ਮਾਨਸਾ ਜ਼ਿਲ੍ਹੇ ਵਿੱਚੋਂ ਇੱਕ ਨਵੰਬਰ ਦੀ ਦਿੱਲੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ
ਭੀਖੀ – 23 ਅਕਤੂਬਰ –
ਅੱਜ ਇੱਥੇ ਸੀ.ਪੀ.ਆਈ.(ਐਮ) ਵੱਲੋਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਪੁਤਲੇ ਫੂਕੇ ਗਏ ਅਤੇ ਕੇਂਦਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ‘ਤੇ ਐਡਵੋਕੇਟ ਦਲਿਓ ਨੇ ਕਿਹਾ ਕਿ ਦੇਸ਼ ਦਾ ਮੁੱਖ ਚੋਣ ਕਮਿਸ਼ਨਰ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਦੇ ਉਲਟ ਭਾਜਪਾ-ਆਰ.ਐਸ.ਐਸ. ਦਾ ਹੱਥਠੋਕਾ ਬਣਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਵਿਸ਼ੇਸ਼ ਤੀਖਣ ਸੋਧ (ਐਸਆਈ ਆਰ) ਵਿੱਚ ਦੇਸ਼ ਭਰ ਵਿੱਚੋਂ 13 ਕਰੋੜ ਤੋਂ ਵੱਧ ਵੋਟਾਂ ਕੱਟ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਕੱਟੀਆਂ ਵੋਟਾਂ ਵਿੱਚ ਵੱਡੀ ਗਿਣਤੀ ਮੁਸਲਿਮ, ਦਲਿਤ, ਆਦਿਵਾਸੀ ਅਤੇ ਪ੍ਰਵਾਸੀ ਮਜ਼ਦੂਰ ਆਦਿ ਵਰਗਾਂ ਦੇ ਵੋਟਰ ਸ਼ਾਮਲ ਹਨ। ਕਮਿਊਨਿਸਟ ਆਗੂ ਨੇ ਮੰਗ ਕੀਤੀ ਕਿ ਗਿਆਨੇਸ਼ ਕੁਮਾਰ ਨੂੰ ਲਾਂਭੇ ਕਰਕੇ ਉਸ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ।
ਇਸ ਮੌਕੇ ਸੀਪੀਆਈ(ਐਮ) ਦੇ ਸੀਨੀਅਰ ਆਗੂ ਕਾਮਰੇਡ ਜਸਵੰਤ ਸਿੰਘ ਬੀਰੋਕੇ ਅਤੇ ਕਾਮਰੇਡ ਪਰਵਿੰਦਰ ਸਿੰਘ ਭੀਖੀ ਨੇ ਮੰਗ ਕੀਤੀ ਗਈ ਕਿ ਗੈਰ ਕਾਨੂੰਨੀ ਐਸ.ਆਈ.ਆਰ. ਰੱਦ ਕੀਤੀ ਜਾਵੇ। ਵੋਟਰ ਸੂਚੀਆਂ ਵਿੱਚ ਪਹਿਲਾਂ ਵਾਂਗ ਸਮੇਂ ਸਮੇਂ ‘ਤੇ ਸੋਧ ਕੀਤੀ ਜਾਵੇ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਜਾਵੇ। ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸਬੰਧੀ ਕਾਨੂੰਨ ਖਤਮ ਕੀਤਾ ਜਾਵੇ। ਚੋਣ ਕਮਿਸ਼ਨ ਦੀ ਖੁਦਮੁਖਤਿਆਰੀ ਯਕੀਨੀ ਬਣਾਈ ਜਾਵੇ। ਚੋਣ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕੀਤੇ ਜਾਣ। ਅਨੁਪਾਤਕ ਨੁਮਾਇੰਦਗੀ ਦੀ ਪ੍ਰਣਾਲੀ ਲਾਗੂ ਕੀਤੀ ਜਾਵੇ। ਪੈਸੇ ਅਤੇ ਡੰਡੇ ਦੇ ਜ਼ੋਰ ਦੇ ਪ੍ਰਭਾਵ ਨੂੰ ਰੋਕਿਆ ਜਾਵੇ।
ਆਗੂਆਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚੋਂ ਇੰਡੀਆ ਬਲਾਕ ਵੱਲੋਂ 1 ਨਵੰਬਰ ਦੀ ਦਿੱਲੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਹੋਣਗੇ। ਇਸ ਮੌਕੇ ‘ਤੇ ਕਾਮਰੇਡ ਜਸਵਿੰਦਰ ਸਿੰਘ ਭੀਖੀ, ਕਾਮਰੇਡ ਸਰਾਜ ਖਾਨ, ਗਗਨਦੀਪ ਸਿੰਘ ਖੀਵਾ ਖੁਰਦ, ਕਾਮਰੇਡ ਗੁਰਜੰਟ ਸਿੰਘ ਕੋਟੜਾ, ਕਾਮਰੇਡ ਗੁਰਲਾਲ ਸਿੰਘ, ਕਾਮਰੇਡ ਨਿਰਮਲ ਸਿੰਘ, ਕਾਮਰੇਡ ਕਾਲੂ ਰਾਮ ਆਦਿ ਹਾਜ਼ਰ ਸਨ।
