–ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਜਾਂਚ ਸਬੰਧੀ ਪੈਰਾ ਮੈਡੀਕਲ ਸਟਾਫ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ: ਜ਼ਿਲ੍ਹਾ ਟੀਕਾਕਰਨ ਅਫ਼ਸਰ
–ਨਿਮੋਨੀਆ ਬਾਰੇ ਜਾਗਰੂਕਤਾ ਲਈ ਪੋਸਟਰ ਕੀਤਾ ਜਾਰੀ
29 ਦਸੰਬਰ (ਗਗਨਦੀਪ ਸਿੰਘ) ਬਰਨਾਲਾ: ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਪਹਿਚਾਣ ਕਰਕੇ ਉਨ੍ਹਾਂ ਦੇ ਤੁਰੰਤ ਇਲਾਜ਼ ਲਈ “ਸਾਂਸ” ਪ੍ਰੋਗਰਾਮ ਤਹਿਤ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਬਿੰਦਰ ਕੌਰ, ਡਾ.ਰਵਿੰਦਰ ਮਹਿਤਾ ਅਤੇ ਡਾ. ਅੰਕੁਸ ਜਿੰਦਲ ਬੱਚਿਆਂ ਦੇ ਮਾਹਿਰ ਵੱਲੋਂ ਡਾਕਟਰ, ਏ. ਐਨ. ਐਮ., ਸੀ. ਐਚ. ਓ. ਅਤੇ ਆਸ਼ਾ ਦੀ ਸਿਖਲਾਈ ਕਰਵਾਈ ਗਈ ਹੈ ਤਾਂ ਜੋ ਬੱਚਿਆਂ ‘ਚ ਨਿਮੋਨੀਆ ਦੀ ਜਲਦੀ ਪਹਿਚਾਨ ਕਰਕੇ ਸਮੇਂ ਸਿਰ ਇਲਾਜ ਕਰਕੇ ਬੱਚਿਆਂ ‘ਚ ਮੌਤ ਦਰ ਨੂੰ ਘਟਾਇਆ ਜਾ ਸਕੇ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਵੱਲੋਂ ਕੀਤਾ ਗਿਆ।
ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਰਾਜ ਵਿਚ “ਸਾਂਸ” ( ਸੋਸ਼ਲ ਅਵੈਅਰਨੈਸ ਐਂਡ ਐਕਸ਼ਨ ਟੂ ਨਿਉਟਰੀਲਾਈਜ ਨਿਮੋਨੀਆ ਸਕਸੈਸਫੁਲੀ) ਪ੍ਰੋਗਰਾਮ ਦਾ ਮੁੱਖ ਮੰਤਵ ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਜਾਂਚ ਕਰਕੇ ਪ੍ਰਭਾਵਤ ਬੱਚਿਆਂ ਦਾ ਜਲਦ ਇਲਾਜ ਕਰਨਾ ਹੈ ਤਾਂ ਜੋ ਨਿਮੋਨੀਆ ਕਾਰਣ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਿਮੋਨਿਆਂ ਫੇਫੜਿਆਂ ਵਿਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਸਭ ਤੋ ਵੱਡਾ ਕਾਰਨ ਹੈ।ਇਸ ਲਈ ਬੱਚਿਆਂ ਵਿਚ ਨਿਮੋਨੀਆ ਦੇ ਲੱਛਣ ਹੋਣ ‘ਤੇ ਘਰੇਲੂ ਇਲਾਜ਼ ਕਰਾਉਣ ਦੀ ਬਜਾਏ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾਂ ਨਾਲ ਸੰਪਰਕ ਕਰਕੇ ਇਲਾਜ ਕਰਵਾਇਆ ਜਾਵੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਬਿੰਦਰ ਕੌਰ ਨੇਂ ਦੱਸਿਆ ਕਿ ਛੋਟੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦੇ ਦੁੱਧ ਪਿਲਾਉਣ , ਬੱਚੇ ਨੂੰ ਨਿੱਘਾ ਰੱਖਣ, ਪ੍ਰਦੂਸ਼ਣ ਰਹਿਤ ਆਲਾ ਦੁਆਲਾ, ਨਿੱਜੀ ਸਾਫ਼ ਸਫ਼ਾਈ ਰੱਖਣਾ ਅਤੇ ਪੂਰਾ ਟੀਕਾਕਰਣ ਕਰਵਾਉਣਾ ਜਰੂਰੀ ਹੈ ਇਸ ਲੜੀ ਤਹਿਤ ਪੀ.ਸੀ.ਵੀ. ਟੀਕਾ ਲਗਵਾਉਣਾ ਵੀ ਜ਼ਰੂਰੀ ਹੈ । ਨਿਮੋਨੀਆ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਬੱਚਿਆਂ ਵਿੱਚ ਖਾਂਸੀ ਅਤੇ ਜੁਕਾਮ ਦਾ ਵੱਧਣਾ, ਸਾਹ ਤੇਜੀ ਨਾਲ ਲੈਣਾ, ਸਾਹ ਲੈਂਦੇ ਸਮੇਂ ਪਸਲੀ ਚੱਲਣਾ ਜਾਂ ਛਾਤੀ ਦਾ ਥੱਲੇ ਧਸਣਾ ਅਤੇ ਗੰਭੀਰ ਲੱਛਣ ਜਿਵੇਂ ਬੱਚੇ ਦਾ ਖਾ-ਪੀ ਨਾ ਸਕਣਾ, ਝੱਟਕੇ ਆਉਣਾ, ਸੁਸਤੀ ਜਾਂ ਨੀਂਦ ਜਿਆਦਾ ਆਉਣਾ ਆਦਿ ਵਾਲੇ ਬੱਚਿਆਂ ਦਾ ਤੁਰੰਤ ਇਲਾਜ਼ ਜਰੂਰੀ ਹੈ।
ਇਸ ਸਮੇਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਪ੍ਰਵੇਸ ਕੁਮਾਰ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਬਿੰਦਰ ਕੌਰ ਵੱਲੋਂ ਸਾਂਸ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਅ ਸਬੰਧੀ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਸਮੇਂ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ, ਹਰਜੀਤ ਸਿੰਘ ਜ਼ਿਲ੍ਹਾ ਬੀ. ਸੀ. ਸੀ. ਕੋਆਰਡੀਨੇਟਰ, ਸੁਖਪਾਲ ਕੌਰ ਸਕੂਲ ਹੈਲਥ ਕੋਆਰਡੀਨੇਟਰ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਹਾਜਰ ਸਨ।