ਕਰਨ ਸਿੰਘ ਭੀਖੀ
ਭੀਖੀ, 12 ਅਕਤੂਬਰ
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਲਾਨੇ ਜੱਜ ਦੇ ਨਤੀਜਿਆਂ ਵਿੱਚ ਕਸਬਾ ਭੀਖੀ ਬਲਾਕ ਦੇ ਤਿੰਨ ਹੋਣਹਾਰ ਨੌਜਵਾਨ ਗੌਰਵ ਮਿੱਤਲ ਪੁੱਤਰ ਰਜਿੰਦਰ ਮਿੱਤਲ ਭੀਖੀ, ਪ੍ਰਿੰਅਕਾ ਰਾਣੀ ਪੁੱਤਰੀ ਤਰਸੇਮ ਚੰਦ ਵਾਸੀ ਖੀਵਾ ਕਲਾਂ ਅਤੇ ਹਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਹੋਡਲਾ ਕਲਾਂ ਨੇ ਨੌਕਰੀਆਂ ਪ੍ਰਾਪਤ ਕਰਕੇ ਜਿੱਥੇ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਇਲਾਕਾ ਨਿਵਾਸੀ ਫਕਰ ਮਹਿਸੂਸ ਕਰ ਰਹੇ ਹਨ। ਗੌਰਵ ਮਿੱਤਲ ਦੇ ਪਿਤਾ ਸਮਾਜਸੇਵੀ ਰਜਿੰਦਰ ਮਿੱਤਲ ਨੇ ਕਿਹਾ ਕਿ ਸੰਘਰਸ਼ ਕਰਨ ਨਾਲ ਸਾਰੀਆਂ ਔਕੜਾਂ ਦੂਰ ਹੋ ਜਾਂਦੀਆਂ ਹਨ, ਕਦੇ ਵੀ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ।
ਇਸ ਬਾਰੇ ਨੌਜਵਾਨ ਕਾਂਗਰਸੀ ਆਗੂ ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਜਿੱਥੇ ਮਾਨਸਾ ਜਿਲ੍ਹੇ ਨੇ ਵੱਡੇ-ਵੱਡੇ ਸਾਹਿਤਕਾਰ, ਗਾਇਕ, ਗੀਤਕਾਰ, ਖਿਡਾਰੀ ਪੈਦਾ ਕੀਤੇ ਹਨ, ਉਥੇ ਹੀ ਸਾਡੇ ਨੌਜਵਾਨ ਨੌਕਰੀਆਂ ਵਿੱਚ ਵੀ ਮੱਲਾਂ ਮਾਰ ਰਹੇ ਹਨ, ਮਾਨਸਾ ਜਿਲ੍ਹਾ ਹਰ ਕਦਮ ਅੱਗੇ ਵੱਲ ਵੱਧ ਰਿਹਾ ਹੈ।