ਸਰਕਾਰ ਕਾਰਕੁੰਨਾਂ ਨੂੰ ਡਰਾਉਣ ਦੀ ਥਾਂ ਫਾਲਤੂ ਖਰਚਿਆਂ ਤੇ ਲਗਾਮ ਲਗਾਵੇ – ਨਾਜਰ ਸਿੰਘ ਮਾਨਸ਼ਾਹੀਆ
ਮਾਨਸਾ 1 ਅਕਤੂਬਰ (ਬਲਜੀਤ ਪਾਲ):
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹਰ ਰੋਜ ਨਵਾਂ ਚੰਦ ਚਾੜਦੀ ਰਹਿੰਦੀ ਹੈ। ਹੁਣ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਦੀ ਪੋਲ ਖੋਲਦੇ ਰਹਿਣ ਵਾਲੇ ਪੰਜਾਬ ਦੇ ਉੱਘੇ RTI ਕਾਰਕੁੰਨ ਮਾਨਸਾ ਵਾਸੀ ਮਾਨਿਕ ਗੋਇਲ ਨੂੰ ਟਵਿਟਰ ਤੇ ਕੀਤੇ ਟਵੀਟ ਨੂੰ ਡਲੀਟ ਕਰਨ ਦੀ ਹਦਾਇਤ ਦੇ ਦਿੱਤੀ ਹੈ।
ਮਾਨਿਕ ਗੋਇਲ ਨੇ ਇੱਕ ਟੈਂਡਰ ਦਾ ਨੋਟਿਸ ਟਵੀਟ ਕੀਤਾ ਕਿ ਪੰਜਾਬ ਸਰਕਾਰ ਇੱਕ 10 ਸੀਟਾਂ ਵਾਲੇ VVIP ਜਹਾਜ ਦਾ ਨਵਾਂ ਟੈਂਡਰ ਕੱਢ ਰਹੀ ਹੈ। ਜਦੋਂ ਹੀ ਮਾਨਿਕ ਗੋਇਲ ਨੇ ਇਹ ਟਵੀਟ ਕੀਤਾ ਤਾਂ ਉਸੇ ਸਮੇਂ ਪੰਜਾਬ ਪੁਲਿਸ ਨੇ ਆਪਣੇ ਉਫੀ਼ਸ਼ੀਅਲ ਹੈਂਡਲ ਤੋਂ ਲਿਖਿਆ ਕਿ ਇਹ ਡਾਕੂਮੈਂਟ ਸੈਂਸਟਿਵ ਹੈ , ਇਹ ਸਕਿਉਰਟੀ ਨਾਲ ਸੰਬੰਧਿਤ ਡਾਕੂਮੈਂਟ ਹੈ। ਇਸਨੂੰ ਤੁਰੰਤ ਡਲੀਟ ਕਰੋ ਅਤੇ ਅੱਗੇ ਤੋ ਵੀ ਇਹੋਜਾ ਕੁਝ ਪਾਉਨ ਲੱਗੇ ਧਿਆਨ ਦੇਵੋ। ਪਰ ਮਾਨਿਕ ਗੋਇਲ ਨੇ ਜਵਾਬ ਦਿੱਤਾ ਕਿ ਇਹ ਡਲੀਟ ਨਹੀਂ ਹੋਵੇਗਾ ਕਿਉਕਿ ਇਹ ਕੋਈ ਖੂਫੀਆ ਡਾਕੂਮੈਂਟ ਨਹੀਂ ਬਲਕਿ ਸਰਕਾਰੀ ਵੈੱਬਸੈਈਟ ਤੇ ਪਿਆ ਟੈਂਡਰ ਦਾ ਨੋਟਿਸ ਹੈ।
ਮਾਨਸਾ ਤੋਂ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਪੰਜਾਬ ਪੁਲਿਸ ਦੇ ਇਸ ਡਰਾਵੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਕਿਹਾ ਕਿ ਸਰਕਾਰ ਇਹੋਜੇ ਡਰਾਵੇ ਦੇ ਕੇ ਮਾਨਿਕ ਵਰਗੇ ਕਾਰਕੁੰਨਾ ਨੂੰ ਚੁੱਪ ਕਰਾਉਣਾ ਚਾਹੁੰਦੀ ਹੈ ਜੋ ਹਰ ਨਵੇ ਦਿਨ ਸਰਕਾਰ ਦੀ ਪੋਲ ਖੋਲਦੇ ਹਨ। ਦਰਅਸਲ ਮਾਨਿਕ ਦੁਆਰਾ ਜਦੋਂ ਇਹ ਨੋਟਿਸ ਟਵਿਟਰ ਤੇ ਨਸ਼ਰ ਕੀਤਾ ਗਿਆ ਤਾਂ ਇਹ ਪੂਰੇ ਦੇਸ਼ ਵਿੱਚ ਵਾਇਰਲ ਹੋ ਗਿਆ ਜਿਸਤੋਂ ਔਖਾ ਹੋ ਕੇ ਸਰਕਾਰ ਨੇ ਮਾਨਿਕ ਨੂੰ ਪੁਲਿਸ ਤੋਂ ਧਮਕੀ ਦਵਾ ਦਿੱਤੀ।
ਉਹਨਾਂ ਕਿਹਾ ਕਿ ਸਰਕਾਰ ਇਹੋਜੇ ਡਰਾਵੇ ਦੇਣ ਦੀ ਥਾਂ ਤੇ ਆਪਣੇ ਖਰਚੇ ਕੰਟਰੋਲ ਕਰੇ ਕਿਉਕਿ ਉਹ ਪਹਿਲਾਂ ਹੀ ਡੇਢ ਸਾਲ ਵਿੱਚ 50,000 ਕਰੋੜ ਦੇ ਕਰੀਬ ਕਰਜਾ ਲੈ ਚੁੱਕੀ ਹੈ ਜਿਸ ਵਿੱਚੋਂ ਬਹੁਤਾ ਖਰਚਾ ਇਸ਼ਤਿਹਾਰਬਾਜੀ , ਜਹਾਜਾਂ ਆਦਿ ਤੇ ਹੀ ਕੀਤ ਹੈ। ਪੰਜਾਬ ਵਿੱਚ ਕੋਈ ਵੀ ਵੱਡਾ ਵਿਕਾਸ ਕਾਰਜ ਕੀਤਾ ਜਾਂ ਚਲਦਾ ਨਹੀਂ ਦਿਸਦਾ ਜੋ ਐਨੀ ਵੱਡੀ ਕਰਜੇ ਦੀ ਰਕਮ ਲਈ ਗਈ।
“ਜੇ ਸਰਕਾਰ ਇਸੇ ਤਰ੍ਹਾਂ ਸਵਾਲ ਕਰਨ ਵਾਲੇ ਅਤੇ ਪੋਲਾਂ ਖੋਲਣ ਵਾਲੇ ਕਾਰਕੁੰਨਾਂ ਨੂੰ ਡਰਾਉੰਦੀ ਰਹੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਭਗਵੰਤ ਮਾਨ ਅਤੇ ਕੇਜਰੀਵਾਲ ਖੁਦ ਸਰਕਾਰ ਬਨਣ ਤੋਂ ਪਹਿਲਾਂ ਸਰਕਾਰਾਂ ਨੂੰ ਸਵਾਲ ਕਰਨ ਦੀ ਗੱਲ ਕਰਦੇ ਸਨ। ਕੇਜਰੀਵਾਲ ਖੁਦ ਮਾਨਿਕ ਗਇਲ ਵਾਂਗ RTI ਕਾਰਕੁੰਨ ਸਨ। ਹੁਣ ਜਦੋਂ ਸਰਕਾਰ ਬਣ ਗਈ ਤਾਂ ਕਿਉ ਉਹ ਗੱਲਾਂ ਭੁੱਲ ਗਏ ? ਕਿਉ ਸਵਾਲ ਕਰਨ ਵਾਲੇ ਲੋਕਾਂ ਨੂੰ ਡਰਾਉਣ ਲੱਗ ਗਏ ?” ਮਾਨਸ਼ਾਹੀਆ ਨੇ ਕਿਹਾ
ਅਖੀਰ ਵਿੱਚ ਮਾਨਸ਼ਾਹੀਆ ਨੇ ਮੁੱਖਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਨੂੰ ਨਸੀਹਤ ਦਿੱਤੀ ਕਿ ਸਰਕਾਰਾਂ ਅਤੇ ਪੁਲਿਸ ਬੋਲਣ ਦੀ ਅਜਾਦੀ ਅਤੇ ਕਾਰਕੁੰਨਾਂ ਦੀ ਸੁਰੱਖਿਆ ਲਈ ਹੁੰਦੀਆਂ ਹਨ ਨਾ ਕਿ ਡਰਾਵੇ ਦੇਣ ਲਈ । ਮਾਨਿਕ ਗੋਇਲ ਵਰਗੇ ਬਹਾਦੁਰ ਕਾਰਕੁੱਨ ਡਰਨ ਵਾਲੇ ਨਹੀਂ, ਅਸੀਂ ਸਾਰੇ ਉਹਨਾਂ ਦੇ ਨਾਲ ਡਟ ਕੇ ਖੜੇ ਹਾਂ। ਜੇ ਕੋਈ ਉੱਨੀ ਇੱਕੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬ ਕਾਂਗਰਸ ਵੱਡਾ ਸੰਘਰਸ਼ ਕਰੇਗੀ।