ਆਸਟ੍ਰੇਲੀਆ/ਨਿਊਜ਼ੀਲੈਂਡ ਦੀ ਧਰਤੀ ਤੇ ਦੋ ਨੌਜਵਾਨ ਮੁੰਡਿਆਂ ਵੱਲੋਂ ਦੋ ਨੌਜਵਾਨ ਕੁੜੀਆਂ ਨਾਲ ਕੀਤੀ ਗਈ ਦਰਿੰਦਗੀ ਦੀਆਂ ਕਥਾਵਾਂ ਅੱਜ ਕੱਲ ਕਾਫੀ ਸੁਰਖ਼ੀਆਂ ਵਿਚ ਹਨ, ਕਿਉਂਕਿ ਹਾਲ ਹੀ ਵਿਚ ਇਨ੍ਹਾਂ ਕੇਸਾਂ ਵਿਚ ਅਦਾਲਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਹੋਇਆ ਹੈ। ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਚ ਇਕ ਹੈਵਾਨੀਅਤ ਨਾਲ ਭਰੇ ਪੰਜਾਬੀ ਆਸ਼ਕ ਨੇ ਸੰਬੰਧ ਤੋੜਨ ਤੋਂ ਬਾਅਦ ਨਰਸ ਵਜੋਂ ਕੰਮ ਕਰਦੀ ਖ਼ੂਬਸੂਰਤ ਕੁੜੀ ਜੈਸਮੀਨ ਕੌਰ ਨੂੰ ਅਗਵਾ ਕਰਕੇ ਜ਼ਿੰਦਾ ਦਫ਼ਨਾ ਦਿੱਤਾ, ਜਦ ਕਿ ਦੂਸਰੇ ਸਿਰਫਿਰੇ ਪੰਜਾਬੀ ਨੌਜਵਾਨ ਨੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਇਕਤਰਫ਼ਾ ਪਿਆਰ ਵਿਚ ਪਾਗਲਪਣ ਦੀ ਹੱਦਾਂ ਪਾਰ ਕਰਦਿਆਂ ਇਕ ਫਰਜਾਨਾ ਨਾਮ ਦੀ ਲੜਕੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਦੋਵਾਂ ਹੀ ਕੇਸਾਂ ਵਿੱਚ ਦੋਸ਼ੀ ਨੌਜਵਾਨ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਹਨ ਅਤੇ ਵਿਦਿਆਰਥੀ ਵਜੋਂ ਸੁਨਹਿਰੇ ਭਵਿੱਖ ਲਈ ਬਾਹਰ ਆਏ ਸਨ। ਦੋਵਾਂ ਨੂੰ ਹੀ ਅਦਾਲਤ ਵੱਲੋਂ ਇੱਥੋਂ ਦੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਗਈ, ਕਿਉਂਕਿ ਫਾਂਸੀ ਦੀ ਸਜ਼ਾ ਲੰਬਾ ਸਮਾਂ ਪਹਿਲਾਂ ਆਸਟ੍ਰੇਲੀਆ/ਨਿਊਜ਼ੀਲੈਂਡ ਵਿੱਚ ਬੰਦ ਕਰ ਦਿੱਤੀ ਗਈ ਹੈ।
ਦੋਵੇਂ ਹੀ ਬਦਨਸੀਬ ਲੜਕੀਆਂ ਦੀ ਕਹਾਣੀ ਪੜ੍ਹਦਿਆਂ (ਪਿਆਰ) ਵਰਗਾ ਸ਼ਬਦ ਜਦੋਂ ਵਿਚ ਆਉਂਦਾ ਹੈ ਤਾਂ ਬਹੁਤ ਤੰਗ ਕਰਦਾ ਹੈ। ਕੀ ਪਿਆਰ ਕਰਨ ਵਾਲਾ ਐਨਾ ਜਾਲਮ ਹੋ ਸਕਦਾ ਹੈ ? ਕੀ ਪਿਆਰ ਕਿਸੇ ਨੂੰ ਸਰੀਰਕ ਰੂਪ ਵਿਚ ਪਾਉਣ ਦਾ ਹੀ ਨਾਮ ਹੈ ? ਕਿਸੇ ਨੂੰ ਇਨਕਾਰ ਕਰਨ ਤੇ ਮਾਰ ਦੇਣਾ ਜਾਂ ਮਾਰਨ ਦੀ ਭਾਵਨਾ ਸਾਡੇ ਖ਼ਿੱਤੇ ਦੇ ਮਰਦਾਂ ਵਿਚ ਆਮ ਹੀ ਸੁਣਨ ਨੂੰ ਮਿਲਦੀ ਹੈ। ਭਾਰਤ ਵਿਚ ਪਿਆਰ ਟੁੱਟਣ ਤੇ, ਲੜਕੀ ਵੱਲੋਂ ਇਨਕਾਰ ਕਰ ਦੇਣ ਤੇ, ਵਿਆਹ ਕਿਤੇ ਹੋਰ ਕਰਵਾ ਲੈਣ ਦੇ ਬਦਲੇ ਵਜੋਂ ਲੜਕੀ ਉੱਤੇ ਤੇਜ਼ਾਬ ਪਾਉਣ, ਉਸ ਨੂੰ ਬਦਨਾਮ ਕਰਨ, ਉਸ ਨੂੰ ਜਾਨੋਂ ਮਾਰ ਦੇਣ ਜਾਂ ਤੰਗ ਪਰੇਸ਼ਾਨ ਕਰਨ ਦੀਆਂ ਘਟਨਾਵਾਂ ਮਿੰਟ-ਮਿੰਟ ਬਾਅਦ ਵਾਪਰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਦਰਦਨਾਕ ਨਤੀਜਿਆਂ ਕਾਰਨ ਖ਼ਬਰਾਂ ਵਿੱਚ ਆਉਂਦੀਆਂ ਹਨ ਤੇ ਕਈ ਔਰਤ ਦੀ ਚੁੱਪ, ਸ਼ਰਮ, ਨਮੋਸ਼ੀ ਆਦਿ ਵਿਚ ਦਫ਼ਨ ਹੋ ਕੇ ਉਜਾਗਰ ਹੀ ਨਹੀਂ ਹੁੰਦੀਆਂ। ਸਾਡੇ ਮਰਦਾਂ ਵਿਚ ਪਿਆਰ ਵਿਚ ਕਬਜ਼ੇ ਦੀ ਪ੍ਰਵਿਰਤੀ ਕਈ ਵਾਰ ਭਿਆਨਕ ਸਿੱਟਿਆਂ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਇਹਨਾਂ ਨੌਜਵਾਨਾਂ ਦੇ ਨਾਲ ਨਾਲ ਸਾਡਾ ਪਿੱਤਰ ਸੱਤਾ ਨਾਲ ਭਰਿਆ ਆਲਾ ਦੁਆਲਾ, ਔਰਤ ਨੂੰ ਦਬਾਉਣ/ਦਬਕਾਉਣ ਵਾਲੇ ਗੀਤ, ਸਾਡੀਆਂ ਔਰਤ ਵਿਰੋਧੀ ਧਾਰਨਾਵਾਂ, ਪਿਆਰ ਬਾਰੇ ਗਲਤ ਨਜ਼ਰੀਆ ਪੈਦਾ ਕਰਨ ਵਾਲਾ ਸਮਾਜ ਅਤੇ ਸਦੀਆਂ ਤੋਂ ਤੁਰੀ ਆ ਰਹੀ ਸਾਡੇ ਮਰਦਾਂ ਦੀ ਮਾਨਸਿਕ ਤੰਗ ਦਿਲੀ ਵੀ ਜ਼ਿੰਮੇਵਾਰ ਹੈ। ਇੱਕ ਚਿੰਤਨਸ਼ੀਲ ਮਾਨਵ ਵਜੋਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅਜਿਹੀਆਂ ਘਟਨਾਵਾਂ ਦੀ ਨਿਖੇਧੀ ਕਰਨ ਤੀਕ ਸੀਮਤ ਨਾ ਰਹੀਏ, ਬਲਕਿ ਇਸ ਮਾਨਸਿਕਤਾ ਪਿੱਛੇ ਕੰਮ ਕਰਦੇ ਵਰਤਾਰਿਆਂ ਨੂੰ ਵੀ ਸਮਝੀਏ। ਪਿਤਰੀ ਸੱਤਾ ਦੇ ਨਦੀਨ ਚਾਹੇ ਚਾਹੇ ਨਿੱਕੇ ਨਿੱਕੇ ਰੂਪ ਵਿਚ ਹੋਣ, ਪਰ ਇਨ੍ਹਾਂ ਨੂੰ ਨਜ਼ਰ-ਅੰਦਾਜ਼ ਨਾ ਕਰੀਏ। ਅਜਿਹੇ ਹਿੰਸਕ ਵਿਵਹਾਰ ਦੇ ਨਕਸ਼ ਚਾਹੇ ਸਾਡੇ ਆਪਣਿਆਂ ਬੱਚਿਆਂ ਵਿਚ ਹੋਣ, ਚਾਹੇ ਸਾਡੇ ਕਰੀਬੀ ਦੋਸਤਾਂ, ਕਾਮਿਆਂ, ਸਹਿਕਰਮੀਆਂ ਵਿੱਚ ਹੋਣ— ਉਨ੍ਹਾਂ ਤੋਂ ਅੱਖਾਂ ਫੇਰਨ ਦੀ ਬਜਾਏ, ਉਨ੍ਹਾਂ ਦੀ ਪਹਿਚਾਣ ਕਰੀਏ। ਉਹਨਾਂ ਦੀ ਪੁਸ਼ਤ ਪਨਾਹੀ ਕਰਨ ਦੀ ਬਜਾਏ, ਉਹਨਾਂ ਨੂੰ ਨੰਗਿਆਂ ਕਰੀਏ। ਸਾਡੇ ਬੱਚਿਆਂ ਦੀ ਪਰਵਰਿਸ਼ ਅਤੇ ਮਾਨਸਿਕ ਨਿਰਮਾਣ ਜਿਸ ਮਾਹੌਲ ਵਿੱਚ ਹੋ ਰਿਹਾ ਹੈ, ਉਸ ਨੂੰ ਲਿੰਗਕ ਬਰਾਬਰੀ ਅਤੇ ਸ਼ਖ਼ਸੀ ਆਜ਼ਾਦੀ ਦੇ ਪੱਖ ਤੋਂ ਮੁੜ ਤੋਂ ਪੜਚੋਲਣ ਦੀ ਲੋੜ ਹੈ। ਵਰਨਾ ਪਿਆਰ ਵਰਗਾ ਪਵਿੱਤਰ ਜਜ਼ਬਾ ਵੀ ਵਿਕਾਰ ਬਣ ਕੇ, ਕਦੇ ਵਹਿਸ਼ਤ ਬਣ ਕੇ ਸਾਡੇ ਸਮਾਜ ਨੂੰ ਪਲੀਤ ਕਰਦਾ ਰਹੇਗਾ। ਅਜਿਹੇ ਫਿਊਡਲ ਵਿਅਕਤੀ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਬਦਤਰ ਬਣਾਉਂਦੇ ਰਹਿਣਗੇ, ਅਤੇ ਆਪ ਵੀ ਉਮਰ ਭਰ ਲਈ ਨਾ ਮੁੱਕਣ ਵਾਲੇ ਹਨੇਰਿਆਂ ਵਿਚ ਧੱਕੇ ਜਾਣਗੇ !
ਸਰਬਜੀਤ ਸੋਹੀ, ਆਸਟ੍ਰੇਲੀ