ਸ੍ਰੀ ਮਾਨ ਮੁੱਖ ਮੰਤਰੀ ਜੀ ਉਮੀਦ ਕਰਦਾ ਹਾਂ ਤੁਸੀਂ ਰਾਜੀ ਖੁਸ਼ੀ ਹੋਵੋਗੇ? ਪਰ ਅਸੀਂ ਰਾਜੀ ਖੁਸ਼ੀ ਨਹੀਂ ਹਾਂ। ਅਮਰਵੇਲ ਵਾਂਗ ਵਧਦੇ ਜਾ ਰਹੇ ਨਸ਼ਿਆਂ ਨੇ ਸਾਡੀ ਆਉਣ ਵਾਲੀ ਪੀਹੜੀ ਰੋਲ ਕੇ ਰੱਖ ਦਿੱਤੀ ਹੈ, ਆਏ ਦਿਨ ਹੋ ਰਹੀਆਂ ਮੌਤਾਂ ਪੰਜਾਬ ਦੇ ਭਿਆਨਕ ਮੰਜ਼ਰ ਦੀਆਂ ਬਾਤਾਂ ਆਪ ਪਾ ਰਹੀਆਂ ਹਨ। ਕੋਈ ਘਰ ਹੀ ਹੋਵੇਗਾ ਜਿਸ ਤੇ ਇਸ ਕੁਲਹਿਣੇ ਨਸ਼ਿਆਂ ਦੇ ਦਿਓ ਨੇ ਪੰਜਾ ਨਹੀਂ ਚਲਾਇਆ ਹੋਣਾ ਨਹੀਂ ਤਾਂ ਤਕਰੀਬਨ ਹਰ ਘਰ ਹੀ ਇਸ ਦੀ ਲਪੇਟ ਵਿੱਚ ਹੈ, ਮੁੱਖ ਮੰਤਰੀ ਜੀ ਸਰਕਾਰ ਬਣਨ ਤੋਂ ਪਹਿਲਾਂ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਦੇ ਹੀ ਨਸ਼ਿਆਂ ਨੂੰ ਠੱਲ੍ਹ ਪਾ ਦੇਵਾਂਗੇ, ਪਰ ਅੱਜ ਹਰ ਪਿੰਡ ਜੋ ਹਾਲਾਤ ਬਣ ਗਏ ਹਨ ਉਹਨਾਂ ਵਾਰੇ ਕਦੋਂ ਬਿਆਨ ਜਾਰੀ ਕਰੋਂਗੇ? ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਆਮ ਲੋਕਾਈ ਨਾਲ ਲੋਕ ਪੱਖੀ ਹੋ ਵਿਚਰਨ ਦੇ ਵਾਅਦੇ ਕਰ ਸੱਤਾ ਤੇ ਬਿਰਾਜਮਾਨ ਹੋਈ ਸੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਉਹਨਾਂ ਵਾਅਦਿਆਂ ਤੋਂ ਕਿਓਂ ਮੁੱਖ ਮੋੜ ਰਹੀ ਹੈ, ਗੱਲ ਸਮਝੋਂ ਬਾਹਰ ਹੈ? ਪੰਜਾਬ ਸਰਕਾਰ ਦੇ ਸਰਵੇ ਮੁਤਾਬਕ ਪੰਜਾਬ ਵਿੱਚ ਤਕਰੀਬਨ ਅਠਾਠਟ ਲੱਖ ਲੋਕ ਰਜਿਸਟਰਡ ਨਸ਼ੇੜੀ ਹਨ ਜੋ ਓਟ ਸੈਂਟਰਾਂ ਤੋਂ ਗੋਲੀਆਂ ਖਾ ਕੇ ਨਿੱਤ ਦਾ ਨਸ਼ਾ ਪੂਰਾ ਕਰਦੇ ਹਨ, ਹੁਣ ਤੱਕ ਉਹਨਾਂ ਦੀ ਉਹ ਗੋਲੀ ਛਡਵਾਉਣ ਦੀ ਮੁਹਿੰਮ ਕਿਓਂ ਨਹੀਂ ਚਲਾਈ ਗਈ? ਭਾਰਤ , ਪਾਕਿਸਤਾਨ ਸਰਹੱਦ ਤੇ ਐਨੇ ਕੁ ਸਖ਼ਤ ਸੁਰੱਖਿਆ ਪ੍ਰਬੰਧ ਹਨ ਕਿ ਚਿੜੀ ਨੂੰ ਵੀ ਤਾਰਾਂ ਪਾਰ ਕਰਨ ਵਾਸਤੇ ਸੋਚਣਾਂ ਪੈਂਦਾ, ਫ਼ਿਰ ਵੀ ਇਹ ਕਹਿਣਾ ਕਿ ਨਸ਼ਿਆਂ ਦੀ ਸਪਲਾਈ ਦੂਸਰੇ ਦੇਸ ਵਿੱਚੋਂ ਹੋ ਰਹੀ ਹੈ ਇਸ ਨੂੰ ਬਚਕਾਨਾ ਹਰਕਤ ਹੀ ਕਿਹਾ ਜਾ ਸਕਦਾ ਹੈ। ਮਾਰੂ ਨਸ਼ਿਆਂ ਦਾ ਸ਼ਿਕਾਰ ਪੰਜਾਬ ਹੀ ਕਿਉਂ? ਨਾਲ ਦੇ ਗਵਾਂਢੀ ਸੂਬੇ ਕਿਉਂ ਨਹੀਂ? ਪੰਜਾਬ ਸਰਕਾਰ ਨੂੰ ਇਸ ਗੱਲ ਵਾਰੇ ਵੀ ਸਿਰ ਜੋੜ੍ਹ ਕੇ ਸੋਚਣਾ ਚਾਹੀਦਾ ਹੈ। ਮੁੱਖ ਮੰਤਰੀ ਸਾਹਿਬ ਜਦੋਂ ਕਿ ਆਪ ਜੀ ਦੇ ਸਾਥੀ ਮੰਤਰੀ ਨਸ਼ੇ ਵੇਚਣ ਤੋਂ ਬੇਦਾਗ਼ ਹਨ ਤਾਂ ਫ਼ਿਰ ਆਪ ਜੀ ਦੀ ਸਰਕਾਰ ਚੁੱਪ ਕਿਉਂ ਹੈ? ਪੰਜਾਬੀ ਦਾ ਇੱਕ ਅਖਾਣ ਹੈ ਕਿ ਜੇ ਮੱਝ ਹੀ ਨਾ ਰਹੀ ਚੰਮ ਜੂਆਂ ਵੀ ਨੀ ਰਹਿਣੀਆ, ਜਵਾਨੀ ਰੁਜ਼ਗਾਰ ਮੰਗਦੀ ਹੈ, ਵੇਹਲੇ ਹੱਥਾਂ ਵਿੱਚ ਕੰਮ ਹੋਵੇ ਤਾਂ ਉਹ ਨਸ਼ਿਆਂ ਵੱਲ ਨਹੀਂ ਭੱਜਦੇ। ਮੁੱਖ ਮੰਤਰੀ ਸਾਹਿਬ ਬਹੁਤ ਵੱਡੇ ਪੱਧਰ ਤੇ ਜਵਾਨੀ ਸਾਡੇ ਹੱਥਾਂ ਵਿਚੋਂ ਕਿਰ ਰਹੀ, ਨਹੀਂ ਕਿਰ ਗਈ ਹੈ ਜੋ ਕਦੇ ਵੀ ਵਾਪਸੀ ਨਹੀਂ ਕਰੇਗੀ। ਜੋ ਸਾਡੇ ਕੋਲ ਹੈ ਉਸ ਨੂੰ ਤਾਂ ਸਾਂਭ ਈ ਸਕਦੇ ਓਂ? ਮੁੱਖ ਮੰਤਰੀ ਸਾਹਿਬ ਜਵਾਨੀ ਨੂੰ ਰੁਜ਼ਗਾਰ ਮਿਲ ਜਾਵੇ ਤਾਂ ਲੁੱਟ ਖੋਹ ਨੇ ਆਪੇ ਬੰਦ ਹੋ ਜਾਣਾ, ਕਹਿੰਦੇ ਹੁੰਦੇ ਨੇ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਚਲੋ ਛੱਡੋ ਮੈਂ ਵੀ ਕਿਹੜੀਆਂ ਗੱਲਾਂ ਛੇੜ ਕੇ ਬੈਠ ਗਿਆ। ਗੱਲ ਚੱਲ ਰਹੀ ਸੀ ਨਸ਼ਿਆਂ ਵਾਰੇ ਇੱਕ ਗੀਤ ਆ ਵੀ ਸੌ ਸਾਲ ਦੀ ਜ਼ਿੰਦਗੀ ਨਾਲੋਂ ਵਧੀਆ ਮਾਣੇ ਦੋ ਚਾਰ ਦਿਨ ਈ ਕਿਆ ਬਾਤ ਹੁੰਦੇ ਹਨ, ਤੁਸੀਂ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾ ਦੇਵੋ ਇਹੋ ਬਹੁਤ ਵੱਡੀ ਗੱਲ ਹੋਵੇਗੀ, ਰਿੜ੍ਹ ਰਿੜ੍ਹ ਕੇ ਕੱਢੇ ਪੰਜ ਸਾਲਾਂ ਦਾ ਉਹ ਸਵਾਦ ਨੀ ਹੋਣਾ ਜੋ ਸਵਾਦ ਮਾਣ ਨਾਲ ਕੱਢੇ ਦੋ ਸਾਲਾਂ ਦਾ ਹੋਵੇਗਾ ਲੋਕ ਮਨਾਂ ਵਿੱਚ ਥਾਂ ਬਣਾਉਣ ਵਾਸਤੇ ਰਣ ਤੱਤੇ ਵਿੱਚ ਸੀਸ ਤਲੀ ਤੇ ਧਰ ਜੂਝਣਾ ਪੈਣਾ, ਲੋਕ ਦਿਲਾਂ ਚ ਥਾਂ ਦੇਣਗੇ, ਤੇ ਆਮ ਲੋਕਾਈ ਦਾ ਦਿੱਤਾ ਪਿਆਰ ਸਤਿਕਾਰ ਥੋਡੀਆਂ ਸਾਰੀਆਂ ਝੋਲੀਆਂ ਭਰ ਦੇਵੇਗਾ। ਸੋ ਪਿਆਰੇ ਮੁੱਖ ਮੰਤਰੀ ਜੀ ਸਾਡੀਆਂ ਗੱਲਾਂ ਵੱਲ ਧਿਆਨ ਦੇਣ ਦੀ ਖੇਚਲ ਕਰਨਾ ਅਤਿ ਧੰਨਵਾਦੀ ਹੋਵਾਗੇ।
(ਜਰਨਾਲਿਸਟ )
ਦੋ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਾਲ/-ਮਿੰਟੂ ਖੁਰਮੀ ਹਿੰਮਤਪੁਰਾ
Leave a comment