ਸਰਦੀਆਂ ਦੀ ਇਕ ਨਿਖਰੀ ਹੋਈ ਸਵੇਰ ਨੂੰ, ਸੋਲ੍ਹਾਂ ਕੁ ਸਾਲਾਂ ਦੀ ਇਕ ਸਾਦੀ ਜਿਹੀ ਕੁੜੀ ਪੂਰਬ ਵਲੋਂ ਆਉਣ ਵਾਲੀ ਗੱਡੀ ਤੋਂ ਪੈਰਸ ਦੇ ਰੇਲਵੇ ਸਟੇਸ਼ਨ ’ਤੇ ਉਤਰੀ। ਇਸ ਕੁੜੀ ਦਾ ਨਾਂ ‘ਮੇਰੀ’ ਸੀ, ਤੇ ਉਹ ਦੂਰ, ਪੋਲੈਂਡ ਦੇ ਦੋਸ਼ ਤੋਂ ਉੱਚੀ ਵਿਦਿਆ ਪ੍ਰਾਪਤ ਕਰਨ ਲਈ ਫ਼ਰਾਂਸ ਆਈ ਸੀ। ਪਰ ਤਮਾਸ਼ਾ ਇਹ ਸੀ ਕਿ ਨਾ ਉਸ ਦੀ ਜੇਬ ਵਿਚ ਇਕ ਪੈਸਾ ਸੀ ਤੇ ਨਾ ਇਸ ਓਪਰੇ ਦੇਸ਼ ਵਿਚ ਉਸ ਦਾ ਕੋਈ ਸੰਬੰਧੀ, ਸਨੇਹੀ ਰਹਿੰਦਾ ਸੀ। ਹਾਂ, ਇਕ ਚੀਜ਼ ਜਰੂਰ ਉਸ ਦੇ ਕੋਲ ਸੀ- ਦ੍ਰਿੜ੍ਹ ਇਰਾਦਾ! ਉਹ ਇਕ ਪੱਕਾ ਨਿਸਚਾ ਧਾਰ ਕੇ ਆਈ ਸੀ ਕਿ ਕੁਝ ਵੀ ਹੋਵੇ, ਉਹ ਵਿਗਿਆਨ ਦੀ ਉਚੇਰੀ ਵਿਦਿਆ ਅਵੱਸ਼ ਪ੍ਰਾਪਤ ਕਰੇਗੀ ਤੇ ਇਸ ਵਿਦਿਆ ਦੁਆਰਾ ਮਾਨਵਤਾ ਦੀ ਸੇਵਾ ਲਈ ਕਾਰਜ ਕਰੇਗੀ।
ਮੇਰੀ ਦਾ ਪਿਤਾ ਉੱਤਰੀ ਪੋਲੈਂਡ ਦੇ ਕਿਸੇ ਕਾਲਜ ਵਿਚ ਵਿਗਿਆਨ ਦਾ ਪ੍ਰੋਫੈਸਰ ਸੀ ਅਤੇ ਮਾਤਾ ਯੂਨੀਵਰਸਿਟੀ-ਅਧਿਆਪਕਾ ਸੀ। ਮਾਤਾ, ਜਵਾਨੀ ਵਿੱਚ ਹੀ ਪਰਲੋਕ ਸਿਧਾਰ ਗਈ ਸੀ। ਮੇਰੀ ਦੇ ਪਿਤਾ ਦੀ ਫ਼ਿਜ਼ਿਕਸ ਦੇ ਵਿਸ਼ੇ ਵਿਚ ਡੂੰਘੀ ਰੁਚੀ ਸੀ, ਪਰ ਕਾਲਜ ਦੇ ਪ੍ਰਬੰਧਕ ਉਸ ਨੂੰ ਪ੍ਰਯੋਗਸ਼ਾਲਾ ਲਈ ਧਨ ਦੇਣ ਵਾਸਤੇ ਤਿਆਰ ਨਹੀਂ ਸਨ, ਇਸ ਲਈ ਆਪਣੇ ਪ੍ਰਯੋਗਾਂ ਵਾਸਤੇ ਉਸ ਨੂੰ ਆਪਣੀ ਤਨਖ਼ਾਹ ਵਿੱਚੋਂ ਹੀ ਪੈਸੇ ਖ਼ਰਚਣੇ ਪੈਂਦੇ ਸਨ। ਉਹ ਕੋਈ ਸਹਾਇਕ ਵੀ ਨੌਕਰ ਨਹੀਂ ਸੀ ਰੱਖ ਸਕਦਾ, ਇਸ ਕਰਕੇ ਉਸ ਦੀ ਧੀ, ਮੇਰੀ, ਹੀ ਉਸ ਦੀ ਪ੍ਰਯੋਗਸ਼ਾਲਾ ਨੂੰ ਸਾਫ਼ ਤੇ ਨੁਕ-ਸਿਰ ਰੱਖਣ ਵਿਚ ਉਸ ਦੀ ਸਹਾਇਤਾ ਕਰਿਆ ਕਰਦੀ ਸੀ।
ਹੌਲੀ-ਹੌਲੀ ਮੇਰੀ ਆਪਣੇ ਪਿਤਾ ਦੇ ਪ੍ਰਯੋਗਾਂ ਵਿਚ ਰੁਚੀ ਲੈਣ ਲੱਗ ਪਈ। ਉਸ ਦੇ ਪਿਤਾ ਨੂੰ ਇਹ ਵੇਖ ਕੇ ਅਤਿ ਪ੍ਰਸੰਨਤਾ ਹੋਈ ਕਿ ਮੇਰੀ ਫ਼ਿਜ਼ਿਕਸ ਵਿਚ ਦਿਲਚਸਪੀ ਰੱਖਣ ਲੱਗੀ ਹੈ। ਉਸ ਨੇ ਮੇਰੀ ਨੂੰ ਨੇਮ ਨਾਲ ਇਸ ਵਿਸ਼ੇ ਦੀ ਸਿੱਖਿਆ ਦੇਣੀ ਆਰ ਕਰ ਦਿੱਤੀ। ਜਦੋਂ ਉਹ ਸਕੂਲ ਵੀ ਜਾਣ ਲੱਗੀ, ਤਦ ਵੀ ਸ਼ਾਮ ਵੇਲੇ ਉਹ ਪਿਤਾ ਨਾਲ ਉਸ ਦੀ ਪ੍ਰਯੋਗਸ਼ਾਲਾ ਵਿਚ ਚਲੀ ਜਾਂਦੀ ਤੇ ਉਸ ਦੇ ਪ੍ਰਯੋਗਾਂ ਨੂੰ ਗਹੁ ਨਾਲ ਵਾਚਦੀ। ਜਿਵੇਂ-ਜਿਵੇਂ ਉਹ ਸਿਆਣੀ ਹੁੰਦੀ ਗਈ, ਉਸ ਦਾ ਪਿਤਾ ਪ੍ਰਯੋਗਸ਼ਾਲਾ ਦਾ ਕੰਮ ਉਸ ਦੇ ਸਿਰ ’ਤੇ ਛੱਡਦਾ ਗਿਆ। ਹੁਣ ਉਹ ਪਿਤਾ ਦੇ ਅਗਲੇ ਦਿਨ ਦੇ ਲੈਕਚਰ ਲਈ ਐਪ੍ਰੈਂਟਸ ਵੀ ਫਿੱਟ ਕਰਨ ਲੱਗ ਪਈ। ਉਸ ਦੇ ਪਿਤਾ ਦੇ ਵਿਦਿਆਰਥੀ ਉਸ ਨੂੰ ‘ਮਿਸ ਪ੍ਰੋਫੈਸਰ’ ਕਹਿ ਕੇ ਬੁਲਾਉਣ ਲੱਗੇ।।
ਪਿਤਾ ਦੀ ਪ੍ਰਯੋਗਸ਼ਾਲਾ ਵਿਚ ਕੰਮ ਕਰਦਿਆਂ ਉਸ ਦੀ ਪ੍ਰਬਲ ਇੱਛਾ ਹੋਈ ਕਿ ਫ਼ਰਾਂਸ ਜਾ ਕੇ ਵਿਗਿਆਨ ਦੀ ਉਚੇਰੀ ਸਿੱਖਿਆ ਪ੍ਰਾਪਤ ਕਰੇ। ਉਸ ਦੇ ਪਿਤਾ ਨੇ ਉਸ ਨੂੰ ਖੁਸ਼ੀ ਨਾਲ ਆਗਿਆ ਦੇ ਦਿੱਤੀ ਪਰ ਉਹ ਉਸ ਦੀ ਰੁਪਏ-ਪੈਸੇ ਵਲੋਂ ਕੋਈ ਸਹਾਇਤਾ ਕਰਨ ਦੇ ਯੋਗ ਨਹੀਂ ਸੀ। ਮੇਰੀ ਨੇ ਇਸ ਥੁੜ੍ਹ ਦੀ ਪ੍ਰਵਾਹ ਨਾ ਕੀਤੀ ਤੇ ਦ੍ਰਿੜ੍ਹ ਨਿਸ਼ਚਾ ਲੈ ਕੇ ਪੈਰਸ ਆ ਪਹੁੰਚੀ।
ਪੈਰਸ ਆ ਕੇ ਮੇਰੀ ਨੇ ਇਕ ਵੱਡੀ ਸਾਰੀ ਇਮਾਰਤ ਦੀ ਚੌਥੀ ਛੱਤ ਉੱਪਰ ਇਕ ਛੋਟਾ ਜਿਹਾ ਕਮਰਾ ਕਿਰਾਏ ’ਤੇ ਲੈ ਲਿਆ ਤੇ ਕਿਸੇ ਕੰਮ ਦੀ ਭਾਲ ਕਰਨ ਲੱਗੀ ਜਿਸ ਨਾਲ ਆਪਣਾ ਖ਼ਰਚ ਚਲਾ ਸਕੇ। ਛੇਤੀ ਹੀ ਉਸ ਨੂੰ ਸਾਰਬੋਨ ਪ੍ਰਯੋਗਸ਼ਾਲਾ ਵਿਚ ਬੋਤਲਾਂ ਸਾਫ਼ ਕਰਨ ਦਾ ਕੰਮ ਮਿਲ ਗਿਆ।ਉਸ ਦੇ ਸੰਦਰਤਾ, ਸਫ਼ਾਈ ਤੇ ਸਾਵਧਾਨੀ ਨਾਲ ਕਾਰਜ ਕਰਨ ਨਾਲ ਦੋ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਧਿਆਨ ਉਸ ਵੱਲ ਚਲਾ ਗਿਆ। ਇਹ ਦੋ ਵਿਅਕਤੀ ਸਨ- ਫ਼ਿਜ਼ਿਕਸ ਵਿਭਾਗ ਦੇ ਮੁਖੀ ਗੈਬ੍ਰੀਲ ਲਿਪਮੈਨ ਅਤੇ ਗਣਿਤ ਵਿਦਿਆ ਦੇ ਪ੍ਰਸਿੱਧ ਵਿਦਵਾਨ ਹੈਨਰੀ ਪੋਂਨਾਰ। ਲਿਪਮੈਨ ਨੂੰ ਮੇਰੀ ਇਕ ਗੁਣਵਾਨ ਮੁਟਿਆਰ ਪ੍ਰਤੀਤ ਹੋਈ। ਉਸ ਨੇ ਮੇਰੀ ਦੇ ਪਿਤਾ ਨਾਲ ਚਿੱਠੀ-ਪੱਤਰ ਕੀਤਾ ਤੇ ਇਹ ਫ਼ੈਸਲਾ ਹੋਇਆ ਕਿ ਮੇਰੀ ਫ਼ਿਜ਼ਿਕਸ ਦੀ ਡਿਗਰੀ ਦੀ ਪੜ੍ਹਾਈ ਸ਼ੁਰੂ ਕਰੇ। ਤਿੰਨ ਸਾਲ ਮੇਰੀ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਪੜ੍ਹਾਈ ਕੀਤੀ ਅਤੇ ਗਣਿਤ ਤੇ ਫ਼ਿਜ਼ਿਕਸ ਦੀ ਪ੍ਰੀਖਿਆ ਉੱਚੇ ਦਰਜੇ ਵਿਚ ਪਾਸ ਕਰ ਲਈ।
ਪੀਰੀ ਕਿਊਰੀ ਪੈਰਸ ਯੂਨੀਵਰਸਿਟੀ ਵਿਚ ਸਾਇੰਸ ਦਾ ਅਧਿਆਪਕ ਸੀ। ਉਸ ਦਾ ਪਿਤਾ ਡਾਕਟਰ ਸੀ ਪਰ ਉਹ ਬੜਾ ਹੀ ਤਰਸਵਾਨ ਤੇ ਕੋਮਲ-ਸੁਭਾ ਵਾਲਾ ਸੀ। ਉਹ ਆਪਣਾ ਬਹੁਤਾ ਸਮਾਂ ਗ਼ਰੀਬ ਰੋਗੀਆਂ ਦੇ ਇਲਾਜ ਤੇ ਦੇਖ-ਰੇਖ ਵਿਚ ਖ਼ਰਚ ਕਰਦਾ ਸੀ, ਇਸ ਕਰਕੇ ਉਹ ਕੋਈ ਧਨਵਾਨ ਆਦਮੀ ਨਹੀਂ ਸੀ। ਪਸ਼ੂਆਂ ਅਤੇ ਬਨਸਪਤੀ ਬਾਰੇ ਅਧਿਐਨ ਉਸ ਦੀ ਹਾਥੀ ਸੀ। ਸਕੂਲ ਜਾਣ ਤੋਂ ਪਹਿਲਾਂ ਪੀਰੀ ਨੇ ਆਪਣੇ ਪਿਤਾ ਪਾਸੋਂ ਇਨ੍ਹਾਂ ਬਾਰੇ ਕਾਫ਼ੀ ਗਿਆਨ ਪ੍ਰਾਪਤ ਕਰ ਲਿਆ।
ਸਕੂਲ ਵਿਚ ਉਸ ਨੂੰ ਰੁੱਖ ਤੇ ਖ਼ੁਸ਼ਕ ਪਾਠ ਚੰਗੇ ਨਹੀਂ ਲੱਗਦੇ ਸਨ। ਉਸ ਉਹ ਚੀਜ਼ਾਂ ਭਾਉਂਦੀਆਂ ਸਨ ਜਿਨ੍ਹਾਂ ਨੂੰ ਉਹ ਵੇਖ ਸਕੇ ਤੇ ਉਨ੍ਹਾਂ ਤੋਂ ਕੋਈ ਲਾਭ ਸਕੇ। ਉਸ ਨੂੰ ਗਣਿਤ ਵਿਚ ਬੜੀ ਰੁਚੀ ਸੀ। ਉਸ ਨੇ ਬੜੀ ਤੇਜ਼ੀ ਨਾਲ ਅਧਿਐਨ ਵਿਚ ਉੱਨਤੀ ਕੀਤੀ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਨੂੰ ਪੈਰਿਸ ਯੂਨੀਵਰਸਿਟੀ ਦੀ ਸਾਇੰਸ ਲੈਬਾਰਟਰੀ ਵਿਚ ਸਹਾਇਕ ਨਿਯੁਕਤ ਕਰ ਦਿੱਤਾ ਗਿਆ। ਉਸ ਵੇਲੇ ਪੀਰੀ ਦੀ ਉਮਰ ਕੇਵਲ 19 ਸਾਲ ਦੀ ਸੀ।
ਪੀਰੀ ਦੇ ਸ਼ਿਸ਼ ਉਸ ਨਾਲੋਂ ਕੁਝ ਬਹੁਤੇ ਛੋਟੀ ਉਮਰ ਦੇ ਨਹੀਂ ਸਨ ਹੁੰਦੇ। ਉਹ ਬਲੈਕ ਬੋਰਡ ਦੇ ਸਾਹਮਣੇ ਖੜਾ ਹੋ ਜਾਂਦਾ ਤੇ ਅਜਿਹੀਆਂ ਰੌਚਕ ਤੇ ਹਸਾਉਣੀਆਂ ਗੱਲਾਂ ਕਰਦਾ ਕਿ ਉਸ ਦੇ ਸ਼ਿਸ਼ ਉਸ ਨੂੰ ਆਪਣਾ ਮਿੱਤ੍ਰ, ਆਪਣਾ ਸਾਥੀ ਤੇ ਮਾਸਟਰ ਸਮਝਣ ਲੱਗ ਪਏ। ਉਹ ਜਿਸ ਵਿਸ਼ੇ ’ਤੇ ਬੋਲਦਾ, ਉਸ ਦਾ ਉਸ ਨੂੰ ਸਰਬ-ਪੱਖੀ ਗਿਆਨ ਹੁੰਦਾ ਅਤੇ ਉਹ ਅਜਿਹੇ ਸਾਦੇ ਤੇ ਸਪੱਸ਼ਟ ਢੰਗ ਨਾਲ ਵਿਦਿਆਰਥੀਆਂ ਨੂੰ ਸਮਝਾਉਂਦਾ ਕਿ ਉਹ ਪਾਠ ਉਨ੍ਹਾਂ ਨੂੰ ਕਦੀ ਨਾ ਭੁੱਲਦਾ। ਇਸ ਦਾ ਸਿੱਟਾ ਇਹ ਹੋਇਆ ਕਿ ਉਹ ਵਿਦਿਆਰਥੀਆਂ ਵਿਚ ਅਤੇ ਹਰਮਨ ਪਿਆਰਾ ਹੋ ਗਿਆ।
ਮੇਰੀ ਇਕ ਬੜੀ ਹੋਣਹਾਰ ਵਿਦਿਆਰਥਨ ਸੀ। ਲਿਪਮੈਨ ਉਸ ਨੂੰ ਸਭ ਤੋਂ ਚੰਗੀ ਸਿੱਖਿਆ ਦੁਆਉਣੀ ਚਾਹੁੰਦਾ ਸੀ। ਉਸ ਨੇ ਪੀਰੀ ਨੂੰ ਉਸ ਦੀ ਪੜ੍ਹਾਈ ਸੌਂਪ ਦਿੱਤੀ।
ਦੋਵੇਂ ਮਿਲ ਕੇ ਕੰਮ ਕਰਨ ਲੱਗੇ।
ਦੋਵੇਂ ਗ਼ਰੀਬ ਸਨ ਤੇ ਆਪਣੇ ਕੰਮ ਨਾਲ ਡੂੰਘਾ ਲਗਾਉਂ ਰੱਖਦੇ ਸਨ। ਦੋਵੇਂ ਵਿਗਿਆਨ ਵੱਲ ਰੁਚੀ ਰੱਖਦੇ ਸਨ ਤੇ ਵਿਹਲੀ ਗੱਪਬਾਜ਼ੀ ਨਾਲ ਘ੍ਰਿਣਾ ਕਰਦੇ ਸਨ। ਦੋਵੇਂ ਹਰ ਵਸਤੂ ਨੂੰ ਸਪੱਸ਼ਟ ਤੇ ਪੂਰਨ ਰੂਪ ਵਿਚ ਸਮਝਣ ਦੇ ਅਭਿਲਾਸ਼ੀ ਸਨ। ਇਸ ਹਾਲਤ ਵਿਚ ਇਹ ਕੋਈ ਅਨੋਖੀ ਗੱਲ ਨਹੀਂ ਸੀ ਜੇ ਉਹ ਇਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਸਨ।
ਇਕ ਦਿਨ ਪੀਰੀ ਨੇ ਮੇਰੀ ਨੂੰ ਲਿਖਿਆ-
“ਕਿਹਾ ਚੰਗਾ ਹੋਵੇ ਜੇਕਰ ਸਾਡੇ ਜੀਵਨ ਇਕ ਹੋ ਜਾਣ ਅਤੇ ਅਸੀਂ ਇਕ-ਜਾਨ ਹੋ ਕੇ ਸਾਇੰਸ ਅਤੇ ਮਨੁੱਖਤਾ ਦੀ ਸੇਵਾ ਕਰੀਏ!”
ਮੇਰੀ ਉਸ ਦਾ ਭਾਵ ਸਮਝ ਗਈ ਤੇ ਉਹ ਨੇ ਉਸ ਦਾ ਪ੍ਰਸਤਾਵ ਮਨਜ਼ੂਰ ਕਰ ਲਿਆ। ਵਿਆਹ ਸਮੇਂ ਪੀਰੀ ਦੀ ਆਯੂ ਬੱਤੀ ਤੇ ਮੇਰੀ ਦੀ ਅਠਾਈਆਂ ਵਰਿ੍ਹਆਂ ਦੀ ਸੀ।
ਵਿਆਹ ਵਾਲੇ ਦਿਨ ਤੋਂ ਹੀ ਉਹ ਇਕ-ਦੂਜੇ ਦੇ ਸਹਾਇਕ ਤੇ ਸੱਚੇ ਸਾਥੀ ਬਣ ਕੇ ਵਿਚਰਨ ਲੱਗੇ। ਘਰ ਹੋਵੇ ਜਾਂ ਪ੍ਰਯੋਗਸ਼ਾਲਾ, ਉਹ ਦੋਵੇਂ ਮਿਲ ਕੇ ਕੰਮ ਕਰਦੇ। ਪੀਰੀ ਆਮ ਕਰਕੇ ਘਰ ਦੀ ਸਫ਼ਾਈ ਦਾ ਕੰਮ ਕਰ ਦਿੰਦਾ ਜਦ ਕਿ ਮੇਰੀ ਭੋਜਨ ਤਿਆਰ ਕਰ ਲੈਂਦੀ। ਇਹ ਇਕ ਪ੍ਰਸੰਨ ਘਰ ਸੀ। ਦੋਨੋਂ ਇਕ ਦੂਜੇ ਦੀ ਸਮੱਸਿਆ ਨੂੰ ਆਪਣੀ ਜਾਣਦੇ। ਕਈ ਵਾਰ ਉਹ ਗਈ ਰਾਤ ਤੱਕ ਕਿਸੇ ਮਸਲੇ ਬਾਰੇ ਵਿਚਾਰ-ਵਟਾਂਦਰਾ ਕਰਦੇ ਰਹਿੰਦੇ।
ਇਨ੍ਹਾਂ ਦਿਨਾਂ ਵਿਚ ਪ੍ਰਸਿੱਧ ਵਿਗਿਆਨੀ ਬੇਕਰਲ ਨੇ ਖੋਜ ਕੀਤੀ ਕਿ ਯੁਰੇਨੀਅਮ ਧਾਤ ਵੀ ਐਕਸ-ਰੇ ਕਿਰਨਾਂ ਛੱਡਦੀ ਹੈ। ਇਸ ਖੋਜ ਨੇ ਕਿਊਰੀ ਦੰਪਤੀ ਨੂੰ ਡੂੰਘੀ ਤਰ੍ਹਾਂ ਆਕਰਸ਼ਤ ਕੀਤਾ। ਉਹ ਦੋਵੇਂ ਹੁਣ ਉਨ੍ਹਾਂ ਧਾਤੂ-ਤੱਤਾਂ ਦੀ ਖੋਜ ਵਿਚ ਜੁੱਟ ਗਏ ਜਿਹੜੇ ਐਕਸ-ਰੇ ਕਿਰਨਾਂ ਛੱਡਦੇ ਸਨ। ਕਈ ਮਹੀਨਿਆਂ ਦੀ ਸਖ਼ਤ ਘਾਲਣਾ ਦੁਆਰਾ ਉਨ੍ਹਾਂ ਨੂੰ ਇਕ ਨਵਾਂ ਧਾਤੂ-ਤੱਤ ਖੋਜ ਕੱਢਿਆ ਜਿਹੜਾ ਕਿ ਅਤਿ ਦੁਰਲੱਭ ਸੀ। ਦੋ ਸੌ ਚੌਵੀ ਮਨ ਕੱਚੀ ਧਾਤ ਵਿੱਚੋਂ ਇਹ ਨਵਾਂ ਤੱਤ ਕੇਵਲ ਚਾਹ ਦਾ ਇਕ ਚਿਮਚਾ ਭਰ ਮਾਤਰਾ ਵਿਚ ਕੱਢਿਆ ਜਾ ਸਕਦਾ ਸੀ। ਪਰ ਇਹ ਪਹਿਲੇ ਜਾਣੇ ਹੋਏ ਸਭਨਾਂ ਤੱਤਾਂ ਨਾਲੋਂ ਦੱਸ ਲੱਖ ਗੁਣਾ ਵੱਧ ਅਕਸ-ਰੇ ਕਿਰਨਾਂ ਦਿੰਦਾ ਸੀ।
ਉਨ੍ਹਾਂ ਨੇ ਇਸ ਦਾ ਨਾਂ ਰੇਡੀਅਮ ਰੱਖਿਆ।
ਇਸ ਨਵੇਂ ਤੱਤ ਦੀ ਪੂਰਨ ਭਾਂਤ ਖੋਜ ਲਈ ਧਨ ਦੀ ਬੜੀ ਵੱਡੀ ਰਾਸ਼ੀ ਦੀ ਲੋੜ ਸੀ, ਪਰ ਕਿਊਰੀ-ਦੰਪਤੀ ਗ਼ਰੀਬ ਲੋਕ ਸਨ। ਆਖ਼ਰ ਉਹ ਵਿਅਕਤੀ ਜਿਹੜੇ ਸਾਇੰਸ ਦੀ ਉੱਨਤੀ ਵਿਚ ਡੂੰਘੀ ਰੁਚੀ ਰੱਖਦੇ ਸਨ, ਕਿਊਰੀ ਪਤੀ-ਪਤਨੀ ਦੀ ਸਹਾਇਤਾ ਲਈ ਤੱਤਪਰ ਹੋ ਗਏ। ਦੋ ਸਾਲ ਦੇ ਲਗਾਤਾਰ ਤੇ ਅਣਥੱਕ ਕੰਮ ਤੋਂ ਬਾਅਦ ਉਨ੍ਹਾਂ ਨੇ ਆਪਣੀ ਨਵੀਂ ਖੋਜ ਬਾਰੇ ਇਕ ਪੁਸਤਕ ਲਿਖੀ। ਪੈਰਸ ਯੂਨੀਵਰਸਿਟੀ ਇਸ ਕਿਤਾਬ ਤੋਂ ਬੜੀ ਪ੍ਰਭਾਵਤ ਹੋਈ ਤੇ ਉਸ ਨੇ ਮੈਡਮ ਕਿਊਰੀ ਨੂੰ ਬੀ. ਐਸ. ਸੀ. ਦੀ ਡਿਗਰੀ ਪ੍ਰਦਾਨ ਕੀਤੀ।
ਜਿਵੇਂ ਹੀ ਯੂਨੀਵਰਸਿਟੀ ਵਲੋਂ ਇਹ ਪੁਸਤਕ ਪ੍ਰਕਾਸ਼ਤ ਹੋਈ, ਸਾਰੇ ਸੰਸਾਰ ਰੇਡੀਅਮ ਅਤੇ ਉਸ ਦੇ ਖੋਜਕਾਰਾਂ ਦੀ ਚਰਚਾ ਹੋਣ ਲੱਗੀ। ਅਖ਼ਬਾਰਾਂ ਦੇ ਰੀਪੋਰਟਰ ਉਨ੍ਹਾਂ ਦੇ ਇੰਟਰਵਿਊ ਲਈ ਟੁੱਟ ਪਏ; ਫ਼ੋਟੋਗਰਾਫ਼ਰ ਉਨ੍ਹਾਂ ਦੇ ਫ਼ੋਟੋ ਲੈਣ ਲਈ ਉਮ੍ਹਲ ਪਏ, ਪਰ ਕਿਊਰੀ-ਦੰਪਤੀ ਨੇ ਉਨ੍ਹਾਂ ਨੂੰ ਮਿਲਣ ਤੋਂ ਨਾਂਹ ਕਰ ਵੀ ਦਿੱਤੀ। ਉਹ ਸਾਦਾ-ਸੁਭਾ ਲੋਕ ਸਨ ਤੇ ਸ਼ਾਂਤ ਜੀਵਨ ਪਸੰਦ ਕਰਦੇ ਸਨ। ਰੌਲੇ-ਰੱਪੇ ਤੇ ਹੰਗਾਮਿਆਂ ਤੋਂ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ।
ਅਗਲੇ ਸਾਲ ਰਾਇਲ ਸੁਸਾਇਟੀ ਲੰਡਨ ਵਲੋਂ ਪੁਰ-ਜ਼ੋਰ ਸੱਦਾ ਆਉਣ ਤੇ ਉਨ੍ਹਾਂ ਨੂੰ ਲੰਡਨ ਜਾਣਾ ਪਿਆ। ਉੱਥੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ ਤੇ ਦੋਵਾਂ ਨੂੰ ਡੇਵੀ ਮੈਡਲ ਇਨਾਮ ਵਜੋਂ ਦਿੱਤਾ ਗਿਆ। ਉਸ ਸਾਲ ਦਾ ਨੋਬਲ ਪ੍ਰਾਈਜ਼ ਫ਼ਿਜ਼ਿਕਸ ਉੱਪਰ, ਉਨ੍ਹਾਂ ਵਿਚ ਤੇ ਬੇਕਰਲ ਵਿਚ ਅੱਧਾ-ਅੱਧਾ ਵੰਡਿਆ ਗਿਆ। ਫ਼ਰਾਂਸ ਸਰਕਾਰ ਨੇ ਪੀਰੀ ਕਿਊਰੀ ਨੂੰ ਭਾਰੀ ਤਨਖ਼ਾਹ ਉੱਤੇ ਫ਼ਿਜ਼ਿਕਸ ਦਾ ਪ੍ਰੋਫੈਸਰ ਨਿਯੁਕਤ ਕਰ ਦਿੱਤਾ।
ਇਨ੍ਹਾਂ ਸਾਰੇ ਸਨਮਾਨਾਂ ਦੇ ਬਾਵਜੂਦ ਪਤੀ-ਪਤਨੀ ਨੇ ਰਲ ਕੇ ਕੰਮ ਕਰਨਾ ਜਾਰੀ ਰੱਖਿਆ। ਰੇਡੀਅਮ ਦੇ ਪ੍ਰਯੋਗਾਂ ਕਾਰਨ ਉਨ੍ਹਾਂ ਦੇ ਹੱਥਾਂ ਉੱਪਰ ਫੋੜੇ ਨਿਕਲ ਆਏ ਜਿਹੜੇ ਡਾਢੀ ਬੀੜ ਕਰਦੇ ਹਨ। ਪੀਰੀ ਸਦਾ iਖ਼ਆਲ ਰੱਖਦਾ ਕਿ ਖ਼ਤਰੇ ਭਰੇ ਤਜਰਬੇ ਉਹ ਆਪ ਕਰੇ। ਇਕ ਵਾਰੀ ਪ੍ਰਯੋਗ ਕਰਦਿਆਂ ਉਸ ਦੀ ਬਾਂਹ ਸੜ ਗਈ ਜਿਸ ਨੂੰ ਠੀਕ ਹੁੰਦਿਆਂ ਕਈ ਮਹੀਨੇ ਲੱਗ ਗਏ। ਉਹ ਦੇ ਹੱਥ ਰੇਡੀਅਮ-ਟਿਊਬਾਂ ਦੀ ਵਰਤੋਂ ਕਾਰਨ ਨਾਕਾਰਾ ਹੋ ਗਏ।
ਇਕ ਦਿਨ ਪੀਰੀ ਬੜਾ ਖ਼ੁਸ਼-ਖ਼ੁਸ਼ ਤੇ ਖਿੜਿਆ ਹੋਇਆ ਆਪਣੇ ਮਿੱਤਰਾਂ ਨਾਲ ਚਾਹ ਪੀ ਰਿਹਾ ਸੀ। ਖ਼ੁਸ਼ ਉਹ ਇਸ ਗੱਲ ਤੋਂ ਸੀ ਕਿ ਉਸ ਨੂੰ ਖੋਜ-ਕਾਰਜ ਲਈ ਵਧੇਰੇ ਸਮਾਂ ਦੇਣ ਵਾਸਤੇ ਉਸ ਤੋਂ ਪੜ੍ਹਾਉਣ ਦਾ ਕੰਮ ਛੁਡਾ ਦਿੱਤਾ ਗਿਆ ਸੀ। ਸੰਧਿਆ ਵੇਲੇ ਜਦੋਂ ਉਹ ਘਰ ਪਰਤ ਰਿਹਾ ਸੀ ਤਾਂ ਇਕ ਚੁਰਾਹੇ ’ਤੇ ਉਹਦਾ ਪੈਰ ਤਿਲਕ ਗਿਆ ਤੇ ਉਹਦਾ ਸਿਰ ਇਕ ਭਾਰੇ ਗੱਡੇ ਦੇ ਪੱਹੀਏ ਹੇਠ ਆ ਕੇ ਕੁਚਲਿਆ ਗਿਆ ਤੇ ਉਸੇ ਪਲ ਉਸ ਦੀ ਮੌਤ ਹੋ ਗਈ।
ਉਸ ਦੀ ਸਨੇਹਮਈ ਪਤਨੀ ਲਈ ਇਹ ਸੱਟ ਅਸਹਿ ਸੀ। ਉਹ ਗੁੰਮ ਹੋ ਕੇ ਰਹਿ ਗਈ। ਡਰ ਪੈਦਾ ਹੋਇਆ ਕਿ ਉਹ ਦੀ ਜ਼ਿੰਦਗੀ ’ਤੇ ਨਾ ਆ ਬਣੇ। ਪਰ ਆਪਣੀਆਂ ਧੀਆਂ- ਆਈਰੀਨ ਤੇ ਈਵ ਵੱਲ ਵੇਖ ਕੇ ਉਹ ਸੰਭਲੀ। ਹੌਲੀ-ਹੌਲੀ ਉਸ ਨੇ ਮੁੜ ਕੰਮ ਕਰਨਾ ਸ਼ੁਰੂ ਕੀਤਾ। ਉਸ ਨੂੰ ਉਸ ਦੇ ਪਤੀ ਦੀ ਥਾਂ ’ਤੇ ਆਨਰੇਰੀ ਪ੍ਰੋਫੈਸਰ ਨਿਯੁਕਤ ਕਰ ਦਿੱਤਾ ਗਿਆ।
ਬੜੇ ਸਬਰ ਨਾਲ ਉਹ ਕੰਮ ਕਰਦੀ ਗਈ। ਪਰ ਉਸ ਨੇ ਕਿਸੇ ਵੀ ਇਕੱਤ੍ਰਤਾ ਉੱਤੇ ਆਉਣ ਤੋਂ ਨਾਂਹ ਕਰ ਦਿੱਤੀ। ਹਾਂ, ਇਕ ਇਕੱਠੇ ਵਿਚ ਉਸ ਨੂੰ ਭਾਸ਼ਣ ਦੇਣਾ ਪਿਆ। ਉਹ ਇਕੱਠ ਵਿਚ ਫ਼ਰਾਂਸ ਦਾ ਰਾਸ਼ਟਰਪਤੀ, ਪੁਰਤਗਾਲ ਦਾ ਬਾਦਸ਼ਾਹ, ਲਾਰਡ ਕੰਲਵਿਨ, ਸਰ ਰਾਮਸੇ ਅਤੇ ਸਰ ਆਲੀਵਰ ਲਾਜ ਵਰਗੀਆਂ ਉੱਘੀਆਂ ਹਸਤੀਆਂ ਜੁੜੀਆਂ ਸਨ ਜਿਨ੍ਹਾਂ ਨੇ ਮੈਡਮ ਕਿਊਰੀ ਦਾ ਨਿੱਘਾ ਸੁਆਗਤ ਕੀਤਾ।
1910 ਵਿਚ ਉਸ ਨੇ ਆਪਣੀਆਂ ਖੋਜਾਂ ਉੱਪਰ ਇਕ ਹਜ਼ਾਰ ਸਫ਼ਿਆਂ ਦੀ ਪੁਸਤਕ ਲਿਖੀ। ਇਸ ਪੁਸਤਕ ਉੱਤੇ ਉਸ ਨੂੰ ਇਕ ਵਾਰ ਫੇਰ ਨੋਬਲ ਪ੍ਰਾਈਜ਼ ਦਿੱਤਾ ਗਿਆ। ਇਹ ਸਾਇੰਸ ਦੀ ਦੁਨੀਆਂ ਦਾ ਸਭ ਤੋਂ ਵੱਡਾ ਆਦਰ ਸੀ ਜੋ ਉਸ ਨੂੰ ਦਿੱਤਾ ਗਿਆ। ਪਰ ਐਕੈਡਮੀ ਆਫ਼ ਫ਼ਰਾਂਸ ਨੇ ਇਸਤਰੀ ਹੋਣ ਕਰਕੇ ਉਸ ਨੂੰ ਆਪਣਾ ਮੈਂਬਰ ਨਾ ਚੁਣਿਆ। ਉਨ੍ਹਾਂ ਦੀ ਰਵਾਇਤ ਹੀ ਅਜਿਹੀ ਸੀ ਕਿ ਕਿਸੇ ਇਸਤਰੀ ਨੂੰ ਐਕੈਡਮੀ ਦਾ ਮੈਂਬਰ ਨਹੀਂ ਸੀ ਬਣਾਇਆ ਜਾ ਸਕਦਾ।
ਪਹਿਲਾਂ ਸੰਸਾਰ-ਯੁੱਧ ਛਿੜਨ ਦੇ ਫ਼ੌਰਨ ਬਾਅਦ ਪੈਰਸ ਵਿਚ ਇਕ ਰੇਡੀਅਮ ਸੰਸਥਾ ਕਾਇਮ ਕੀਤੀ ਗਈ ਅਤੇ ਇਸ ਦਾ ਚਾਰਜ ਮੈਡਮ ਕਿਊਰੀ ਨੂੰ ਦਿੱਤਾ ਗਿਆ। ਉਸ ਨੇ ਯੁੱਧ ਦੇ ਦੌਰਾਨ ਇਕ ਨਾਇਕਾ ਵਾਂਗ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਉਹ ਹਸਪਤਾਲਾਂ ਤੇ ਰਣ-ਖੇਤਰ ਵਿਚ ਰੇਡੀਆਲੋਜੀ ਦੇ ਸਾਰੇ ਕੰਮਾਂ ਦੀ ਆਪ ਨਿਗਰਾਨੀ ਕਰਦੀ ਰਹੀ। ਉਹ ਹਰ ਤਰ੍ਹਾਂ ਦੀ ਸਲਾਹ ਅਤੇ ਸਹਾਇਤਾ ਲਈ ਹਰ ਵੇਲੇ ਤਤਪਰ ਰਹਿੰਦੀ ਸੀ। ਉਹ ਜ਼ਖ਼ਮੀਆਂ ਦੀ ਪ੍ਰੀਖਿਆ ਸਮੇਂ ਆਪ ਮੌਜੂਦ ਹੁੰਦੀ ਤੇ ਖ਼ਤਰਨਾਕ ਕੇਸ ਆਪਣੇ ਹੱਥ ਲੈ ਲੈਂਦੀ ਸੀ।
ਜੰਗ ਤੋਂ ਮਗਰੋਂ ਰੇਡੀਅਮ ਇਨਸਟੀਚਿਊਟ ਦਾ ਭਾਰੀ ਵਿਕਾਸ ਕੀਤਾ ਗਿਆ। ਇਸ ਵਿਚ ਦੋ ਪ੍ਰਯੋਗਸ਼ਾਲਾਵਾਂ ਕਾਇਮ ਕੀਤੀਆਂ ਗਈਆਂ। ਕਿਊਰੀ ਪ੍ਰਯੋਗਸ਼ਾਲਾ ਵਿਚ ਰੇਡੀਅਮ ਦੀ ਖੋਜ ਦਾ ਕਾਰਜ ਹੁੰਦਾ ਸੀ ਅਤੇ ਖ਼ਾਸਕਰ ਪ੍ਰਯੋਗਸ਼ਾਲਾ ਵਿਚ ਰੇਡੀਅਮ ਦੁਆਰਾ ਡਾਕਟਰੀ ਇਲਾਜ ਦੀ ਰੀਸਰਚ ਦਾ ਕੰਮ ਕੀਤਾ ਜਾਂਦਾ ਸੀ।
ਰੇਡੀਅਮ ਇਕ ਅਤਿ ਮੁੱਲਵਾਨ ਧਾਤ ਹੈ ਅਤੇ ਇਸ ਦੀ ਪ੍ਰਾਪਤੀ ਬੇਹੱਦ ਕਠਨ ਹੈ। ਮੈਡਮ ਕਿਊਰੀ ਦੇ ਸਨੇਹੀ ਅਤੇ ਪ੍ਰਸੰਸਕ ਜਿੱਥੇ-ਜਿੱਥੇ ਰੇਡੀਅਮ ਪਾਂਦੇ, ਝੱਟ ਉਸ ਨੂੰ ਭੇਜ ਦਿੰਦੇ।
ਜੇ ਕੋਈ ਦੁਬਲੇ ਤੇ ਕਮਜ਼ੋਰ ਸਰੀਰ ਵਾਲੀ ਮੈਡਮ ਕਿਊਰੀ ਨੂੰ ਵੇਖਦਾ ਤਾਂ ਕਦੀ ਅਨੁਮਾਨ ਨਾ ਲਾ ਸਕਦਾ ਕਿ ਇਹ ਲਿੱਸੀ, ਪਤਲੀ ਮੂਰਤੀ ਹੀ ਚਮਤਕਾਰੀ ਧਾਤ ਰੇਡੀਅਮ ਦੀ ਪ੍ਰਸਿੱਧ ਖੋਜਕਾਰ ਹੈ ਤੇ ਕਈ ਯੂਨੀਵਰਸਿਟੀਆਂ ਦੀ ਡਾਕਟਰ ਆਫ਼ ਸਾਇਸ਼, ਅਣਗਿਣਤ ਐਕੈਡਮੀਆਂ ਦੀ ਮੈਂਬਰ ਤੇ ਨੋਬਲ ਪ੍ਰਾਈਜ਼ ਜੇਤੂ ਅਤੇ ਨਾਲ ਹੀ ਇਕ ਸਨੇਹਮਈ ਪਤਨੀ ਅਤੇ ਮਮਤਾ ਭਰੀ ਮਾਂ ਹੈ।