਆਰਾਮਦਾਇਕ, ਸਾਫ਼-ਸੁਥਰਾ ਰੱਖਣ ‘ਤੇ ਜ਼ੋਰ ਦਿੱਤਾ
10 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਡੱਚ ਡੇਅਰੀ ਮਾਹਿਰਾਂ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਥਾਪਿਤ ਮਹਿਲਾ ਫਾਰਮਰ ਪ੍ਰੋਡਿਊਸਰ ਕੰਪਨੀਆਂ (ਐਫ.ਪੀ.ਸੀ.) ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਵਿੱਚ ਡੇਅਰੀ ਕਿੱਤੇ ਰਾਹੀਂ ਵਧੇਰੇ ਕਮਾਈ ਦੇ ਸਾਧਨ ਪੈਦਾ ਕਰਨਾ ਅਤੇ ਜਾਨਵਰਾਂ ਦੀ ਸੰਭਾਲ ਸਬੰਧੀ ਨੁਕਤੇ ਸਾਂਝੇ ਕੀਤੇ ਜਾ ਰਹੇ ਹਨ।
ਅੱਜ ਇੱਥੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੁਨਮਦੀਪ ਕੌਰ ਨੇ ਦੱਸਿਆ ਕਿ ਗ੍ਰਾਂਟ ਥੌਰਨਟਨ ਭਾਰਤ ਅਤੇ ਐਚ.ਡੀ.ਐਫ.ਸੀ ਪਰਿਵਰਤਨ ਵੱਲੋਂ ਜ਼ਿਲ੍ਹੇ ਵਿੱਚ ਮਹਿਲਾ ਐਫ.ਪੀ.ਸੀ. ਗਰੁੱਪ ਬਣਾਏ ਗਏ ਹਨ ਜਿਨ੍ਹਾਂ ਰਾਹੀਂ ਮਹਿਲਾਵਾਂ ਨੂੰ ਖੇਤੀਬਾੜੀ ਆਧਾਰਿਤ ਚੀਜਾਂ ਬਣਾਉਣ ਅਤੇ ਉਸ ਦੇ ਮੰਡੀਕਰਨ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਗ੍ਰਾਂਟ ਥੌਰਨਟਨ ਪੀ. ਯੂ. ਐਮ (ਪ੍ਰੋਗਰਾਮ ਯੂਟਜ਼ੈਂਡਿੰਗ ਮੈਨੇਜਰ) ਡੱਚ ਡੇਅਰੀ ਮਾਹਰ ਸ੍ਰੀ ਐਡ. ਮਰਕਸ ਨੇ ਚੜਦੀਕਲਾ ਵੂਮੈਨ ਐਫ.ਪੀ.ਸੀ. ਕੋਟਦੁੰਨਾ ਅਤੇ ਮਾਤਾ ਭਾਗੋ ਵਿਮੈਨ ਐਫ.ਪੀ.ਸੀ. ਪਿੰਡ ਭੋਤਨਾ ਦੀਆਂ ਔਰਤਾਂ ਨੂੰ ਡੇਅਰੀ ਵਿੱਚ ਮਿਆਰੀ ਕੰਮ ਰਾਹੀਂ ਵਧੇਰੇ ਦੁੱਧ ਉਤਪਾਦਨ ਅਤੇ ਜਾਨਵਰਾਂ ਦੀ ਸੰਭਾਲ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਸ੍ਰੀ ਐਡ. ਮਰਕਸ ਨੇ ਦਵਾਈਆਂ ਕਿ ਪਿੰਡ ਕੋਟਦੁੱਨਾ, ਭੋਤਨਾ, ਰੂੜੇਕੇ ਕਲਾਂ ਅਤੇ ਸਹਿਣਾ ਵਿਖੇ ਆਪਣੇ ਦੌਰਿਆਂ ਦੌਰਾਨ ਉਨ੍ਹਾਂ ਵੇਖਿਆ ਕਿ ਪੇਂਡੂ ਮਹਿਲਾਵਾਂ ‘ਚ ਡੇਅਰੀ ਦੇ ਕਿੱਤੇ ਨੂੰ ਵਧੇਰੇ ਪ੍ਰਫੁੱਲਿਤ ਕਰਨ ਦਾ ਜਜ਼ਬਾ ਹੈ। ਇਸ ਕੰਮ ਲਈ ਮਹਿਲਾਵਾਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਸਹੀ ਤਰੀਕੇ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ।
ਪਿੰਡਾਂ ਦੇ ਦੌਰੇ ਦੌਰਾਨ ਉਹ ਪਸ਼ੂਆਂ ਲਈ ਅਰਾਮਦਾਇਕ ਅਤੇ ਸਾਫ਼-ਸੁਥਰੇ ਵਾਤਾਵਰਣ ਦੀ ਵਕਾਲਤ ਕਰਦੇ ਰਹੇ ਹਨ, ਤਾਂ ਜੋ ਦੁੱਧ ਉਤਪਾਦਨ ਵਧੇ ਅਤੇ ਦੁੱਧ ਚੰਗੀ ਗੁਣਵੱਤਾ ਦਾ ਹੋਵੇ। ਉਹ ਡੇਅਰੀ ਪਸ਼ੂਆਂ ਦੀ ਸਹੀ ਦੇਖਭਾਲ, ਪੋਸ਼ਣ ਅਤੇ ਸਿਹਤ ਪ੍ਰਬੰਧਨ ਦੀ ਵੀ ਵਕਾਲਤ ਕਰ ਰਿਹਾ ਹੈ।
ਸ੍ਰੀ ਐਡ. ਮਰਕਸ ਟਿਕਾਊ ਡੇਅਰੀ ਕੰਮਾਂ ‘ਤੇ ਜ਼ੋਰ ਦੇ ਰਿਹਾ ਹੈ ਜਿਵੇਂ ਕਿ ਜਾਨਵਰਾਂ ਨੂੰ ਬਹੁਤ ਲੰਬੇ ਸਮੇਂ ਲਈ ਨਾ ਖੜ੍ਹਾ ਕਰਨਾ, ਉਸ ਨੂੰ ਆਰਾਮ ਦੇਣਾ, ਉਸ ਨੂੰ ਆਰਾਮਦਾਇਕ ਥਾਂ ਉੱਤੇ ਬਿਠਾਉਣਾ ਅਤੇ ਵਧੀਆ ਤੇ ਸੰਤੁਲਿਤ ਆਹਾਰ ਵਾਲੀ ਪਸ਼ੂ ਫੀਡ ਦੇਣਾ। ਉਨ੍ਹਾਂ ਕਿਹਾ ਕਿ ਔਰਤਾਂ ਡੇਅਰੀ ਦਾ ਧੰਦਾ ਕੁਸ਼ਲਤਾ ਨਾਲ ਚਲਾਉਣ ਲਈ ਵਧੇਰੇ ਸਸ਼ਕਤ ਹੁੰਦੀਆਂ ਹਨ ਕਿਉਂਕਿ ਉਹ ਪਸ਼ੂਆਂ ਦੀ ਵਧੀਆ ਤਰੀਕੇ ਨਾਲ ਦੇਖਭਾਲ ਕਰਨ ਦੇ ਯੋਗ ਹੁੰਦੀਆਂ ਹਨ |
ਉਨ੍ਹਾਂ ਸਹਿਕਾਰਤਾ ਉੱਤੇ ਅਧਾਰਿਤ ਚਲਾਏ ਜਾ ਰਹੇ ਵੇਰਕਾ ਵਰਗੇ ਯਤਨਾਂ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਜਿਸ ਨੇ ਦੁੱਧ ਉਤਪਾਦਨ ਵਿੱਚ ਨਵਾਂ ਅਧਿਆਏ ਲਿਖਿਆ ਹੈ ਅਤੇ ਲਗਾਤਾਰ ਵਿਕਾਸ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਗ੍ਰਾਂਟ ਥੌਰਨਟਨ ਭਾਰਤ ਬਰਨਾਲਾ, ਮੋਗਾ, ਰੂਪਨਗਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ 27000 ਮਹਿਲਾ ਲਾਭਪਾਤਰੀਆਂ ਨੂੰ ਸ਼ਾਮਿਲ ਕਰਨ ਲਈ ਕੰਮ ਕਰ ਰਿਹਾ ਹੈ। ਇਹ ਖੇਤੀਬਾੜੀ ਖੇਤਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨਾਲ ਕੰਮ ਕਰਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਗ੍ਰਾਂਟ ਥੌਰਨਟਨ ਤੋਂ ਮਨਪ੍ਰੀਤ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।