ਹੁੰਦਲ ਪਰਿਵਾਰ ਨੇ ਜਦ ਉਸਦੀ ਜਾਗਦੀ ਦੇਹ ਨੂੰ ਅਗਨੀ ਛੁਹਾਈ ਤਾਂ ਉਸਦੀ ਧੀਅ ਦੇ ਰੁਦਨ ਨਾਲ ਸਮਾਂ ਸੁੰਨ ਜਿਹਾ ਹੋ ਗਿਆ ….ਮੱਚਦੇ ਸਿਵੇ ਚੋਂ ਹਰਭਜਨ ਹੁੰਦਲ ਹੁਰਾਂ ਹੱਥ ਕੱਢਿਆ ਤੇ ਆਪਣੀ ਧੀਅ ਦੇ ਸਿਰ ‘ਤੇ ਰੱਖ ਦਿੱਤਾ ….ਮੱਚਦੇ ਸਿਵੇ ਚ ਸ਼ਬਦ ਹੋਰ ਵੀ ਪਰਚੰਡ ਹੋ ਕੇ ਆਸਮਾਨ ਚ ਆਤਸ਼ਬਾਜੀ ਵਾਂਗ ਗੂੰਜਣ ਲੱਗੇ …..ਲਾਲ ਝੰਡੇ ਫੜੀ ਬੈਠੇ ਕਾਮਰੇਡਾਂ ਨਾਹਰਾ ਮਾਰਿਆ ਸਾਥੀ ਹੁੰਦਲ ਅਮਰ ਰਹੇ ….ਅਮਰ ਰਹੇ …ਤੇ ਮੈਂ ਸੋਚ ਰਿਹਾ ਸੀ ਕਿ ਹੁੰਦਲ ਤਾਂ ਏਨਾਂ ਝੰਡਿਆਂ ਡੰਡਿਆਂ ਤੋਂ ਕਿਤੇ ਵੱਡਾ ਸੀ …..ਨਾਲੇ ਅਮਰ ਰਹਿਣ ਵਾਲੀ ਗੱਲ ਤਾਂ ਕਹੀਏ ਜੇ ਉਹ ਕਿਤੇ ਗਿਆ ਹੋਵੇ …ਹਰਭਜਨ ਸਿੰਘ ਹੁੰਦਲ ਵਰਗੇ ਬੰਦੇਂ ਨਾ ਆਉਦੇਂ ਹਨ ਨਾ ਜਾਂਦੇ ਹਨ ਬੱਸ ਉਹ ਹੁੰਦੇ ਹਨ …ਮਾਸਕੋ …ਕਿਊਬਾ …ਵੀਅਤਨਾਮ ਚ ਵੀ ਉਹ ਦੁਨੀਆਂ ਦੇ ਹਰ ਖਿੱਤੇ ਚ ਹੁੰਦੇ ਨੇ ਹੁੰਦਲ ਵਰਗਿਆਂ ਹੋਣਾ ਹੁੰਦਾਂ ਹੈ …ਲੜਦਾ ਲੜਦਾ ਉਸ ਪਾਰ ਗਿਆ ਹੈ ਵਾਪਿਸ ਵੀ ਆ ਜਾਵੇਗਾ ….ਹੋ ਸਕਦਾ ਹੈ ਲਿਟੇ ਨਾਲ ਕੋਈ ਵਿਊਤਬਂਦੀ ਕਰ ਰਿਹਾ ਹੋਵੇ …ਸਫਦਰ ਹਾਸ਼ਮੀ ਕੋਲ ਬੈਠਾ ਹੋਵੇ …ਪਾਬਲੋ ਨਾਲ ਕੋਈ ਵਿਚਾਰ ਕਰ ਰਿਹਾ ਹੋਵੇ ਜਾਂ ਫਿਰ ਫੈਜ ਨਾਲ ਰਾਜੇ ਦਾ ਤਾਜ ਡੇਗਣ ਬਾਰੇ ਕੋਈ ਮਸ਼ਵਰਾ ਕਰ ਰਿਹਾ ਹੋਵੇ …ਹੁੰਦਲ ਤਾਂ ਮੱਘਦਾ ਸ਼ਬਦ ਸੀ ਤੇ ਸ਼ਬਦ ਦੀ ਗੂੰਜ …ਜਿੱਥੇ ਕਿਤੇ ਸਮੁੰਦਰ ਮੁੱਕਦੇ ਨੇ ਓਥੇ ਵੀ ਸੁਣਦੀ ਹੈ ….ਓਥੇ ਹੀ ਹੁੰਦਲ ਦੀ ਕਲ ਕਲ ਹੈ …..ਉਹ ਸ਼ਾਇਰ …ਚਿੰਤਕ …ਨਿਬੰਧਕਾਰ …ਐਡੀਟਰ …ਤੇ ਹੋਰ ਵੀ ਬੜਾ ਕੁਝ ਸੀ ….
ਸ਼ੁਸੀਲ ਦੁਸਾਂਝ ਦਾ ਤੇ ਤਰਲੋਚਨ ਦਾ ਫੋਨ ਆਇਆ ਕਿ ਸਵੇਰੇ ਅਸੀਂ ਆ ਰਹੇ ਹਾਂ …..ਅੱਜ ਸਵੇਰਾ ਹੈ …ਹੁੰਦਲ ਦਾ ਜਨਮ ਦਿਨ ਹੈ ਅੱਜ ….ਤੜਕਸਾਰ ਇਕ ਸੁਪਨਾ ਸੀ ….ਗੇਟ ਖੜਕਦਾ ਹੈ ….ਮੈਂ ਕੀ ਹੋਲ ਚੋਂ ਵੇਖਦਾਂ ਹਾਂ …ਕੀ ਹੋਲ ਹੁੰਦਲ ਦੀ ਅੱਖ ਸੀ ….ਆ ਜਾਂਵੀ ਅੱਜ ਮੇਰੇ ਜਸ਼ਨ ਚ ਸ਼ਾਮਿਲ ਹੋਣ ਲਈ …..ਮੈਂ ਕਿਹਾ ਹੁੰਦਲ ਸਾਹਿਬ ਇਕ ਮਿੰਟ ਮੈਂ ਗੇਟ ਖੋਲਦਾਂ ਹਾਂ ….ਤੇ ਵੇਖਦਾਂ ਹਾਂ ਹੁੰਦਲ ਹੁਰੀ ਮੇਰੀ ਗਲੀ ਪਾਰ ਕਰ ਗਏ ਸਨ …ਗਲੀ ਚੋਂ ਦੂਰ ਆਸਮਾਨ ਵੱਲ ਆਤਿਸ਼ਬਾਜੀ ਨਿਕਲ ਰਹੀ ਸੀ …ਬਹੁਤ ਉੱਚੀ ਰੰਗ ਬਿਖੇਰਨ ਲਈ …..
ਕੱਲ ਇਸ ਖੇਲ ਮੇਂ ਹਮ ਹੋ ਨਾ ਹੋ ….
Leave a comment