ਪਿਛਲੇ ਦਿਨੀਂ ‘ਆਪ’ ਵਿੱਚ ਸ਼ਾਮਲ ਹੋਏ 9 ਕੌਸਲਰਾਂ ਵਿੱਚੋਂ ਇੱਕ ਕੋਂਸਲਰ ਨੇ ‘ਆਪ’ ਵਿੱਚ ਸ਼ਾਮਲ ਹੋਣ ਨੂੰ ਨਕਾਰਿਆ
ਅਨੰਦਪੁਰ ਸਾਹਿਬ- 08ਅਗਸਤ (ਚਾਨਾ)
ਪਿਛਲੇ ਦਿਨੀਂ ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਹਾਜਰੀ ਵਿੱਚ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸ਼੍ਰੀ ਅਨੰਦਪੁਰ ਸਾਹਿਬ ਨਗਰ ਕੋਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਸਮੇਤ 9 ਕੋਂਸਲਰਾ ਵਿੱਚੋਂ ਵਾਰਡ ਨੰਬਰ 8 ਤੋਂ ਕੋਂਸਲਰ ਪਰਮਵੀਰ ਸਿੰਘ ਰਾਣਾ ਨੇ ਅੱਜ ਪ੍ਰੈਸ ਕਾਨਫਰੰਸ ਦੋਰਾਨ ਇਹ ਐਲਾਨ ਕਰਕੇ ਧਮਾਕਾ ਕਰ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਏ ਸਗੋਂ ਉਹ ਕਾਂਗਰਸ ਦੇ ਪੱਕੇ ਸਿਪਾਹੀ ਹਨ। ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਪਰਮਵੀਰ ਸਿੰਘ ਰਾਣਾ ਨੇ ਕਿਹਾ ਕਿ ਉਹ ਬਾਕੀ ਕੌਂਸਲਰਾਂ ਨਾਲ ਚੰਡੀਗੜ੍ਹ ਵਿਖੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਸ਼ਹਿਰ ਦੇ ਵਿਕਾਸ ਲਈ ਮੀਟਿੰਗ ਕਰਨ ਗਏ ਸਨ ਪ੍ਰੰਤੂ ਮੰਤਰੀ ਸਾਹਿਬ ਵੱਲੋਂ ਸਾਰੇ ਕੌਸਲਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਸੰਬੰਧੀ ਉਹਨਾਂ ਨੂੰ ਸਵੇਰੇ ਅਖਬਾਰਾਂ ਪੜ੍ਹ ਕੇ ਪਤਾ ਚੱਲਿਆ। ਸਪੱਸ਼ਟੀਕਰਨ ਦੇਣ ਲਈ ਤੁਹਾਨੂੰ ਤਿੰਨ ਦਿਨ ਦਾ ਸਮਾਂ ਕਿਉਂ ਲੱਗਿਆ ਦੇ ਸਵਾਲ ਦਾ ਜਵਾਬ ਦਿੰਦਿਆਂ ਕੌਂਸਲਰ ਰਾਣਾ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਦਿਆਂ ਇੰਨਾ ਸਮਾਂ ਲੱਗ ਗਿਆ। ਉਨ੍ਹਾਂ ਇਸ ਮੋਕੇ ਇਹ ਵੀ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਉਹ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੇ ਨਾਲ ਹਨ ਪ੍ਰੰਤੂ ਉਨ੍ਹਾਂ ਦੀ ਪਾਰਟੀ ਕਾਂਗਰਸ ਸੀ ਅਤੇ ਕਾਂਗਰਸ ਹੀ ਰਹੇਗੀ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੁਝ ਹੋਰ ਕੌਂਸਲਰ ਵੀ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ‘ਆਪ’ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੌਂਸਲਰ ਭੁਪਿੰਦਰ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਬੀਰ ਸਿੰਘ ਗੱਜਪੁਰ ਵੀ ਹਾਜ਼ਰ ਸਨ।