ਕੈਬਨਿਟ ਮੰਤਰੀ ਨੇ 23 ਕਰੋੜ ਦੀ ਲਾਗਤ ਨਾਲ 35 ਕਿਲੋਮੀਟਰ ਦੀਆਂ ਤਿੰਨ ਸੜਕਾਂ ਦਾ ਕੀਤਾ ਉਦਘਾਟਨ
ਹੜ੍ਹਾਂ ਦੌਰਾਨ ਟੁੱਟੀਆਂ ਸੜਕਾਂ ਵੀ ਜਲਦੀ ਬਣਨਗੀਆਂ ਨਵੀਆਂ-ਕੈਬਨਿਟ ਮੰਤਰੀ ਹਰਭਜਨ ਸਿੰਘ
ਬਲਜੀਤ ਸਿੰਘ
ਸਰਦੂਲਗੜ੍ਹ 17 ਸਤੰਬਰ
ਹਲਕਾ ਸਰਦੂਲਗੜ੍ਹ ਦੀਆਂ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਸੜਕਾਂ ਦਾ ਨਵੇਂ ਸਿਰੇ ਤੋਂ ਨਿਰਮਾਣ ਕਰਨ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ, ਟੀ,ਓ. ਵੱਲੋਂ ਕੀਤਾ ਗਿਆ।ਮੀਡੀਆ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ 23 ਕਰੋੜ ਦੀ ਲਾਗਤ ਨਾਲ ਹਲਕਾ ਸਰਦੂਲਗੜ੍ਹ ਦੀਆਂ ਤਕਰੀਬਨ 35 ਕਿਲੋਮੀਟਰ ਲੰਬੀਆਂ ਉਹ ਤਿੰਨ ਮੁੱਖ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਿੰਨ੍ਹਾਂ ਵੱਲ ਸਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਧਿਆਨ ਹੀ ਨਹੀ ਦਿੱਤਾ ਗਿਆ। ਉਨ੍ਹਾਂ ਕਿਹਾ ਕ ਬੇਸ਼ੱਕ ਇਸ ਹਲਕੇ ਲੀਡਰ ਵੱਡੇ ਹਨ ਤੇ ਉਹ ਮੁੱਖ ਮੰਤਰੀ ਦੀਆਂ ਵੀ ਸੱਜੀਆਂ-ਖੱਬੀਆਂ ਬਾਂਹਵਾਂ ਵੀ ਰਹੇ ਹਨ ਪਰ ਹਲਕੇ ਦੇ ਬਹੁਤੇ ਕੰਮ ਲੰਬੇ ਸਮੇਂ ਤੋਂ ਅਟਕੇ ਪਏ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਵਿਸ਼ੇਸ਼ ਯਤਨਾਂ ਤੇ ਵਿਧਾਨ ਸਭਾ ਚ ਹਲਕੇ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਉਠਾਉਣ ਕਰਕੇ ਹਲਕੇ ਚ ਵਿਕਾਸ ਕਾਰਜ ਹੋ ਰਹੇ ਹਨ।ਉਨ੍ਹਾਂ ਦੱਸਿਆ ਕਿ ਇੰਨਾਂ ਸੜਕਾਂ ਚ ਜਟਾਣਾ ਕੈੰਚੀਆਂ ਤੋਂ ਵਾਇਆ ਕੁਸਲਾ, ਨਥੇਹਾ ਤੱਕ, ਸਰਦੂਲੇਵਾਲਾ ਤੋਂ ਰੋੜੀ ਤੱਕ ਅਤੇ ਸਿਰਸਾ ਕੈੰਚੀਆਂ ਤੋਂ ਹਾਂਸਪੁਰ ਤੱਕ ਜੋ ਕਾਫ਼ੀ ਖਸਤਾ ਹਾਲਤ ਚ ਸਨ। ਇੰਨਾਂ ਸੜਕਾਂ ਦਾ ਨਵੇ ਸਿਰੇ ਤੋਂ ਨਿਰਮਾਣ ਹੋਣ ਨਾਲ ਲੋਕਾਂ ਨੂੰ ਕਾਫੀ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਸੜਕ ਬਨਣ ਤੋਂ ਬਾਅਦ ਵੀ ਪੰਜ ਸਾਲ ਤੱਕ ਸਬੰਧਤ ਸੜਕ ਦੇ ਰੱਖ-ਰੱਖਾਵ ਦੀ ਜਿੰਮੇਵਾਰੀ ਵੀ ਸਬੰਧਤ ਠੇਕੇਦਾਰ ਦੀ ਹੋਵੇਗੀ।ਉਨ੍ਹਾਂ ਦੱਸਿਆ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਅੇੈਸ.ਅੇੈਸ. ਅੇੈਫ. (ਸੜਕ ਸੁਰੱਖਿਆ ਫੋਰਸ) ਨੂੰ ਵੀ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਹੜ੍ਹਾਂ ਦੌਰਾਨ ਟੁੱਟ ਚੁੱਕੀਆਂ ਸੜਕਾਂ ਦਾ ਨਵੇਂ ਸਿਰੇ ਤੋਂ ਨਿਰਮਾਣਆਤੇ ਮੁਰੰਮਤ ਕਰਨ ਦਾ ਕੰਮ ਵੀ ਜਲਦੀ ਹੀ ਸੁਰੂ ਕੀਤਾ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਹਾ ਕਿ ਇਹ ਸੜਕਾਂ ਨੂੰ ਬਣਾਉਣ ਦੀ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਜੋ ਪੂਰੀ ਹੋਣ ਜਾ ਰਹੀ ਹੈ। ਉਨਾਂ ਕਿਹਾ ਕਿ ਹਲਕੇ ਦੀਆਂ ਜੋ ਵੀ ਮੰਗਾਂ ਹਨ ਸਭ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕੀਤਾ ਜੋ ਹਲਕੇ ਦੇ ਵਿਕਾਸ ਲਈ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰ ਰਹੇ ਹਨ। ਇਸ ਮੌਕੇ ਦਫਤਰ ਇੰਚਾਰਜ ਵਿਰਸ਼ਾ ਸਿੰਘ, ਡਾਇਰੈਕਟਰ ਗੁਰਸੇਵਕ ਸਿੰਘ ਝੁਨੀਰ, ਡਾ. ਹਰਦੇਵ ਸਿੰਘ ਕੋਰਵਾਲਾ, ਚਰਨ ਦਾਸ, ਹਰਦੇਵ ਸਿੰਘ ਉੱਲਕ, ਸਰਬਜੀਤ ਸਿੰਘ ਜਵਾਹਰਕੇ, ਜਸਵਿੰਦਰ ਸਿੰਘ ਭਾਊ, ਮਾ. ਬਲਵਿੰਦਰ ਸਿੰਘ, ਮਨਸਰੂਪ ਸਿੰਘ ਉੱਲਕ, ਨਾਜਰ ਸਿੰਘ ਘੁੱਦੂਵਾਲਾ, ਰੇਖਾ ਰਾਣੀ, ਹਰਜੋਤ ਕੌਰ ਆਦਿ ਹਾਜਰ ਸਨ।
ਕੈਪਸ਼ਨ: ਹਲਕਾ ਸਰਦੂਲਗੜ੍ਹ ਚ ਨਵੀਂ ਸੜਕ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨਾਲ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ।