ਸੈਂਕੜੇ ਕੰਪਿਊਟਰ ਅਧਿਆਪਕ ਆਪਣੇ ਹੱਕਾਂ ਦੀ ਲੜਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦੀਆਂ ਸੜਕਾਂ ’ਤੇ ਉੱਤਰ ਆਏ
ਨਾਨਕ ਸਿੰਘ ਖੁਰਮੀ,ਮਾਨਸਾ 06 ਨਵੰਬਰ : ਜਦੋਂ ਪੂਰਾ ਸੂਬਾ ਦੀਵਾਲੀ ਦੇ ਦੀਵੇ ਜਗਾਉਣ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ, ਉਸੇ ਵੇਲੇ ਪੰਜਾਬ ਦੇ ਸੈਂਕੜੇ ਕੰਪਿਊਟਰ ਅਧਿਆਪਕ ਆਪਣੇ ਹੱਕਾਂ ਦੀ ਲੜਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦੀਆਂ ਸੜਕਾਂ ’ਤੇ ਉੱਤਰ ਆਏ ਹਨ। ਸੂਬਾ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਦੇ ਉਲਟ ਅੱਜ ਸੰਗਰੂਰ ਦੀ ਧਰਤੀ ਰੋਸ–ਮੁਜ਼ਾਹਰਿਆਂ, ਅਸਮਾਨ ਛੂੰਹਦੇ ਨਾਅਰਿਆਂ ਅਤੇ ਪੁਲਿਸ ਨਾਲ ਤਿੱਖੀ ਝੜਪ ਦਾ ਅਖਾੜਾ ਬਣ ਗਈ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਪਾਣੀ ਦੀਆਂ ਤੇਜ਼ ਬੁਛਾੜਾਂ ਅਤੇ ਜ਼ੋਰਦਾਰ ਪੁਲਿਸ ਬਲ ਦੀ ਵਰਤੋਂ ਕੀਤੀ ਗਈ, ਜਿਸ ਦੌਰਾਨ ਕਈ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਏ ਅਤੇ ਇੱਕ ਅਧਿਆਪਕ ਦੀ ਲੱਤ ਟੁੱਟ ਗਈ। ਇਸ ਸਖ਼ਤੀ ਦੇ ਬਾਵਜੂਦ ਅਧਿਆਪਕਾਂ ਦੇ ਪੈਰ ਪਿੱਛੇ ਨਹੀਂ ਹਟੇ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਰਿਹਾਇਸ਼ ਅੱਗੇ ਸੜਕ ਉੱਤੇ ਹੀ ਖੁੱਲ੍ਹੇ ਅਸਮਾਨ ਹੇਠ ਪੱਕਾ ਡੇਰਾ ਲਗਾ ਦਿੱਤਾ ਹੈ।
ਇਸ ਦੌਰਾਨ ਕੰਪਿਊਟਰ ਅਧਿਆਪਕ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਦਰਜਨਾਂ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਹਰ ਵਾਰ “ਫਾਈਲ ਪ੍ਰਕਿਰਿਆ ਅਧੀਨ ਹੈ” ਦਾ ਲਾਰਾ ਲਾ ਕੇ ਗੱਲ ਟਾਲ ਦਿੱਤੀ ਜਾਂਦੀ ਹੈ। ਆਗੂਆਂ ਮੁਤਾਬਕ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਰਕਾਰ ਨੇ ਉਨ੍ਹਾਂ ਦੀ ਇੱਕ ਵੀ ਮੰਗ ਜ਼ਮੀਨ ’ਤੇ ਪੂਰੀ ਨਹੀਂ ਕੀਤੀ ਅਤੇ ਮੀਟਿੰਗਾਂ ਦਾ ਸਿੱਟਾ ਹਮੇਸ਼ਾ ਜ਼ੀਰੋ ਹੀ ਰਿਹਾ ਹੈ।
ਬਾਕਸ-ਸਰਕਾਰੀ ਮਤਰੇਈ ਮਾਂ ਵਾਲਾ ਸਲੂਕ: ‘ਕੀ ਮਹਿੰਗਾਈ ਸਿਰਫ਼ ਸਾਡੇ ਲਈ ਰੁਕੀ ਹੈ?
ਕੰਪਿਊਟਰ ਅਧਿਆਪਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਕੀ ਸਰਕਾਰੀ ਮੁਲਾਜ਼ਮਾਂ ਨੂੰ ਪਿਛਲੇ ਡੇਢ ਮਹੀਨੇ ਦੌਰਾਨ 14% ਡੀਏ ਜਾਰੀ ਕਰ ਦਿੱਤਾ ਗਿਆ, ਪਰ ਕੰਪਿਊਟਰ ਅਧਿਆਪਕਾਂ ਦਾ ਭੱਤਾ ਪਿਛਲੇ 5 ਸਾਲਾਂ ਤੋਂ ਰੋਕ ਕੇ ਰੱਖਿਆ ਹੋਇਆ ਹੈ। ਸੂਬੇ ਦੇ ਹੋਰ ਮੁਲਾਜ਼ਮ ਨਵੇਂ ਪੇਅ ਕਮਿਸ਼ਨ ਦੇ ਲਾਭ ਲੈ ਰਹੇ ਹਨ, ਜਦਕਿ ਕੰਪਿਊਟਰ ਅਧਿਆਪਕਾਂ ਨੂੰ ਇਸ ਹੱਕ ਤੋਂ ਪੂਰੀ ਤਰ੍ਹਾਂ ਵਾਂਝਾ ਰੱਖਿਆ ਗਿਆ ਹੈ।
ਅਧਿਆਪਕਾਂ ਨੇ ਤਲਖ਼ ਲਹਿਜੇ ਵਿੱਚ ਪੁੱਛਿਆ ਕਿ ਜੇ ਬਾਕੀ ਮੁਲਾਜ਼ਮਾਂ ਲਈ ਮਹਿੰਗਾਈ ਵਧੀ ਹੈ, ਤਾਂ ਕੀ ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਲਈ ਖ਼ਰਚੇ ਪੰਜ ਸਾਲ ਪਹਿਲਾਂ ਵਾਲੇ ਹੀ ਖੜ੍ਹੇ ਹਨ?
ਬਾਕਸ-ਸੜਕਾਂ ’ਤੇ ਹੀ ਕੱਟੀਆਂ ਜਾਣਗੀਆਂ ਦੀਵਾਲੀ ਦੀਆਂ ਰਾਤਾਂ
ਅਧਿਆਪਕਾਂ ਨੇ ਦੋ–ਟੂਕ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਮੰਗਾਂ ਦਾ ਪੱਕਾ ਹੱਲ ਨਹੀਂ ਕਰਦੀ, ਉਹ ਸੜਕਾਂ ਤੋਂ ਨਹੀਂ ਉੱਠਣਗੇ ਅਤੇ ਇਸ ਵਾਰ ਦੀਵਾਲੀ ਵੀ ਖੁੱਲ੍ਹੀ ਸੜਕ ’ਤੇ ਹੀ ਮਨਾਈ ਜਾਵੇਗੀ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਤੋਂ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਸ ਸੜਕੀ ਮੋਰਚੇ ਵਿੱਚ ਸ਼ਾਮਲ ਹੋਣਗੇ। ਉਨ੍ਹਾ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਤੁਰੰਤ ਛੇਵੇਂ ਪੇ ਕਮੀਸ਼ਨ ਦਾ ਲਾਭ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਰੋਕਿਆ ਗਿਆ ਮਹਿੰਗਾਈ ਭੱਤਾ ਜਾਰੀ ਕੀਤਾ ਜਾਵੇ।
ਫੋਟੋ 10/11 ਕੈਪਸ਼ਨ.. ਪ੍ਰਸ਼ਾਸਨ ਵੱਲੋਂ ਪਾਣੀ ਦੀਆਂ ਤੇਜ਼ ਬੁਛਾੜਾਂ ਅਤੇ ਜ਼ੋਰਦਾਰ ਪੁਲਿਸ ਬਲ ਦੀ ਵਰਤੋਂ ਕੀਤੀ ਗਈ, ਜਿਸ ਦੌਰਾਨ ਕਈ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਏ
