ਪ੍ਰਸ਼ਾਸ਼ਨ ਅਤੇ ਸਰਕਾਰ ‘ਤੇ ਨਸ਼ਿਆ ਤੋਂ ਸਤਾਏ ਲੋਕਾਂ ਦੇ ਵਿਰਲਾਪ ਨੂੰ ਅਣਗੌਲਿਆਂ ਕਰਨ ਦਾ ਦੋਸ਼
ਮਾਨਸਾ – 12 ਅਗਸਤ (ਆਤਮਾ ਸਿੰਘ ਪਮਾਰ)
ਨਸ਼ਾ ਮੁਕਤੀ ਲਈ ਪੱਕੇ ਮੋਰਚੇ ‘ਤੇ ਡਟੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਅੱਜ ਇੱਕ ਭਰਵੀਂ ਪ੍ਰੈਸ ਕਾਨਫਰੰਸ ਦੌਰਾਨ ਐਲਾਣ ਕੀਤਾ ਕਿ 14 ਅਗਸਤ ਨੂੰ ਮਹਾਂ ਰੈਲੀ ਦੌਰਾਨ ਜਿਲ੍ਹਾ ਮਾਨਸਾ ਦੇ ਪ੍ਰਬੰਧਕੀ ਅਤੇ ਕੋਰਟ ਕੰਪਲੈਕਸ ਦੇ ਸਾਰੇ ਰਸਤੇ ਸਵੇਰੇ ਅੱਠ ਵਜੇ ਤੋਂ ਚਾਰ ਵਜੇ ਤੱਕ ਮੁਕੰਮਲ ਬੰਦ ਰੱਖੇ ਜਾਣਗੇ। ਨਸ਼ਾ ਵਿਰੋਧੀ ਸਾਂਝੀ ਐਕ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਨਸ਼ਾ ਮੁਕਤੀ ਤੇ ਨਸ਼ਾ ਬੰਦੀ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਪੂਰੇ ਇੱਕ ਮਹੀਨੇ ਤੋਂ ਚੱਲ ਰਹੇ ਧਰਨੇ ਦੀ ਗੂੰਜ ਪੰਜਾਬ ਦੇ ਪਿੰਡ ਪਿੰਡ ਤੱਕ ਪਹੰਚ ਚੁੱਕੀ ਹੈ, ਤੇ ਪਿੰਡ ਪਿੰਡ ਨਸ਼ਾ ਵਿਰੋਧੀ ਕਮੇਟੀਆਂ ਵੀ ਬਣ ਚੁੱਕੀਆਂ ਹਨ, ਦੇਸ਼ ਦਾ ਪ੍ਰਧਾਨ ਮੰਤਰੀ ਵੀ ਪੰਜਾਬ ‘ਚ ਨੌਜਵਾਨਾਂ ਵੱਲੋਂ ਨਸ਼ਾ ਬੰਦੀ ਲਈ ਚੱਲ ਰਹੀ ਮੁਹਿੰਮ ਦੀ ਤਰੀਫ ਕਰ ਚੁੱਕੇ ਹਨ ਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਮਾਨਸਾ ਤੋਂ ਸ਼ੁਰੂ ਹੋਈ ਇਸ ਮੁਹਿੰਮ ਦਾ ਸਮਰਥਨ ਹੋ ਚੁੱਕਾ ਹੈ ਪਰ ਕੰਨਾਂ ‘ਚ ਰੂੰ ਪਾ ਕੇ ਸੁੱਤੀ ਪੰਜਾਬ ਸਰਕਾਰ ਦੇ ਕੰਨ ਇੰਨੇ ਬੋਲੇ ਹੋ ਚੁੱਕੇ ਹਨ ਕਿ ਨਸ਼ੇ ਦੀ ਕਾਰਨ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਦੇ ਮਾਪਿਆਂ ਦਾ ਵਿਰਲਾਪ ਵੀ ਉਸ ਨੂੰ ਸੁਣਾਈ ਨਹੀਂ ਦੇ ਰਿਹਾ। ਜਿਸ ਮੁੱਦੇ ਨੂੰ ਲੈ ਕੇ ਆਪ ਸਰਕਾਰ ਸੱਤਾ ਵਿੱਚ ਆਈ ਪਰ ਉਸਦੇ 92 ਵਿਧਾਇਕਾਂ ਦਾ ਇੱਕੋ ਵਕਤ ਗੂੰਗੇ ਹੋ ਜਾਣਾ ਚੋਰਾਂ ਨਾਲ ਰਲੇ ਹੋਣ ਦਾ ਪੁਖਤਾ ਸਬੂਤ ਹੈ। ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕਿਹਾ 14 ਅਗਸਤ ਦੀ ਮਹਾਂ ਰੈਲੀ ਨਾ ਕਿਸੇ ਰਾਜਸੀ ਪਾਰਟੀ ਦੀ ਰੈਲੀ ਹੈ ਤੇ ਨਾ ਕਿਸੇ ਧਰਮ ਜਾਂ ਫਿਰਕੇ ਦੀ ਹੈ । ਇਹ ਇਕੱਠ ਉਨ੍ਹਾਂ ਮਾਵਾਂ , ਉਨ੍ਹਾਂ ਭੈਣਾਂ, ਉਨ੍ਹਾਂ ਬਾਪੂਆਂ ਤੇ ਉਨ੍ਹਾਂ ਨੌਜਵਾਨਾਂ ਦਾ ਇਕੱਠ ਹੋਵੇਗਾ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਸ਼ੇ ਵਰਗੀ ਨਾਮੁਰਾਦ ਬਿਮਾਰੀ ਤੋਂ ਪੀੜਤ ਹਨ ਅਤੇ ਜਿੰਨ੍ਹਾਂ ਨੂੰ ਨਸ਼ੇ ਦਾ ਦੈਂਤ ਸੁਪਨੇ ਵਿੱਚ ਵੀ ਡਰਾ ਰਿਹਾ ਹੈ। ਉਨ੍ਹਾਂ ਕਿਹਾ 14 ਅਗਸਤ ਨੂੰ ਸਿਰਫ ਰੰਗਲੇ ਪੰਜਾਬ ਦੇ ਫੋਕੇ ਐਲਾਣ ਕਰਕੇ ਵੋਟਾਂ ਵਟੋਰਨ ਵਾਲੀ ਸਰਕਾਰ ਦਾ ਵਿਰੋਧ ਕੀਤਾ ਜਾਣਾ ਹੈ। ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਵਾਅਦਿਆਂ ਤੋਂ ਮੁੱਕਰੀ ਸਰਕਾਰ ਤੇ ਜਿੰਮੇਵਾਰੀਆਂ ਤੋਂ ਲੁਕੇ ਜਿਲ੍ਹਾ ਪ੍ਰਸ਼ਾ਼ਨ ਨੇ 14 ਅਗਸਤ ਦੀ ਮਹਾਂ ਰੈਲੀ ਨੂੰ ਤਾਰਪੀਡੋ ਕਰਨ ਲਈ ਹਰ ਵਾਹ ਲਾਈ ਹੋਈ ਹੈ। ਉਨ੍ਹਾਂ ਕਿਹਾ ਮੰਦੇ ਇਰਾਦੇ ਕਰਕੇ ਇਸ ਦਿਨ ਧਰਨੇ ਤੇ ਰੈਲੀ ਨੂੰ ਫਿਰਕੂ ਜਾਂ ਧਾਰਮਿਕ ਰੰਗਤ ਦੇਣ ਦੀ ਕੋਝੀ ਚਾਲ ਸਿਰਫ ਸਰਕਾਰੀ ਚਾਲ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਇੱਕ ਮਹੀਨੇ ਤੋਂ ਸ਼ਾਂਤਮਈ ਧਰਨੇ ‘ਤੇ ਬੈਠੇ ਲੋਕਾਂ ਦਾ ਮਨੋਰਥ ਕੇਵਲ ਤੇ ਕੇਵਲ ਨਸ਼ਾ ਬੰਦੀ ਹੈ। ਅਮਨ ਪਟਵਾਰੀ ਨੇ ਕਿਹਾ ਪ੍ਰਸਾਸ਼ਨ ਨਸ਼ਾ ਤਸਕਰਾਂ ਨੂੰ ਫੜਨ ਦੀ ਥਾਂ ਨਸ਼ਿਆਂ ਤੋਂ ਪੀੜਤ ਨੌਜਵਾਨਾਂ ‘ਤੇ ਧਾਰਾ 27 ਲਾ ਕੇ ਜੇਲ੍ਹਾਂ ‘ਚ ਸੁੱਟ ਰਹੀ ਹੈ ਜਦੋਂ ਕਿ ਸਰਕਾਰ ਫਰਜ਼ ਬਣਦਾ ਹੈ ਕਿ ਬਹਿਕਾਵੇ ‘ਚ ਆ ਕੇ ਰਾਹ ਤੋਂ ਭਟਕੇ ਨੌਜਵਾਨਾਂ ਦਾ ਇਲਾਜ ਕੀਤਾ ਜਾਵੇ ਤੇ ਕੌਂਸਲਿੰਗ ਕਰਕੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾਵੇ। ਧੰਨਾ ਮੱਲ ਗੋਇਲ ਨੇ ਕਿਹਾ ਸਰਕਾਰ ਮੈਡੀਕਲ ਸਟੋਰਾਂ ਤੋਂ ਮਿਲਣ ਵਾਲੀਆਂ ਨਸ਼ਾ ਯੁਕਤ ਦਵਾਈਆਂ ‘ਤੇ ਪੂਰਨ ਪਾਬੰਦੀ ਲਗਾਵੇ ਅਤੇ ਇਹ ਯਕੀਨੀ ਬਣਾਵੇ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਕੋਈ ਵੀ ਦਵਾਈ ਵਿਕ ਨਾ ਸਕੇ।ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ 14 ਦੀ ਰੈਲੀ ਦਾ ਵਿਰੋਧ ਪ੍ਰਦਰਸ਼ਨ ਇਤਿਹਾਸਕ ਮਿਸਾਲੀ ਹੋਵੇਗਾ।ਸ਼ਾਂਤਮਈ ਤਰੀਕੇ ਨਾਲ ਕੀਤੇ ਜਾ ਰਹੇ ਇਸ ਵਿਰੋਧ ਪ੍ਰਦਰਸ਼ਨ ਦਾ ਅਜਾਦੀ ਸਮਾਗਮਾਂ ਨਾਲ ਕੋਈ ਲੈਣਾ ਦੇਣਾ ਨਹੀਂ। ਐਕਸ਼ਨ ਕਮੇਟੀ ਦਾ ਕੋਈ ਵੀ ਮੈਂਬਰ ਜਾਂ ਜਥੇਬੰਦੀ ਕਿਸੇ ਕਿਸਮ ਦੀਆਂ ਕਾਲੀਆਂ ਝੰਡੀਆਂ ਨਹੀਂ ਵਿਖਾਵੇਗਾ ਅਤੇ ਨਾ ਹੀ ਕਿਧਰੇ ਧਰਨਾ ਲਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਤੇ ਬਿਨਾਂ ਕਿਸੇ ਭੰਬਲਭੂਸੇ 14 ਅਗਸਤ ਨੂੰ ਮਾਨਸਾ ਕਚਹਿਰੀਆਂ ਵਿਖੇ ਪੁੱਜਣ ਅਤੇ ਨਸ਼ਿਆਂ ਵਿਰੁੱਧ ਆਪਣੀ ਅਵਾਜ ਬੁਲੰਦ ਕਰਨ। ਕਿਸਾਨ ਆਗੂ ਬੋਘ ਸਿੰਘ ਨੇ ਕਿਹਾ ਪੱਕਾ ਧਰਨਾ ਤੇ 14 ਅਗਸਤ ਦੀ ਮਹਾਂ ਰੈਲੀ ਸਾਡਾ ਕੋਈ ਸ਼ੌਕ ਨਹੀਂ ਸਗੋਂ ਮਜਬੂਰੀ ਹੈ । ਇੱਕ ਪਾਸੇ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ ਤੇ ਦੂਸਰੇ ਪਾਸੇ ਪ੍ਰਸਾਸ਼ਨ ਤੇ ਸਰਕਾਰ ਸਮਗਲਰਾਂ ਦੀ ਪਿੱਠ ਥਾਪੜਕੇ ਨਸ਼ਾ ਬੰਦੀ ਲਈ ਸੰਘਰਸ਼ ਕਰਦੇ ਨੌਜਵਾਨਾਂ ਨੂੰ ਉਲਟਾ ਜੇਲ੍ਹਾਂ ‘ਚ ਬੰਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ 14 ਅਗਸਤ ਤੋਂ ਪਹਿਲਾਂ ਪਰਮਿੰਦਰ ਸਿੰਘ ਝੋਟੇ ਦੀ ਬਿਨਾਂ ਸਰਤ ਰਿਹਾਈ ਨਹੀਂ ਹੁੰਦੀ ,ਬੇਦੋਸ਼ੇ ਨੌਜਵਾਨਾਂ ਦੇ ਸਾਰੇ ਪਰਚੇ ਰੱਦ ਨਹੀਂ ਕੀਤੇ ਜਾਂਦੇ ਤੇ ਸਮਗਲਰਾਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ17 ਅਗਸਤ ਨੂੰ ਜੇਲ ਭਰੋ ਅੰਦੋਲਨ ਦਾ ਡੰਕਾ ਵੀ ਵਜਾਇਆ ਜਾ ਸਕਦਾ ਹੈ।ਇਸ ਮੌਕੇ ਹੋਰਨਾਂ ਤੋ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਪ੍ਰਮੁੱਖ ਆਗ ਵੀ ਹਾਜਰ ਸਨ।
14 ਦੀ ਮਹਾਂ ਰੈਲੀ ਦੌਰਾਨ ਪ੍ਰਬੰਧਕੀ ਕੰਪਲੈਕਸ ਦੇ ਸਰਕਾਰੀ ਦਫਤਰਾਂ ਦੇ ਰਸਤੇ ਕਰਾਂਗੇ ਬੰਦ: ਐਕਸ਼ਨ ਕਮੇਟੀ
Leave a comment