ਪ੍ਰਭੂ ਮਹਾਵੀਰ ਦੇ ਸਿਮਰਨ ਨਾਲ ਜੀਵਨ ਵਿੱਚੋਂ ਡਰ ਹੋਵੇਗਾ ਦੂਰ ਅਤੇ ਧਰਮ ਦਾ ਆਲੰਬਨ ਹੋਵੇਗਾ ਸਥਾਪਿਤ : ਭਾਰਤ ਕੇਸਰੀ ਡਾ. ਵਰੁਣ ਮੁਨੀ ਜੀ ਮਹਾਰਾਜ
ਨਾਨਕ ਸਿੰਘ ਖੁਰਮੀ,ਮਾਨਸਾ 3 ਨਵੰਬਰ :-ਭਗਵਾਨ ਮਹਾਵੀਰ ਦੀ ਕਲਿਆਣਕਾਰੀ ਬਾਣੀ ਸ੍ਰੀਮਦ ਉੱਤਰਾਧਿਐਨ ਸੂਤਰ ਦਾ ਸਰਲ ਅਤੇ ਸਰਸ ਭਾਸ਼ਾ ਵਿੱਚ ਵਿਆਖਿਆਨ ਕਰਦਿਆਂ ਭਾਰਤ ਕੇਸਰੀ, ਓਜਸਵੀ ਪ੍ਰਵਚਨਕਾਰ ਡਾ. ਵਰੁਣ ਮੁਨੀ ਜੀ ਮਹਾਰਾਜ ਨੇ ਸ਼ਰਧਾਲੂਆਂ ਨੂੰ ਧਰਮ, ਭਗਤੀ, ਤਿਆਗ ਅਤੇ ਵੈਰਾਗ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਨ੍ਹੀਂ ਦਿਨੀਂ ਉਨ੍ਹਾਂ ਵੱਲੋਂ ਉੱਤਰਾਧਿਐਨ ਸੂਤਰ ਦੇ ਵੱਖ-ਵੱਖ ਅਧਿਐਨਾਂ ਦੀ ਭਾਵਪੂਰਨ ਵਿਆਖਿਆ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮਿੱਠੀ ਬਾਣੀ ਦੇ ਧਨੀ ਅਤੇ ਕਰਮਯੋਗੀ ਸ੍ਰੀ ਰੂਪੇਸ਼ ਮੁਨੀ ਜੀ ਮਹਾਰਾਜ ‘ਰਜਤ’ ਵੱਲੋਂ ਸੂਤਰ ਦੀ ਮੂਲ ਵਾਚਨਾ ਦਾ ਸੁੰਦਰ ਉਚਾਰਨ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਡਾ. ਵਰੁਣ ਮੁਨੀ ਜੀ ਮਹਾਰਾਜ ਇਸ ਦਾ ਅਧਿਆਤਮਿਕ ਸਾਰ ਸਰਲ ਸ਼ਬਦਾਂ ਵਿੱਚ ਸਮਝਾਉਂਦੇ ਹਨ। ਆਪਣੇ ਪ੍ਰਵਚਨ ਦੌਰਾਨ ਗੁਰਦੇਵ ਨੇ ਠੰਢ ਦੇ ਮੌਸਮ ਵਿੱਚ ਵੀ ਭਗਵਾਨ ਮਹਾਵੀਰ ਦੀ ਬਾਣੀ ਸੁਣਨ ਲਈ ਪਹੁੰਚ ਰਹੇ ਸ਼ਰਧਾਲੂਆਂ ਦੀ ਸ਼ਰਧਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਪ੍ਰਭੂ ਭਗਤੀ ਅਤੇ ਧਰਮ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦਰਸਾਉਂਦਾ ਹੈ। ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਧਰਮ ਦੀ ਵੱਧ ਤੋਂ ਵੱਧ ਪ੍ਰਭਾਵਨਾ ਕਰਦਿਆਂ ਭਗਵਾਨ ਮਹਾਵੀਰ ਦੇ ਆਦਰਸ਼ਾਂ ਨੂੰ ਅਪਣਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਚੌਦਵੇਂ ਅਧਿਐਨ ‘ਇਕਸ਼ੁਕਾਰ’ ਦਾ ਪ੍ਰਸੰਗ ਸੁਣਾਉਂਦਿਆਂ ਗੁਰਦੇਵ ਨੇ ਦੱਸਿਆ ਕਿ ਇਕਸ਼ੁਕਾਰ ਨਗਰ ਦੇ ਰਾਜਾ ਇਸ਼ੁਕਾਰ ਅਤੇ ਰਾਣੀ ਕਮਲਾਵਤੀ ਅਤੇ ਰਾਜ ਪੁਰੋਹਿਤ ਭ੍ਰਿਗੂ ਤੇ ਉਨ੍ਹਾਂ ਦੀ ਪਤਨੀ ਯਸ਼ਾ ਦੇ ਜੀਵਨ ਨਾਲ ਜੁੜੀ ਇਹ ਕਥਾ ਤਿਆਗ ਅਤੇ ਵੈਰਾਗ ਦੀ ਅਦਭੁੱਤ ਪ੍ਰੇਰਣਾ ਦਿੰਦੀ ਹੈ। ਰਾਜ ਪੁਰੋਹਿਤ ਕੋਲ ਸਾਰੇ ਸੁੱਖ-ਸਾਧਨ ਸਨ, ਪਰ ਸੰਤਾਨ ਦਾ ਸੁੱਖ ਨਹੀਂ ਸੀ। ਇੱਕ ਵਾਰ ਸੰਤਾਂ ਦੇ ਦਰਸ਼ਨ ਕਰਨ ’ਤੇ ਉਨ੍ਹਾਂ ਨੇ ਆਪਣੀ ਪੀੜਾ ਦੱਸੀ। ਸੰਤਾਂ ਨੇ ਉਨ੍ਹਾਂ ਨੂੰ ਸੰਤਾਨ ਦੀ ਪ੍ਰਾਪਤੀ ਦਾ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੇ ਪੁੱਤਰ ਵੱਡੇ ਹੋ ਕੇ ਦੀਖਿਆ ਲੈਣ ਦੀ ਇੱਛਾ ਪ੍ਰਗਟ ਕਰਨ ਤਾਂ ਉਨ੍ਹਾਂ ਨੂੰ ਰੋਕਣਾ ਨਹੀਂ। ਸਮਾਂ ਆਉਣ ’ਤੇ ਭ੍ਰਿਗੂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਪਿਤਾ ਨੇ ਬੱਚਿਆਂ ਨੂੰ ਬਚਪਨ ਤੋਂ ਹੀ ਸੰਤਾਂ ਪ੍ਰਤੀ ਗ਼ਲਤ ਧਾਰਨਾਵਾਂ ਦੱਸ ਕੇ ਉਨ੍ਹਾਂ ਤੋਂ ਦੂਰ ਰੱਖਣ ਦਾ ਯਤਨ ਕੀਤਾ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇੱਕ ਦਿਨ ਦੋਵਾਂ ਪੁੱਤਰਾਂ ਨੇ ਰਸਤੇ ਵਿੱਚ ਸੰਤਾਂ ਨੂੰ ਭੋਜਨ ਕਰਦਿਆਂ ਦੇਖਿਆ। ਸੰਤਾਂ ਕੋਲ ਰੱਖੇ ਪਾਤਰਾਂ ਅਤੇ ਉਨ੍ਹਾਂ ਦੇ ਸੰਜਮਮਈ ਜੀਵਨ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੇ ਪਿਛਲੇ ਜਨਮ ਦਾ ਸਿਮਰਨ ਹੋ ਗਿਆ ਕਿ ਉਹ ਪਹਿਲਾਂ ਵੀ ਸਾਧੂ ਜੀਵਨ ਧਾਰਨ ਕਰ ਚੁੱਕੇ ਹਨ। ਉਨ੍ਹਾਂ ਦੇ ਮਨ ਵਿੱਚ ਵੈਰਾਗ ਦੀ ਭਾਵਨਾ ਜਾਗ ਪਈ ਅਤੇ ਉਨ੍ਹਾਂ ਨੇ ਸੰਤਾਂ ਸਾਹਮਣੇ ਦੀਖਿਆ ਲੈਣ ਦੀ ਇੱਛਾ ਪ੍ਰਗਟ ਕੀਤੀ। ਪੁੱਤਰਾਂ ਦੀ ਦ੍ਰਿੜ੍ਹ ਇੱਛਾ ਦੇਖ ਕੇ ਪਹਿਲਾਂ ਪਿਤਾ ਭ੍ਰਿਗੂ ਅਤੇ ਫਿਰ ਮਾਤਾ ਯਸ਼ਾ ਵੀ ਸੰਜਮ ਮਾਰਗ ਅਪਣਾਉਣ ਲਈ ਤਿਆਰ ਹੋ ਗਏ। ਜਦੋਂ ਰਾਜਾ ਇਸ਼ੁਕਾਰ ਨੇ ਰਾਜ ਪੁਰੋਹਿਤ ਦੇ ਘਰੋਂ ਧਨ-ਦੌਲਤ ਵਾਪਸ ਮੰਗਵਾਈ ਤਾਂ ਰਾਣੀ ਕਮਲਾਵਤੀ ਨੇ ਰਾਜੇ ਨੂੰ ਸਮਝਾਇਆ ਕਿ ਸੰਸਾਰ ਦੀ ਸਾਰੀ ਸੰਪਤੀ ਇੱਥੇ ਹੀ ਰਹਿ ਜਾਣੀ ਹੈ। ਇਸ ਪ੍ਰਸੰਗ ਤੋਂ ਪ੍ਰਭਾਵਿਤ ਹੋ ਕੇ ਰਾਣੀ ਨੇ ਵੀ ਦੀਖਿਆ ਲੈਣ ਦੀ ਇੱਛਾ ਪ੍ਰਗਟ ਕੀਤੀ ਅਤੇ ਅੰਤ ਵਿੱਚ ਰਾਜੇ ਨੇ ਵੀ ਸੰਸਾਰਕ ਮੋਹ-ਮਾਇਆ ਦਾ ਤਿਆਗ ਕਰ ਦਿੱਤਾ। ਇਸ ਤਰ੍ਹਾਂ ਛੇ ਜੀਵਾਂ ਨੇ ਸੰਜਮ ਧਾਰਨ ਕਰਕੇ ਆਪਣੇ ਜੀਵਨ ਨੂੰ ਸਫ਼ਲ ਬਣਾਇਆ। ਗੁਰਦੇਵ ਨੇ ਕਿਹਾ ਕਿ ਜਦੋਂ ਮਨ ਵਿੱਚ ਸੱਚਾ ਵੈਰਾਗ ਜਾਗਦਾ ਹੈ ਤਾਂ ਸੰਸਾਰਕ ਮੋਹ-ਮਾਇਆ ਦਾ ਆਕਰਸ਼ਣ ਖ਼ਤਮ ਹੋ ਜਾਂਦਾ ਹੈ। ਇਸ ਤੋਂ ਬਾਅਦ ਡਾ. ਵਰੁਣ ਮੁਨੀ ਜੀ ਮਹਾਰਾਜ ਨੇ ਭਗਵਾਨ ਮਹਾਵੀਰ ਦੇ ਪਿਛਲੇ ਭਵਾਂ ਅਤੇ ਉਨ੍ਹਾਂ ਦੇ ਜਨਮ ਕਲਿਆਣਕ ਦਾ ਭਾਵਪੂਰਨ ਵਰਣਨ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਭੂ ਮਹਾਵੀਰ ਦਾ ਜੀਵ ਵੱਖ-ਵੱਖ ਭਵਾਂ ਦੀ ਯਾਤਰਾ ਕਰਦਾ ਹੋਇਆ ਨੰਦਨ ਕੁਮਾਰ ਦੇ ਭਵ ਵਿੱਚ ਆਇਆ, ਜਿੱਥੇ ਉਨ੍ਹਾਂ ਨੇ 11 ਲੱਖ 60 ਹਜ਼ਾਰ ਆਯੰਬਿਲ ਤਪ ਦੇ ਮਾਸਖਮਣ ਕੀਤੇ ਅਤੇ 20 ਬੋਲਾਂ ਦੀ ਆਰਾਧਨਾ-ਸਾਧਨਾ ਕੀਤੀ। ਇਸ ਦੇ ਪ੍ਰਭਾਵ ਨਾਲ ਉਨ੍ਹਾਂ ਨੇ ਤੀਰਥੰਕਰ ਨਾਮਕਰਮ ਦਾ ਬੰਧ ਕੀਤਾ ਅਤੇ ਬਾਅਦ ਵਿੱਚ ਪ੍ਰਾਣਤ ਦੇਵਲੋਕ ਵਿੱਚ ਜਨਮ ਲਿਆ। ਗੁਰਦੇਵ ਨੇ ਮਾਤਾ ਤ੍ਰਿਸ਼ਲਾ ਦੇ ਚੌਦਾਂ ਸੁਪਨਿਆਂ ਦੀ ਅਧਿਆਤਮਿਕ ਮਹੱਤਤਾ ਦੱਸਦਿਆਂ ਕਿਹਾ ਕਿ ਜੈਨ ਸ਼ਾਸਤਰ ਕਲਪਸੂਤਰ ਵਿੱਚ ਸੁਪਨਿਆਂ ਦਾ ਵਿਸ਼ੇਸ਼ ਵਰਣਨ ਮਿਲਦਾ ਹੈ। ਤੀਰਥੰਕਰ ਦੀ ਮਾਤਾ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਚੌਦਾਂ ਮੰਗਲਕਾਰੀ ਸੁਪਨੇ ਦੇਖਦੀ ਹੈ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਧਿਆਨ ਕਰਵਾਉਂਦਿਆਂ ‘ਓਮ ਅਰਹਮ’ ਮੰਤਰ ਦਾ ਜਾਪ ਕਰਵਾਇਆ ਅਤੇ ਮਾਤਾ ਤ੍ਰਿਸ਼ਲਾ ਦੇ ਗਰਭ ਵਿੱਚ ਪ੍ਰਭੂ ਮਹਾਵੀਰ ਦੇ ਆਗਮਨ ਦੇ ਪ੍ਰਸੰਗ ਨੂੰ ਜੀਵੰਤ ਰੂਪ ਵਿੱਚ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਮਾਤਾ ਤ੍ਰਿਸ਼ਲਾ ਨੇ ਸੁਪਨੇ ਵਿੱਚ ਸ਼ੇਰ, ਐਰਾਵਤ ਹਾਥੀ, ਬਲਦ, ਕਮਲ ’ਤੇ ਬਿਰਾਜਮਾਨ ਲਕਸ਼ਮੀ, ਫੁੱਲਾਂ ਦੀਆਂ ਮਾਲਾਵਾਂ, ਪੂਰਨਮਾਸ਼ੀ ਦਾ ਚੰਦ, ਸੂਰਜ, ਇੰਦਰ ਧਵਜਾ, ਸੋਨੇ ਦਾ ਕਲਸ਼, ਪਦਮ ਸਰੋਵਰ, ਖੀਰ ਸਾਗਰ, ਸੋਨੇ ਦੇ ਰਤਨ ਅਤੇ ਬਿਨਾਂ ਅੱਗ ਦੇ ਧੂੰਏਂ ਵਰਗੇ ਮੰਗਲਕਾਰੀ ਸੁਪਨੇ ਦੇਖੇ। ਗਰਭ ਵਿੱਚ ਬਿਰਾਜਮਾਨ ਪ੍ਰਭੂ ਮਹਾਵੀਰ ਨੂੰ ਤਿੰਨ ਗਿਆਨ ਪ੍ਰਾਪਤ ਸਨ। ਮਾਤਾ ਨੂੰ ਪੀੜਾ ਨਾ ਹੋਵੇ, ਇਸ ਭਾਵਨਾ ਨਾਲ ਉਨ੍ਹਾਂ ਨੇ ਗਰਭ ਵਿੱਚ ਆਪਣੀ ਚੇਤਨਾ ਨੂੰ ਸੰਕੁਚਿਤ ਕਰ ਲਿਆ। ਜਦੋਂ ਮਾਤਾ ਚਿੰਤਤ ਹੋਈ ਤਾਂ ਪ੍ਰਭੂ ਨੇ ਗਰਭ ਵਿੱਚ ਹਲਚਲ ਕਰਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ। ਇਸੇ ਤਰ੍ਹਾਂ ਉਨ੍ਹਾਂ ਨੇ ਮਾਤਾ-ਪਿਤਾ ਦੇ ਜਿਊਂਦੇ ਰਹਿਣ ਤੱਕ ਦੀਖਿਆ ਨਾ ਲੈਣ ਦਾ ਸੰਕਲਪ ਵੀ ਕੀਤਾ, ਜੋ ਮਾਤਾ-ਪਿਤਾ ਪ੍ਰਤੀ ਉਨ੍ਹਾਂ ਦੀ ਅਥਾਹ ਸ਼ਰਧਾ ਅਤੇ ਭਗਤੀ ਨੂੰ ਦਰਸਾਉਂਦਾ ਹੈ। ਗੁਰਦੇਵ ਨੇ ਦੱਸਿਆ ਕਿ ਚੇਤ ਸੁਦੀ ਤੇਰ੍ਹਸ ਨੂੰ ਉੱਤਰਾ ਫਾਲਗੁਣੀ ਨਛੱਤਰ ਵਿੱਚ ਭਗਵਾਨ ਮਹਾਵੀਰ ਦਾ ਜਨਮ ਹੋਇਆ। ਉਨ੍ਹਾਂ ਦਾ ਅਵਤਾਰ ਸਮੁੱਚੇ ਸੰਸਾਰ ਲਈ ਮੰਗਲਕਾਰੀ ਸਾਬਤ ਹੋਇਆ। ਉਨ੍ਹਾਂ ਸ਼ਰਧਾਲੂਆਂ ਨੂੰ ਸੰਦੇਸ਼ ਦਿੱਤਾ ਕਿ ਪ੍ਰਭੂ ਮਹਾਵੀਰ ਦੇ ਸਿਮਰਨ ਨਾਲ ਜੀਵਨ ਵਿੱਚੋਂ ਡਰ ਦੂਰ ਹੁੰਦਾ ਹੈ ਅਤੇ ਧਰਮ ਦਾ ਆਲੰਬਨ ਮਜ਼ਬੂਤ ਹੁੰਦਾ ਹੈ। ਸਾਨੂੰ ਉਨ੍ਹਾਂ ਵੱਲੋਂ ਦਰਸਾਏ ਅਹਿੰਸਾ, ਸੰਜਮ, ਕਰੁਣਾ ਅਤੇ ਤਿਆਗ ਦੇ ਮਾਰਗ ’ਤੇ ਚੱਲ ਕੇ ਆਪਣੇ ਜੀਵਨ ਨੂੰ ਉੱਤਮ ਬਣਾਉਣਾ ਚਾਹੀਦਾ ਹੈ। ਅੰਤ ਵਿੱਚ ਸਾਰਿਆਂ ਨੇ ਮਾਤਾ ਤ੍ਰਿਸ਼ਲਾ, ਰਾਜਾ ਸਿਧਾਰਥ ਅਤੇ ਭਗਵਾਨ ਮਹਾਵੀਰ ਦੇ ਚਰਨਾਂ ਵਿੱਚ ਨਮਨ ਕਰਦਿਆਂ ਵਿਸ਼ਵ ਕਲਿਆਣ ਦੀ ਮੰਗਲ ਕਾਮਨਾ ਕੀਤੀ। ਸਭਾ ਦੀ ਸਮਾਪਤੀ ’ਤੇ ਸੇਵਾ ਸਮਰਾਟ ਅਤੇ ਉਪ-ਪ੍ਰਵਰਤਕ ਗੁਰਦੇਵ ਸ੍ਰੀ ਪੰਕਜ ਮੁਨੀ ਜੀ ਮਹਾਰਾਜ ਨੇ ਸ਼ਰਧਾਲੂਆਂ ਨੂੰ ਮੰਗਲਪਾਠ ਪ੍ਰਦਾਨ ਕੀਤਾ।
ਫੋਟੋ 6: ਸੰਤਾਂ ਤੋਂ ਆਸ਼ੀਰਵਾਦ ਲੈਂਦੇ ਸ਼ਰਧਾਲੂ ਅਤੇ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਪ੍ਰਬੰਧਕ।
