ਹਰਿਆਣੇ ਦੀ ਨੁੱਕਰ ਨਾਲ ਲੱਗਦੇ ਮਾਨਸਾ ਜਿਲੇ ਦੇ ਵਾਸੀਆਂ ਨੇ ਹਰ ਖੇਤਰ ਵਿੱਚ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਨੇ । ਅੱਜ ਗੱਲ ਕਰਦੇ ਹਾਂ ਇਕ ਅਜਿਹੇ ਪਿੰਡ ਦੀ ਜਿੱਥੇ ਦੇਸ਼ ਦੀ ਵੰਡ ਤੋਂ ਬਾਅਦ ਬੱਸ ਸਰਵਿਸ ਵੀ 1985 ਦੇ ਨੇੜੇ ਤੇੜੇ ਹੀ ਸ਼ੁਰੂ ਹੋਈ ਸੀ, ਬਾਕੀ ਸਹੂਲਤਾਂ ਕਿਹੋ ਜਿਹੀਆਂ ਹੋਣਗੀਆਂ, ਅੰਦਾਜ਼ੇ ਤੁਹਾਡੇ । ਅਤਲਾ ਕਲਾਂ ਮਾਨਸਾ ਜਿਲੇ ਦਾ ਪਿੰਡ, ਭੀਖੀ ਤੋਂ ਜੋਗੇ ਨੂੰ ਜਾਣ ਵਾਲੀ ਸੜਕ ਤੇ ਵਸਿਆ ਹੋਇਐ । ਇਸੇ ਪਿੰਡ ਦੇ ਸ. ਜਸਵਿੰਦਰ ਸਿੰਘ ਦੀ ਬੇਟੀ ਮੁਖ਼ਤਿਆਰ ਨੇ ਪਿੰਡਾਂ ਵਿੱਚ ਕੁੜੀਆਂ ਲਈ ਚੰਗੀ ਨਾਂ ਸਮਝੀ ਜਾਣ ਵਾਲੀ ਖੇਡ ਕਬੱਡੀ ਵਿੱਚ ਐਸੀਆਂ ਮੱਲਾਂ ਮਾਰੀਆਂ, ਜਿਸ ਨਾਲ ਇਹ ਪਿੰਡ ਸਾਰੇ ਦੇਸ਼ ਵਿੱਚ ਮਸ਼ਹੂਰ ਹੋ ਗਿਆ ।ਅਤਲੇ ਕਲਾਂ ਪਿੰਡ ਨੂੰ ਮਾਣ ਹੈ ਇਸ ਗੱਲ ਦਾ ਕਿ ਇੱਥੇ ਸੰਤ ਲੱਖਾ ਸਿੰਘ ਵਰਗੇ ਦਰਵੇਸ਼ ਵੀ ਪੈਦਾ ਹੋਏ, ਜਿਹੜੇ ਗੁਰੂ ਘਰਾਂ ਵਿੱਚੋਂ ਪੰਜਾਬੀ ਲਿਖਣੀ ਪੜ੍ਹਨੀ ਸਿੱਖ ਕੇ ਪੰਜਾਬ ਵਿਧਾਨ ਸਭਾ ਤੱਕ ਪਹੁੰਚ ਗਏ । ਇਹ ਸੰਤ ਬਾਅਦ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ । ਤੇ ਹੁਣ ਮੁਖ਼ਤਿਆਰ ਕੌਰ ਦੀ ਕਲਾਤਮਿਕ ਖੇਡ ਦੇ ਸਦਕਾ ਇਹ ਪਿੰਡ ਪਹਿਲਾਂ ਪੰਜਾਬ ਤੇ ਫਿਰ ਪੂਰੇ ਭਾਰਤ ਵਿੱਚ ਜਾਣਿਆਂ ਜਾਣ ਲੱਗਾ । ਮੁਖ਼ਤਿਆਰ ਕੌਰ ਆਪਣੇ ਖੇਡ ਸਫਰ ਦੌਰਾਨ ਸੱਤ ਸੋਨੇ ਦੇ ਦੋ ਚਾਂਦੀ ਦੇ ਤੇ ਇਕ ਕਾਂਸੀ ਦਾ ਕੁੱਲ ਦਸ ਮੈਡਲ ਨੈਸ਼ਨਲ ਪੱਧਰ ਤੇ ਜਿੱਤਕੇ ਵੀ ਸਰਕਾਰੀ ਨੌਕਰੀ ਨਹੀਂ ਲੈ ਸਕੀ । ਇਹ ਤ੍ਰਾਸਦੀ ਸਾਡੇ ਹੀਰਿਆਂ ਦੀ ਐ, ਤੇ ਫਿਰ ਕੀ ਆਖੀਏ ਸਮੇਂ ਦੀਆਂ ਸਰਕਾਰਾਂ ਨੂੰ .. ਇਹੀ…
“ ਲੱਖ ਲਾਹਣਤਾਂ ਇਹੋ ਜਿਹੀਆਂ ਸਰਕਾਰਾਂ ਦੇ, ਜਿੱਥੇ ਫਰਜ ਪਛਾਣੇ ਜਾਂਦੇ ਨਾਂ
ਇੱਥੇ ਪੱਥਰ ਪੂਜੇ ਜਾਂਦੇ ਨੇ, ਇਨਸਾਨ ਪਛਾਣੇ ਜਾਂਦੇ ਨਾਂ
ਇੱਥੇ ਅਸਲੀ ਪਿੱਛੇ ਰਹਿ ਜਾਂਦੇ , ਵੇਖੇ ਨਕਲੀ ਖੱਟਾਂ ਖੱਟੀਂਦੇ
ਇੱਥੇ ਹੀਰੇ ਰੁਲ਼ਦੇ ਵੇਖੇ ਨੇ , ਤੇ ਕੌਡੀਆਂ ਦੇ ਮੁੱਲ ਵੱਟੀਂਦੇ “ ।
ਮੁਖ਼ਤਿਆਰ ਨੇ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋਂ ਹੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਸੀ । ਪਿੰਡ ਦੇ ਮਾਸਟਰ ਜਗਨ ਨਾਥ ਨੇ ਇਸ ਬੱਚੀ ਅੰਦਰਲਾ ਛੁਪਿਆ ਹੋਇਆ ਖਿਡਾਰੀ ਜਾਣ ਲਿਆ ਸੀ । ਮਾਸਟਰ ਜਗਨ ਨਾਥ ਦੀ ਹੱਲਾਸ਼ੇਰੀ ਨਾਲ ਮੁਖ਼ਤਿਆਰ ਸਕੂਲ ਪੜ੍ਹਦਿਆਂ ਹੀ ਤਿੰਨ ਵਾਰ ਨੈਸ਼ਨਲ ਖੇਡ ਆਈ ।
ਮਾਪਿਆਂ ਦੀ ਮੁਖ਼ਤਿਆਰ ਤੇ ਸਹੇਲੀਆਂ ਦੀ ਮਖਤਿਆਰੋ ਪਹਿਲੀ ਵਾਰ 2001 ਵਿੱਚ ਚੌਦਾਂ ਸਾਲ ਤੋਂ ਘੱਟ ਉਮਰ ਵਰਗ ਵਿੱਚ ਪੰਜਾਬ ਦੀ ਟੀਮ ਦਾ ਹਿੱਸਾ ਬਣਕੇ ਮੱਧ-ਪ੍ਰਦੇਸ਼ ਦੇ ਦੁਤੀਆ ਸ਼ਹਿਰ ਵਿੱਚ ਨੈਸ਼ਨਲ ਪੱਧਰ ਤੇ ਆਪਣੀ ਹੋਂਦ ਦਰਸਾਅ ਆਈ ।
ਦੂਸਰੀ ਵਾਰ ਸਤਾਰਾਂ ਸਾਲਾਂ ਤੋਂ ਘੱਟ ਉਮਰ ਵਰਗ ਵਿੱਚ ਪੰਜਾਬ ਦੀ ਟੀਮ ਦਾ ਹਿੱਸਾ ਬਣਕੇ ਮੱਧ-ਪ੍ਰਦੇਸ਼ ਦੇ ਸ਼ਹਿਰ ਦਵਾਸ ਵਿੱਚ ਧਮਾਲਾਂ ਪਾ ਆਈ ।
ਤੀਜੀ ਵਾਰ ਪੰਜਾਬ ਦੇ ਸਕੂਲਾਂ ਦੀ ਟੀਮ ਕਪਤਾਨ ਬਣਕੇ ਛੱਤੀਸਗੜ ਸੂਬੇ ਦੇ ਸ਼ਹਿਰ ਰਾਏਪੁਰ ਵਿੱਚ ਖੇਡ ਕੇ ਬੱਲੇ ਬੱਲੇ ਕਰਵਾਈ ਤੇ ਪੰਜਾਬ ਲਈ ਚਾਂਦੀ ਦਾ ਮੈਡਲ ਜਿੱਤ ਕੇ ਲੈ ਆਈ ।
ਇੱਥੇ ਹੀ ਪੰਜਾਬ ਦੀ ਟੀਮ ਦੀ ਕੋਚ ਬਣਕੇ ਗਈ ਪਲਵਿੰਦਰ ਕੌਰ ਨਾਲ ਮੇਲ ਹੋਇਆ । ਹਰ ਮੈਚ ਵਿੱਚ ਮੁਖ਼ਤਿਆਰ ਦੀ ਕਲਾਤਮਿਕ ਖੇਡ ਵੇਖ ਕੇ ਪਲਵਿੰਦਰ ਨੇ ਜਲੰਧਰ ਆਉਣ ਦਾ ਸੱਦਾ ਦੇ ਦਿੱਤਾ । ਖਿਡਾਰੀਆਂ ਦਾ ਕੇਂਦਰ ਬਿੰਦੂ ਤੇ ਖੇਡਾਂ ਦਾ ਮੱਕਾ ਮੰਨੇ ਜਾਂਦੇ ਜਲੰਧਰ ਨੇ ਪੰਜਾਬ ਅਤੇ ਦੇਸ਼ ਦੀ ਖੇਡਾਂ ਰੂਪੀ ਮਾਲਾ ਵਿੱਚ ਅਨੇਕਾਂ ਮੋਤੀ ਜੜੇ ਨੇ । ਜਿਹੜਾ ਖਿਡਾਰੀ ਜਲੰਧਰ ਪਹੁੰਚ ਗਿਆ, ਤਾਂ ਸਮਝੋ ਪਾਰਸ ਬਣਕੇ ਆਇਆ । ਜਲੰਧਰ ਦੇ ਮੁਕਾਬਲੇ ਮਾਲਵੇ ਦੀ ਟੇਲ ਤੇ ਵੱਸੇ ਮਾਨਸਾ ਵਿੱਚ ਇਹ ਸਹੂਲਤਾਂ ਅੱਜ ਵੀ ਇਕ ਸੁਪਨਾ ਨੇ । ਫਿਰ ਵੀ ਸਿਜਦਾ ਕਰਨਾ ਬਣਦੈ ਮਾਨਸਾ ਵੱਲ ਦੇ ਓਨ੍ਹਾਂ ਸਾਰੇ ਖਿਡਾਰੀਆਂ ਨੂੰ ਜਿੰਨ੍ਹਾ ਨੇ ਇਹਨਾ ਸਹੂਲਤਾਂ ਤੋਂ ਸੱਖਣੇ ਰਹਿਕੇ ਵੀ ਵੱਡੀਆਂ ਮੱਲਾਂ ਮਾਰੀਆਂ । ਫਰਕ ਸਾਫ਼ ਦਿਸਦੈ, ਸਾਡੇ ਖਿਡਾਰੀਆਂ ਨੂੰ ਕਾਲਜ ਪੱਧਰ ਤੇ ਜਾ ਕੇ ਵੀ ਓਹ ਸਹੂਲਤਾਂ ਨਹੀਂ ਮਿਲਦੀਆਂ ਜਿਹੜੀਆਂ ਜਲੰਧਰ ਦੇ ਸਕੂਲਾਂ ਵਿੱਚ ਨੇ ।
ਮਾਨਸਾ ਦੀ ਮਾਣ ਇਸ ਖਿਡਾਰਨ ਨੇ ਦਸਵੀ ਆਪਣੇ ਪਿੰਡ ਅਤਲਾ ਕਲਾਂ ਦੇ ਹਾਈ ਸਕੂਲ ਵਿੱਚੋਂ ਪਾਸ ਕੀਤੀ ਤੇ +2 ਸਰਕਾਰੀ ਸਕੈਂਡਰੀ ਸਕੂਲ ਜੋਗੇ ਤੋਂ ਪਾਸ ਕਰ ਲਈ ਤੇ ਪਲਵਿੰਦਰ ਕੌਰ ਦੇ ਸੱਦੇ ਤੇ ਜਲੰਧਰ ਦੇ ਐਚ ਐਮ ਵੀ ਕਾਲਜ ਵਿੱਚ ਪਹੁੰਚ ਗਈ ਅਗਲੀ ਪੜ੍ਹਾਈ ਲਈ । ਮਾਨਸਾ ਤੇ ਜਲੰਧਰ ਦੀ ਬੋਲੀ ਦਾ ਵੀ ਕੋਹਾਂ ਦਾ ਵੱਟਾ ਐ । ਦੁਆਬੇ ਵਿੱਚ ਮਾੜੇ ਧੀੜੇ ਦੇ ਪੈਰ ਨੀ ਜੰਮਦੇ, ਇੱਥੇ ਤਾਂ ਮਿਹਨਤਾਂ ਦੇ ਮੁੱਲ ਵੱਟੀਂਦੇ ਨੇ ।
ਪਹਿਲੇ ਸਾਲ ਆਪਣੇ ਕਾਲਜ ਨੂੰ ਗੁਰੂ ਨਾਨਕ ਯੂਨੀਵਰਸਿਟੀ ਦਾ ਜੇਤੂ ਬਣਾ ਦਿੱਤਾ । ਪਹਿਲੇ ਸਾਲ ਹੀ ਨੌਰਥ ਜ਼ੋਨ ਜਿੱਤਕੇ ਬਾਬੇ ਨਾਨਕ ਦੇ ਨਾਮ ਤੇ ਬਣੀ ਯੂਨੀਵਰਸਿਟੀ ਨੂੰ ਆਲ ਇੰਡੀਆ ਇੰਟਰਵਰਸਿਟੀ ਖੇਡਣ ਲਈ ਲੈ ਗਈ ।
ਆਲ ਇੰਡੀਆ ਇੰਟਰਵਰਸਿਟੀ ਦੇ ਇਹ ਮੁਕਾਬਲੇ 2005-6 ਵਿੱਚ ਬੈਗਲੌਰ ਹੋਏ । ਮੁਕਾਬਲੇ ਸਾਰੇ ਹੀ ਬੜੇ ਫਸਵੇਂ ਹੋਏ, ਕਿਉਂਕਿ ਸਾਰੇ ਦੇਸ਼ ਦੀਆਂ ਚੋਟੀ ਦੀਆਂ ਖਿਡਾਰਨਾਂ ਪਹੁੰਚੀਆਂ ਹੁੰਦੀਆਂ ਨੇ ਕਾਲਜਾਂ ਦੇ ਇਸ ਮਹਾਂ ਕੁੰਭ ਵਿੱਚ ਹਿੱਸਾ ਲੈਣ ਲਈ । ਮੁਖ਼ਤਿਆਰ ਦੀਆਂ ਫੁਰਤੀਲੀਆਂ ਰੇਡਾਂ ਅੱਗੇ ਵਿਰੋਧੀਆਂ ਦੀਆਂ ਰਣ ਨੀਤੀਆਂ ਹਰ ਵਾਰ ਫ਼ੇਲ੍ਹ ਹੁੰਦੀਆਂ ਰਹੀਆਂ , ਤੇ ਇਹ ਮੁਟਿਆਰ ਸਾਰੇ ਦੇਸ਼ ਦੀਆਂ ਚੋਟੀ ਦੀਆਂ ਮੁਟਿਆਰਾਂ ਵਿੱਚੋਂ ਬੈਸਟ ਰੇਡਰ ਬਣਕੇ ਸੋਨੇ ਦਾ ਮੈਡਲ ਜਿਤਵਾ ਗਈ ਆਪਣੀ ਯੂਨੀਵਰਸਿਟੀ ਨੂੰ ।
2006-7 ਵਿੱਚ ਦੂਸਰੀ ਵਾਰ ਇੰਟਰਵਰਸਿਟੀ ਖੇਡਣ ਲਈ ਆਂਧਰਾ ਪ੍ਰਦੇਸ਼ ਦੇ ਸ਼ਹਿਰ ਨਾਗਰਾਜਨਾ ਵਿੱਚੋਂ ਦੂਸਰੇ ਨੰਬਰ ਤੇ ਰਹਿਕੇ ਆਪਣੀ ਯੂਨੀਵਰਸਿਟੀ ਲਈ ਸਿਲਵਰ ਮੈਡਲ ਜਿੱਤ ਕੇ ਲੈ ਆਈ ।
ਜਿੱਤਾਂ ਦਾ ਵੇਰਵਾ ਜਾਰੀ ਰਹੇਗਾ
————————————————————————————————
2005-6 ਵਿੱਚ ਗੁਰੂ ਨਾਨਕ ਯੂਨੀਵਰਸਿਟੀ ਲਈ ਪਹਿਲਾ ਗੋਲ਼ਡ ਮੈਡਲ ਜਿੱਤਣ ਤੋਂ ਬਾਅਦ ਇੰਡੀਆ ਕੈਂਪ ਵਿੱਚ ਜਾਣ ਕਾਰਨ ਬੀ ਏ ਭਾਗ ਪਹਿਲਾ ਦੇ ਪੇਪਰ ਛੱਡਣੇ ਪੈ ਗਏ ਸੀ ਜਿਸ ਕਰਕੇ ਕਾਲਜ ਵਿੱਚ ਇਕ ਸਾਲ ਵੱਧ ਲਾਉਣਾ ਪਿਆ ।
ਹੁਣ ਮੁਖ਼ਤਿਆਰ ਆਪਣੀ ਯੂਨੀਵਰਸਿਟੀ ਲਈ ਤੀਜੀ ਵਾਰ ਆਲ ਇੰਡੀਆ ਇੰਟਰਵਰਸਿਟੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਹਿਮਾਚਲ ਪ੍ਰਦੇਸ਼ ਦੇ ਸੋਹਣੇ ਸ਼ਹਿਰ ਸੋਲ੍ਹਨ ਗਈ । ਇਸ ਵਾਰ ਯੂਨੀਵਰਸਿਟੀ ਦੀ ਕਪਤਾਨੀ ਵਾਲੇ ਸਾਰੇ ਨਾੜ ਵੀ ਮੁਖ਼ਤਿਆਰ ਦੇ ਕੰਧਿਆਂ ਤੇ ਹੀ ਸੀ । ਫਾਈਨਲ ਮੁਕਾਬਲਾ ਰੋਹਤਕ ਦੀਆਂ ਜਾਟਣੀਆਂ ਨਾਲ ਸੀ । ਬਾਜ਼ੀ ਇੱਥੇ ਵੀ ਸਿਰ-ਧੜ ਵਾਲੀ ਬਣੀ ਹੋਈ ਸੀ । ਫੈਸਲਾ ਆਖਰੀ ਰੇਡ ਤੇ ਹੋਣਾ ਸੀ ਤੇ ਇਹ ਰੇਡ ਸਾਡੇ ਜਿਲੇ ਦੀ ਸ਼ੇਰਨੀ ਦੇ ਹਿੱਸੇ ਆਈ । ਆਮ ਤੌਰ ਤੇ ਆਖਰੀ ਰੇਡ ਤੇ ਖਿਡਾਰੀ ਸੰਭਲ਼ ਸੰਭਲ਼ ਕੇ ਪੱਬ ਚੁੱਕਦੇ ਪਰ ਇਹ ਫੁਰਤੀਲੀ ਮੁਟਿਆਰ ਕਿੱਥੇ ਸਬਰ ਕਰਨ ਵਾਲੀ । ਜਾਣ ਸਾਰ ਬੋਨਸ ਖੜਕਾ ਦਿੱਤਾ, ਸਬਰ ਫੇਰ ਵੀ ਨਾਂ ਕੀਤਾ , ਸੋਚਿਆ ਜੇ ਰੈਫ਼ਰੀ ਨੇ ਨਾਂ ਮੰਨਿਆ ਤਾਂ ਕੰਮ ਉਲਟਾ ਵੀ ਹੋ ਸਕਦੈ । ਤੀਹ ਸਕਿੰਟ ਹੋਣ ਤੋਂ ਪਹਿਲਾਂ ਪਹਿਲਾਂ ਇਕ ਖਿਡਾਰਨ ਨੂੰ ਟੱਚ ਮਾਰਕੇ ਨੰਬਰ ਪੱਕਾ ਕਰ ਲਿਆ । ਆਖਰੀ ਰੇਡ ਤੇ ਦੋ ਨੰਬਰ ਲੈ ਕੇ ਆਪਣੀ ਯੂਨੀਵਰਸਿਟੀ ਨੂੰ ਇਕ ਹੋਰ ਸੋਨੇ ਦਾ ਮੈਡਲ ਜਿੱਤ ਕੇ ਦੇ ਦਿੱਤਾ ਅਤੇ ਇੰਟਰਵਰਸਿਟੀ ਦੀ ਬੈਸਟ ਰੇਡਰ ਦਾ ਅਵਾਰਡ ਵੀ ਲੈ ਗਈ ।
2008-9 ਵਿੱਚ ਚੌਥੀ ਵਾਰ ਫੇਰ ਪਾ ਦਿੱਤੇ ਚਾਲੇ ਲੰਬੀਆਂ ਵਾਟਾਂ ਦੇ ਪਾਂਧੀ ਵਾਂਗ, ਤਾਮਿਲਨਾਡੂ ਸੂਬੇ ਦੇ ਸ਼ਹਿਰ ਤਿਰੁਨੇਵਲੀ ਵੱਲ, ਆਪਣੀ ਯੂਨੀਵਰਸਿਟੀ ਲਈ ਇਕ ਹੋਰ ਮੁਕਾਬਲਾ ਖੇਡਣ ਲਈ । ਹੁਣ ਤੱਕ ਜਿੰਨੇ ਵੀ ਮੁਕਾਬਲੇ ਮੁਖ਼ਤਿਆਰ ਨੇ ਖੇਡੇ ਓਨ੍ਹਾਂ ਵਿੱਚੋਂ ਇਸ ਵਾਰ ਦੇ ਸਾਰੇ ਮੁਕਾਬਲਿਆਂ ਦੀ ਕਾਰਗੁਜ਼ਾਰੀ ਇਸ ਦਾ ਸਿਖਰ ਸੀ । ਹਰ ਮੈਚ ਵਿੱਚ ਕਮਾਲ ਦਾ ਪਰਦਰਸ਼ਨ ਸੀ । ਫਾਇਨਲ ਮੁਕਾਬਲਾ ਇਕ ਵਾਰ ਫੇਰ ਚੰਗੇ ਫਰਕ ਨਾਲ ਜਿੱਤਕੇ ਸੋਨੇ ਦੇ ਮੈਡਲ ਦੇ ਨਾਲ ਨਾਲ ਬੈਸਟ ਰੇਡਰ ਅਤੇ ਬੈਸਟ ਆਲ ਰਾਊਂਡਰ ਪਲੇਅਰ ਦਾ ਅਵਾਰਡ ਵੀ ਜਿੱਤ ਲਿਆ । ਜਲੰਧਰ ਦੇ ਕਾਲਜ ਵਿੱਚ ਬੀ ਏ ਤੱਕ ਦੀ ਪੜ੍ਹਾਈ ਕਰਦਿਆਂ ,ਚਾਰ ਵਾਰ ਗੁਰੂ ਨਾਨਕ ਯੂਨੀਵਰਸਿਟੀ ਦੀ ਚੈਂਪੀਅਨਸ਼ਿੱਪ ਆਪਣੇ ਕਾਲਜ ਦੀ ਝੋਲ਼ੀ ਪਾਈ, ਚਾਰੇ ਸਾਲ ਆਲ ਇੰਡੀਆ ਇੰਟਰਵਰਸਿਟੀ ਵਿੱਚੋਂ ਜਿੱਤਾਂ ਜਿੱਤਕੇ ਤਿੰਨ ਗੋਲ਼ਡ ਅਤੇ ਇਕ ਸਿਲਵਰ ਮੈਡਲ ਜਿੱਤਕੇ ਕਾਲਜ ਦਾ ਮਾਣ ਵਧਾਇਆ । ਚਾਰੇ ਸਾਲ ਕਾਲਜ ਨੇ ਸਾਰੀਆਂ ਸਹੂਲਤਾਂ ਦੇ ਕੇ ਨਿਵਾਜਿਆ ਆਪਣੀ ਇਸ ਹੀਰੋ ਨੂੰ ।
ਜਲੰਧਰ ਤੋਂ ਬੀ ਏ ਦੀ ਡਿਗਰੀ ਲੈ ਕੇ ਬੀ ਪੀ ਐਡ ਕਰਨ ਲਈ ਪੰਜਾਬੀ ਯੂਨੀਵਰਸਿਟੀ ਵੱਲ ਮੁਹਾਰਾਂ ਮੋੜ ਲਈਆਂ । ਬੀ ਪੀ ਐਡ ਕਰਨ ਲਈ ਬਠਿੰਡੇ ਦੇ ਮਾਲਵਾ ਕਾਲਜ ਵਿੱਚ ਜਾ ਲਾਏ ਡੇਰੇ । ਹੁਣ ਹੋ ਗਿਆ ਸਿਲਸਿਲਾ ਸ਼ੁਰੂ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀ ਟੌਰ੍ਹ ਬਨਾਉਣ ਦਾ । ਮੁਖ਼ਤਿਆਰ ਦੇ ਆਉਣ ਨਾਲ ਯੂਨੀਵਰਸਿਟੀ ਦੇ ਡਰਾਇਕਟਰ ਸਪੋਰਟਸ ਰਾਜ ਕੁਮਾਰ ਦੇ ਪੈਰ ਧਰਤੀ ਤੇ ਨਹੀਂ ਸੀ ਲੱਗਦੇ ।
2010-11 ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਤੇ ਆਪਣੇ ਵੱਲੋਂ ਨਿੱਜੀ ਤੌਰ ਤੇ ਪੰਜਵੀਂ ਵਾਰ ਪੁੱਟ ਲਈਆਂ ਪੁਲਾਘਾਂ ਉੜੀਸਾ ਦੇ ਸ਼ਹਿਰ ਉਜੈਨ ਵੱਲ ਆਲ ਇੰਡੀਆ ਇੰਟਰਵਰਸਿਟੀ ਖੇਡਣ ਲਈ । ਇਸ ਵਰ੍ਹੇ ਟੀਮ ਦੀ ਕਪਤਾਨੀ ਵੀ ਕੀਤੀ , ਬੈਸਟ ਰੇਡਰ ਵੀ ਬਣੀ ਤੇ ਸੋਨੇ ਦਾ ਮੈਡਲ ਵੀ ਫੁੰਡ ਲਿਆ ।
ਅਗਲੇ ਮੁਕਾਬਲਿਆਂ ਦੀ ਵਾਰਤਾ ਸਾਂਝੀ ਕਰਨ ਤੋਂ ਪਹਿਲਾ ਥੋੜੀ ਪਿੱਛਲ ਝਾਤ ਵੀ ਮਾਰ ਲਈਏ । ਮੈ ਹੁਣ ਤੱਕ ਜਿੰਨੇ ਵੀ ਖਿਡਾਰੀਆਂ ਬਾਰੇ ਲਿਖਿਆ ਹੈ , ਸਾਰਿਆਂ ਦੀ ਖੇਡ ਨੂੰ ਮੈ ਨੇੜਿਓਂ ਤੱਕਿਐ । ਕਿਸੇ ਨਾਲ ਖੇਡਿਆ, ਕਿਸੇ ਨੂੰ ਖੇਡਦਿਆਂ ਵੇਖਿਐ ਤੇ ਕਿਸੇ ਦੇ ਮੈਚ ਦੀ ਕੁਮੈਟਰੀ ਵੀ ਕੀਤੀ ਐ । ਮੁਖ਼ਤਿਆਰ ਓਹ ਪਹਿਲੀ ਖਿਡਾਰਨ ਕੁੜੀ ਐ ਜਿਸ ਨੂੰ ਮੈ ਖੇਡਦਿਆਂ ਨਹੀਂ ਵੇਖਿਆ । ਮੁਖ਼ਤਿਆਰ ਪਾਸੋਂ ਮੈ ਉਸ ਦੀਆਂ ਪ੍ਰਾਪਤੀਆਂ ਦੀ ਸੂਚੀ ਮੰਗੀ । ਮੈਨੂੰ ਭੇਜੀ ਗਈ ਲਿਖਤ ਇਉਂ ਲੱਗੀ ਜਿਵੇਂ ਕਿਸੇ ਡਾਕਟਰ ਨੇ ਦਵਾਈ ਲਿਖੀ ਹੁੰਦੀ ਐ । ਮੈ ਕਿਹਾ ਬੀਬਾ ਪੱਲੇ ਤਾਂ ਕੁੱਝ ਵੀ ਨੀ ਪਿਆ, ਫੇਰ ਦੁਬਾਰਾ ਸੋਹਣੇ ਅੱਖਰਾਂ ਵਿੱਚ ਲਿਖਕੇ ਭੇਜਿਆ । ਨਾਲ ਕਹਿ ਦਿੱਤਾ ਮੇਰੇ ਬਾਰੇ ਮਨਪ੍ਰੀਤ ਛੀਨਿਆਂ ਵਾਲ਼ੀ ਤੋਂ ਪੁੱਛ ਲਵੋ ਜਾਂ ਜਸਵੰਤ ਸਰ ਤੋਂ । ਅਖੀਰ ਦੋਸਤਾਂ ਦੀ ਮਦਦ ਨਾਲ ਮੈਡਮ ਗੁਣਵੰਤ ਕੌਰ ਤੇ ਬੁੱਧ ਸਿੰਘ ਭੀਖੀ ਨਾਲ ਸੰਪਰਕ ਜੋੜਿਆ ।
ਪਹਿਲਾਂ ਸੁਣੋ ਮੇਰੇ ਜਮਾਤੀ ਬੋਹਾ ਵਾਲ਼ੇ ਜਸਵੰਤ ਨੇ ਕੀ ਕਿਹਾ ….
“ਮੈ ਪਹਿਲੀ ਵਾਰ ਤੀਜੀ ਜਮਾਤ ਵਿੱਚ ਖੇਡਦੀ ਨੂੰ ਵੇਖਿਆ ਸੀ । ਘਰੇਲੂ ਕੁੜੀਆਂ ਵਾਲੇ ਪਹਿਰਾਵੇ ਵਿੱਚ , ਖਿੱਲਰੇ ਜੇ ਵਾਲਾਂ ਵਾਲੀ ਇਸ ਕੁੜੀ ਨੇ ਕਮਾਲ ਦੀਆਂ ਕਬੱਡੀਆਂ ਪਾਈਆਂ ਤੇ ਕੱਲੀ ਨੇ ਆਪਣੇ ਜ਼ੋਨ ਨੂੰ ਜਿਲਾ ਜੇਤੂ ਬਣਾ ਧਰਿਆ । ਉਸ ਤੋਂ ਬਾਅਦ ਮੈ ਮੁਖ਼ਤਿਆਰ ਦੇ ਜਿੰਨੇ ਵੀ ਮੈਚ ਵੇਖੇ ਸਾਰੇ ਸਿਰੇ ਦੇ । ਮੈ ਮੁਖਤਿਆਰ ਵਰਗਾ ਬੋਨਸ ਅੰਕ ਲੈਂਦਿਆਂ ਕਿਸੇ ਹੋਰ ਨੂੰ ਨਹੀਂ ਵੇਖਿਆ । ਕਬੱਡੀ ਦੇ ਮੈਦਾਨ ਵਿੱਚ ਇਹਦੇ ਵਾਂਗੂ ਪੱਬਾਂ ਤੇ ਡਾਂਸ ਕਰਦੀ ਕੋਈ ਹੋਰ ਕੁੜੀ ਨਹੀਂ ਵੇਖੀ , ਲੋਹੜੇ ਦੀ ਫੁਰਤੀਲੀ ਕੁੜੀ “।
ਅਗਲੀ ਕਾਲ ਗੁਣਵੰਤ ਮੈਡਮ ਨਾਲ ਜੁੜੀ, ਜਿਹੜੀ ਮੁਖ਼ਤਿਆਰ ਦੇ ਮੁੱਢਲੇ ਸਫਰ ਦੀ ਰਹਿਬਰ ਹੈ । ਮੇਰੇ ਪਿੰਡ ਧਲੇਵਾਂ ਵਿੱਚ ਸੇਵਾ ਕਰਦੀ ਇਹ ਖੇਡ ਅਧਿਆਪਕ ਤੋਂ ਪਹਿਲਾਂ ਤਾਂ ਮਿਲਕੇ ਨਾਂ ਜਾਣ ਦੇ ਉਲਾਂਭੇ ਸੁਣੇ ਤੇ ਫੇਰ ਹੋਈਆਂ ਮੁਖ਼ਤਿਆਰ ਦੀ ਕਬੱਡੀ ਦੀਆਂ ਗੱਲਾਂ । ਸੁਣੋ ਕੀ ਕਿਹਾ ਗੁਣਵੰਤ ਨੇ ….
ਮੈ ਆਪਣੇ ਸਪੋਰਟਸ ਦੇ ਕੈਰੀਅਰ ਦੌਰਾਨ ਮੁਖ਼ਤਿਆਰ ਵਰਗੀ ਕੋਈ ਖਿਡਾਰਨ ਨਹੀਂ ਵੇਖੀ । ਸਰੀਰ ਵਿੱਚ ਲਚਕ ਏਨੀ , ਸਮਝ ਲਵੋ ਕਿ ਜਿਵੇਂ ਰਬੜ ਦੀ ਡੌਲ ਹੁੰਦੀ ਐ । ਜਦੋਂ ਰੇਡ ਕਰਦੀ ਤਾਂ ਡਾਜਾਂ ਮਾਰ ਮਾਰ ਕੇ ਵਿਰੋਧੀ ਟੀਮ ਨੂੰ ਖਦੇੜ ਦਿੰਦੀ ਸੀ । ਕਈ ਵਾਰ ਤਾਂ ਵਿਰੋਧੀ ਟੀਮ ਦਾ ਕੋਈ ਖਿਡਾਰੀ ਆਪਣੇ ਆਪ ਹੀ ਲੜਖੜਾ ਕੇ ਬਾਹਰ ਹੋ ਜਾਂਦਾ । ਜਿੰਨੀਆਂ ਰੇਡਾਂ ਕਰਦੀ ਓਨੇ ਨੰਬਰ ਜੋੜਦੀ “ ।
ਇਕ ਵਾਕਿਆ ਹੋਰ ਸੁਣਾਇਆ ਗੁਣਵੰਤ ਨੇ, ਕਹਿੰਦੀ ਬਠਿੰਡੇ ਸਕੂਲਾਂ ਦੇ ਪੰਜਾਬ ਪੱਧਰੀ ਮੁਕਾਬਲੇ ਹੋਏ । ਸਾਡੀ ਮਾਨਸਾ ਦੀ ਟੀਮ ਦਾ ਫ਼ਾਈਨਲ ਮੈਚ ਸੀ । ਮੁਖ਼ਤਿਆਰ ਨੇ ਇਹ ਮੁਕਾਬਲਾ ਇਕ ਤਰਫ਼ਾ ਕਰ ਦਿੱਤਾ । ਆਖਰੀ ਦੋ ਮਿੰਟ ਬਾਕੀ ਸੀ , ਮੁਖ਼ਤਿਆਰ ਮੈਨੂੰ ਕਹਿੰਦੀ ਮੈਡਮ ਪੰਜਾਬ ਤਾਂ ਆਪਾਂ ਜਿੱਤ ਲਿਆ, ਹੁਣ ਮੈ ਇੱਕ ਸ਼ੁਰ੍ਹਲੀ ਛੱਡਕੇ ਆਵਾਂ । ਗੁਣਵੰਤ ਕਹਿੰਦੀ ਤੂੰ ਹੋਰ ਨਾਂ ਕੋਈ ਸਿਆਪਾ ਛੇੜਦੀਂ , ਜਿੱਤੇ ਪਏ ਆਂ ਰਹਿਣ ਦੇ ਨਵੀਂ ਭਸੂੜੀ ਤੋਂ । ਗੱਲ ਓਹੀ ਹੋ ਗਈ । ਮੁਖ਼ਤਿਆਰ ਰੇਡ ਤੇ ਗਈ ਤੇ ਬਿਨਾਂ ਕਿਸੇ ਖਿਡਾਰੀ ਨੂੰ ਹੱਥ ਲਾਇਆਂ ਲਾਬੀ ਵਿੱਚ ਜਾ ਬੜੀ , ਪਿੱਛੇ ਵਿਰੋਧੀ ਟੀਮ ਦੀਆਂ ਪੰਜ ਖਿਡਾਰਨਾਂ ਵੀ ਜਾ ਵੜੀਆਂ ਲਾਬੀ ਵਿੱਚ । ਰੈਫ਼ਰੀ ਵੀ ਤਾਂ ਬਠਿੰਡੇ ਵਾਲੇ ਈ ਸੀ । ਮੁਖ਼ਤਿਆਰ ਨੂੰ ਆਊਟ ਦੇ ਕੇ ਨੰਬਰ ਵਿਰੋਧੀ ਟੀਮ ਨੂੰ ਦੇ ਦਿੱਤਾ । ਮੈ ( ਗੁਣਵੰਤ ਨੇ) ਇਤਰਾਜ਼ ਕੀਤਾ ਕਿ ਇਕ ਨੰਬਰ ਵਿਰੋਧੀਆਂ ਦਾ ਤੇ ਪੰਜ ਸਾਡੇ ਬਣਦੇ ਨੇ । ਮੁਖ਼ਤਿਆਰ ਦੋ ਨੈਸ਼ਨਲ ਪੱਧਰ ਦੇ ਕੈਂਪ ਅਟੈਂਡ ਕੀਤੇ ਹੋਣ ਕਰਕੇ ਰੂਲਾਂ ਤੋਂ ਜਾਣੂ ਸੀ, ਪਰ ਰੈਫ਼ਰੀ ਵਿਚਾਰੇ ਕੋਰੇ ਸੀ ਰੂਲਾਂ ਤੋਂ । ਹੁਣ ਮੇਰੇ ਨਾਲ ਅਜਾਇਬ ਹੋਰੀਂ ਵੀ ਆ ਗਏ ਹਿਮਾਇਤ ਤੇ । ਅੱਧਾ ਘੰਟਾ ਰੇੜਕਾ ਚੱਲਿਆ, ਬਠਿੰਡੇ ਵਾਲਾ ਮੰਤਰੀ ਚਰੰਜੀ ਲਾਲ ਵੀ ਬਗੈਰ ਇਨਾਮ ਵੰਡੇ ਮੁੜ ਗਿਆ । ਪ੍ਰਬੰਧਕ ਕਹਿਣ ਥੋਡੇ ਨੰਬਰ ਤਾਂ ਵਾਧੂ ਨੇ ਲੜਦੇ ਕਿਉਂ ਹੋ । ਗੁਣਵੰਤ ਕਹਿੰਦੀ ਅਸੀਂ ਤੁਹਾਨੂੰ ਨਿਯਮ ਸਿਖਾਉਣੇ ਨੇ । ਜੇ ਰੇਡਰ ਵਿਰੋਧੀ ਟੀਮ ਦੇ ਕਿਸੇ ਖਿਡਾਰੀ ਨੂੰ ਹੱਥ ਲਾਏ ਬਗੈਰ ਲਾਬੀ ਵਿੱਚ ਚਲਾ ਜਾਂਦਾ ਹੈ ਤਾਂ ਵਿਰੋਧੀ ਟੀਮ ਦੇ ਜਿੰਨੇ ਖਿਡਾਰੀ ਲਾਬੀ ਵਿੱਚ ਜਾਣਗੇ ਓਹ ਵੀ ਸਾਰੇ ਆਊਟ ਸਮਝੇ ਜਾਣਗੇ । ਅਖੀਰ ਪੰਜ ਨੰਬਰ ਲੈਕੇ ਰਹੇ, ਤਾਂ ਕਿਤੇ ਜਾ ਕੇ ਫੈਸਲਾ ਹੋਇਆ ਤੇ ਸਾਡਾ ਜਿਲਾ ਮਾਨਸਾ ਪੰਜਾਬ ਦੇ ਸਕੂਲਾਂ ਦਾ ਜੇਤੂ ਬਣਿਆਂ । ਮੁਖਤਿਆਰ ਪੰਜਾਬ ਦੀ ਬੈਸਟ ਰੇਡਰ ਐਲਾਨੀ ਗਈ ।
ਅਗਲੀਆਂ ਜਿੱਤਾਂ ਤੇ ਮਨਪ੍ਰੀਤ ਛੀਨਿਆਂ ਵਾਲੀ, ਸਹੇਲੀਆਂ ਦੀ ਬਲਾਡਾ ਦੀਦੀ ਨੇ ਮੁਖ਼ਤਿਆਰ ਦੀਦੀ ਬਾਰੇ ਕੀ ਕਿਹਾ…….
——————————————————————————————————-
“ਅਸੀਂ ਕਾਲੀਆਂ ਰਾਤਾਂ ਸੰਗ ਲੜਦੇ, ਅਸੀਂ ਟਿੰਮ ਟਮਾਉਂਦੇ ਤਾਰੇ ਹਾਂ
ਅਸੀਂ ਸਿੱਦਕ ਦਿੱਲੀ ਦੇ ਪੱਕੇ ਤੇ ਅਸੀਂ ਚਾਨਣ ਦੇ ਵਣਜਾਰੇ ਹਾਂ “ ।
ਕੁੱਝ ਇਹੋ ਜਿਹੀ ਦਾਸਤਾਨ ਹੈ ਇਸ ਸਿਦਕਵਾਨ ਖਿਡਾਰਨ ਦੀ । ਬੀ ਪੀ ਐਡ ਦੀ ਡਿਗਰੀ ਬਠਿੰਡੇ ਤੋਂ ਪੂਰੀ ਕਰਨ ਤੋਂ ਬਾਅਦ 2011-12 ਵਿੱਚ ਖੇਡਾਂ ਦੀ ਮਾਸਟਰ ਡਿਗਰੀ ਲੈਣ ਲਈ ਭਾਗੂਮਾਜਰਾ ਦੇ ਫਿਜੀਕਲ ਕਾਲਜ ਜਾ ਲਿਆ ਦਾਖਲਾ । ਪੰਜਾਬੀ ਯੂਨੀਵਰਸਿਟੀ ਨੇ ਦੂਸਰੀ ਵਾਰ ਫੇਰ ਕਪਤਾਨੀ ਸੌਂਪ ਦਿੱਤੀ ਸਾਡੀ ਮਾਣਮੱਤੀ ਖਿਡਾਰਨ ਨੂੰ । ਆਲ ਇੰਡੀਆ ਇੰਟਰਵਰਸਿਟੀ ਮੁਕਾਬਲੇ ਹਰਿਆਣੇ ਦੇ ਮਹਾਂਭਾਰਤ ਯੁੱਧ ਵਾਲੇ ਸ਼ਹਿਰ ਕੁਰੂਕਸ਼ੇਤਰ ਵਿਚ ਸਨ । ਫ਼ਾਈਨਲ ਮੁਕਾਬਲਾ ਵੀ ਮੇਜ਼ਬਾਨਾਂ ਨਾਲ ਹੀ ਸੀ । 1974-76 ਤੱਕ ਜੋ ਹਰਿਆਣੇ ਵਿੱਚ ਖੇਡਣ ਗਏ ਪੰਜਾਬੀਆਂ ਨਾਲ ਹੁੰਦੀ ਸੀ ਓਹ ਮੈ ਵੇਖੀ ਵੀ ਹੈ ਤੇ ਹੰਢਾਈ ਵੀ ਹੈ । ਸਾਡੇ ਵਾਲੇ ਸਮੇਂ ਇਸ ਸੂਬੇ ਵਿੱਚ ਇਹੋ ਜਿਹੇ ਜਨੂਨੀ ਵਸਦੇ ਸੀ, ਜਿਨ੍ਹਾਂ ਦੇ ਹਾਰ ਹਜ਼ਮ ਨਹੀਂ ਸੀ ਹੁੰਦੀ । ਹਿਸਾਰ ਟੱਪ ਕੇ ਤਾਂ ਬੁਰਾ ਹਾਲ ਹੁੰਦਾ ਸੀ । ਇਉਂ ਲਗਦਾ ਹੁੰਦਾ ਜਿਵੇਂ ਕਿਸੇ ਹੋਰ ਦੇਸ਼ ਵਿੱਚ ਆਏ ਹੋਈਏ । ਇਕ ਦੋ ਵਾਰ ਤਾਂ ਟੂਰਨਾਮੈਂਟ ਜਿੱਤਣ ਦੇ ਬਾਵਜੂਦ ਇਨਾਮ ਲੈਣੇ ਤਾਂ ਦੂਰ ਦੀ ਗੱਲ ਕੱਪੜੇ ਵੀ ਛੱਡਕੇ ਭੱਜਣਾ ਪੈਂਦਾ ਸੀ ।
ਮੈਨੂੰ ਲਗਦਾ ਸੀ ਸ਼ਾਇਦ ਕੁੱਝ ਸੁਧਾਰ ਹੋ ਗਿਆ ਹੋਣਾ , ਪਰ ਜੋ ਮੁਖ਼ਤਿਆਰ ਨੇ ਦੱਸੀ ਓਹ ਓਹੀ ਪਹਿਲਾਂ ਵਾਲੀ ਫ਼ਿਲਮੀ ਸਟੋਰੀ ਹੀ ਸੀ । ਪੰਜਾਬੀ ਯੂਨੀਵਰਸਿਟੀ ਦਾ ਇਹ ਮੁਕਾਬਲਾ ਕੁਰੂਕਸ਼ੇਤਰ ਯੂਨੀਵਰਸਿਟੀ ਨਾਲ ਸੀ । ਇਹ ਯੁੱਧ ਵੀ ਕਿਸੇ ਮਹਾਂਭਾਰਤ ਵਾਲੇ ਯੁੱਧ ਤੋਂ ਘੱਟ ਨਹੀਂ ਸੀ । ਮੈਚ ਦਾ ਪਹਿਲਾ ਅੱਧ ਸੁਖਾਵੇਂ ਮਹੌਲ ਵਿੱਚ ਚੱਲਦਾ ਰਿਹਾ , ਅਸਲੀ ਦਵੰਧ ਯੁੱਧ ਦੂਸਰੇ ਅੱਧ ਵਿੱਚ ਸ਼ੁਰੂ ਹੋ ਗਿਆ । ਤਲਖ਼ੀ ਭਰੇ ਇਸ ਮੈਚ ਵਿੱਚ ਵਿਰੋਧੀ ਟੀਮ ਦੇ ਸੱਤ ਖਿਡਾਰੀਆਂ ਤੋਂ ਬਿਨਾਂ ਦੋ ਰੈਫ਼ਰੀ ਵੀ ਕੁਰੂਕਸ਼ੇਤਰ ਦੇ ਯੁੱਧ ਵਿੱਚ ਕੌਰਵਾਂ ( ਮੇਜ਼ਬਾਨਾਂ ) ਦਾ ਸਾਥ ਦੇ ਰਹੇ ਸੀ । ਹੁਣ ਮੁਕਾਬਲਾ ਸੱਤ ਦੇ ਮੁਕਾਬਲੇ ਨੌਂ ਖਿਡਾਰੀਆਂ ਨਾਲ ਸੀ । ਹਰਿਆਣੇ ਦੀ ਰੇਡਰ ਨੂੰ ਬਗੈਰ ਹੱਥ ਲਾਇਆਂ ਵੀ ਨੰਬਰ ਤੇ ਪੰਜਾਬਣਾਂ ਨੂੰ ਹੱਥ ਲੱਗਣ ਤੇ ਵੀ ਨਹੀਂ । ਬਾਰ ਬਾਰ ਇਤਰਾਜ ਕਰਨ ਦੇ ਬਾਵਜੂਦ ਵੀ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਰੈਫ਼ਰੀ ਧਿਰ ਬਣਕੇ ਖੜ ਗਏ । ਜਿੱਥੇ ਜੱਜ ਵਿਕਾਊ ਨੇ ਓਥੇ ਤਾਂ ਹੱਕ ਮੰਗੇ ਨੀ ਖੋਹੇ ਜਾਂਦੇ ਨੇ । ਸੂਬਾ ਸਰਹੰਦ ਦੇ ਅਹਿਲਕਾਰ ਬਣੇ ਰੈਫ਼ਰੀਆਂ ਨੇ ਪੰਜ ਮਿੰਟ ਰਹਿੰਦਿਆਂ ਕੁਰੂਕਸ਼ੇਤਰ ਦੀ ਟੀਮ ਨੂੰ ਪੰਜ ਨੰਬਰ ਉੱਤੇ ਕਰ ਦਿੱਤਾ । ਜਦੋਂ ਸਾਰੇ ਜ਼ੁਲਮ ਹੱਦਾਂ ਪਾਰ ਕਰ ਜਾਣ ਤਾਂ ਸਾਡੇ ਬਾਬਿਆਂ ਨੇ ਹਥਿਆਰ ਚੁੱਕਣ ਨੀ ਵੀ ਸਹੀ ਕਿਹੈ ।
ਸੱਭ ਕੁੱਝ ਹੱਥੋਂ ਜਾਂਦਾ ਵੇਖ ਟੀਮ ਦੀ ਕਪਤਾਨ ਮੁਖ਼ਤਿਆਰ ਨੇ ਆਪਣੀ ਟੀਮ ਨੂੰ ਵਾਕ ਲਾਈਨ ਤੇ ਲੈ ਆਂਦਾ । ਇਹ ਲਾਈਨ ਕਰਾਸ ਕਰਨੀ ਰੇਡਰ ਲਈ ਜ਼ਰੂਰੀ ਹੁੰਦੀ ਐ, ਨਹੀਂ ਤਾਂ ਨੰਬਰ ਵਿਰੋਧੀ ਟੀਮ ਦੇ ਖਾਤੇ ਪੈ ਜਾਂਦੈ । ਬੱਸ ਹੋ ਗਿਆ ਫੇਰ ਮੱਲ ਯੁੱਧ ਸ਼ੁਰੂ । ਜਿਹੜੀ ਵੀ ਵਿਰੋਧੀ ਖਿਡਾਰਨ ਰੇਡ ਤੇ ਆਵੇ ਇਹ ਪੰਜਾਬਣਾਂ ਆਉਂਦੀ ਨੂੰ ਢਾਅ ਲੈਣ । ਓਧਰ ਰੇਡ ਦੀ ਕਮਾਨ ਮੁਖ਼ਤਿਆਰ ਕੋਲ । ਜਦੋਂ ਵਿਰੋਧੀ ਨੂੰ ਧੂਅ ਕੇ ਪਾਲੇ ਤੇ ਸੁੱਟਿਆ ਹੋਵੇ ਤੇ ਫਿਰ ਰੈਫ਼ਰੀ ਦੀ ਕੀ ਮਜ਼ਾਲ ਕਿ ਨੰਬਰ ਨਾਂ ਦੇਵੇ । ਆਖਰੀ ਪੰਜ ਮਿੰਟਾਂ ਵਿੱਚ ਘਮਸਾਨ ਦਾ ਯੁੱਧ ਲੜ ਕੇ, ਛੇ ਨੰਬਰਾਂ ਦੀ ਲੀਡ ਲੈਕੇ ਆਪਣੀ ਯੂਨੀਵਰਸਿਟੀ ਨੂੰ ਸੋਨੇ ਦਾ ਮੈਡਲ ਜਿਤਵਾਇਆ ਇਸ ਅਣਖੀਲੀ ਮੁਟਿਆਰ ਨੇ । ਇਸ ਵਾਰ ਫੇਰ ਬੈਸਟ ਰੇਡਰ ਅਤੇ ਪਲੇਅਰ ਆਫ ਦਾ ਟੂਰਨਾਮੈਂਟ ਦਾ ਖਿਤਾਬ ਮੁਖ਼ਤਿਆਰ ਦੇ ਹਿੱਸੇ ਆਇਆ ।
ਹੁਣ ਅਗਲੇ ਮੈਚ ਦੀ ਗੱਲ ਕਰਨ ਤੋਂ ਪਹਿਲਾ ਸਾਡੇ ਜਿਲੇ ਦਾ ਮਾਣ, ਏਸ਼ੀਆਈ ਖੇਡਾਂ ਦੀ ਸਿਲਵਰ ਮੈਡਲ ਜੇਤੂ ਛੀਨਿਆਂ ਵਾਲ਼ੀ ਮਨਪ੍ਰੀਤ ( ਸਹੇਲੀਆਂ ਦੀ ਬਲਾਡਾ ਦੀਦੀ ) ਨਾਲ ਹੋਈ ਗੱਲ-ਬਾਤ ਸਾਂਝੀ ਕਰ ਲਈਏ । ਮਨਪ੍ਰੀਤ ਨਾਲ ਹੋਈ ਗੱਲ-ਬਾਤ ਵਿੱਚ ਕੀ ਕਿਹਾ ਬਲਾਡਾ ਦੀਦੀ ਨੇ ਮੁਖ਼ਤਿਆਰ ਦੀਦੀ ਬਾਰੇ ਉਸ ਦੀ ਜੁਬਾਨੀ ਸੁਣੋ…..
“ ਸਰ, ਮੁਖ਼ਤਿਆਰ ਦੀਦੀ ਦੀਆਂ ਕੀ ਸਿਫ਼ਤਾਂ ਕਰਾਂ , ਇਹ ਮੇਰੇ ਤੋਂ ਸੀਨੀਅਰ ਸੀ । ਤੀਹ ਸਕਿੰਟ ਦੀ ਰੇਡ ਵਿੱਚ ਕੋਈ ਵੀ ਰੇਡਰ ਮੁਸ਼ਕਿਲ ਨਾਲ ਪੰਦਰਾਂ ਕੁ ਸਕਿੰਟ ਹਰਕਤ ਵਿੱਚ ਰਹਿੰਦੈ । ਬਾਕੀ ਸਮਾਂ ਓਹ ਖੜ੍ਹਕੇ ਡਿਫੈਂਸ ਦੀ ਜੁਗਲਬੰਦੀ ਵੇਖਦਾ ਰਹਿੰਦੈ । ਪਰ ਮੁਖ਼ਤਿਆਰ ਦੀਦੀ ਦੀ ਰੇਡ ਦੇ ਕੀ ਕਹਿਣੇ , ਤੀਹ ਸਕਿੰਟਾਂ ਵਾਲੀ ਰੇਡ ਵਿੱਚ ਇੱਕ ਸਕਿੰਟ ਵੀ ਅਜਿਹਾ ਨਹੀਂ ਜਦੋਂ ਇਹ ਰੁਕੀ ਹੋਵੇ ਤੇ ਕੋਈ ਹਰਕਤ ਨਾਂ ਕੀਤੀ ਹੋਵੇ । ਵਿਰੋਧੀ ਡਿਫੈਂਸ ਨੂੰ ਆਪਣੀਆਂ ਕਲਾਬਾਜ਼ੀਆਂ ਨਾਲ ਤਹਿਸ-ਨਹਿਸ ਕਰਦੇ ਵੇਖਿਐ ਮੈ ਦੀਦੀ ਨੂੰ “। ਬਲਾਡਾ ਦੀਦੀ ਕਹਿ ਰਹੀ ਸੀ, ਸਰ ਤੁਸੀਂ ਪਰੋ ਕਬੱਡੀ ਵਿੱਚ ਇਰਾਨੀ ਰੇਡਰ ਮਿਰਾਜ ਸ਼ੇਖ ਦੀ ਰੇਡ, ਤੇ ਜੈ ਪੁਰ ਪਿੰਕ ਪੈਂਥਰ ਵਾਲੇ ਜਸਵੀਰ ਦੀ ਰੇਡ ਵੇਖੀ ਹੋਣੀ ਐ । ਮੈ ਕਿਹਾ ਹਾਂ , ਤੇ ਮਨਪ੍ਰੀਤ ਕਹਿੰਦੀ ਸਰ ਇਹ ਦੋਵੇਂ ਮੁਖ਼ਤਿਆਰ ਦੀਦੀ ਦੇ ਨੇੜੇ ਤੇੜੇ ਵੀ ਨਹੀਂ ਢੁਕਦੇ ।ਮਨਪ੍ਰੀਤ ਕਹਿ ਰਹੀ ਸੀ ਮੁਖ਼ਤਿਆਰ ਦੀਦੀ ਤਾਂ 2010 ਅਤੇ 2014 ਵਿੱਚ ਏਸ਼ੀਆਈ ਗੇਮਾਂ ਵਿੱਚ ਜਾਣ ਵਾਲੀ ਭਾਰਤੀ ਟੀਮ ਦੀ ਕਪਤਾਨ ਚਾਹੀਦੀ ਸੀ । ਪਰ ਫੈਡਰੇਸ਼ਨਾਂ ਉੱਤੇ ਤਾਂ ਗ਼ੈਰ ਪੰਜਾਬੀ ਅਤੇ ਸਿਆਸਤਦਾਨ ਕਾਬਜ਼ ਨੇ, ਤੇ ਫੇਰ ਭਾਈ ਭਤੀਜਾਵਾਦ ਤਾਂ ਚੱਲੂਗਾ । ਮੈ ਇੱਕ ਇਹੋ ਜਿਹੇ ਖਿਡਾਰੀ ਨੂੰ ਵੀ ਜਾਣਦਾ ਹਾਂ , ਜਿਹੜਾ ਫੈਡਰੇਸ਼ਨ ਦੇ ਕਿਸੇ ਅਹੁਦੇਦਾਰ ਦਾ ਪੁੱਤਰ ਸੀ, ਓਹ ਏਸ਼ੀਆ ਖੇਡਾਂ ਵਿੱਚ ਬਿਨਾਂ ਕੋਈ ਨੰਬਰ ਲਿਆਂ ਟੀਮ ਦੀ ਕਪਤਾਨੀ ਵੀ ਕਰ ਗਿਆ, ਸੋਨੇ ਦਾ ਮੈਡਲ ਵੀ ਲੈ ਗਿਆ ਤੇ ਅਰਜੁਨ ਐਵਾਰਡ ਵੀ ਲੈ ਗਿਆ । ( ਮਨਪ੍ਰੀਤ ਮਾਨ੍ਹਾ ਦੇਸ਼ ਲਈ ਦਸ-ਬਾਰਾਂ ਗੋਲ਼ਡ ਮੈਡਲ ਜਿੱਤਕੇ ਵੀ ਅਰਜਨ ਐਵਾਰਡ ਦੇ ਯੋਗ ਨਹੀਂ ਸਮਝਿਆ ਗਿਆ) । ਬਾਅਦ ਵਿੱਚ ਓਹ ਗੰਜਾ ਜਾ ਪ੍ਰੋ ਕਬੱਡੀ ਵਿੱਚ ਜੈਪੁਰ ਪਿੰਕ ਪੈਂਥਰ ਦੀ ਕਪਤਾਨੀ ਵੀ ਬਗੈਰ ਕੋਈ ਨੰਬਰ ਲਏ ਹੀ ਕਰ ਗਿਆ । ਸਾਡੇ ਦੇਸ਼ ਦੀ ਇਹੋ ਤ੍ਰਾਸਦੀ ਹੈ, ਇੱਥੇ ਦੇਸ਼ ਦੀ ਟੀਮ ਦਾ ਹਿੱਸਾ ਬਣਨ ਦੀ ਯੋਗਤਾ ਚੋਣ ਕਰਨ ਵਾਲ਼ਿਆਂ ਨਾਲ਼ ਰਿਸ਼ਤੇਦਾਰੀ ਹੋਣੀ ਮੰਨੀ ਜਾਂਦੀ ਹੈ ਜਾ ਫਿਰ ਮੋਟੀ ਰਕਮ ਤਾਰਨੀ ਪੈਂਦੀ ਐ, ਕਿੱਥੋਂ ਪਰਬੰਧ ਕਰਦੀ ਇਹ ਗ਼ਰੀਬਣੀ ।
ਐਮ ਪੀ ਐਡ ਕਰਨ ਤੋਂ ਬਾਅਦ ਮੁਖ਼ਤਿਆਰ ਨੇ ਅਜੇ ਵੀ ਸਬਰ ਨੀ ਕੀਤਾ ਤੇ ਪੜ੍ਹ ਪੜ੍ਹ ਗੱਡੇ ਲੱਦੀਂ ਗਈ । ਹੁਣ ਬੀ ਐਡ ਕਰਨ ਲਈ ਧੂਰੀ ਦੇ ਬਰਡਵਾਲ ਕਾਲਜ ਵਿੱਚ ਲਿਆ ਡਾਹੀ ਮੰਜੀ । ਆਲ ਇੰਡੀਆ ਇੰਟਰਵਰਸਿਟੀ ਦੇ ਮੁਕਾਬਲੇ ਵੀ ਆ ਗਏ । ਕਾਫ਼ਲੇ ਦੇ ਸੰਗ ਚੱਲ ਪਈ ਮਹਾਂਰਾਸਟਰ ਦੇ ਸ਼ਹਿਰ ਨਾਗਪੁਰ ਵੱਲ । ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਲਗਾਤਾਰ ਤੀਜੀ ਵਾਰ ਇੰਟਰਵਰਸਿਟੀ ਕਪਤਾਨ ਬਣਕੇ ਖੇਡਣ ਗਈ । ਫ਼ਾਈਨਲ ਮੁਕਾਬਲਾ ਮੇਰਠ ਯੂਨੀਵਰਸਿਟੀ ਨਾਲ ਸੀ । ਮੇਰਠ ਵੱਲੋਂ ਛੀਨਿਆਂ ਵਾਲ਼ੀ ਮਨਪ੍ਰੀਤ ਦੀ ਅਗਵਾਈ ਵਾਲੀ ਟੀਮ ਵਿੱਚ ਪੰਜ ਪੰਜਾਬਣਾਂ ਸਨ । ਮਨਪ੍ਰੀਤ ਨੇ ਇਸ ਮੈਚ ਬਾਰੇ ਇਉਂ ਦੱਸਿਆ… “ ਸਰ ਟੱਕਰ ਤਾਂ ਅਸੀਂ ਬਰਾਬਰ ਦੀ ਦਿੱਤੀ ਪਰ ਮੁਖ਼ਤਿਆਰ ਦੀਦੀ ਸਾਨੂੰ ਕੱਲੀ ਹਰਾ ਗਈ, ਅਸੀਂ ਇਸ ਨੂੰ ਇਕ ਵਾਰ ਵੀ ਨਾਂ ਫੜ ਸਕੀਆਂ । ਮੁਖ਼ਤਿਆਰ ਦਾ ਇਹ ਸੱਤਵਾਂ ਗੋਲ਼ਡ ਸੀ ।
ਪੰਜਾਬੀ ਯੂਨੀਵਰਸਿਟੀ ਵੱਲੋਂ ਲਗਾਤਾਰ ਤਿੰਨ ਸਾਲ ਆਲ ਇੰਡੀਆ ਇੰਟਰਵਰਸਿਟੀ ਖੇਡਕੇ ਤਿੰਨ ਸੋਨੇ ਦੇ ਮੈਡਲ ਜਿੱਤੇ, ਤਿੰਨੇ ਵਰ੍ਹੇ ਕਪਤਾਨੀ ਕੀਤੀ ਤੇ ਹਰ ਵਾਰੀ ਭਾਰਤ ਵਰਸ਼ ਦੀਆਂ ਯੂਨੀਵਰਸਿਟੀਆਂ ਦੀ ਬਿਹਤਰੀਨ ਖਿਡਾਰਨ ਅਖਵਾਇਆ । ਇਹੋ ਜਿਹੀਆਂ ਪ੍ਰਾਪਤੀਆਂ ਕਰਨ ਵਾਲ਼ੀ ਪਹਿਲੀ ਪੰਜਾਬਣ ਮੁਖਤਿਆਰ ਤੋ ਬਿਨਾ ਹੋਰ ਕੌਣ ਹੋ ਸਕਦੀ ਐ । ਇਹ ਰੁਤਬਾ ਨਾਂ ਤਾਂ ਇਹਦੇ ਤੋਂ ਪਹਿਲਾਂ ਅਤੇ ਨਾਂ ਹੀ ਬਾਅਦ ਵਿੱਚ ਕਿਸੇ ਪੰਜਾਬਣ ਦੇ ਹਿੱਸੇ ਆਇਆ ।
ਮੁਖ਼ਤਿਆਰ ਦੀਆਂ ਹਰਿਆਣੇ ਵਾਲ਼ੀਆਂ ਸਹੇਲੀਆਂ ਨੇ ਕੀ ਕਿਹਾ ਤੇ ਅੱਗੇ ਕੀ ਹੋਇਆ ਜਾਨਣ ਲਈ ਕਰੋ ਇੰਤਜਾਰ
ਕੌਣ ਕਹਿੰਦੈ ਖਿਡਾਰੀ ਅਣਪੜ੍ਹ ਹੁੰਦੇ ਨੇ, ਦਿਮਾਗ ਰੱਬ ਨੇ ਸਭ ਨੂੰ ਇੱਕੋ ਜਿਹਾ ਦਿੱਤਾ ਹੁੰਦੈ । ਫਰਕ ਸਿਰਫ ਇਹ ਹੁੰਦੈ ਕਿ ਖਿਡਾਰੀ ਦਾ ਜ਼ਿਆਦਾ ਸਮਾਂ ਖੇਡਾਂ ਖੇਡਣ ਵਿੱਚ ਤੇ ਖੇਡਾਂ ਦੀ ਤਿਆਰੀ ਵਿੱਚ ਲੱਗੇ ਕੈਂਪ ਵਿੱਚ ਲੰਘ ਜਾਂਦੈ । ਮੁਖ਼ਤਿਆਰ ਨੇ ਪੜ੍ਹਾਈ ਪੱਖੋਂ ਅਤੇ ਖੇਡਾਂ ਵਾਲੇ ਪੱਖ ਤੋਂ ਸਿਖਰਾਂ ਮੱਲ ਲਈਆਂ । ਪਹਿਲਾਂ ਬੀ ਏ ਕੀਤੀ, ਫੇਰ ਬੀ ਪੀ ਐਡ, ਐਮ ਪੀ ਐਡ ਤੇ ਅੰਤ ਵਿੱਚ ਬੀ ਐਡ ਵੀ ਕਰ ਲਈ । ਖੇਡਾਂ ਵਾਲਾ ਪੱਖ ਵੇਖੋ ਬਾਰਾਂ ਵਾਰ ਨੈਸ਼ਨਲ ਖੇਡੀ ( ਸੱਤ ਇੰਟਰਵਰਸਿਟੀ ਤਿੰਨ ਸਕੂਲ ਨੈਸ਼ਨਲ ਦੋ ਵਾਰ ਓਪਨ ਨੈਸ਼ਨਲ ) ਕੁੱਲ ਬਾਰਾਂ ਮੈਡਲ ਜਿੱਤੇ ।
ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲ਼ੇ ਦੇ ਡਰਾਇਕਟਰ ਸਪੋਰਟਸ ਨੇ ਮੁਖ਼ਤਿਆਰ ਨੂੰ ਯੂਨੀਵਰਸਿਟੀ ਵਿੱਚ ਕੁੜੀਆਂ ਦੀ ਕਬੱਡੀ ਟੀਮ ਨੂੰ ਕੋਚਿੰਗ ਦੇਣ ਵਾਸਤੇ ਰੱਖ ਲਿਆ । ਕਹਿ ਦਿੱਤਾ ਕਿ ਤੇਰੇ ਲਈ ਇੰਸਟਰਕਟਰ ਦੀ ਨਵੀਂ ਪੋਸਟ ਬਣਵਾ ਲੈਣੀ ਹੈ, ਤੂੰ ਕੰਮ ਕਰ ਪੱਕਾ ਵੀ ਕਰ ਦੇਵਾਂਗੇ । ਪਰ ਅਫ਼ਸੋਸ ਦੋ ਸਾਲ ਕੰਮ ਲੈਂਦੇ ਰਹੇ ਪਰ ਵਾਅਦੇ ਵਫ਼ਾ ਨਾਂ ਹੋਏ । ਯੂਨੀਵਰਸਿਟੀ ਦਾ ਖੇਡਾਂ ਵਾਲਾ ਮੁੱਖੀ ਮਾਕਾ ਟਰਾਫੀ ਜਿੱਤਕੇ ਰਾਸ਼ਟਰਪਤੀ ਤੋਂ ਅਵਾਰਡ ਲੈ ਕੇ ਵੱਡੀ ਸਾਰੀ ਤਸਵੀਰ ਯੂਨੀਵਰਸਿਟੀ ਦੇ ਗੇਟ ਤੇ ਲਾ ਕੇ ਫੋਕੀ ਟੌਹਰ ਬਣਾਉਣ ਹੀ ਜਾਣਦੈ । ਖਿਡਾਰੀਆਂ ਦੇ ਭਵਿੱਖ ਦੀ ਓਹ ਫਿਕਰ ਕਿਉਂ ਕਰੇ ਭਲਾਂ । ਇਹੋ ਜਿਹੇ ਝੂਠੇ ਲਾਰੇ ਲਾਉਣ ਵਾਲ਼ਿਆਂ ਨੂੰ ਦੱਬੇ ਕੁਚਲੇ ਲੋਕਾਂ ਦਾ ਕਵੀ ਸੰਤ ਰਾਮ ਉਦਾਸੀ ਇਉਂ ਕੋਸਦੈ…..
“ ਤੂੰ ਬੇਦਰਦੀ, ਦੁੱਖ ਦਰਦਾਂ ਦਾ, ਕਿਸ ਦੇ ਕੋਲ ਸੁਣਾਵਾਂ
ਮੇਰੇ ਮਗਰ ਚਿਰਾਂ ਤੋਂ ਲੱਗਿਆ, ਭੁੱਖ ਦਾ ਇਕ ਪਰਛਾਵਾਂ
ਮੈ ਮਰਜ਼ਾਂ ਤਾਂ ਬੇਸ਼ੱਕ ਮਰਜ਼ਾਂ , ਨਾਂ ਮਰਦਾ ਪਰਛਾਵਾਂ
ਸੁਣ ਬੇਦਰਦੀਆ , ਵੇ ਬੇਦਰਦੀਆ “ ।
ਦੋ ਸਾਲ ਯੂਨੀਵਰਸਿਟੀ ਵਿੱਚ ਰਹਿਕੇ ਬਗੈਰ ਕਿਸੇ ਤਨਖ਼ਾਹ ਤੋਂ ਆਪਣੀਆਂ ਦੋਸਤ ਕੁੜੀਆਂ ਨੂੰ ਦੋਸਤ ਬਣਕੇ ਟਰੇਨਿੰਗ ਦਿੰਦੀ ਰਹੀ । ਪਰ ਓਹ ਅਧਿਕਾਰੀ ਕੀ ਹੋਏ ਜਿਹੜੇ ਮਿਹਨਤਾਂ ਦਾ ਮੁਫਤੋ ਮੁਫ਼ਤੀ ਮੁੱਲ ਵੱਟਣ ਨਾਂ ਜਾਣਦੇ ਹੋਣ । ਭੁੱਖੇ ਢਿੱਡ ਤਾਂ ਭਗਤੀ ਵੀ ਨਹੀਂ ਹੁੰਦੀ । ਇਕ ਨਿਆਸਰੀ ਦਾ ਭੁੱਖੇ ਢਿੱਡ ਨੂ ਲੈ ਕੇ ਕੀਤਾ ਤਰਲਾ, ਸੁਣੋ ਸੰਤ ਰਾਮ ਉਦਾਸੀ ਕਿਵੇ ਪੇਸ਼ ਕਰਦੈ……..
” ਤੇਰੇ ਝੂਠੇ ਵਾਅਦੇ ਦੀ ਮੁੱਠ, ਸੱਖਣੇ ਢਿੱਡ ਵਿੱਚ ਪਾਵਾਂ
ਢਿੱਡ ਹੈ ਕਿ ਫਿਰ ਵੀ ਇਸ ਚੋਂ ਨਿਕਲਣ ਹਾਉਂਕੇ ਹਾਵਾਂ
ਸ਼ੌਂਕ ਮੇਰੇ ਤੇ ਦੌਰ ਤੇਰੇ ਦਾ, ਕਦਮ ਕਦਮ ਤੇ ਪਹਿਰਾ
ਫਿਰ ਵੀ ਬੁੱਕਲ਼ ਵਿੱਚ ਉਘਿਆ ਸੂਰਜ, ਕਿਹੜੀ ਕੂੰਟ ਛੁਪਾਵਾਂ
ਸੁਣ ਬੇਦਰਦੀਆ , ਵੇ ਬੇਦਰਦੀਆ ” ।
ਅਗਲੀ ਵਾਰਤਾ ਦਸਣ ਤੋ ਪਹਿਲਾਂ ਮੁਖਤਿਆਰ ਦੀਆਂ ਦੋਸਤ ਹਰਿਆਣੇ ਵਾਲੀਆਂ ਸਕੀਆਂ ਭੈਣਾ ਨਿਸ਼ਾ ਰਾਵਤ ਅਤੇ ਅਰਚਨਾ ਰਾਵਤ ਦਾ ਕੀ ਕਹਿਣੈ ਓਹ ਵੀ ਸੁਣ ਲਈਏ । ਵਾਰਤਾ ਓਨ੍ਹਾਂ ਦੀ ਹਰਿਆਣਵੀ ਹਿੰਦੀ ਵਿੱਚ ਸੀ, ਪਰ ਮੈ ਪੰਜਾਬੀ ਵਿਚ ਸਾਝੀ ਕਰਨ ਲੱਗਾ ਸੁਣੋ ਜਰਾ ਗੌਰ ਨਾਲ ਕੀ ਕਿਹਾ ਨਿਸ਼ਾ ਨੇ ….
” ਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮੁਖਤਿਆਰ ਦੀਦੀ ਨੇ ਸੋਲ਼ਾਂ ਸਾਲਾਂ ਬਾਅਦ ਸੋਨੇ ਦੇ ਲਗਾਤਾਰ ਤਿੰਨ ਮੈਡਲ ਜਿੱਤਕੇ ਦਿੱਤੇ ।2011 ਦਾ ਉਜੈਨ ਵਾਲਾ ਟੂਰਨਾਮੈਂਟ ਤਾਂ ਕੱਲੀ ਮੁਖਤਿਆਰ ਦੀਦੀ ਦੀ ਬਦੌਲਤ ਜਿੱਤਿਆ , ਜਿਸ ਵਿਚ ਇਸ ਨੇ ਬੈਸਟ ਰੇਡਰ ਦਾ ਖਿਤਾਬ ਵੀ ਜਿੱਤਿਆ । ਦੀਦੀ ਤਿੰਨ ਸਾਲ ਯੂਨੀਵਰਸਿਟੀ ਲਈ ਖੇਡੀ ਤੇ ਦੋ ਸਾਲ ਦੀਦੀ ਨੇ ਸਾਨੂ ਫਰੀ ਕੋਚਿੰਗ ਦਿੱਤੀ, ਪੂਰੇ ਪੰਜ ਸਾਲ ਇਹਨੇ ਯੂਨੀਵਰਸਿਟੀ ਦੇ ਲੇਖੇ ਲਾ ਦਿੱਤੇ । ਦੀਦੀ ਇਕ ਵਧੀਆ ਖਿਡਾਰੀ ਹੋਣ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਵੀ ਨੇ । ਮੁਖਤਿਆਰ ਦੀਦੀ ਵਰਗੀ ਖਿਡਾਰਨ ਅੱਜ ਤੱਕ ਨਾਂ ਹੋਈ ਐ ਨਾ ਹੋਣੀ ਐ । ਮੈ ਆਪਣੀ ਜਿੰਦਗੀ ਵਿਚ ਇਹੋ ਜਿਹੀ ਜਿੰਦਾ-ਦਿਲ ਅਤੇ ਨੇਕ ਇਨਸਾਨ ਕਿਤੇ ਨਹੀ ਵੇਖੀ । ਮੈ ਦੀਦੀ ਨਾਲ ਦੋ ਸਾਲ ਖੇਡੀ ਅਤੇ ਦੋ ਸਾਲ ਦੀਦੀ ਤੋ ਟਰੇਨਿੰਗ ਲਈ । ਦੀਦੀ ਕੋਚ ਬਣਕੇ ਨਹੀ ਸਗੋਂ ਦੋਸਤ ਬਣਕੇ ਰਹਿੰਦੀ ਸੀ । ਸਾਨੂੰ ਦੋਵਾਂ ਭੈਣਾ ਨੂੰ ਦੋ ਦੋ ਮੈਡਲ ਜਿੱਤਣ ਤੇ ਵੀ ਹਰਿਆਣਾ ਸਰਕਾਰ ਨੇ ਨੌਕਰੀ ਦੇ ਦਿੱਤੀ, ਪਰ ਦੀਦੀ ਕੋਲ ਤਾਂ ਕੱਲੀ ਕੋਲ ਸਾਰੀ ਟੀਮ ਜਿਨੇ ਮੈਡਲ ਨੇ । ਫਿਰ ਵੀ ਦੀਦੀ ਨੂੰ ਨੌਕਰੀ ਨਹੀ ਮਿਲੀ । ਸਰ ਓਨ੍ਹਾਂ ਬੇਈਮਾਨ ਲੋਕਾਂ ਨੂੰ ਉਪਰ ਵਾਲਾ ਸਜਾ ਜਰੂਰ ਦੇਵੇਗਾ , ਜੇਹੜੇ ਦੀਦੀ ਨੂੰ ਦੋ ਸਾਲ ਝੂਠੇ ਲਾਰੇ ਲਾਉਦੇ ਰਹੇ ” ।
ਮੁਖਤਿਆਰ ਏਨੀ ਸੰਗਾਊ ਸੁਭਾਅ ਦੀ ਕੁੜੀ ਐ ਕਿ ਆਪਣੇ ਬਾਰੇ ਵੀ ਖੁੱਲਕੇ ਨਹੀ ਦਸਦੀ । ਇਸ ਨੇ ਕੀ ਕੀ ਦਰਦ ਹੰਢਾਏ ਓਹ ਵੀ ਨਿਸ਼ਾ ਨੇ ਦੱਸਿਆ । ਇਸ ਭੋਲ਼ੀ ਕੁੜੀ ਨੂੰ ਤਾਂ ਆਪਣੇ ਬਾਰੇ ਦੱਸਣਾ ਵੀ ਨਹੀਂ ਆਉਂਦਾ । ਇਸ ਦਾ ਮਤਲਬ ਇਹ ਨਹੀ ਕਿ ਇਹ ਪੜ੍ਹਾਈ ਵਿੱਚ ਕਮਜੋਰ ਸੀ । ਮੈ ਗੁਣਵੰਤ ਤੋਂ ਇਹ ਵੀ ਪਤਾ ਕਰ ਲਿਆ, ਓਹ ਕਹਿੰਦੀ ਇਹ ਪੜ੍ਹਨ ਵਿੱਚ ਵੀ ਟੌਪਰ ਸੀ । ਪਰ ਸੁਭਾਅ ਤਾਂ ਨਹੀ ਨਾ ਬਦਲਦੇ । ਪਿੰਡਾਂ ਦੀਆਂ ਕੁੜੀਆਂ ਦੀ ਕਮਜ਼ੋਰੀ ਕਹਿ ਲਵੋ ਜਾਂ ਖ਼ੂਬੀ, ਓਹ ਆਪਣੇ ਦਰਦ ਆਪਣੇ ਅੰਦਰ ਸਮੇਟਣਾ ਹੀ ਪਸੰਦ ਕਰਦੀਆਂ ਨੇ ।
ਹੁਣ ਨਿਸ਼ਾ ਰਾਵਤ ਦੀ ਦੱਸੀ ਗੱਲ ਵੀ ਸਾਂਝੀ ਕਰ ਲਈਏ । ਇਕ ਖਿਡਾਰੀ ਆਪਣੀ ਖੇਡ ਨੂੰ ਕਿਨਾਂ ਪਿਆਰ ਕਰਦੈ ਇਹ ਤਾਂ ਸਭ ਜਾਣਦੇ ਨੇ, ਪਰ ਜਨੂਨ ਦੀ ਹੱਦ ਤੱਕ ਖੇਡ ਨੂੰ ਪਿਆਰ ਕੋਈ ਖਿਡਾਰੀ ਕਿਵੇਂ ਕਰਦੈ ਓਹ ਮੁਖਤਿਆਰ ਤੋ ਪਤਾ ਲਗਦੈ । ਨਿਸ਼ਾ ਕਹਿੰਦੀ ਸਰ ਦੀਦੀ ਨੇ ਸਾਡਾ ਯੂਨੀਵਰਸਿਟੀ ਦੀ ਟੀਮ ਦਾ ਕੈਂਪ ਲਾਇਆ ਹੋਇਆ ਸੀ । ਇਸੇ ਦੌਰਾਨ ਦੀਦੀ ਦੇ ਪਾਪਾ ਜੀ ਦੀ ਮੌਤ ਹੋ ਗਈ । ਦੀਦੀ ਪਿਤਾ ਦਾ ਸੰਸਕਾਰ ਕਰਾਉਣ ਤੋ ਬਾਅਦ ਅਗਲੇ ਦਿਨ ਵਾਪਸ ਆ ਕੇ ਸਾਨੂੰ ਟਰੇਨਿੰਗ ਦੇਣ ਲੱਗ ਪਈ । ਸਰ ਏਨਾ ਜਜਬਾ ਮੈ ਕਿਸੇ ਹੋਰ ਵਿਚ ਨਹੀ ਵੇਖਿਆ, ਖੇਡ ਨੂੰ ਖੇਡਣ ਲਈ ਕਿਵੇਂ ਆਪਾ ਕੁਰਬਾਨ ਕਰਨਾ ਪੈਂਦਾ ਏ , ਇਹ ਕੋਈ ਮੁਖਤਿਆਰ ਦੀਦੀ ਤੋਂ ਸਿੱਖੇ ।
ਇਹ ਸੀ ਉਹ ਦਰਦ ਭਰਿਆ ਵਾਕਿਆ ਜਿਹੜਾ ਦੋਸਤ ਕੁੜੀ ਦੇ ਮੂੰਹੋ ਸੁਣਕੇ ਯੂਨੀਵਰਸਿਟੀ ਦੇ ਲਾਹਣਤੀਏ ਖੇਡ ਅਧਿਕਾਰੀ ਨੂੰ ਲਾਹਣਤਾਂ ਪਾ ਰਿਹਾ ਸੀ । ਮੁਖਤਿਆਰ ਦੇ ਪਾਪਾ ਦੀ 31-10 -2014 ਵਿਚ 58 ਕੁ ਸਾਲ ਦੀ ਉਮਰ ਵਿੱਚ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ ਸੀ । ਤਿੰਨ ਭੈਣਾ ਅਤੇ ਇਕ ਭਰਾ, ਸਭ ਤੋ ਛੋਟੀ ਮੁਖਤਿਆਰ ਦੇ ਸਿਰੋਂ ਪਿਤਾ ਦਾ ਸਾਇਆ ਉੱਠਣ ਨਾਲ ਇਸਦੀ ਤਾਂ ਸਮਝੋ ਵਸਦੀ ਦੁਨੀਆਂ ਉਜੜ ਗਈ । ਹੁਣ ਓਹ ਬੇਪ੍ਰਵਾਹੀਆਂ ਗੁਆਚ ਗਈਆਂ ਜਿਹੜੀਆਂ ਬਾਬਲ ਦੇ ਹੁੰਦਿਆਂ ਮਾਣੀਆਂ ਸੀ ।
ਹੁਣ ਯੂਨੀਵਰਸਿਟੀ ਦੇ ਲਾਰੇਬਾਜ ਅਫਸਰ ਨੂੰ ਸਲਾਮ ਕਹਿ ਵਾਪਸ ਆ ਗਈ ਆਪਣੀ ਮਾਤਾ ਨਸੀਬ ਕੌਰ ਕੋਲ । ਮਾਣਕ ਵੀ ਤਾਂ ਅਜਿਹੇ ਦੋਸਤ ਬਣਕੇ ਠੱਗਣ ਵਾਲਿਆਂ ਨੂੰ ਦੂਰੋਂ ਮੱਥਾ ਟੇਕਣ ਨੂੰ ਕਹਿੰਦਾ ਹੈ ।
ਹੁਣ ਮੁਖਤਿਆਰ ਲਈ ਆਸ ਦੀ ਕਿਰਨ ਬਣੀ ਸ਼ਰੋਮਣੀ ਕਮੇਟੀ ਨੇ ਮੀਰੀ ਪੀਰੀ ਕਾਲਜ ਭਦੌੜ ਵਿੱਚ ਖੇਡ ਅਧਿਆਪਕ ਵਜੋਂ 13600/- ਰੁਪਏ ਤਨਖ਼ਾਹ ਵਾਲੀ ਨੌਕਰੀ ਦੇ ਦਿੱਤੀ । ਜਨਵਰੀ2017 ਵਿੱਚ ਬੁਢਲਾਡੇ ਨੇੜਲੇ ਇਤਿਹਾਸਕ ਪਿੰਡ ਬਰ੍ਹੇ ਦੇ ਕਬੱਡੀ ਖਿਡਾਰੀ ਅਵਤਾਰ ਸਿੰਘ ਗਿੱਲ ਦੀ ਹਮਸਫ਼ਰ ਬਣਕੇ ਪਿੰਡ ਬਰ੍ਹੇ ਆ ਕੇ ਕਹਿ ਦਿੱਤਾ…..
“ ਬੂਹਿਓਂ ਪਾਣੀ ਵਾਰ ਲੰਘਾ ਲੈ ਮੇਰਿਆ ਸੋਹਣਿਆਂ ਸੱਜਣਾਂ
ਮੈਨੂੰ ਮਹਿੰਦੀ ਵਾਂਗ ਰਚਾ ਲੈ ਵੇ ਮੇਰਿਆ ਸੋਹਣਿਆਂ ਸੱਜਣਾਂ “ ।
ਅੱਜ ਕੱਲ ਮੁਖ਼ਤਿਆਰ ਦੀਦੀ ਗੁਰੂ ਨਾਨਕ ਕਾਲਜ ਬੁਢਲਾਡੇ ਵਿੱਚ 15600/- ਰੁਪਏ ਤਨਖ਼ਾਹ ਲੈਕੇ ਖੇਡ ਅਧਿਆਪਕ ਵਜੋਂ ਸੇਵਾ ਕਰ ਰਹੀ ਹੈ । ਮੇਰਾ ਹਿਸਾਬ ਕਿਤਾਬ ਇਹ ਕਹਿ ਰਿਹੈ ਕਿ ਕਿਸੇ ਨੇ ਮੁਖ਼ਤਿਆਰ ਦੀਦੀ ਦੇ ਮੈਡਲਾਂ ਦੀ ਕੀਮਤ ਤਾਂ ਪਾਈ, ਭਾਵੇਂ ਇਹ 1560/- ਰੁਪਏ ਪ੍ਰਤੀ ਮੈਡਲ ਬਣਦੀ ਐ । ਮੁੱਖਤਿਆਰ ਦੀ ਸਾਰੀਆਂ ਸਹੇਲੀਆਂ ਚੰਗੀਆਂ ਸਰਕਾਰੀ ਨੌਕਰੀਆਂ ਤੇ ਲੱਗਕੇ ਗੁਜ਼ਾਰੇ ਜੋਗੀ ਤਨਖ਼ਾਹ ਲੈ ਰਹੀਆਂ ਨੇ । ਪਰ ਓਹਨਾਂ ਦੀ ਰੋਲ ਮਾਡਲ ਕਪਤਾਨ , ਆਪਣੀ ਟਾਈਮ ਪਾਸ ਜ਼ਿੰਦਗੀ ਜਿਉਂਦੀ ਹੋਈ ਤੇ ਸਮੇਂ ਦੀਆਂ ਸਰਕਾਰਾਂ ਨੂੰ ਕੋਸਦੀ ਹੋਈ ਆਪਣੀ ਮਾਤਾ ਨਸੀਬ ਕੌਰ ਨੂੰ ਇਹੋ ਕਹਿੰਦੀ ਜਾਪਦੀ ਐ….
“ ਜੰਮੀ ਨਾਂ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿੱਥੇ ਸੱਧਰਾਂ ਨੂੰ ਸੰਗਲ਼ ਪਵੇ
ਜਿੱਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲ਼ੀਆਂ ਦਾ ਚੱਪਾ ਟੁੱਕ ਮੁੱਲ ਨਾਂ ਪਵੇ” ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਬਰ੍ਹੇ ਨੂੰ ਮਾਣ ਹੈ ਕਿ ਦੇਸ਼ ਦੀ ਇਕ ਮਹਾਨ ਖਿਡਾਰਨ ਇਸ ਪਿੰਡ ਦੀ ਨੂੰਹ ਬਣਕੇ ਸੋਹਰੇ ਪਿੰਡ ਦਾ ਨਾਮ ਚਮਕਾ ਰਹੀ ਐ । ਕਰੋ ਦੁਆਵਾਂ ਸਾਡੀ ਇਸ ਸੁਪਰ ਸਟਾਰ ਖਿਡਾਰਨ ਲਈ ਕਿ ਇਸ ਨੂੰ ਚੰਗੇ ਰੁਤਬੇ ਵਾਲੀ ਨੌਕਰੀ ਮਿਲੇ ਤੇ ਇਕ ਹੀਰਾ ਕਿਤੇ ਬੇਰੁਜਗਾਰੀ ਦੀ ਦਲਦਲ ਵਿੱਚ ਨਾਂ ਗੁਆਚ ਜਾਵੇ ।
ਏਨੀ ਕੁ ਮੇਰੀ ਬਾਤ ।