ਹਸਰਤ ਅਤੇ ਚਿੜੀਆਂ ਦੋ ਕਾਵਿ ਪੁਸਤਕਾਂ ਹੋਈਆਂ ਲੋਕ ਅਰਪਣ
ਗਗਨਦੀਪ ਸਿੰਘ (ਬਠਿੰਡਾ) 28 ਅਗਸਤ: ਬੀਤੇ ਦਿਨੀਂ ਮਿਤੀ 27/08/2023 ਦਿਨ ਐਤਵਾਰ ਨੂੰ ਅੱਖਰਾਂ ਦੇ ਆਸ਼ਿਕ ਸਾਹਿਤ ਮੰਚ: ਪੰਜਾਬ ਵੱਲੋਂ ਟੀਚਰ ਹੋਮ ਬਠਿੰਡਾ ਵਿਖੇ ਕਵੀ ਦਰਬਾਰ ਅਤੇ ਪੁਸਤਕ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਗੁਰੀ ਆਦੀਵਾਲ ਵੱਲੋਂ ਸੰਪਾਦਿਤ ਕੀਤਾ ਸਾਂਝਾ ਕਾਵਿ ਸੰਗ੍ਰਹਿ “ਹਸਰਤ” ਅਤੇ ਲੇਖਕ ਅਵਤਾਰ ਸਿੰਘ ਢਿੱਲੋਂ ਦੀ ਪਲੇਠੀ ਕਾਵਿ ਪੁਸਤਕ “ਚਿੜੀਆਂ” ਦੋ ਪੁਸਤਕਾਂ ਲੋਕ ਅਰਪਣ ਹੋਈਆਂ। ਇਸ ਸਮਾਗਮ ਵਿੱਚ ਪੰਜਾਬ ਦੇ ਉੱਘੇ ਕਵੀਸ਼ਰ ਮਾਸਟਰ ਰੇਵਤੀ ਪ੍ਰਸ਼ਾਦ ਅਤੇ ਸ਼ਾਇਰਾਂ ਸਿਮਰਨ ਅਕਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ ਡਾ. ਕੁਲਵਿੰਦਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਇਆ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਰਾਜ ਮੰਡੀ ਕਲਾਂ ਵੱਲੋਂ ਨਿਭਾਈ ਗਈ। ਸਮਾਗਮ ਦੀ ਸ਼ੁਰੂਆਤ ਵਿੱਚ ਪੰਜਾਬੀ ਸਾਹਿਤ ਦੇ ਉੱਘੇ ਲੇਖਕ ਅਤੇ ਆਲੋਚਕ ਦੇਸ ਰਾਜ ਕਾਲੀ ਜੀ ਦੇ ਬੇਵਕਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਤੇ ਸਾਹਿਤਕਾਰਾਂ ਵੱਲੋਂ ਅਫ਼ਸੋਸ ਪ੍ਰਗਟ ਕੀਤਾ ਗਿਆ। ਸਮਾਗਮ ਵਿੱਚ ਹਾਜ਼ਿਰ ਕਵੀਆਂ ਵੱਲੋਂ ਕਵਿਤਾ ਪਾਠ ਕੀਤਾ ਗਿਆ ਜਿਸ ਵਿੱਚ ਕੁਲਦੀਪ ਸਿੰਘ ਬੰਗੀ, ਜੱਸ ਬਠਿੰਡਾ, ਪ੍ਰੋ. ਡਾ. ਗੁਰਜੀਤ ਸਿੰਘ ਖਾਲਸਾ, ਪ੍ਰਿੰ. ਬਲਵੀਰ ਸਿੰਘ ਸਨੇਹੀ, ਕਵੀਸ਼ਰ ਦਰਸ਼ਨ ਭੰਮੇ, ਕੁਲਦੀਪ ਸਿੰਘ ਦੀਪ, ਸਿਕੰਦਰ ਚੰਦਭਾਨ, ਵਤਨਵੀਰ ਜ਼ਖ਼ਮੀ, ਸ਼ਿਵੂ, ਹਰਸ਼ ਗੱਦਰਖੇੜਾ, ਹੈਰੀ ਭੋਲੂਵਾਲਾ, ਸੁਖਨੂਰ ਸਿੰਘ, ਸੁਰਿੰਦਰ ਸਿੰਘ ਆਦਿ ਕਵੀਆਂ ਵੱਲੋਂ ਹਾਜ਼ਰੀ ਭਰੀ ਗਈ। ਸਮਾਗਮ ਦੇ ਅੰਤ ਵਿੱਚ ਮੰਚ ਦੇ ਪ੍ਰਧਾਨ ਕੰਵਰਜੀਤ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਸਭਨਾਂ ਹਾਜ਼ਰ ਨਾਜ਼ਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਕੈਫੇ ਵਰਲਡ ਪਬਲੀਕੇਸ਼ਨਜ਼ ਵੱਲੋਂ ਚਲਾਈ ਗਈ ‘ਹਰ ਨੌਜਵਾਨ ਹੱਥ ਕਿਤਾਬ’ ਮੁਹਿੰਮ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ।