( ਦੋਹਰੇ ਕਿਰਦਾਰ )
ਲੇਖਕ- ਜਸਪਾਲ (ਮੋਬਾਇਲ:9814785701)
ਪ੍ਰਕਾਸ਼ਕ: ਸਾਹਿਬਦੀਪ ਪਬਲੀਕੇਸ਼ਨ ਭੀਖੀ (ਮਾਨਸਾ)
ਮੁੱਲ:180 ਰੁਪਏ, ਸਫੇ਼:80
ਸੰਪਰਕ: 9988913155
‘ਦੋਹਰੇ ਕਿਰਦਾਰ’ ਪੁਸਤਕ ਲੇਖਕ ਜਸਪਾਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਵਿੱਚ ਲੇਖਕ ਦੀਆਂ ਕੁੱਲ 65 ਕਵਿਤਾਵਾਂ ਸ਼ਾਮਲ ਹਨ। ਲੇਖਕ ਦਾ ਅੰਦਰਲਾ ਸਹਿਤਕਾਰ ਸਮਾਜ ਵਿਚਲੇ ਦਰਦ ਭਰੇ ਵਰਤਾਰਿਆਂ ਨੂੰ ਵੇਖ ਕੇ ਤੜਪ ਉੱਠਦਾ ਹੈ ਅਤੇ ਸ਼ਬਦਾਂ ਦੀ ਘਾੜਤ ਘੜਨੀ ਸ਼ੁਰੂ ਕਰ ਦਿੰਦਾ ਹੈ। ਉਹ ਲੋਕਾਂ ਦੇ ਸਫੈਦਪੋਸ਼ ਪਿਛੇ ਛਿਪੇ ਦੋਹਰੇ ਕਿਰਦਾਰ ਦੀ ਗੱਲ ਕਰਦਾ ਹੈ ਤੇ ਇਨ੍ਹਾਂ ਦੀ ਪਹਿਚਾਣ ਕਰਨੀ ਮੁਸ਼ਕਲ ਦੱਸਦਾ ਹੈ, ਜਿਨ੍ਹਾਂ ਤੋਂ ਲੋਕਾਂ ਨੂੰ ਹਰ ਕਦਮ ਸੰਭਲ ਕੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਲੇਖਕ ਦੇ ਅੰਦਰਲਾ ਦਰਦ ਖੇਤਾਂ ਦੇ ਪੁੱਤਾਂ ਪ੍ਰਤੀ ਵੀ ਉਜਾਗਰ ਹੋ ਉੱਠਦਾ ਹੈ ਅਤੇ ਦਿੱਲੀ ਚੱਲੇ ਇਤਿਹਾਸਕ ਕਿਸਾਨੀ ਸੰਘਰਸ਼ ਦੀ ਗੱਲ ‘ਕਿਸਾਨੀ’ ਤੇ ‘ਫਸਲ’ ਕਵਿਤਾ ਵਿੱਚ ਕਰਦਾ ਹੈ। ਉਹ ਕਿਸਾਨੀ ਨੂੰ ਸੰਬੋਧਿਤ ਹੁੰਦਾ ਕਹਿੰਦਾ ਹੈ: ਤੁਸੀਂ ਸੰਘਰਸ਼ਾ ਦੇ ਜਾਏ,
ਸਿਰੜ ਤੇ ਸਿਦਕ ਦੀ ਭੱਠੀ ‘ਤੇ ਕੜਦੇ ਆਏ
ਸਦੀਆਂ ਤੋਂ ਚਰਚਾ ਤੁਹਾਡਾ,
‘ਕਹਿੰਦੇ’ ਝੁਕਣ ਨਾ ਝੁਕਾਏ।
ਅਜੋਕੀ ਰਾਜਨੀਤੀ ਵੱਲੋਂ ਪਾਏ ਅਖੌਤੀ ਲੋਕਤੰਤਰ ਦੇ ਮਖੌਟੇ ਦੀ ਗੱਲ ਕਰਦਾ ਲੇਖਕ ਰਾਜਨੀਤੀ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਤਕਰੀਰਾਂ ਦੇ ਜਾਲ ਵਿੱਚ ਫਸਾਏ ਜਾਣ ਦੀ ਬਾਤ ‘ਅਡੰਬਰ’ ਕਵਿਤਾ ਵਿੱਚ ਕਰਦਾ ਹੈ। ਅਜਿਹੀ ਰਾਜਨੀਤੀ ਦਾ ਵਿਰੋਧ ਕਰਨ ਲਈ ਸੁਕਰਾਤ ਵਾਂਗ ਜ਼ਹਿਰ ਦਾ ਪਿਆਲਾ ਪੀਣ ਬਰਾਬਰ ਹੈ। ‘ਮਾਂ ਬੋਲੀ’ ਕਵਿਤਾ ਵਿੱਚ ਪੰਜਾਬੀ ਬੋਲੀ ਵਿੱਚ ਦਿਨੋ ਦਿਨ ਆ ਰਹੇ ਨਿਘਾਰ ਦੀ ਗੱਲ ਕਰਦਿਆਂ ਲੇਖਕ ਧੁਰ ਅੰਦਰ ਤੱਕ ਝੰਜੋੜਿਆ ਲੱਗਦਾ ਹੈ। ਉਹ ਲੋਕਾਂ ਨੂੰ ਮਾਂ ਬੋਲੀ ਨਾਲ ਜੁੜਨ ਦੀ ਆਵਾਜ਼ ਦਿੰਦਾ ਹੈ ਤੇ ਇਸ ਨੂੰ ਜਿਉਂਦੇ ਰੱਖਣ ਲਈ ਸੰਘਰਸ਼ ਕਰਦਾ ਨਜ਼ਰੀ ਪੈਂਦਾ ਹੈ। ਦੇਸ਼ ਵਿੱਚ ਪਿਛਲੇ ਕੁਝ ਸਾਲਾਂ ਤੋਂ ਪੂੰਜੀਵਾਦ ਵੱਲੋਂ ਦੇਸ਼ ਨੂੰ ਆਪਣੇ ਕਲਾਵੇ ‘ਚ ਲੈਣ ਅਤੇ ਅੰਨ੍ਹੀ ਮਾਨਸਿਕਤਾ ਦੀ ਡੰਗੀ ਭੀੜ ਵੱਲੋਂ ਕੀਤੇ ਜਾ ਰਹੇ ਜੁਲਮ ਦਾ ਦਰਦ ਵੀ ਲੇਖਕ ਅੰਦਰ ਛਲਕਦਾ ਹੈ। ਕੁੱਲ ਮਿਲਾ ਕੇ ਜਸਪਾਲ ਦਾ ਇਹ ਕਾਵਿ- ਸੰਗ੍ਰਹਿ ਜੀਵਨ ਦੇ ਹਰ ਪਹਿਲੂ ਨੂੰ ਛੂੰਹਦਾ ਹੈ। ਪੁਸਤਕ ਵਿਚਲੀ ਭਾਸ਼ਾ ਸਰਲ ਤੇ ਆਂਮ ਲੋਕਾ ਦੇ ਸਮਝ ਆਉਣ ਵਾਲੀ ਹੈ। ‘ਦੋਹਰੇ ਕਿਰਦਾਰ’ ਪੁਸਤਕ ਦਾ ਸਾਹਿਤਕ ਜਗਤ ਵਿੱਚ ਭਰਵਾ ਹੁੰਗਾਰਾ ਮਿਲਣ ਦੀ ਆਸ ਕੀਤੀ ਜਾਂਦੀ ਹੈ।
(ਤਰਨਤਾਰਨ)
ਮੋਬਾਇਲ:7087070050
ਦੋਹਰੇ ਕਿਰਦਾਰ/ਰੀਵਿਊ -ਹਰਨੰਦ ਸਿੰਘ ਬੱਲਿਆਂਵਾਲਾ
Leave a comment