ਨੈਸ਼ਨਲ ਹਾਈਵੇ ਉਪਰ ਟਰੈਕਟਰ ਟਰਾਲੀ ਅਤੇ ਸਵਿਫਟ ਕਾਰ ਹਾਦਸੇ ਦੌਰਾਨ ਕਾਰ ਸਵਾਰ ਚਾਰ
ਦੋਸਤਾਂ ਵਿੱਚੋਂ ਤਿੰਨ ਦੀ ਮੌਕੇ ਤੇ ਮੌਤ; ਇਕ ਗੰਭੀਰ ਜਖਮੀ
ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ ਨਾਲ ਧਾਰੀਵਾਲ ਸ਼ਹਿਰ ਅੰਦਰ ਸੋਗ ਦੀ ਲਹਿਰ
ਧਾਰੀਵਾਲ, 18 ਸਤੰਬਰ
ਨੈਸ਼ਨਲ ਹਾਈਵੇ ਪਠਾਨਕੋਟ-ਅੰਮ੍ਰਿਤਸਰ ਉਪਰ ਕਮਿਊਨਿਟੀ
ਹੈਲਥ ਸੈਂਟਰ (ਸੀਐਚਸੀ) ਨੌਸ਼ਹਿਰਾ ਮੱਝਾ ਸਿੰਘ ਦੇ ਸਾਹਮਣੇ ਟਰੈਕਟਰ ਟਰਾਲੀ ਅਤੇ ਇਕ
ਸਵਿਫਟ ਕਾਰ ਵਿੱਚ ਹੋਏ ਹਾਦਸੇ ਦੌਰਾਨ ਕਾਰ ਸਵਾਰ ਚਾਰ ਦੋਸਤਾਂ ਵਿੱਚੋਂ ਤਿੰਨ ਦੀ ਮੌਕੇ
ਤੇ ਮੌਤ ਹੋ ਗਈ, ਜਦਕਿ ਇਕ ਗੰਭੀਰ ਜਖਮੀ ਹੋ ਗਿਆ। ਇਸ ਜਬਰਦਸਤ ਹਾਦਸੇ ਦੌਰਾਨ ਕਾਰ ਦੇ
ਪਰਖੱਚੇ ਉਖਡ਼ ਗਏ। ਟਰਾਲੀ ਟਰੈਕਟਰ ਦਾ ਡਰਾਇਵਰ ਟਰਾਲੀ ਟਰੈਕਟਰ ਉਥੇ ਛੱਡ ਕੇ ਮੌਕੇ
ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਜਿਤਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ
ਫੱਜੂਪੁਰ ਧਾਰੀਵਾਲ, ਭੁਪਿੰਦਰ ਐਰੀ ਉਰਫ ਜਾਨੂੰ ਪੁੱਤਰ ਸੰਜੀਵ ਕੁਮਾਰ ਵਾਸੀ ਕ੍ਰਿਸ਼ਨਾ
ਗਲੀ ਧਾਰੀਵਾਲ, ਪੰਕਜ ਪੁੱਤਰ ਵਿਨੋਦ ਕੁਮਾਰ ਵਾਸੀ ਪਿੰਡ ਭੁੰਬਲੀ ਹਾਲ ਵਾਸੀ ਧਾਰੀਵਾਲ
ਵਜੋਂ ਹੋਈ। ਜਦਕਿ ਗੰਭੀਰ ਜਖਮੀਂ ਦੀ ਪਛਾਣ ਪੰਕਜ ਉਰਫ ਪੰਕੂ ਪੁੱਤਰ ਰਮੇਸ਼ ਕੁਮਾਰ ਵਾਸੀ
ਫੱਜੂਪੁਰ ਧਾਰੀਵਾਲ ਵਜੋਂ ਹੋਈ ਹੈ। ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਹੋਈ ਮੌਤ ਨਾਲ
ਸ਼ਹਿਰ ਧਾਰੀਵਾਲ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ
ਰਜਿਤਪ੍ਰੀਤ ਸਿੰਘ, ਭੁਪਿੰਦਰ ਐਰੀ ਉਰਫ ਜਾਨੂੰ,ਪੰਕਜ ਅਤੇ ਪੰਕਜ ਉਰਫ ਪੰਕੂ (ਚਾਰੇ
ਦੋਸਤ) ਸਵਿਫਟ ਡਿਜਾਇਰ ਕਾਰ ਨੰਬਰ ਪੀਬੀ 08 ਬੀਟੀ 0142 ’ਤੇ ਸਵਾਰ ਹੋ ਕੇ ਲੰਘੀ ਦੇਰ
ਰਾਤ ਨੂੰ ਨੈਸ਼ਨਲ ਹਾਈਵੇ ਉਪਰ ਧਾਰੀਵਾਲ ਤੋਂ ਬਟਾਲਾ ਨੂੰ ਜਾਂਦੇ ਸਮੇਂ ਸੀਐਚਸੀ
ਨੌਸ਼ਹਿਰਾ ਮੱਝਾ ਸਿੰਘ ਦੇ ਸਾਹਮਣੇ ਪੁੱਜੇ ਤਾਂ ਅੱਗੇ ਜਾ ਰਹੀ ਇਕ ਵੱਡ ਅਕਾਰੀ ਟਰਾਲੀ
ਟਰੈਕਟਰ ਦੇ ਪਿੱਛੇ ਜਾ ਟਕਰਾਈ। ਇਸ ਜਬਰਦਸਤ ਹਾਦਸੇ ਦੌਰਾਨ ਕਾਰ ਸਵਾਰ ਰਜਿਤਪ੍ਰੀਤ
ਸਿੰਘ, ਭੁਪਿੰਦਰ ਐਰੀ ਉਰਫ ਜਾਨੂੰ ਅਤੇ ਪੰਕਜ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਪੰਕਜ
ਉਰਫ ਪੰਕੂ ਗੰਭੀਰ ਜਖਮੀਂ ਹੋ ਗਿਆ। ਪੁਲੀਸ ਥਾਣਾ ਸੇਖਵਾਂ ਅਧੀਨ ਪੈਂਦੀ ਚੌਕੀ ਨੌਸ਼ਹਿਰਾ
ਮੱਝਾ ਸਿੰਘ ਦੇ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ
ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀਆਂ ਹਨ ਅਤੇ ਜਖਮੀਂ ਨੌਜਵਾਨ ਨੂੰ
ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਅਧਿਕਾਰੀ ਨੇ ਦੱਸਿਆ
ਕਿ ਟਰੈਕਟਰ ਟਰਾਲੀ ਨੂੰ ਕਬਜੇ ਵਿੱਚ ਲੈ ਕੇ ਟਰੈਕਟਰ ਦੇ ਅਣਪਛਾਤੇ ਡਰਾਇਵਰ ਵਿਰੁੱਧ
ਧਾਰਾ 304 ਏ, 279, 337, 338, 427 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ
ਦਿੱਤੀ ਹੈ।
ਕੈਪਸਨ: ਹਾਦਸਾ ਗ੍ਰਸਤ ਸਵਿਫਟ ਡਿਜਾਇਰ ਕਾਰ ਅਤੇ ਮ੍ਰਿਤਕਾਂ ਦੀਆਂ ਪੁਰਾਣੀਆਂ ਤਸਵੀਰਾਂ।