ਕੀ ਪ੍ਰੋ ਪੂਰਨ ਸਿੰਘ ਨੂੰ ਸਿੱਖੀ ਦੀ ਸਮਝ ਨਹੀਂ ਸੀ?
(ਪ੍ਰੋ ਪੂਰਨ ਸਿੰਘ ਦੀ ਹੇਠਾਂ ਦਰਜ ਨਜ਼ਮ ‘ਰਾਖੀ ਬੰਧਨਮ !’ ਦੇ ਹਵਾਲੇ ਨਾਲ
ਪ੍ਰੋ ਪੂਰਨ ਸਿੰਘ, ਜਿਹੜਾ ਆਖਦਾ ਸੀ, ‘ਪੰਜਾਬ ਜਿਊਂਦਾ ਗੁਰਾਂ ਦੇ ਨਾਂ ’ਤੇ, ਜੇ ਜਿਹਨੂੰ ਰੱਖੜੀ ਦਾ ਤਿਉਹਾਰ ਏਨਾ ਪਿਆਰਾ ਲੱਗਦਾ ਸੀ ਤੇ ਜਿਸਦੀ ਸ਼ਹਿਦੀਲੀ ਮੁਹੱਬਤ ਉਹਦੀ ਇਸ ਨਜ਼ਮ ਵਿਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ, ਕੀ ਉਹਨੂੰ ਰੱਖੜੀ-ਵਿਰੋਧੀ ਅਜੋਕੇ ‘ਵਿਦਵਾਨਾਂ’ ਨਾਲੋਂ ਵੀ ਸਿੱਖੀ ਦੀ ਘੱਟ ਸਮਝ ਸੀ? ਕੀ ਉਹ ਵੀ ਸਿੱਖੀ ਤੋਂ ਅਣਜਾਣ ਕੋਈ ਭੁੱਲੜ ਸਿੱਖ ਹੀ ਸੀ?
ਗੁਰੂ ਦੇ ਸੱਚੇ ਸਿੱਖ ਪ੍ਰੋ ਪੂਰਨ ਸਿੰਘ ਦਾ ਇਸ ਨਜ਼ਮ ਵਿਚ ਭੈਣ ਦਾ ਪਿਆਰ ਫੈਲ ਕੇ ਕਿਵੇਂ ਸਾਰੇ ਸੰਸਾਰ ਦੀਆਂ ਭੇਣਾਂ ਨੂੰ ਆਪਣੀ ਭੈਣ ਵਾਂਗ ਹੀ ਕਲਾਵੇ ਵਿਚ ਬੰਂਨ੍ਹ ਲੈਂਦਾ ਹੈ ਇਹੋ ਹੀ ਤਾਂ ਸਾਡੇ ਗੁਰੂ ਬਾਬੇ ਦਾ ਸੱਚਾ ਸੁਨੇਹਾ ਸੀ।
ਵਰਿਆਮ ਸਿੰਘ ਸੰਧੂ
(ਤਸਵੀਰ ਵਿਚ ਮੇਰੀ ਵੱਡੀ ਧੀ ਮੈਨੂੰ ਰੱਖੜੀ ਬੰਨ੍ਹਦੀ ਹੋਈ)
ਹੇਠਾਂ ਪ੍ਰੋ ਪੂਰਨ ਸਿੰਘ ਦੀ ਨਜ਼ਮ ਹਾਜ਼ਰ ਹੈ:
ਰਾਖੀ ਬੰਧਨਮ !
ਇਕ ਸਾਧਾਰਨ ਜਿਹਾ ਸੂਤੀ ਧਾਗਾ ਹੁੰਦਾ
ਜਿਸ ਉਤੇ ਮੇਰੀ ਭੈਣ ਨੇ
ਪੱਟ ਦੇ ਰੰਗ ਬਰੰਗੇ ਫੁੱਲ
ਆਪਣੇ ਹਥੀਂ ਬਣਾ ਕੇ ਜੜ੍ਹੇ ਹੁੰਦੇ,
ਜਿਨ੍ਹਾਂ ਵਿਚ ਉਹ ਤਿਲੇ ਦੀਆਂ ਤਾਰਾਂ ਪਰੋ ਦਿੰਦੀ,
ਹਰ ਸਾਲ ਰਾਖੀ ਬੰਧਨਮ ਦੇ ਦਿਹਾੜੇ
ਮੇਣੀ ਭੈਣ ਇਸ ਧਾਗੇ ਨੂੰ
ਮੇਰੇ ਗੁਟ ਦੁਆਲੇ ਬੰਨ੍ਹ ਦਿੰਦੀ ।
ਜਦੋਂ ਮੇਰੀ ਭੈਣ ਨੂੰ ਪੇਕਾ ਘਰ ਛੱਡ ਕੇ
ਸਹੁਰੇ ਘਰ ਜਾ ਕੇ
ਆਪਣਾ ਨਵਾਂ ਘਰ ਵਸਾਉਣਾ ਪਿਆ
ਤਾਂ ਇਹ ਰਾਖੀ ਬੰਧਨਮ ਦਾ ਧਾਗਾ
ਮੈਨੂੰ ਆਪਣੀ ਭੈਣ ਦੇ ਵਿਛੋੜੇ ਦੀ ਯਾਦ ਕਰਵਾਉਂਦਾ ।
ਮੇਰੇ ਦਿਲ ਵਿਚ ਚੀਸ ਜਿਹੀ ਪੈਂਦੀ
ਤੇ ਮੈਨੂੰ ਉਹਦੀ ਨਿਤ ਯਾਦ ਆਉਂਦੀ ਰਹਿੰਦੀ।
ਇਸ ਧਾਗੇ ਦੇ ਨੇਮ ਦਾ ਖਿਚਿਆ
ਮੈਂ ਰਾਖੀ ਬੰਧਨਮ ਦੇ ਦਿਹਾੜੇ,
ਆਪਣੀ ਭੈਣ ਦੇ ਨਵੇਂ ਘਰ ਪੁਜਾ,
ਉਹ ਖ਼ੁਸ਼ੀ ਵਿਚ ਖੀਵੀ ਹੋਈ ਬਾਹਰ ਆਈ,
ਖ਼ੁਸ਼ੀ ਵਿਚ ਕੰਬਦੀ ਧੜਕਦੇ ਦਿਲ ਨਾਲ
ਥਿਰਕਦੀ ਆਵਾਜ਼ ਵਿਚ ਬੋਲੀ :
“ਜੈ ਹੋਵੇ ਵੀਰਾ ! ਜੈ ਹੋਵੇ ਵੀਰਾ !
ਅਜ ਰਾਖੀ ਬੰਧਨਮ ਦਾ ਦਿਹਾੜਾ ਹੈ!”
ਉਸ ਖੜ੍ਹ ਕੇ ਮੇਰੇ ਗੁਟ ਦੁਆਲੇ
ਰਾਖੀ ਬੰਧਨਮ ਦੇ ਧਾਗੇ ਨੂੰ ਬੰਨ੍ਹ ਦਿਤਾ ।
ਮੈਂ ਅਹਿਲ ਖਲੋਤਾ ਚੁੱਪ ਚਾਪ
ਇਹ ਸਭ ਕੁਝ ਵੇਖ ਰਿਹਾ ਸਾਂ,
ਨੈਣ ਮੇਰੇ ਉਸ ਦੇ ਪੈਰਾਂ ਉੱਤੇ ਗੱਡੇ ਸਨ।
ਜਦੋ ਅਸੀਂ ਇਸ ਤਰ੍ਹਾਂ ਮਿਲੇ,
ਸਾਡੇ ਨੈਣਾਂ ਵਿਚੋਂ ਹੰਝੂ
ਇਕ ਇਕ ਕਰ ਕੇ ਧਰਤ ਉਤੇ ਡਿਗਦੇ ਰਹੇ,
ਅਸੀਂ ਦੋਹਾਂ ਭੈਣ ਭਰਾਵਾਂ ਨੇ
ਇਕ ਦੂਜੇ ਨੂੰ ਆਪਣੀ ਜੱਫੀ ਵਿਚ ਘੁੱਟ ਲਿਆ।
ਜਦੋਂ ਮੈਂ ਭੈਣ ਤੋਂ ਵਿਦਾ ਹੋਇਆ
ਤਾਂ ਸਾਡੇ ਦੋਹਾਂ ਦੇ ਨੈਣਾਂ ਵਿਚ
ਹੰਝੂਆਂ ਦੀ ਝੜੀ ਲਗੀ ਸੀ।
ਉਹ ਪਿੰਡ ਤੋਂ ਬਾਹਰਵਾਰ ਢੱਕੀ ਤੇ ਖਲੋ ਕੇ
ਮੈਨੂੰ ਜਾਂਦੇ ਨੂੰ ਤੱਕਦੀ ਰਹੀ ।
ਇਹ ਨਿੱਕਾ ਜਿਹਾ ਪ੍ਰੇਮ ਦਾ ਧਾਗਾ
ਮੈਨੂੰ ਬਦੋਬਦੀ ਪਿਛਾਂਹ ਵਲ ਝਾਕਣ ਲਈ
ਕਦਮ ਕਦਮ ਤੇ ਵਿਆਕਲ ਕਰ ਦਿੰਦਾ
ਤੇ ਮੈਂ ਆਪਣੀ ਭੈਣ ਨੂੰ
ਪਿਛਾਂਹ ਮੁੜ ਮੁੜ ਤੱਕਦਾ ਰਿਹਾ ।
ਹਾਲੀ ਵੀ ਉਹ ਢੱਕੀ ਉਤੇ ਖਲੋਤੀ
ਮੇਰੇ ਜਾਂਦੇ ਦੀ ਪਿੱਠ ਵੇਖ ਰਹੀ ਸੀ।
ਮੈਨੂੰ ਪਤਾ ਸੀ
ਕਿ ਹਾਲੀ ਵੀ ਮੇਰੀ ਭੈਣ
ਵੀਰ ਪਿਆਰ ਵਿਚ ਕੰਬ ਰਹੀ ਸੀ ।
ਇਹ ਉਸ ਨੂੰ ਨਹੀਂ ਸੀ ਪਤਾ
ਕਿ ਰਾਖੀ ਬੰਧਨਮ ਦਾ ਧਾਗਾ
ਉਸ ਮੇਰੇ ਗੁਟ ਉਤੇ ਕਈ ਵਾਰ ਬੰਨ੍ਹਿਆ ਸੀ,
ਪਹਿਲਾਂ ਕੰਜ-ਕੁਆਰੀ ਦੇ ਰੂਪ ਵਿਚ,
ਫਿਰ ਮੁਟਿਆਰ ਹੋ ਕੇ
ਤੇ ਹੁਣ ਇਕ ਇਸਤਰੀ ਦੇ ਰੂਪ ਵਿਚ !
ਇਹ ਧਾਗਾ ਸਦਾ ਮੈਨੂੰ
ਉਸ ਦੇ ਭੈਣ ਪ੍ਰੇਮ ਦੀ ਯਾਦ ਕਰਵਾਉਂਦਾ ਰਿਹਾ
ਤੇ ਮੈਨੂੰ ਉਸ ਦੇ ਚਰਨਾਂ ਨਾਲ ਜੋੜਦਾ ਰਿਹਾ।
ਮੇਰੇ ਦਿਲ ਵਿਚ ਇਸ ਭੈਣ ਪਿਆਰ ਦੀ
ਧੂਹ ਨਿਤ ਪੈਂਦੀ ਰਹਿੰਦੀ ।
ਹਿਰਦੇ ਦੀ ਇਹ ਮੱਠੀ ਮੱਠੀ ਪੀੜ
ਮੈਨੂੰ ਆਪਣੀ ਭੈਣ ਦੇ ਜੀਵਨ ਵਿਚਲੇ
ਤਿਆਗ ਦੀ ਯਾਦ ਕਰਾਉਂਦੀ ।
ਜਦੋ ਮੇਰੇ ਥੱਕੇ ਹੁੱਟੇ ਦਿਲ ਨੂੰ
ਕਦੀ ਵੀ ਚੈਨ ਨਾ ਆਉਂਦਾ
ਤਾਂ ਮੈਂ ਭੈਣ ਪਿਆਰ ਦੇ
ਇਸ ਪਵਿੱਤਰ ਧਾਗੇ ਨੂੰ ਛੁਹ ਲੈਂਦਾ,
ਇਸ ਦੀ ਛੁਹ ਨਾਲ ਮੇਰੇ ਅੰਦਰ
ਜੀਵਨ ਦੀ ਧੜਕਣ
ਮੁੜ ਸੁਰਜੀਤ ਹੋ ਜਾਂਦੀ।
ਇਹ ਰਾਖੀ ਬੰਧਨਮ ਦਾ ਪਵਿੱਤਰ ਧਾਗਾ ਤਾਂ
ਇਕ ਤਰ੍ਹਾਂ ਦਾ ਹਵਨ-ਯੱਗ ਹੈ।
ਭੈਣੇ ! ਭੈਣੇ !
ਤੂੰ ਤਾਂ ਬਹੁਤ ਦੂਰ ਹੈਂ
ਪਰ ਮੇਰੇ ਦਿਲ ਦੇ ਚੁਲ੍ਹੇ ਵਿਚ
ਇਹ ਜੋ ਅਗਨੀ ਪ੍ਰਜਵਲਤ ਹੈ,
ਇਹ ਮੈਨੂੰ ਸਦਾ ਤੇਰੇ ਨੇੜੇ ਨੇੜੇ ਰਖਦੀ ਹੈ !
ਭੈਣੇ ! ਭੈਣੇ
ਇਹ ਰਾਖੀ ਬੰਧਨਮ ਦਾ ਨਿਰਛਲ ਜਿਹਾ ਧਾਗਾ
ਕੀ ਹੈ ?
ਮੈਨੂੰ ਇੰਝ ਜਾਪੇ
ਕਿ ਇਸ ਭੈਣ ਪਿਆਰ ਦੇ ਧਾਗੇ ਨੇ
ਸਾਰੇ ਦੇਸ਼ਾਂ ਤੇ ਮਹਾਂਦੀਪਾਂ ਨੂੰ
ਆਪਣੇ ਪ੍ਰੇਮ ਵਿਚ ਜੋੜਿਆ ਹੋਇਆ ਹੈ।
ਇਹ ਧਾਗਾ ਜੋ ਤੂੰ ਮੇਰੇ ਗੁੱਟ ਤੇ ਬੰਨ੍ਹਿਆ,
ਸਾਨੂੰ ਸਭ ਥਾਂ ਇਕ ਦੂਜੇ ਨਾਲ ਜੋੜੇ
ਭੈਣ ਤੇ ਭਰਾਵਾਂ ਨੂੰ,
ਇਕ ਬੰਨੇ ਮੈਂ ਤੇਰਾ ਭਰਾ
ਤੇ ਦੂਜੇ ਬੰਨੇ ਸਾਰੀ ਇਸਤਰੀ ਜਾਤੀ
ਮੇਰੀ ਭੈਣ !
ਭੈਣੇ ! ਭੈਣੇ !
ਇਸ ਧਾਗੇ ਵਿਚ ਮੈਂ ਤੇਰੇ ਹੰਝੂ ਸਮੋਂਦਾ,
ਤੇਰੀਆਂ ਮੁਸਕਾਨਾਂ ਜੋੜਦਾ,
ਤੇਰੇ ਜੀਵਨ ਵਿਚਲੇ ਕੰਡਿਆਂ ਨੂੰ ਨਿਹਾਰਦਾ,
ਤੇਰੇ ਜੀਵਨ ਦੇ ਗੁਲਾਬਾਂ ਨੂੰ ਸਜਾਉਂਦਾ,
ਇਨ੍ਹਾਂ ਸਭ ਨੂੰ ਰਾਖੀ ਬੰਧਨਮ ਦੇ ਧਾਗੇ ਨਾਲ ਸਜੋਂਦਾ,
ਮੇਰੇ ਲਈ ਇਹ ਪਵਿੱਤਰ ਧਾਗਾ
ਰਾਜ਼ ਮੁਕਟ ਵੀ ਹੈ ਤੇ ਸਲੀਬ ਵੀ ।
ਭੈਣੇ ! ਭੈਣੇ !
ਜਦੋਂ ਮੌਤ ਆ ਕੇ ਮੇਰਾ ਦਰ ਖੜਕਾਉਂਦੀ
ਤਾਂ ਮੇਰੇ ਮੂੰਹੋਂ ਇਕਦਮ ‘ਭੈਣ’ ਨਿਕਲ ਜਾਂਦਾ।
ਤਦੋਂ ਮੌਤ ਵੀ ਟਲ ਜਾਂਦੀ
ਸ਼ਰਮਸਾਰ ਹੋ ਕੇ ਮੁੜ ਜਾਂਦੀ
ਕਿਉਂ ਉਸ ਤੇਰੇ ਭਰਾ ਉਤੇ ਹੱਲਾ ਬੋਲਿਆ ?
ਭੈਣੇ !
ਤੇਰੀ ਬਾਦਸ਼ਾਹਤ ਵੀ ਕਿੱਡੀ ਵੱਡੀ !
ਭੈਣੇ ! ਭੈਣੇ !
ਜਦੋਂ ਸੁਆਰਥ ਦਾ ਪ੍ਰਛਾਂਵਾਂ
ਮੇਰੇ ਸਮੁੱਚੇ ਜੀਵਨ ਨੂੰ ਢੱਕ ਲੈਂਦਾ
ਤਾਂ ਮੈਂ ਤੇਰਾ ਨਾਂ ਲੈਂਦਾ,
ਮੇਰੀ ਆਤਮਾ ਇਕਦਮ ਇਸ ਪ੍ਰੇਮ ਦੇ
ਪਵਿੱਤਰ ਹਵਨ ਯੱਗ ਵਿਚ ਪੁਨੀਤ ਹੋ ਜਾਂਦੀ,
ਤੇਰੇ ਜੀਵਨ ਦੇ ਪ੍ਰੇਮ ਤੇ ਤਿਆਗ ਦਾ ਗੀਤ
ਅਲਾਉਣ ਲਗ ਪੈਂਦੀ ।
ਮੇਰੀ ਭੈਣ ਦਾ ਰਾਖੀ ਬੰਧਨਮ ਦਾ ਧਾਗਾ
ਸਭ ਦਿਲਾਂ ਨੂੰ ਬੰਨ੍ਹਦਾ,
ਸਭ ਦਿਲ ਇਸ ਵਿਚ ਬੱਧੇ ਪਏ
ਇਸ ਨਾਲ ਧੜਕ ਰਹੇ,
ਐਨ ਉਸੇ ਤਰ੍ਹਾਂ
ਜਿਸ ਤਰ੍ਹਾਂ ਮੇਰਾ ਤੇ ਮੇਰੀ ਭੈਣ ਦਾ ਦਿਲ,
ਇਸ ਪ੍ਰੇਮ ਦੇ ਨੇਮ ਵਿਚ ਬੱਝਾ ਪਿਆ।
ਉਹ ਪੁਰਾਣੇ ਹੰਝੂ ਵਹਿੰਦੇ ।
ਹਰ ਥਾਂ ਨਾਰੀ ਜਾਤੀ ਦੇ ਮਹਾਂ ਦੁਖਾਂਤ ਤੇ ਤਿਆਗ
ਦਿਖਾਈ ਦਿੰਦਾ !
ਅਤੇ ਮੇਰੀ ਭੈਣ ਦੇ ਮੂੰਹੋਂ ਨਿਕਲੇ ਉਹੋ ਸ਼ਬਦ
ਗੂੰਜਦੇ ਸੁਣਾਈ ਦਿੰਦੇ :
“ਜੈ ਹੋਵੇ ਵੀਰਾ ! ਜੈ ਹੋਵੇ ਵੀਰਾ !
ਅਜ ਰਾਖੀ ਬੰਧਨਮ ਦਾ ਦਿਹਾੜਾ ਹੈ।”
…
ਪ੍ਰੋ ਪੂਰਨ ਸਿੰਘ