ਜੋਗਾ
ਬੀਤੇ ਦਿਨੀਂ ਮਾਈ ਭਾਗੋ ਡਿਗਰੀ ਕਾਲਜ, ਰੱਲਾ ਵਿਖੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਦੀ ਅਗਵਾਈ ਤਹਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਤੀਆਂ ਦੇ ਤਿਉਹਾਰ ਦਾ ਪੰਜਾਬੀ ਜੀਵਨ ਸਮਾਜ ਵਿਚ ਵੱਖਰਾ ਅਨੁਭਵ ਤੇ ਮਹੱਤਵ ਹੈ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਵਿਦਿਅਕ ਸੰਸਥਾਵਾਂ ਵਿਚ ਮਨਾਉਣ ਦਾ ਮੰਤਵ ਇਹ ਹੈ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪੁਰਾਣੀ ਵਿਰਾਸਤ ਨਾਲ ਜੋੜਿਆ ਜਾਵੇ ਅਤੇ ਉਨ੍ਹਾਂ ਪੰਜਾਬੀ ਸਭਿਆਚਾਰ ਦੇ ਪ੍ਰਤੱਖ ਨਮੂਨੇ ਦਿਖਾਏ ਜਾਣ। ਇਸ ਮੌਕੇ ਕੋਅਰਡੀਨੇਟਰ ਰਾਜਵਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਇਸ ਤਿਉਹਾਰ ਦੇ ਮਹੱਤਵ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬੀ ਸਭਿਆਚਾਰ ਦੀ ਜੀਵਨ ਸ਼ੈਲੀ ਦੇ ਅਨੇਕ ਰੰਗ ਲਾ-ਜਵਾਬ ਹਨ। ਜਿਨ੍ਹਾਂ ਦੀ ਪਹਿਚਾਣ ਦੁਨੀਆਂ ਭਰ ਵਿਚ ਅੱਜ ਵੀ ਬਰਕਰਾਰ ਹੈ। ਇਸ ਮੌਕੇ ਸਹਾਇਕ ਪ੍ਰੋਫੈਸਰ ਅਮਨਦੀਪ ਕੌਰ ਜੋਗਾ ਤੇ ਕਮਲਪ੍ਰੀਤ ਕੌਰ ਨੇ ਸਾਂਝੇ ਰੂਪ ਵਿਚ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਦੁਆਰਾ ਲੰਬੀਆਂ ਹੇਕਾਂ ਵਾਲੇ ਗੀਤ ਅਤੇ ਗਿੱਧੇ ਦੀ ਪੇਸ਼ਕਾਰੀ ਰਾਹੀਂ ਕੀਤੀ ਗਈ। ਉਨ੍ਹਾਂ ਕਿਹਾ ਵੱਖ-ਵੱਖ ਮੁਕਾਬਲਿਆਂ ਰਾਹੀਂ ਮਿਸ ਤੀਜ ਦਾ ਸਨਮਾਨ ਹਰਪ੍ਰੀਤ ਕੌਰ ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਨੂੰ ਦਿੱਤਾ ਗਿਆ। ਇਸ ਮੌਕੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਵੱਖ-ਵੱਖ ਕਲਾ-ਕ੍ਰਿਤੀਆਂ ਅਤੇ ਸਟਾਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿਚੋਂ ਬੀ.ਏ ਭਾਗ ਤੀਜਾ ਜਮਾਤ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਸੰਸਥਾ ਦੇ ਚੇਅਰਪਰਸਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ. ਮਨਜੀਤ ਸਿੰਘ, ਉਪ-ਚੇਅਰਪਰਸਨ ਸ੍ਰ. ਪਰਮਜੀਤ ਸਿੰਘ ਬੁਰਜ ਹਰੀ ਨੇ ਤੀਆਂ ਦੇ ਤਿਉਹਾਰ ਦੀ ਸਭ ਨੂੰ ਮੁਬਾਰਕਬਾਦ ਆਖੀ। ਇਸ ਵਿਸ਼ੇਸ਼ ਮੌਕੇ ਸਕੂਲ ਪ੍ਰਿੰਸੀਪਲ ਸਵਿਤਾ ਕਾਠ, ਲੈਕਚਰਾਰ ਜਸਵੀਰ ਕੌਰ, ਮਨਪ੍ਰੀਤ ਕੌਰ, ਕੁਲਜਿੰਦਰ ਕੌਰ, ਲਾਇਬਰੇਰੀਅਨ ਬੀਰਪਾਲ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।