ਨਿਬੰਧ :
ਪੰਜਾਬੀ ਬੋਲੀ ਦੁਨੀਆ ਦੀਆਂ ਕੁਝ ਗਿਣਵੀਆਂ ਚੁਣਵੀਆਂ ਮੁੱਖ ਬੋਲੀਆਂ ‘ਚੋਂ ਇੱਕ ਬੋਲੀ ਹੈ. ਜਿਸ ਦੀ ਵੱਡੀ ਖਾਸੀਅਤ ਹੈ ਕਿ ਇਹ ਬੋਲੀ ਸੰਪੂਰਨ ਹੈ. ਭਾਸ਼ਾ ਮਾਹਿਰ ਇਹ ਗੱਲ ਜਾਣਦੇ ਹਨ ਕਿ ਪੰਜਾਬੀ ਦੀਆਂ ਇਕਤਾਲੀ ਧੁਨੀਆ ਹਨ ਜਿਸ ਕਰਕੇ ਇਸ ਨੂੰ ਬੋਲਣ ਵਾਲਾ ਦੁਨੀਆ ਦੀ ਕਿਸੇ ਵੀ ਭਾਸ਼ਾ ਨੂੰ ਸ਼ੁਧਤਾ ਤੇ ਆਸਾਨੀ ਨਾਲ ਬੋਲ ਸਕਦਾ ਹੈ. ਜੇਕਰ ਅਸੀਂ ਬਾਹਰਲੇ ਮੁਲਕੀਂ ਜਾਣਾ ਹੈ ਤਾਂ ਸਾਨੂੰ ਪੰਜਾਬੀ ਦਾ ਪੂਰਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ. ਜਿਸਦੀ ਸਹਾਇਤਾ ਨਾਲ ਅਸੀਂ ਜਿਸ ਵੀ ਮੁਲਕ ਵਿੱਚ ਜਾਈਏ ਉੱਥੋਂ ਦੀ ਭਾਸ਼ਾ ਨੂੰ ਆਸਾਨੀ ਨਾਲ ਬੋਲ ਸਕੀਏ. ਕਿਉਂਕਿ, ਅੱਜ ਦਾ ਪੰਜਾਬ ਪੰਜ ਦਰਿਆਵਾਂ ਤੋਂ ਫੈਲ ਕੇ ਸਾਗਰਾਂ ਦਾ ਪੰਜਾਬ ਬਣ ਚੁੱਕਾ ਹੈ. ਦੁਨੀਆ ਦਾ ਚਾਹੇ ਕੋਈ ਵੀ ਦੇਸ਼ ਹੋਵੇ, ਪੰਜਾਬੀ ਹਰ ਜਗ੍ਹਾ ਵਿੱਚ ਰਹਿੰਦੇ ਹਨ. ਕਿਤੇ ਇਹਨਾਂ ਦੀ ਗਿਣਤੀ ਜ਼ਿਆਦਾ ਹੈ ਤਾਂ ਕਿਤੇ ਥੋੜੀ ਪਰ ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਮਿਲ ਜਾਂਦੇ ਹਨ. ਇੱਥੇ ਇੱਕ ਹੋਰ ਗੱਲ ਵੀ ਬਹੁਤ ਮਹੱਤਵਪੂਰਨ ਹੈ ਕਿ ਜੋ ਲੋਕ ਚਿੱਤਰਕਾਰੀ ਵਿੱਚ ਦਿਲਚਸਪੀ ਰੱਖਦੇ ਹਨ ਖਾਸ ਕਰ ਜਿਹਨਾਂ ਨੂੰ ਅੱਖਰ ਲਿਖਣ ਦਾ ਸ਼ੌਂਕ ਹੋਵੇ ਜੇਕਰ ਉਹ ਗੁਰਮੁਖੀ ਦੇ ਅੱਖਰਾਂ ਨੂੰ ਲਿਖਣ ਦੀ ਮੁਹਾਰਤ ਹਾਸਲ ਕਰ ਲੈਣ ਤਾਂ ਕਿਸੇ ਵੀ ਭਾਸ਼ਾ ਦੇ ਅੱਖਰ ਸੁੰਦਰ ਲਿਖਾਈ ਵਿੱਚ ਲਿਖ ਸਕਦੇ ਹਨ. ਸੋ ਪੰਜਾਬੀ ਬੋਲਣੀ ਤੇ ਲਿਖਣੀ ਸਾਡੇ ਲਈ ਖਾਸ ਕਰਕੇ ਪੰਜਾਬੀਆਂ ਲਈ ਹੋਰ ਕਈ ਪੱਖਾਂ ਤੋਂ ਜ਼ਰੂਰੀ ਹੋਣ ਕਰਕੇ ਇਹ ਪੱਖ ਵੀ ਬਹੁਤ ਮਹੱਤਵਪੂਰਨ ਤੇ ਲੋੜੀਂਦੇ ਹਨ.
ਅੱਜ ਪੰਜਾਬੀਆਂ ਦੀ ਆਮਦ ਦੁਨੀਆ ਭਰ ਵਿੱਚ ਹੈ ਅਤੇ ਲਗਾਤਾਰ ਇਸ ਵਿੱਚ ਵਾਧਾ ਵੀ ਹੋ ਰਿਹਾ ਹੈ. ਜਿੱਥੇ ਪੰਜਾਬ ਉੱਪਰ ਇਸਦਾ ਬਹੁਤ ਅਸਰ ਪੈ ਰਿਹਾ ਹੈ ਉੱਥੇ ਪੰਜਾਬੀਆਂ ਉੱਪਰ ਵੀ ਇਸਦਾ ਪ੍ਰਭਾਵ ਪੈਣਾ ਸੁਭਾਵਿਕ ਹੈ. ਸੋ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਧਰਤੀ ਦੇ ਨਾਲ ਨਾਲ ਪੰਜਾਬ ਦੇ ਲੋਕ ਵੀ ਪਰਵਾਸ ਦੇ ਚੰਗੇ ਮਾੜੇ ਭਾਵ ਦੋਵਾਂ ਪੱਖਾਂ ਤੋਂ ਪ੍ਰਭਾਵਿਤ ਹੋ ਰਹੇ ਹਨ. ਜਿਸ ਨਾਲ ਪੰਜਾਬ ਵਿੱਚ ਬਹੁਤ ਸਾਰੇ ਪੂਰਬੀ ਭਾਰਤ ਦੇ ਲੋਕ ਆ ਕੇ ਵੱਸ ਰਹੇ ਅਤੇ ਉਹ ਆਪਣਾ ਸੱਭਿਆਚਾਰ, ਬੋਲੀ, ਖਾਣਾ ਅਤੇ ਹੋਰ ਕਈ ਗੱਲਾਂ ਨੂੰ ਪੰਜਾਬ ਵਿੱਚ ਲੈ ਕੇ ਆ ਰਹੇ ਹਨ. ਉਸੇ ਤਰ੍ਹਾਂ ਪੰਜਾਬੀ ਆਪਣੇ ਨਾਲ ਬੋਲੀ, ਸੱਭਿਆਚਾਰ, ਧਰਮ ਤੇ ਵਿਰਸਾ ਵੀ ਨਾਲ ਲੈ ਕੇ ਗਏ ਹਨ ਤੇ ਜਾ ਰਹੇ ਹਨ. ਉੱਪਰ ਦੱਸੇ ਅਨੁਸਾਰ ਅੱਜ ਦਾ ਪੰਜਾਬ ਜਿਵੇਂ ਸਾਗਰਾਂ ਦਾ ਪੰਜਾਬ ਬਣ ਚੁੱਕਾ ਹੈ ਉਸੇ ਤਰ੍ਹਾਂ ਪੰਜਾਬੀ ਬੋਲੀ ਵੀ ਵਿਸਥਾਰ ਕਰ ਰਹੀ ਹੈ.
ਜੇਕਰ ਅਸੀਂ ਪੁਰਾਣੇ ਪੰਜਾਬ ਵੱਲ ਝਾਤ ਮਾਰਦੇ ਹਾਂ ਤਾਂ ਪੰਜਾਬੀ ਬੋਲਣ ਵਾਲੇ ਬਹੁ-ਗਿਣਤੀ ਮੁਸਲਿਮ, ਫਿਰ ਹਿੰਦੂ ਤੇ ਬਾਅਦ ਵਿੱਚ ਸਿੱਖ ਆਉਂਦੇ ਸਨ. ਪਰ 1947 ਦੀ ਵੰਡ ਤੋਂ ਬਾਅਦ ਪੰਜਾਬ ਦੇ ਦੋ ਹਿੱਸੇ ਹੋਣ ਕਰਕੇ ਲਹਿੰਦਾ ਪੰਜਾਬ ਪਾਕਿਸਤਾਨ ਵੱਲ ਰਹਿ ਗਿਆ ਤੇ ਚੜ੍ਹਦਾ ਪੰਜਾਬ ਭਾਰਤ ਵੱਲ ਰਹਿ ਗਿਆ. ਕਦੇ ਖੁਦਮੁਖਤਿਆਰ ਰਾਜ ਕਹਾਉਣ ਵਾਲਾ ਪੰਜਾਬ ਇੱਕ ਨਾਮਾਤਰ ਰਾਜ (ਸਟੇਟ) ਬਣਾ ਦਿੱਤਾ ਗਿਆ. ਵੰਡ ਤੋਂ ਬਾਅਦ ਪੰਜਾਬੀ ਬੋਲਣ ਵਾਲੇ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਲਹਿੰਦੇ ਪੰਜਾਬ ਦੇ ਵਾਸੀ ਹਨ. ਉਸ ਤੋਂ ਬਾਅਦ ਪੰਜਾਬੀ ਬੋਲਣ ਵਾਲਿਆਂ ਵਿੱਚ ਚੜ੍ਹਦਾ ਪੰਜਾਬ ਆਉਂਦਾ ਹੈ. 1966 ਵਿੱਚ ਚੜ੍ਹਦੇ ਪੰਜਾਬ ਦੀ ਇੱਕ ਹੋਰ ਕਾਣੀ ਵੰਡ ਤੋਂ ਬਾਅਦ ਹਰਿਆਣਾ ਤੇ ਹਿਮਾਚਲ ਬਣਨ ਨਾਲ ਚੜ੍ਹਦਾ ਪੰਜਾਬ ਹੋਰ ਛੋਟਾ ਹੋ ਗਿਆ. ਜਿਸ ਨਾਲ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟਣੀ ਹੀ ਘਟਣੀ ਸੀ. ਕਿਉਂਕਿ, ਨਵੇਂ ਬਣੇ ਹਰਿਆਣਾ ਤੇ ਹਿਮਾਚਲ ਰਾਜਾਂ ਵਿੱਚ ਹਿੰਦੀ ਨੂੰ ਪ੍ਰਮੁੱਖਤਾ ਦਿੱਤੀ ਗਈ ਅਤੇ ਪੰਜਾਬੀ ਬੋਲਣ ਵਾਲਿਆਂ ਉੱਪਰ ਵੀ ਹਿੰਦੀ ਥੋਪ ਦਿੱਤੀ ਗਈ. ਇਸ ਵਿੱਚ ਇੱਕ ਹੋਰ ਬਹੁਤ ਵੱਡੀ ਗਲਤੀ ਜੋ ਜਾਣ ਬੁੱਝ ਕੇ ਰਾਜਨੀਤਕ ਪੱਧਰ ‘ਤੇ ਕੀਤੀ ਗਈ. ਉਹ ਇਹ ਸੀ ਲੋਕਾਂ ਨੂੰ ਬੋਲੀ ਦੇ ਆਧਾਰ ਉੱਪਰ ਵੰਡਿਆ ਗਿਆ. ਜਿਵੇਂ 1947 ਵਿੱਚ ਧਰਮ ਨੂੰ ਆਧਾਰ ਬਣਾ ਕੇ ਪੰਜਾਬ ਦੀ ਵੰਡ ਕੀਤੀ ਗਈ. ਉਸੇ ਤਰਜ਼ ‘ਤੇ 1966 ਵਾਲੀ ਵੰਡ ਨੂੰ ਬੋਲੀ ਦਾ ਆਧਾਰ ਬਣਾ ਕੇ ਅਮਲ ਵਿੱਚ ਲਿਆਂਦਾ ਗਿਆ. ਪਰ ਅਜੇ ਵੀ ਹਰਿਆਣਾ ਦੇ ਕਈ ਜ਼ਿਲਿਆਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ. ਪਰ ਸੰਪਰਦਾਇਕਤਾ ਦਾ ਬੋਲਬਾਲਾ ਹੋਣ ਕਰਕੇ ਲੋਕਾਂ ਨੂੰ ਬੋਲੀ, ਧਰਮ ਤੇ ਕਈ ਅਜਿਹੇ ਮੁੱਦਿਆਂ ਉੱਪਰ ਲੜਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ ਜਿਹਨਾਂ ਦੇ ਸਿੱਟੇ ਆਉਣ ਵਾਲੇ ਭਵਿੱਖ ਵਿੱਚ ਗੰਭੀਰ ਹੋਣ ਦੇ ਨਾਲ ਨਾਲ ਘਾਤਕ ਵੀ ਸਿੱਧ ਹੋ ਸਕਦੇ ਹਨ.
ਜਿਵੇਂ ਪੰਜਾਬ ਵਿੱਚ ਰਾਜਨੀਤਕ ਖੇਡ ਦੁਆਰਾ ਪੰਜਾਬੀ ਬੋਲੀ ਨੂੰ ਇੱਕ ਧਰਮ ਨਾਲ ਜੋੜਿਆ ਗਿਆ ਉਸੇ ਤਰ੍ਹਾਂ ਲਹਿੰਦੇ ਪੰਜਾਬ ਵਿੱਚ ਵੀ ਇਹ ਖੇਡ ਬੜੀ ਸਖਤੀ ਤੇ ਚਲਾਕੀ ਨਾਲ ਖੇਡੀ ਗਈ. ਚੜ੍ਹਦੇ ਵਾਲਿਆਂ ਨੇ ਪੰਜਾਬੀ ਨੂੰ ਸਿੱਖਾਂ ਦੀ ਬੋਲੀ ਕਹਿ ਇਸਦਾ ਘੇਰਾ ਸੁੰਗੇੜਨ ਦੇ ਯਤਨ ਕੀਤੇ. ਹਿੰਦੂਆਂ ਨੂੰ ਪੰਜਾਬੀ ਬੋਲੀ ਤੋਂ ਦੂਰੀ ਬਣਾਉਣ ਲਈ ਪ੍ਰੇਰਿਆ ਗਿਆ. ਸਿੱਖਾਂ ਨੇ ਪੰਜਾਬੀ ਨੂੰ ਆਪਣੀ ਬੋਲੀ ਕਹਿ ਕੇ ਇਸ ਉੱਪਰ ਆਪਣਾ ਦਾਅਵਾ ਜਤਾਉਣ ਦਾ ਯਤਨ ਵੀ ਪੰਜਾਬੀ ਬਹੁਤ ਹੱਦ ਤੱਕ ਘਾਟੇ ਵਾਲਾ ਹੀ ਰਿਹਾ ਹੈ. ਅਜਿਹਾ ਇੱਕ ਫਿਰਕੇ ਦੇ ਲੋਕਾਂ ਨੇ ਨਹੀਂ ਕੀਤਾ, ਸਗੋਂ ਸਭ ਫਿਰਕਿਆਂ ਦੇ ਲੋਕਾਂ ਨੇ ਇਸ ਵਿੱਚ ਆਪਣਾ ਯੋਗਦਾਨ ਪਾਇਆ ਹੈ. ਦੂਸਰੇ ਪਾਸੇ ਲਹਿੰਦੇ ਵਾਲਿਆਂ ਦੇ ਪਾਸੇ ਇਸ ਨੂੰ ਅਨਪੜ੍ਹ ਗਵਾਰਾਂ ਦੀ ਬੋਲੀ ਕਹਿ ਕੇ ਉਰਦੂ ਨੂੰ ਪ੍ਰਮੁੱਖਤਾ ਦਿੱਤੀ ਗਈ. ਜਿਸਦਾ ਖਮਿਆਜ਼ਾ ਪੰਜਾਬੀ ਬੋਲੀ ਅਤੇ ਇਸ ਨੂੰ ਪਿਆਰ ਕਰਨ ਵਾਲੇ ਲਗਾਤਾਰ ਭੁਗਤ ਰਹੇ ਹਨ. ਪਰ ਪੰਜਾਬੀ ਬਾਰੇ ਸੁਹਿਰਦ ਲੋਕ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ਅਤੇ ਸਰਕਾਰਾਂ ਦੇ ਕੰਨਾਂ ਵਿੱਚ ਵਾਰ ਵਾਰ ਇਹ ਗੱਲ ਪਾਉਣ ਦਾ ਯਤਨ ਕਰ ਰਹੇ ਕਿ ਪੰਜਾਬੀ ਬੋਲੀ ਇੱਥੋਂ ਦੇ ਲੋਕਾਂ ਲਈ ਕਿੰਨੀ ਮਹੱਤਵਪੂਰਨ ਹੈ.
ਚੜ੍ਹਦੇ ਪੰਜਾਬ ਵਿੱਚ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬੀ ਲਈ ਵਾਅਦੇ ਤਾਂ ਬਹੁਤ ਕੀਤੇ ਹਨ ਪਰ ਕੋਈ ਠੋਸ ਕਦਮ ਅਜੇ ਤੱਕ ਚੁੱਕਿਆ ਨਹੀਂ ਗਿਆ. ਬਹੁਤ ਸਾਰੇ ਸਕੂਲਾਂ ਵਿੱਚ ਪੰਜਾਬੀ ਬੋਲਣ ‘ਤੇ ਮਨਾਹੀ ਹੈ. ਲੋਕਾਂ ਨੂੰ ਇਸ ਕਦਰ ਗੁੰਮਰਾਹ ਕੀਤਾ ਜਾ ਚੁੱਕਾ ਹੈ ਕਿ ਉਹਨਾਂ ਵਿੱਚ ਇਹ ਧਾਰਨਾ ਬਣ ਚੁੱਕੀ ਹੈ ਕਿ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਪੜਾਉਣਾ ਹੈ ਤਾਂ ਕਿ ਉਹਨਾਂ ਦਾ ਭਵਿੱਖ ਸੁਨਿਹਰੀ ਹੋ ਸਕੇ. ਮਾਪਿਆਂ ਵਿੱਚ ਵੀ ਪੰਜਾਬੀ ਨੂੰ ਲੈ ਕੇ ਹੀਣ ਭਾਵਨਾ ਘਰ ਕਰ ਚੁੱਕੀ ਹੈ. ਲੋਕ ਆਪਣੇ ਆਪ ਨੂੰ ਉੱਚ ਦਰਜੇ ਦੇ ਸ਼ਹਿਰੀ ਦਰਸਾਉਣ ਲਈ ਆਮ ਬੋਲ ਚਾਲ ਵਿੱਚ ਅੰਗਰੇਜ਼ੀ ਲਫਜ਼ਾਂ ਦੀ ਬੇਲੋੜੀ ਵਰਤੋਂ ਕਰਦੇ ਹਨ, ਜਾਣ ਬੁੱਝ ਕੇ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਹਨ ਬਹੁਤਾਤ ਲੋਕ ਬੋਲਦੇ ਵੀ ਗਲਤ ਅੰਗਰੇਜ਼ੀ ਹੀ ਹਨ ਜੋ ਕਿ ਕਿਸੇ ਵੀ ਭਾਸ਼ਾ ਦਾ ਮਿਲਗੋਭਾ ਕਿਹਾ ਜਾ ਸਕਦਾ ਹੈ. ਸਮਾਰਟ ਫੋਨ ਦੀ ਵਰਤੋਂ ਸਭ ਲੋਕ ਕਰਦੇ ਹਨ ਅਤੇ ਇਹਨਾਂ ਉੱਪਰ ਪੰਜਾਬੀ ਲਿਖਣ ਦੀ ਸੁਵਿਧਾ ਹੋਣ ਦੇ ਬਾਵਜੂ਼ਦ ਵੀ ਰੋਮਨ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ. ਜਿਵੇਂ ਸਤਿ ਸ੍ਰੀ ਅਕਾਲ ਨੂੰ (SSA), ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ (WGJK WGJF) ਇਸਦੇ ਇਲਾਵਾ ਹੋਰ ਵੀ ਬਹੁਤ ਸਾਰੀ ਗੱਲਬਾਤ ਪੰਜਾਬੀ ਵਿੱਚ ਕੀਤੀ ਜਾਂਦੀ ਹੈ. ਪਰ ਲਿਖੀ ਉਹ ਰੋਮਨ ਲਿੱਪੀ ਵਿੱਚ ਜਾ ਰਹੀ ਹੈ. ਭਾਰਤ ਦੇ ਹੋਰ ਸੂਬਿਆਂ ਵਿੱਚ ਜਿਵੇਂ ਉੱਪਰ ਦੱਸਿਆ ਹੈ ਹਰਿਆਣਾ ਤੇ ਹਿਮਾਚਲ ਜਾਂ ਦਿੱਲੀ ਆਦਿ ਵਿੱਚ ਪੰਜਾਬੀ ਬੋਲਣ ਵਾਲੇ ਦਿਨ-ਬ-ਦਿਨ ਘੱਟਦੇ ਜਾ ਰਹੇ ਹਨ. ਜਿਸਦਾ ਮੁੱਖ ਕਾਰਨ ਸਰਕਾਰੀ ਮਸ਼ੀਨਰੀ, ਕੁਝ ਕੱਟੜਪੰਥੀ ਜਥੇਬੰਦੀਆਂ ਤੇ ਕੁਝ ਅਖਬਾਰਾਂ ਦੀ ਘਟੀਆ ਬਿਆਨਬਾਜ਼ੀ ਕਰਕੇ ਪੰਜਾਬੀ ਨੂੰ ਖੋਰਾ ਲੱਗ ਰਿਹਾ ਹੈ.
ਇਸੇ ਤਰ੍ਹਾਂ ਅਸੀਂ ਲਹਿੰਦੇ ਪੰਜਾਬ ਬਾਰੇ ਉੱਪਰ ਜ਼ਿਕਰ ਕਰ ਹੀ ਚੁੱਕੇ ਹਾਂ ਕਿ ਸਥਿਤੀ ਉੱਥੇ ਵੀ ਜ਼ਿਆਦਾ ਵਧੀਆ ਨਹੀਂ ਹੈ. ਜਿਸਦਾ ਮੁੱਖ ਕਾਰਨ ਉੱਥੋਂ ਦੀ ਸਰਕਾਰੀ ਭਾਸ਼ਾ ਉਰਦੂ ਹੋਣ ਕਾਰਨ ਪੰਜਾਬੀ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ. ਉੱਥੇ ਜ਼ਿਆਦਾਤਰ ਸਕੂਲ, ਕਾਲਜ ਜਾਂ ਯੂਨੀਵਰਸਿਟੀਆਂ ਵਿੱਚ ਪੰਜਾਬੀ ਬੋਲਣ ਵਾਲਿਆਂ ਨੂੰ ਨਾ ਪਸੰਦ ਕੀਤਾ ਜਾਂਦਾ ਹੈ, ਸਗੋਂ ਜ਼ੁਰਮਾਨਾ ਵੀ ਕੀਤਾ ਜਾਂਦਾ ਹੈ. ਜਿਸ ਨੂੰ ਪੂਰੀ ਸਖਤੀ ਨਾਲ ਲਾਗੂ ਵੀ ਕੀਤਾ ਗਿਆ. ਪਾਕਿਸਤਾਨ ਦਾ ਬਹੁਤਾ ਹਿੱਸਾ ਪੰਜਾਬੀ ਬੋਲਣ ਵਾਲੇ ਲੋਕਾਂ ਨਾਲ ਭਰਿਆ ਪਿਆ ਹੈ. ਪਰ ਉੱਥੇ ਵੀ ਪੰਜਾਬੀ ਨਾਲ ਹੋ ਰਿਹਾ ਧੱਕਾ ਇਸੇ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਦੁਨੀਆ ਦੀਆਂ ਸੰਪੂਰਨ ਬੋਲੀਆਂ ਵਿੱਚੋਂ ਇੱਕ ਪੰਜਾਬੀ ਬੋਲੀ ਆਪਣੇ ਸਰਕਾਰੀ ਤੰਤਰ ਹੱਥੋਂ ਹੀ ਬੇਪੱਤ ਹੋ ਰਹੀ ਹੈ. ਪਰ ਉੱਥੇ ਦੇ ਲੋਕ ਸਤਿਕਾਰਯੋਗ ਹਨ ਜੋ ਬਿਨਾ ਸਰਕਾਰੀ ਪੁਸ਼ਤਪਨਾਹੀ ਦੇ ਪੰਜਾਬੀ ਦਾ ਝੰਡਾ ਬੁਲੰਦ ਕਰਨ ਵੱਲ ਕਦਮ-ਦਰ-ਕਦਮ ਅੱਗੇ ਵੱਧ ਰਹੇ ਹਨ. ਭਾਵੇਂ ਕਿ ਆਜ਼ਾਦੀ ਦੇ ਬਾਅਦ ਸਰਕਾਰ ਵੱਲੋਂ ਉਰਦੂ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦੇ ਕੇ ਪੰਜਾਬੀ ਨੂੰ ਤਿਲਾਂਜਲੀ ਦਿੱਤੀ ਗਈ. ਪਰ ਲੋਕਾਂ ਦੀਆਂ ਕੋਸ਼ਿਸ਼ਾਂ, ਉਹਨਾਂ ਦਾ ਪੰਜਾਬੀ ਪ੍ਰਤੀ ਸਤਿਕਾਰ ਤੇ ਸਨੇਹ ਸਦਕਾ ਪੰਜਾਬੀ ਨੂੰ ਸਕੂਲਾਂ ਵਿੱਚ ਚਾਲੂ ਕਰਨ ਦੀ ਮੁਹਿੰਮ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ. ਫਿਰ ਵੀ ਬੜੇ ਦੁੱਖ ਨਾਲ ਇਹ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਦੋ ਦੋ ਲਿੱਪੀਆਂ ਦੀ ਮਾਲਕ ਪੰਜਾਬੀ ਬੋਲੀ ਨਾਲ ਇਸਦੇ ਆਪਣੇ ਵੀ ਵਿਤਕਰਾ ਕਰ ਰਹੇ ਹਨ. ਜੇਕਰ ਅਸੀਂ ਹੋਰ ਭਾਸ਼ਾਵਾਂ ਵੱਲ ਦੇਖਦੇ ਹਾਂ ਤਾਂ ਬਹੁਤੀਆਂ ਭਾਸ਼ਾਵਾਂ ਕੋਲ ਇੱਕ ਦੋ ਨਹੀਂ ਸਗੋਂ ਅਨੇਕਾਂ ਸ਼ਬਦਾਂ ਦੀ ਘਾਟ ਹੈ. ਪਰ ਉਹਨਾਂ ਬੋਲੀਆਂ ਦੇ ਲੋਕ ਆਪਣੀ ਆਪਣੀ ਬੋਲੀ ਉੱਪਰ ਰੱਜ ਕੇ ਮਾਣ ਵੀ ਕਰਦੇ ਹਨ ਅਤੇ ਬੜੇ ਫ਼ਖਰ ਨਾਲ ਇਸ ਬਾਰੇ ਜ਼ਿਕਰ ਕਰਦੇ ਹਨ.
ਹੁਣ ਅਸੀਂ ਥੋੜਾ ਜਿਹਾ ਬਾਹਰਲੇ ਮੁਲਕੀਂ ਬੈਠੇ ਪੰਜਾਬੀਆਂ ਵੱਲ ਵੀ ਝਾਤ ਮਾਰ ਲਈਏ ਤਾਂ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਵੱਖ ਵੱਖ ਮੁਲਕਾਂ ਵਿੱਚ ਵੱਸਦੇ ਵੱਖ ਵੱਖ ਪੰਜਾਬਾਂ ਦਾ ਪੰਜਾਬੀ ਬੋਲੀ ਪ੍ਰਤੀ ਕੀ ਰੁਝਾਨ ਹੈ. ਕਿਉਂਕਿ, ਜਿੱਥੇ ਪੰਜਾਬ ਵਿੱਚ ਪੰਜਾਬੀ ਬੋਲੀ ਪ੍ਰਤੀ ਬਹੁਤ ਸਾਰੇ ਲੋਕਾਂ ਵਿੱਚ ਉਦਾਸੀਨਤਾ ਹੈ ਉੱਥੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵਿੱਚ ਬੇਸ਼ੱਕ ਸਾਰਿਆਂ ਵਿੱਚ ਨਹੀਂ ਪਰ ਬਹੁ-ਗਿਣਤੀ ਵਿੱਚ ਪੰਜਾਬੀ ਬੋਲੀ ਨੂੰ ਲੈ ਕੇ ਸੁਹਿਰਦਤਾ, ਦਰਦ ਅਤੇ ਲਗਾਅ ਹੈ.
ਜਿਵੇਂ ਪਿਛਲੇ ਵੀਹ ਕੁ ਸਾਲ ਤੋਂ ਪੰਜਾਬੀਆਂ ਨੇ ਪਰਵਾਸ ਵੱਲ ਉਚੇਚਾ ਧਿਆਨ ਦਿੱਤਾ ਹੈ ਜਿਸ ਕਰਕੇ ਉਹ ਜਹਾਜ਼ ਭਰ ਭਰ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ. ਜਿਸ ਨੂੰ ਡਾਇਸਪੋਰਾ ਨਹੀਂ ਕਹਿ ਸਕਦੇ ਕਿਉਂਕਿ ਇਹ ਮਨਚਾਹਿਆ ਪਰਵਾਸ ਹੈ. ਲੋਕ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਦੇ ਪੱਕੇ ਸ਼ਹਿਰੀ ਬਣਨ ਲਈ ਪੰਜਾਬ ਤੋਂ ਪਰਵਾਸ ਕਰ ਰਹੇ ਹਨ. ਇੱਕ ਦਿਨ ਇਹ ਤਸਵੀਰ ਸਾਫ਼ ਤੇ ਸਪੱਸ਼ਟ ਹੋ ਜਾਵੇਗੀ ਕਿ ਪੰਜਾਬ ਵਿੱਚ ਪੂਰਬੀ ਭਾਰਤੀਆਂ ਦੀ ਗਿਣਤੀ ਜ਼ਿਆਦਾ ਤੇ ਪੰਜਾਬ ਦੇ ਮੂਲ ਵਾਸੀ ਪੰਜਾਬੀਆਂ ਦੀ ਗਿਣਤੀ ਅਨੁਪਾਤਕ ਪੱਧਰ ਤੇ ਘੱਟ ਨਜ਼ਰ ਆਵੇਗੀ.
ਹੁਣ ਜੇਕਰ ਅਸੀਂ ਇਸ ਉੱਪਰਲੇ ਤੱਤ ਉੱਪਰ ਵਿਚਾਰ ਕਰੀਏ ਤਾਂ ਗੱਲ ਸਾਫ਼ ਤੌਰ ‘ਤੇ ਸਾਹਮਣੇ ਆਉਂਦੀ ਹੈ ਕਿ ਜੋ ਪੰਜਾਬੀ ਵਿਦੇਸ਼ਾਂ ਵਿੱਚ ਆਣ ਕੇ ਵੱਸੇ ਹਨ ਉਹਨਾਂ ਦੀ ਆਮਦ ਨਾਲ ਵੀ ਵਿਦੇਸ਼ੀ ਧਰਤੀ ਦੇ ਸਮੀਕਰਨ ਬਦਲੇ ਜਾਂ ਬਦਲ ਰਹੇ ਹਨ. ਬਹੁਤ ਸਾਰੇ ਪੰਜਾਬੀਆਂ ਨੇ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ. ਜਿਵੇਂ ਵਪਾਰ, ਰਾਜਨੀਤੀ, ਪ੍ਰਸ਼ਾਸ਼ਨਿਕ ਅਦਾਰੇ ਆਦਿ ਵਿੱਚ ਪੰਜਾਬੀਆਂ ਨੇ ਆਪਣੀ ਭਰਵੀਂ ਹਾਜ਼ਰੀ ਲਗਾਈ ਹੈ, ਜਿਸਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ. ਇਸ ਸਭ ਦੇ ਨਾਲ ਪੰਜਾਬੀਆਂ ਨੇ ਆਪਣੀ ਬੋਲੀ, ਵਿਰਸਾ, ਸੱਭਿਆਚਾਰ, ਧਰਮ ਨੂੰ ਨਾਲ ਰੱਖਿਆ ਹੈ. ਹੱਥਲੇ ਲੇਖ ਵਿੱਚ ਅਸੀਂ ਗੱਲ ਬੋਲੀ ਬਾਰੇ ਹੀ ਕਰ ਰਹੇ ਹਾਂ ਸੋ ਇਸੇ ਉੱਪਰ ਹੀ ਆਪਣਾ ਧਿਆਨ ਕੇਂਦਰਿਤ ਰੱਖਣ ਦੀ ਕੋਸ਼ਿਸ਼ ਕਰਾਂਗੇ. ਪਰ ਕਿਸੇ ਹੱਦ ਤੱਕ ਸਾਨੂੰ ਦੂਸਰੇ ਪੱਖਾਂ ਉੱਪਰ ਵੀ ਸੰਖੇਪ ਜਿਹੀ ਵਿਚਾਰ ਕਰ ਲੈਣੀ ਚਾਹੀਦੀ ਹੈ. ਜੇਕਰ ਅਸੀਂ ਬੋਲੀ, ਵਿਰਸਾ, ਸੱਭਿਆਚਾਰ ਤੇ ਧਰਮ ਨੂੰ ਵੱਖ ਕਰਕੇ ਦੇਖਾਂਗੇ ਤਾਂ ਸ਼ਾਇਦ ਕਿਸੇ ਸਿੱਟੇ ਉੱਪਰ ਪੁੱਜ ਸਕਣਾ ਅਸੰਭਵ ਹੋਵੇ. ਕਿਉਂਕਿ, ਇਹ ਸਭ ਆਪਸ ਵਿੱਚ ਜੁੜੇ ਹੋਏ ਵੀ ਹਨ ਤੇ ਇੱਕ ਦੂਸਰੇ ਦੇ ਪੂਰਕ ਵਜੋਂ ਵੀ ਦੇਖੇ ਜਾ ਸਕਦੇ ਹਨ, ਖਾਸ ਕਰਕੇ ਵਿਦੇਸ਼ੀ ਧਰਤੀਆਂ ਉੱਪਰ ਅਜਿਹਾ ਹੀ ਦੇਖਣ ਨੂੰ ਮਿਲਦਾ ਹੈ. ਉਦਾਹਰਨ ਵਜੋਂ ਗੁਰਦਵਾਰਾ ਸਾਹਿਬ ਵਿੱਚ ਧਰਮ ਦੀ ਗੱਲ ਹੁੰਦੀ ਹੈ, ਉੱਥੇ ਵਿਰਸੇ ਵਿਰਾਸਤ ਬਾਰੇ ਵੀ ਵਿਚਾਰਾਂ ਹੁੰਦੀਆਂ ਹਨ. ਤੀਸਰਾ ਪੱਖ ਜੋ ਕਿ ਬੋਲੀ ਹੈ ਉਹ ਵੀ ਜ਼ਿਆਦਾਤਰ ਗੁਰਦਵਾਰਾ ਸਾਹਿਬ ਵਿੱਚ ਵੀ ਪੜ੍ਹਾਈ ਜਾਂਦੀ ਹੈ. ਰਹੀ ਗੱਲ ਸੱਭਿਆਚਾਰ ਦੀ ਤਾਂ ਇੱਕ ਸੱਭਿਆਚਾਰ ਉਹੀ ਹੁੰਦਾ ਹੈ ਜਿਸ ਵਿੱਚ ਉਪਰੋਕਤ ਗੱਲਾਂ ਹੋਣ ਅਤੇ ਉਹੀ ਕਿਸੇ ਸਮਾਜ ਦਾ ਸੱਭਿਆਚਾਰ ਕਹਾਉਂਦਾ ਹੈ.
ਜਿਵੇਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਪੰਜਾਬੀ ਸੰਸਾਰ ਭਰ ਵਿੱਚ ਰਹਿਣ ਲੱਗੇ ਹਨ. ਪਰ ਕੁਝ ਇੱਕ ਦੇਸ਼ਾਂ ਵਿੱਚ ਪੰਜਾਬੀ ਬਹੁਤ ਲੰਮੇ ਸਮੇਂ ਤੋਂ ਰਹਿ ਰਹੇ ਹਨ. ਉਹਨਾਂ ਦੀਆਂ ਕਈ ਕਈ ਪੀੜ੍ਹੀਆਂ ਇਸ ਤਰ੍ਹਾਂ ਰਹਿ ਰਹੀਆਂ ਹਨ ਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਆਪਣੇ ਜੱਦੀ ਪਿੰਡਾਂ ਬਾਰੇ ਵੀ ਕੁਝ ਨਹੀਂ ਪਤਾ. ਇੱਥੇ ਆਪਾਂ ਬਰਤਾਨੀਆ ਦੀ ਉਦਾਹਰਨ ਹੀ ਲੈ ਲੈਂਦੇ ਹਾਂ. ਮੈਨੂੰ ਇੱਥੇ ਰਹਿੰਦਿਆਂ ਕੁਝ ਸਾਲ ਹੋਏ ਹਨ ਪਰ ਦੇਖਦਾ ਹਾਂ ਕਿ ਬਹੁਤ ਸਾਰੇ ਲੋਕ ਪੰਜਵੀ ਤੋਂ ਛੇਵੀਂ ਪੀੜ੍ਹੀ ਵਿੱਚ ਪਰਵੇਸ਼ ਕਰ ਚੁੱਕੇ ਹਨ. ਉਹਨਾਂ ਦੀ ਬੋਲੀ, ਰਹਿਣ ਸਹਿਣ, ਖਾਣ ਪੀਣ ਸਭ ਕੁਝ ਇੱਥੇ ਵਰਗਾ ਹੋ ਚੁੱਕਾ ਹੈ. ਅਸੀਂ ਕਿਸ ਦਾਅਵੇ ਨਾਲ ਉਹਨਾਂ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਤੁਹਾਡੀ ਮਾਂ ਬੋਲੀ ਪੰਜਾਬੀ ਹੈ. ਜਦੋਂ ਕਿ ਉਹ ਪੰਜਾਬੀ ਦੇ ਸਿਰਫ਼ ਗਿਣਵੇਂ ਚੁਣਵੇਂ ਸ਼ਬਦ ਹੀ ਬੋਲ ਸਕਦੇ ਹਨ. ਪਰ ਉਹਨਾਂ ਵਿੱਚ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਪੰਜਾਬੀ ਦੀ ਪ੍ਰਫੁੱਲਤਾ ਲਈ ਦਿਨ ਰਾਤ ਮਿਹਤਨ ਕਰ ਰਹੇ ਅਤੇ ਇਸ ਦੇ ਪਸਾਰ ਹਿੱਤ ਕਈ ਤਰ੍ਹਾਂ ਦੇ ਯਤਨ ਵੀ ਆਰੰਭੇ ਹੋਏ ਹਨ. ਕਈ ਸੰਸਥਾਵਾਂ ਅਜਿਹੀਆਂ ਹਨ ਜੋ ਸਾਹਿਤਕ ਸਮਾਗਮ, ਪੰਜਾਬੀ ਕਾਨਫਰੰਸਾਂ, ਪੰਜਾਬੀ ਪੜਾਉਣ ਵਾਲੇ ਅਧਿਆਪਕਾਂ ਲਈ ਸਿੱਖਿਆ ਵਰਕਸ਼ਾਪਾਂ ਤੇ ਸੈਮੀਨਾਰ ਦਾ ਆਯੋਜਨ ਕਰ ਰਹੇ ਹਨ.
ਬਰਤਾਨੀਆ ਵਿੱਚ ਕੁਝ ਸਕੂਲ ਵੀ ਅਜਿਹੇ ਹਨ ਜਿਹਨਾਂ ਵਿੱਚ ਪੰਜਾਬੀ ਦੀ ਪੜ੍ਹਾਈ ਕਰਵਾਈ ਜਾਂਦੀ ਹੈ. ਬਹੁਤ ਸਾਰੇ ਗੁਰਦਵਾਰਾ ਸਾਹਿਬ ਵਿੱਚ ਪੰਜਾਬੀ ਦੀ ਪੜਾਈ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਿਗਰਾਨੀ ਵਿੱਚ ਪੜ੍ਹਾਇਆ ਜਾਂਦਾ ਹੈ. ਬਹੁਤ ਸਾਰੇ ਗੁਰਦਵਾਰਾ ਸਾਹਿਬ ਵਿੱਚ ਜੀ ਸੀ ਐਸ ਸੀ ਤੇ ਏ ਲੈਵਲ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ ਅਤੇ ਸੈਂਕੜੇ ਬੱਚੇ ਹਰ ਸਾਲ ਇਹ ਡਿਗਰੀਆਂ ਪ੍ਰਾਪਤ ਵੀ ਕਰਦੇ ਹਨ. ਖਾਲਸਾ ਅਕੈਡਮੀ ਵੱਲੋਂ ਪੂਰੇ ਬਰਤਾਨੀਆ ਵਿੱਚ ਦੋ ਸਕੂਲ ਚਲਾਏ ਜਾ ਰਹੇ ਜਿਹਨਾਂ ਵਿੱਚ ਬਾਕੀ ਪੜਾਈ ਦੇ ਨਾਲ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ. ਇਸੇ ਤਰ੍ਹਾਂ ਨਿਸ਼ਕਾਮ ਟਰੱਸਟ ਵੱਲੋਂ ਚਲਾਏ ਜਾਂਦੇ ਸਕੂਲਾਂ ਦੀ ਗਿਣਤੀ 5 ਹੈ ਜਿਹਨਾਂ ਵਿੱਚ 2500 ਦੇ ਕਰੀਬ ਬੱਚੇ ਪੜ੍ਹਦੇ ਹਨ.
ਜੇਕਰ ਅਸੀਂ ਪੰਜਾਬੀਆਂ ਦੀ ਪਹਿਲੀ ਪਸੰਦ ਕੈਨੇਡਾ ਵੱਲ ਝਾਤ ਮਾਰਦੇ ਹਾਂ ਤਾਂ ਉੱਥੇ ਪੰਜਾਬੀਆਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ. ਜਿਸ ਵਿੱਚ ਵਿਦਿਆਰਥੀਆਂ ਦਾ ਵੱਡੀ ਗਿਣਤੀ ਵਿੱਚ ਕੈਨੇਡਾ ਵੱਲ ਰੁਝਾਨ ਤਾਂ ਹੈ ਹੀ, ਇਸਦੇ ਨਾਲ ਪਹਿਲਾਂ ਵੀ ਕੈਨੇਡਾ ਵਿੱਚ ਪੰਜਾਬੀ ਲੰਮੇ ਸਮੇਂ ਤੋਂ ਰਹਿ ਰਹੇ ਹਨ. ਜਿੱਥੇ ਪੰਜਾਬੀਆਂ ਨੇ ਰਾਜਨੀਤੀ ਤੇ ਵਪਾਰ ਵਿੱਚ ਵੱਡਾ ਨਾਂ ਬਣਾਇਆ ਹੈ. ਇਸਦੇ ਇਲਾਵਾ ਉੱਥੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਵੀ ਪੰਜਾਬੀਆਂ ਦੀ ਧਾਂਕ ਹੈ. ਸਰੀ ਵਰਗੇ ਮਹਿੰਗੇ ਇਲਾਕੇ ਵਿੱਚ ਪੰਜਾਬੀ ਬੋਲੀ ਦੇ ਪਸਾਰ ਹਿੱਤ ਸੁੱਖੀ ਬਾਠ ਵਰਗੀਆਂ ਸਖਸ਼ੀਅਤਾਂ ਵੱਲੋਂ ਪੰਜਾਬ ਭਵਨ ਦੀ ਸਥਾਪਨਾ ਕਰਨਾ, ਇੱਕ ਮੀਲ ਪੱਥਰ ਵਜੋਂ ਦੇਖੀ ਜਾਣ ਵਾਲੀ ਪ੍ਰਾਪਤੀ ਹੈ. ਇਸੇ ਤਰ੍ਹਾਂ ਹੋਰ ਸ਼ਹਿਰਾਂ ਵਿੱਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ. ਕੈਨੇਡਾ ਵਿੱਚ ਤਾਂ ਬਹੁਤ ਸਾਰੇ ਬੋਰਡ ਵੀ ਪੰਜਾਬੀ ਵਿੱਚ ਲੱਗੇ ਮਿਲਦੇ ਹਨ. ਜੋ ਇਸ ਗੱਲ ਦਾ ਸਬੂਤ ਹਨ ਕਿ ਪੰਜਾਬੀਆਂ ਨੇ ਹੀ ਨਹੀਂ ਸਗੋਂ ਇਹਨਾਂ ਦੀ ਬੋਲੀ, ਧਰਮ ਅਤੇ ਸੱਭਿਆਚਾਰ ਨੇ ਵੀ ਕੈਨੇਡਾ ਵਿੱਚ ਆਪਣੀ ਮਜ਼ਬੂਤ ਪਕੜ ਬਣਾਈ ਹੈ. ਪੰਜਾਬੀ ਸਾਹਿਤ ਵਿੱਚ ਸਭ ਤੋਂ ਵੱਡੀ ਰਕਮ ਵਾਲਾ ਸਨਮਾਨ ਢਾਹਾਂ ਪੁਰਸਕਾਰ ਵੀ ਕੈਨੇਡਾ ਦੀ ਧਰਤੀ ਤੋਂ ਹੀ ਦਿੱਤਾ ਜਾਦਾ ਹੈ.
ਇਸੇ ਤਰਜ਼ ਉੱਪਰ ਆਸਟਰੇਲੀਆ ਵਿੱਚ ਪੰਜਾਬੀ ਲਗਾਤਾਰ ਪਹੁੰਚ ਰਹੇ ਹਨ. ਜਿੱਥੇ ਸਾਹਿਤ ਸਭਾਵਾਂ ਬੜੀ ਸਰਗਰਮੀ ਨਾਲ ਆਪਣੀਆਂ ਗਤੀਵਿਧੀਆਂ ਨੂੰ ਚਲਾ ਰਹੀਆਂ ਹਨ. ਮੈਲਬੌਰਨ, ਬ੍ਰਿਸਬੇਨ ਜਾਂ ਸਿਡਨੀ ਸਭ ਜਗ੍ਹਾ ਪੰਜਾਬੀ ਪਿਆਰਿਆਂ ਦੀਆ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਹਨ. ਇਸਦੇ ਇਲਾਵਾ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਵੀ ਲਗਾਤਾਰ ਜਾਰੀ ਹਨ. ਆਉਣ ਵਾਲੇ ਸਮੇਂ ਵਿੱਚ ਆਸਟਰੇਲੀਆ ਦੀ ਧਰਤੀ ਉੱਪਰ ਪੰਜਾਬੀਆਂ ਦੀ ਪਕੜ ਹੋਰ ਮਜ਼ਬੂਤ ਹੋਣ ਦੇ ਨਾਲ ਪੰਜਾਬੀ ਬੋਲੀ ਦਾ ਆਧਾਰ ਵੀ ਵਧੇਗਾ ਅਤੇ ਉਹ ਦਿਨ ਦੂਰ ਨਹੀਂ ਜਦੋਂ ਆਸਟਰੇਲੀਆ ਵਿੱਚ ਪੰਜਾਬੀ ਨੂੰ ਵਿਸ਼ੇਸ਼ ਬੋਲੀ ਵਜੋਂ ਦੇਖਿਆ ਜਾਣ ਲੱਗੇਗਾ. ਕਿਉਂਕਿ, ਇਸ ਵਾਰ ਦੀ ਜਨਗਣਨਾ ਅਨੁਸਾਰ ਪੰਜਾਬੀ ਬੋਲੀ ਪੰਜਵੇਂ ਸਥਾਨ ਉੱਪਰ ਆਈ ਹੈ.
ਬੀਤੇ ਦੋ ਦਹਾਕਿਆਂ ਤੋਂ ਯੂਰਪੀ ਦੇਸ਼ਾਂ ਵਿੱਚ ਪੰਜਾਬੀਆਂ ਨੇ ਵੱਡੀ ਗਿਣਤੀ ਵਿੱਚ ਰੈਣ ਬਸੇਰਾ ਕੀਤਾ ਹੈ. ਜਿਹਨਾਂ ਵਿੱਚ ਇਟਲੀ, ਫਰਾਂਸ, ਜਰਮਨ, ਸਪੇਨ, ਗਰੀਸ, ਬੈਲਜ਼ੀਅਮ ਤੇ ਹਾਲੈਂਡ ਆਦਿ ਤੋਂ ਇਲਾਵਾ ਨਾਰਵੇ, ਸਵੀਡਨ ਜਿਹੇ ਮੁਲਕਾਂ ਵਿੱਚ ਵੀ ਪੰਜਾਬੀਆਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ. ਇਟਲੀ ਇਸ ਸਮੇਂ ਯੂਰਪੀ ਮੁਲਕਾਂ ਵਿੱਚ ਪੰਜਾਬੀਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਵਾਲਾ ਮੁਲਕ ਹੈ. ਇਟਲੀ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਨਾਂ ਦੀ ਸੰਸਥਾ ਪਿਛਲੇ 13 ਸਾਲ ਤੋਂ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਲਗਾਤਾਰ ਕਾਰਜਸ਼ੀਲ ਹੈ. ਇਸ ਸੰਸਥਾ ਵੱਲੋਂ ਹਰ ਸਾਲ ਵੱਡੀ ਪੱਧਰ ‘ਤੇ ਸਾਹਿਤਕ ਸਮਾਗਮ ਕਰਾਏ ਜਾਂਦੇ ਹਨ. ਇਸ ਤੋਂ ਇਲਾਵਾ 2018 ਤੇ 2022 ਵਿੱਚ ਯੂਰਪੀ ਪੰਜਾਬੀ ਕਾਨਫਰੰਸ ਦਾ ਆਯੋਜਨ ਕਰਵਾਇਆ ਗਿਆ. ਜਿਸ ਵਿੱਚ ਸਮੁੱਚੇ ਪੰਜਾਬੀ ਭਾਈਚਾਰੇ ਤੋਂ ਇਲਾਵਾ ਯੂਰਪ ਭਰ ਤੋਂ ਸਾਹਿਤਕਾਰਾਂ ਨੇ ਭਾਗ ਲਿਆ. ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਾਹਿਤ ਅਤੇ ਬੋਲੀ ਨਾਲ ਸੰਬੰਧਤ ਕਾਰਜਾਂ ਨੂੰ ਅੱਗੇ ਵਧਾਉਣ ਲਈ ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁੱਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣਾ, ਪੰਜਾਬ ਭਵਨ ਸਰੀ ਕੈਨੇਡਾ ਤੇ ਹੋਰ ਕਈ ਅਜਿਹੇ ਅਦਾਰਿਆਂ ਨਾਲ ਮਿਲ ਕੇ ਵੱਖ ਵੱਖ ਸਾਹਿਤਕ ਗਤੀਵਿਧੀਆਂ ਨੂੰ ਅੱਗੇ ਵਧਾਇਆ ਹੈ.
ਬਾਕੀ ਮੁਲਕਾਂ ਵਿੱਚ ਵੀ ਉੱਪਰ ਦੱਸੇ ਅਨੁਸਾਰ ਪੰਜਾਬੀਆਂ ਦੀ ਆਮਦ ਬਹੁਤ ਹੋਈ ਹੈ ਪਰ ਜਰਮਨ ਤੋਂ ਇਲਾਵਾ ਪੰਜਾਬੀ ਨਾਲ ਸੰਬੰਧਤ ਸਮਾਗਮ ਬਹੁਤ ਘੱਟ ਹੋਏ ਹਨ. ਪਰ ਇਹਨਾਂ ਸਭ ਯੂਰਪੀ ਮੁਲਕਾਂ ਵਿੱਚ ਗੁਰਦਵਾਰਾ ਸਾਹਿਬ ਆਪਣੀ ਭੁਮਿਕਾ ਬਾਖੂਬੀ ਨਿਭਾ ਰਹੇ ਹਨ. ਜਿਹਨਾਂ ਵਿੱਚ ਪੰਜਾਬੀ ਪੜ੍ਹਾਉਣ ਦੇ ਕਾਰਜ ਨਿਰਵਿਘਨ, ਨਿਰਸਵਾਰਥ ਅਤੇ ਮੁਫ਼ਤ ਚਲਾਏ ਜਾ ਰਹੇ ਹਨ. ਸਵੀਡਨ ਵਿੱਚ ਵੀ ਪੰਜਾਬੀ ਨਾਲ ਸੰਬੰਧਤ ਕਾਰਜ ਹੋ ਰਹੇ ਹਨ. ਇਸ ਤੋਂ ਇਲਾਵਾ ਯੂਰਪੀ ਮੁਲਕਾਂ ਵਿੱਚ ਪੰਜਾਬੀ ਸਾਹਿਤਕਾਰ ਵੀ ਉੱਭਰ ਕੇ ਸਾਹਮਣੇ ਆ ਰਹੇ. ਜੋ ਆਉਣ ਵਾਲੇ ਸਮੇਂ ਲਈ ਇੱਕ ਸ਼ੁਭ ਸ਼ਗਨ ਵਜੋਂ ਵੀ ਦੇਖਿਆ ਜਾ ਸਕਦਾ ਹੈ. ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਬੋਲੀ ਦਾ ਭਵਿੱਖ ਉੱਜਲਾ ਹੈ ਪਰ ਪੰਜਾਬੀ ਇਸ ਪ੍ਰਤੀ ਸੁਹਿਰਦ ਹੋ ਕੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਦੇ ਸਮੇਂ ਮੁਤਾਬਿਕ ਇਸ ਬੋਲੀ ਨੂੰ ਹਾਣ ਦਾ ਬਣਾਉਣ ਲਈ ਬਣਦਾ ਯੋਗਦਾਨ ਪਾਉਣ. ਜਿਸ ਵਿੱਚ ਬੋਲੀ ਦੇ ਨਾਲ ਨਾਲ ਲਿੱਪੀ ਪ੍ਰਤੀ ਵੀ ਪੰਜਾਬੀਆਂ ਨੂੰ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਹੈ. ਸੋ ਜੇਕਰ ਪੰਜਾਬੀਆਂ ਨੇ ਲਿੱਪੀ ਪ੍ਰਤੀ ਸੁਹਿਰਦਤਾ ਦਿਖਾਉਂਦੇ ਹੋਏ ਇਲੈਕਟਰੋਨਿਕ ਜੰਤਰਾਂ ਜਿਵੇਂ ਫੋਨ, ਆਈ ਪੈਡ, ਟਾਬਲੈਟ ਆਦਿ ਤੇ ਗੁਰਮੁਖੀ ਲਿੱਪੀ ਵਰਤਣੀ ਆਰੰਭ ਦਿੱਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਦਾ ਸੰਚਾਰ ਨਾ ਸਿਰਫ਼ ਕਈ ਗੁਣਾ ਵਧੇਗਾ ਪੰਜਾਬੀ ਆਪਣਾ ਆਧਾਰ ਵੀ ਮਜ਼ਬੂਤ ਕਰਨ ਵਿੱਚ ਕਾਮਯਾਬ ਹੋਵੇਗੀ ਅਤੇ ਇਹ ਕੰਮ ਸੱਤ ਸਮੁੰਦਰੋਂ ਪਾਰ ਵੱਸਦੇ ਪੰਜਾਬੀ ਜ਼ਿਆਦਾ ਆਸਾਨੀ ਤੇ ਜ਼ਿੰਮੇਵਾਰੀ ਨਾਲ ਕਰਨਗੇ, ਇਹ ਮੇਰਾ ਵਿਸ਼ਵਾਸ ਹੈ.
*
ਬਲਵਿੰਦਰ ਸਿੰਘ ਚਾਹਲ, ਯੂ.ਕੇ.
+44 74910 73808
Email : bindachahal@gmail.com
*
(ਤਿਆਰੀ ਅਧੀਨ ਪੁਸਤਕ ‘ਪੰਜਾਬੀ ਬੋਲੀ ਅਤੇ ਵਿਰਸਾ’ ਵਿੱਚੋਂ)
Presented by :
-Sukhinder
Editor : SANVAD
Malton, Canada
September 10, 2023
2.06 pm