ਜਦੋਂ-ਜਦੋਂ ਵੀ ਦੇਸ਼ ’ਚ ਭਾਜਪਾ ਦੀ ਸਰਕਾਰ ਬਣੀ, ਤਾਂ ਅਨੰਦਪੁਰ ਨਗਰੀ ਦੀ ਉਚੇਚੇ ਤੌਰ ’ਤੇ ਸੇਵਾ ਕੀਤੀ-ਇਕਬਾਲ ਸਿੰਘ ਲਾਲਪੁਰਾ
ਸ੍ਰੀ ਅਨੰਦਪੁਰ ਸਾਹਿਬ, 6 ਅਗਸਤ (ਚਾਨਾ)
ਪ੍ਰਧਾਨ ਮੰਤਰੀ ਸ੍ਰੀ ਨਰੇਦਰ ਮੋਦੀ ਜੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਜ਼ਿਲ੍ਹਾ ਰੂਪਨਗਰ ਦੇ ਤਿੰਨ ਰੇਲਵੇ ਸਟੇਸ਼ਨਾਂ ਰੂਪਨਗਰ,ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦਾ ਕ੍ਰਮਵਾਰ 23.99 ਕਰੋੜ, 24.21 ਕਰੋੜ ਅਤੇ 23.31 ਕਰੋੜ ਦੇ ਨਾਲ ਆਧੁਨਿਕ ਨਵੀਨੀਕਰਣ ਦੇ ਕਾਰਜਾਂ ਦਾ ਨੀਂਹ ਪੱਥਰ ਅੱਜ ਪ੍ਰਧਾਨ ਮੰਤਰੀ ਜੀ ਵਲੋਂ ਵਰਚੂਅਲੀ ਰੱਖਿਆ ਗਿਆ। ਅੱਜ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਵਿਖੇ ਕਰਵਾਏ ਸਮਾਗਮ ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਕੇਂਦਰੀ ਸੰਸਦੀ ਬੋਰਡ ਤੇ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਵਲੋਂ ਵਰਚੂਅਲੀ ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਨਵੀਨੀਕਰਣ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ‘ਅੰਮ੍ਰਿਤ ਭਾਰਤ ਸਟੇਸ਼ਨ ਸਕੀਮ’ ਤਹਿਤ ਇਤਿਹਾਸਕ ਅਤੇ ਗੁਰੂ ਚਰਨ ਛੋਂਹ ਪ੍ਰਾਪਤ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਕਰੀਬ 24 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਵ ਪੱਧਰੀ ਵਿਰਾਸਤੀ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਦੇ 508 ਰੇਲਵੇ ਸਟੇਸ਼ਨ ਦੇ ਸ਼ੁੰਦਰੀਕਰਨ ਸਬੰਧੀ ਇੱਕ ਵਿਸ਼ੇਸ ਪ੍ਰੋਜੈਕਟ ਤਿਆਰ ਕੀਤੀ ਗਿਆ ਹੈ ਜਿਸ ’ਚ ਪੰਜਾਬ ਦੇ 22 ਰੇਲਵੇ ਸਟੇਸ਼ਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਦੋਂ-ਜਦੋਂ ਵੀ ਦੇਸ਼ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣੀ, ਉਸ ਨੇ ਇਸ ਨਗਰੀ ਦੀ ਉਚੇਚੇ ਤੌਰ ’ਤੇ ਸੇਵਾ ਕੀਤੀ ਹੈ। ਉਹ ਭਾਵੇਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਹੋਵੇ ਜਾਂ ਨਰਿੰਦਰ ਮੋਦੀ ਦੀ। ਉਨ੍ਹਾਂ ਕਿਹਾ ਕਿ ਇਹ ਪਾਵਨ ਨਗਰੀ ਦੇਸ਼ ਲਈ ਚਾਨਣ ਮੁਨਾਰਾ ਹੈ। ਉਨ੍ਹਾਂ ਦੱਸਿਆ ਕਿ 1998 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਇਨ੍ਹਾਂ ਰੇਲਵੇ ਸਟੇਸ਼ਨਾਂ ਦੀ ਵੱਡੇ ਪੱਧਰ ‘ਤੇ ਕਾਇਆ ਕਲਪ ਹੋਣ ਜਾ ਰਹੀ ਹੈ, ਜਿਸ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਰੇਲਵੇ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਦੇ ਅਤਿ ਧੰਨਵਾਦੀ ਹਾਂ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸਟੇਸ਼ਨਾਂ ਤੱਕ ਯਾਤਰੀਆਂ ਦੀ ਪਹੁੰਚ, ਸਰਕੂਲੇਟਿੰਗ ਏਰੀਆ, ਵੇਟਿੰਗ ਹਾਲ, ਪਖਾਨੇ, ਲਿਫਟ/ਐਸਕੇਲੇਟਰ, ਲੋੜ ਅਨੁਸਾਰ ਸਫ਼ਾਈ, ਮੁਫ਼ਤ ਵਾਈ-ਫਾਈ, ਕਿਓਸਕ ਵਰਗੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਇੱਕ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ। ਹਰੇਕ ਸਟੇਸ਼ਨ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ‘ਇੱਕ ਸਟੇਸ਼ਨ ਇੱਕ ਉਤਪਾਦ’, ਬਿਹਤਰ ਯਾਤਰੀ ਸੂਚਨਾ ਪ੍ਰਣਾਲੀ, ਕਾਰਜਕਾਰੀ ਲੌਂਜ, ਵਪਾਰਕ ਮੀਟਿੰਗਾਂ ਲਈ ਨਿਰਧਾਰਤ ਜਗ੍ਹਾ, ਲੈਂਡਸਕੇਪਿੰਗ ਆਦਿ ਨੂੰ ਵੀ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਰਮਨ ਜਿੰਦਲ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ , ਮੰਡਲ ਪ੍ਰਧਾਨ ਸ਼੍ਰੀ ਅਨੰਦਪੁਰ ਸਾਹਿਬ ਸਤਬੀਰ ਰਾਣਾ, ਮੰਡਲ ਪ੍ਰਧਾਨ ਨੂਰਪੁਰ ਬੇਦੀ ਕੁਲਭੂਸ਼ਨ ਸ਼ਾਰਦਾ, ਬਾਲ ਕਿਸ਼ਨ ਕੁੱਕੂ, ਸੁਰੇਸ਼ ਭਾਟੀਆ, ਐਨ ਕੇ ਸ਼ਰਮਾ , ਬਲਰਾਮ ਪਰਾਸ਼ਰ, ਰਘੂ ਕੁਲ ਭੂਸ਼ਨ ਬੰਟੀ, ਮਨਹੋਰ ਲਾਲ ਖਮੇਰਾ, ਦਵਿੰਦਰ ਵਰਮਾ, ਮਹੇਸ਼ ਸ਼ਰਮਾ, ਕਿਸ਼ਨ ਸਿੰਘ ਸੂਬਾ ਆਦਿ ਹਾਜ਼ਰ ਸਨ।