ਦਸ ਹਜ਼ਾਰ ਨੌਜਵਾਨ ਮੁੰਡੇ ਕੁੜੀਆਂ ਨੂੰ ਅਧਿਆਪਕ ਬਣਾਉਂਣ ਵਾਲਾ ਮਹਾਂ ਮਾਸਟਰ ਹਰਜੀਵਨ ਸਿੰਘ ਸਰਾਂ ।
ਮਾਨਸਾ ਦਾ ਕਚਹਿਰੀ ਰੋਡ ਆਈਲੈਟਸ ਸੈਂਟਰਾਂ ਦੀ ਹੱਬ ਹੈ।ਬੱਸ ਸਟੈਂਡ ਤੋ ਲੈ ਕੇ ਕਚਹਿਰੀ ਤੱਕ ਸਾਰੀ ਸੜਕ ਕਿਨਾਰੇ ਕੱਚ ਦੀਆਂ ਇਮਾਰਤਾਂ ਪਾਲ਼ੋ ਪਾਲ ਖੜੀਆਂ ਹਨ । ਰੰਗਲੇ ਸ਼ੀਸ਼ਿਆਂ ਵਿੱਚ ਬੈਠੇ ਲੋਕਾਂ ਨੇ ਪੰਜਾਬ ਨੂੰ ਉਜਾੜਨ ਦੀ ਧਾਰ ਰੱਖੀ ਹੈ। ਪਰ ਇੱਥੇ ਹੀ ਇੱਕ ਐਸਾ ਵਿਆਕਤੀ ਵੀ ਬੈਠਾ ਹੈ ਜਿਸਨੇ ਪੰਜਾਬ ਨੂੰ ਹੱਸਦਾ ਤੇ ਵੱਸਦਾ ਰੱਖਣ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ।ਦਸਮੇਸ਼ ਅਕੈਡਮੀ ਦੇ ਪ੍ਰਬੰਧਕ ਹਰਜੀਵਨ ਸਿੰਘ ਸਰਾਂ ਦਾ ਪਿੰਡ ਪਿਲਛੀਆਂ ਭਾਵੇਂ ਹਰਿਆਣੇ ਵਿੱਚ ਹੈ ਪਰ ਉਸਨੇ ਆਪਣੀ ਕਰਮ ਭੂਮੀ ਪੰਜਾਬ ਨੂੰ ਹੀ ਬਣਾਇਆ ਹੋਇਆ ਹੈ। ਸ਼ੁੱਧ ਵਿੱਦਿਅਕ ਅਗਵਾਈ ਕਰਨ ਵਾਲੇ ਇਸ ਹੀਰੇ ਬੰਦੇ ਨੇ ਹੁਣ ਤੱਕ ਦਸ ਹਜ਼ਾਰ ਤੋਂ ਵੀ ਜਿਆਦਾ ਨੌਜਵਾਨ ਮੁੰਡੇ ਕੁੜੀਆਂ ਨੂੰ ਅਧਿਆਪਕ ਯੋਗਤਾ ਪ੍ਰੀਖਿਆ ਅਤੇ ਸਕਰੀਨਿੰਗ ਪ੍ਰੀਖਿਆ ਦੀ ਤਿਆਰੀ ਕਰਵਾ ਕੇ ਅਧਿਆਪਕ ਬਣਾ ਦਿੱਤਾ ਹੈ। 25 ਹਜ਼ਾਰ ਸਕੂਲਾਂ ਵਾਲੇ ਪੂਰੇ ਪੰਜਾਬ ਦਾ ਕੋਈ ਵੀ ਐਸਾ ਸਕੂਲ ਜਾਂ ਪਿੰਡ ਨਹੀਂ ਜਿੱਥੇ ਹਰਜੀਵਨ ਸਿੰਘ ਸਰਾਂ ਅਤੇ ਉਨ੍ਹਾਂ ਦੀ ਜੀਵਨ ਸਾਥਣ ਬਬਨਦੀਪ ਕੌਰ ਦਾ ਚੰਡਿਆ ਅਧਿਆਪਕ ਨਾ ਪੁੱਜਿਆ ਹੋਵੇ। ਹਰਜੀਵਨ ਨੂੰ ਜੇਕਰ ਲੋੜਬੰਦ ਮੁੰਡੇ ਕੁੜੀਆਂ ਦਾ ਰੱਬ ਕਹਿ ਦਿੱਤਾ ਜਾਵੇ ਤਾਂ ਮੈਨੂੰ ਲੱਗਦੈ ਰੱਬ ਵੀ ਗੁੱਸਾ ਨਹੀਂ ਮਨਾਏਗਾ ।ਹੋਰਾਂ ਨੂੰ ਅਧਿਆਪਕ ਬਣਾਉਂਣ ਦੀ ਯੋਗਤਾ ਰੱਖਣ ਵਾਲੇ ਹਰਜੀਵਨ ਵਿੱਚ ਮੁਕਾਬਲੇ ਦੀਆਂ ਬਹੁਤੀਆਂ ਪ੍ਰੀਖਿਆਵਾਂ ਪਾਸ ਕਰਨ ਦੀ ਯੋਗਤਾ ਦੀ ਕੋਈ ਘਾਟ ਨਹੀਂ ਪਰ ਉਸਨੇ ਖੁਦ ਸਾਰੀਆਂ ਸਰਕਾਰੀ ਨੌਕਰੀਆਂ ਦਾ ਤਿਆਗ ਕਰਕੇ ਇੱਕ ਵੱਖਰਾ ਹੀ ਮਿਸ਼ਨ ਵਿੱਢਿਆ ਹੋਇਆ ਹੈ ।ਬਬਨਦੀਪ ਕੌਰ ਦਾ ਵੀ ਆਸਟਰੇਲੀਆ ਦਾ ਵੀਜਾ ਲੱਗ ਚੁੱਕਾ ਸੀ ਪਰ ਉਸਨੂੰ ਵੀ ਪੰਜਾਬ ਦੀ ਮਿੱਟੀ ਦੇ ਮੋਹ ਨੇ ਪੁਲਾਂਘ ਨੀਂ ਤੁਰਨ ਦਿੱਤਾ ।
ਕੁਦਰਤ ਦੇ ਕਾਦਰ ਨੇ ਹਰਜੀਵਨ ਸਿੰਘ ਸਰਾਂ ਵਿੱਚ ਵੇਖੋ ਕਿੰਨੇ ਕਾਰਜ਼ਸ਼ੀਲ, ਮਿਹਨਤੀ, ਇਮਾਨਦਾਰ ਤੇ ਦਿਆਲੂ ਦਿਲ ਤੇ ਦਿਮਾਗ ਫਿੱਟ ਕੀਤੇ ਹੋਏ ਨੇ ਕਿ ਉਹ ਗਿਆਨ ਮੰਗਣ ਆਏ ਕਿਸੇ ਵੀ ਵਿਦਿਆਰਥੀ ਨੂੰ ਖਾਲੀ ਨਹੀਂ ਮੋੜਦਾ ਚਾਹੇ ਆਉਂਣ ਵਾਲੇ ਦੀ ਜੇਬ `ਚ ਧੇਲਾ ਨਾ ਹੋਵੇ। ਇੱਕ ਪਾਸੇ ਮਾਇਆ ਦੀਆਂ ਪੰਡਾਂ ਬੰਨ੍ਹਣ ਲਈ ਕਾਹਲੇ ਆਈਲੈਟਸ ਸੈਂਟਰਾਂ ਵਾਲੇ ਘਰਾਂ ਦੇ ਘਰ ਉਜਾੜ ਰਹੇ ਹਨ ਤੇ ਦੂਸਰੇ ਪਾਸੇ ਅੱਗ ਨਾਲ ਸੜਕੇ ਸੁਆਹ ਹੋ ਰਹੇ ਜੰਗਲ ਵਿੱਚ ਉੱਗੇ ਇਸ ਹਰੇ ਬੂਟੇ ਨੇ ਪੰਜਾਬ ਦੇ ਕੋਨੇ ਕੋਨੇ `ਚ ਸਿਰਾਂ ਦੀ ਜੋਤ ਜਗਾਉਂਣ ਵਾਲੇ ਅਧਿਆਪਕਾਂ ਦਾ ਢੇਰ ਲਾ ਦਿੱਤਾ ਹੈ।ਹਰਜੀਵਨ ਦੱਸਦਾ ਸੀ ਕਿ ਅਧਿਆਪਕਾਂ ਦੀ ਕੁਰਸੀ `ਤੇ ਬੈਠਣ ਤੋਂ ਬਾਅਦ ਖੁਸ਼ੀ ਖੁਸ਼ੀ ਦਸਮੇਸ਼ ਅਕੈਡਮੀ ਮਾਨਸਾ ਮੂੰਹ ਮਿੱਠਾ ਕਰਵਾਉਂਣ ਆਏ ਮੁੰਡੇ ਕੁੜੀਆਂ ਨੇ ਹੁਣ ਤੱਕ ਪੌਣੇ ਚਾਰ ਸੌ ਮਣ ਮਠਿਆਈ ਇਨ੍ਹਾਂ ਮੇਜ਼ ਕੁਰਸੀਆਂ `ਤੇ ਵੰਡ ਦਿੱਤੀ ਹੈ।ਕੋਈ ਸੱਚੇ ਦਿਲੋਂ ਨੌਜਵਾਨਾਂ ਦੀ ਅਗਵਾਈ ਕਰਨ ਵਾਲਾ ਮਿਲ ਜਾਵੇ ਤਾਂ ਮਾਨ ਸਤਿਕਾਰ ਵਿੱਚ ਕਮੀ ਉਹ ਵੀ ਨਹੀਂ ਰਹਿਣ ਦਿੰਦੇ ।ਹਰਜੀਵਨ ਦੱਸਦਾ ਹੈ ਕਿ ਲੁਧਿਆਣੇ ਦੇ ਭੁੱਟਾ ਪਿੰਡ ਦੀ ਇੱਕ ਬੱਚੀ ਅਤੇ ਗੁੜਗਾਓਂ ਦੀ ਮਮਤਾ ਨੇ ਆਪਣੀ ਨੌਕਰੀ ਦੀ ਪਹਿਲੀ ਤਨਖਾਹ ਦਸਮੇਸ਼ ਅਕੈਡਮੀ ਨੂੰ ਦਾਨ ਕਰ ਦਿੱਤੀ ਸੀ ਤੇ ਅਜਿਹੇ ਬੱਚਿਆਂ ਦੀ ਕੋਈ ਘਾਟ ਨਹੀਂ ਹੈ। ਰੱਬ ਹਰਜੀਵਨ ਸਿੰਘ ਸਰਾਂ ਨੂੰ ਹੋ ਹਿੰਮਤ ਤੇ ਸ਼ਕਤੀ ਦੇਵੇ ਤਾਂ ਜ਼ੋ ਉਹ ਰੁਜਗਾਰ ਦੀ ਭਾਲ ਵਿੱਚ ਵਿਖਰ ਰਹੇ ਪੰਜਾਬ ਨੂੰ ਇੱਥੇ ਹੀ ਕਨੇਡਾ ਬਣਾ ਛੱਡੇ ।