ਕ੍ਰਿਸ ਨੂੰ ਯਾਦ ਕਰਦਿਆਂ 1
ਜੀ ਨਾ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ।
ਅਲਵਿਦਾ ਪਿਆਰੇ ਮਿੱਤਰ ਕ੍ਰਿਸ।
ਮਿੱਤਰੋ ਹੁਣੇ ਮੈਸਿਜ ਆਇਆ ਹੈ। ਪਿਆਰਾ ਮਿੱਤਰ ਕ੍ਰਿਸ ਇਸ ਫਾਨੀ ਦੂਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਐਬੁੰਲੈਸ ਤੇ ਡਾਕਟਰ ਉਸ ਦੇ ਘਰ ਆਏ ਤੇ ਉਸ ਨੂੰ ਉਸ ਦੇ ਘਰ ਹੀ ਮੈਡੀਕਲ ਟ੍ਰੀਟਮੈਂਟ ਨਾਲ ਸਵਾ ਦਿੱਤਾ ਹੈ।ਮਿੱਥੇ ਸਮੇਂ ਦਿਨ ਦੇ ਪੂਰੇ ਗਿਆਰਾਂ ਵਜੇ। ਅਲਵਿਦਾ ਪਿਆਰੇ ਮਿੱਤਰ ਹੁਣ ਤੂੰ ਆਪਣੇ ਸਰੀਰਕ ਦੁੱਖਾਂ ਤੋਂ ਮੁਕਤ ਹੋ ਗਿਆ ਹੈ। ਤੁਸੀਂ ਕੱਲ ਵਾਲੀ ਪੋਸਟ ਵਿੱਚ ਉਸ ਨੂੰ ਜਿਉਂਦੇ ਜਾਗਦੇ ਨੂੰ ਮਿਲ ਹੀ ਲਿਆ ਹੈ। ਆਪਣੀ ਇਸ ਤਰੀਕੇ ਨਾਲ ਮੌਤ ਕ੍ਰਿਸ ਨੇ ਖੁਦ ਚੁਣੀ। ਉਹ ਲੰਬੇ ਸਮੇ ਤੋਂ ਮਸਲਾ ਦੀ ਵੀਕਨੈਸ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਡਾਕਟਰ ਪਿੱਛਲੇ ਪੰਜ ਸਾਲ ਤੋਂ ਉਸ ਦਾ ਇਲਾਜ ਕਰ ਰਹੇ ਸਨ। ਹਰ ਦਵਾਈ ਹਰ ਇਲਾਜ ਜੋਂ ਮੈਡੀਕਲ ਸਾਇੰਸ ਵਿੱਚ ਸੀ ਕਰ ਕੇ ਵੇਖ ਲਿਆ ਸੀ ਨਵੇਂ ਤਜਰਬੇ ਤੇ ਦਵਾਈਆਂ ਵੀ ਕ੍ਰਿਸ ਨੇ ਆਪਣੇ ਤੇ ਟੈਸਟ ਕਰਨ ਦੀ ਇਜਾਜ਼ਤ ਦੇ ਰੱਖੀ ਸੀ। ਅਖੀਰ ਕੁੱਝ ਮਹੀਨੇ ਪਹਿਲਾਂ ਡਾਕਟਰਾਂ ਹੱਥ ਖੜੇ ਕਰ ਦਿੱਤੇ ਕਿ ਸਾਡੇ ਕੋਲ ਤੇਰੀ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਸਭ ਕੁਝ ਕਰਨ ਦੇ ਬਾਵਜੂਦ ਵੀ ਉਹ ਨਿੱਘਰਦਾ ਜਾਂਦਾ ਸੀ ਫੌਹੜੀਆ ਨਾਲ ਬਹੁਤ ਮੁਸ਼ਕਲ ਨਾਲ ਤੁਰਦਾ ਸੀ। ਧੀ ਪੁੱਤ ਹੈ ਕੋਈ ਨਹੀਂ ਸੀ ਇੱਕ ਆਪਣੀ ਤੋਂ ਡਬਲ ਉਮਰ ਦੀ ਜਨਾਨੀ ਨਾਲ ਰਹਿੰਦਾ ਸੀ। ਦੋ ਸਾਲ ਪਹਿਲਾਂ ਉਹ ਵੀ ਮਰ ਗਈ ਅੱਸੀ ਕੁ ਸਾਲ ਦੀ ਹੋ ਕੇ। ਡਾਕਟਰਾਂ ਨੇ ਮਸਾਂ ਛੇ ਕੁ ਮਹੀਨੇ ਦਾ ਟਾਇਮ ਦਿੱਤਾ ਸੀ। ਇੱਕ ਦੋ ਵਾਰ ਰਾਤ ਨੂੰ ਡਿੱਗ ਵੀ ਪਿਆ ਸੀ ਸੱਟਾਂ ਲਵਾਂ ਬੈਠਾ ਸੀ। ਕੱਲ ਉਸ ਨੇ ਉਸ ਸਾਰੀ ਟੀਮ ਨੂੰ ਆਖ਼ਰੀ ਭੋਜ ਦਾ ਸੱਦਾ ਦਿੱਤਾ ਤੇ ਸਭ ਫੁੱਲ ਭੇਟ ਕਰਕੇ ਸਭ ਦਾ ਧੰਨਵਾਦ ਕੀਤਾ ਜਿੰਨਾ ਉਸ ਨੂੰ ਪਿੱਛਲੇ ਪੰਜਾ ਸਾਲਾਂ ਤੋਂ ਸਾਂਭਿਆ ਸੀ। ਮੇਰੇ ਲਈ ਬਹੁਤ ਝੱਟਕੇ ਦੀ ਗੱਲ ਸੀ ਜਦ ਉਸ ਨੇ ਕੱਲ ਮੈਨੂੰ ਇਸ ਆਖਰੀ ਪਾਰਟੀ ਦਾ ਮਕਸਦ ਦੱਸਿਆ ਤੇ ਕਿਹਾ ਕਿ ਅੱਜ ਗਿਆਰਾਂ ਵਜੇ ਉਹ ਆਪਣੀ ਖੁਦ ਮਰਜ਼ੀ ਨਾਲ ਸਦਾ ਲਈ ਸੌਅ ਜਾਵੇਗਾ ਉਸ ਦਾ ਦਿਲ ਤਾਂ ਨਹੀਂ ਸੀ ਕਰਦਾ ਰੰਗਲੀ ਦੁਨੀਆ ਨੂੰ ਛੱਡ ਕੇ ਜਾਣਦਾ ਉਹ ਵੀ ਪੂਰੇ ਹੋਸ਼ ਸਵਾਸ ਵਿੱਚ। ਉਹ ਕਹਿੰਦਾ ਮੈਂ ਤੁਰਦਾ ਫਿਰਦਾ ਜਾਣਾ ਹੈ। ਮੈਂ ਨਹੀਂ ਚਾਹੁੰਦਾ ਮੇਰੇ ਚਾਰ ਚੁਫੇਰੇ ਨਾਲੀਆਂ ਲੱਗੀਆਂ ਹੋਣ ਤੇ ਜਿਸ ਤੇ ਹਸਪਤਾਲ ਦਾ ਖਰਚਾ,ਮੁਲਕ ਦਾ ਖਰਚਾ ਹੋਵੇ। ਡਾਕਟਰ ਨਰਸਾਂ ਹੋਰ ਕਿਸੇ ਮਰੀਜ਼ ਤੇ ਕੰਮ ਕਰਨ ਜੋ ਬਚ ਸਕਦਾ ਹੋਵੇ। ਕਿਉਂਕਿ ਮੇਰੀ ਮੌਤ ਤਹਿ ਹੈ। ਮਜ਼ਾਕ ਉਸ ਦੀ ਆਦਤ ਸੀ। ਪਹਿਲਾਂ ਮੈਂ ਸੋਚਿਆ ਮਜ਼ਾਕ ਕਰਦਾ ਹੈ ਹਮੇਸ਼ਾ ਦੀ ਤਰ੍ਹਾਂ ਪਰ ਇਹ ਉਸ ਦਾ ਮੇਰੇ ਨਾਲ ਆਖਰੀ ਤੇ ਬਹੁਤ ਹੀ ਸੀਰੀਅਸ ਮਜ਼ਾਕ ਸੀ। ਹੱਡੀਆਂ ਦੀ ਮੁੱਠ ਬਣੇ ਕ੍ਰਿਸ ਦੀਆਂ ਜਰ ਜਰ ਹੋਈਆਂ ਹੱਡੀਆਂ ਦਾ ਸੇਕ ਅਜੇ ਵੀ ਮੇਰੇ ਸਰੀਰ ਵਿੱਚ ਘੁੰਮ ਰਿਹਾ ਹੈ ਕੱਲ ਜਦ ਉਸ ਨੇ ਮੈਨੂੰ ਆਖ਼ਰੀ ਠੰਡੀ ਜੱਫੀ ਪਾਈ ਸੀ। ਉਮਰ ਸਿਰਫ ਛਿਪੰਜਾ ਸਾਲ। ਮੈਂ ਅਜੇ ਫਰੈੰਕਫੋਰਟ ਇੱਕ ਦੋ ਦਿਨ ਹੋਰ ਰਹਿਣਾ ਸੀ ਪਰ ਇਸ ਦਾ ਫੋਨ ਆਇਆ ਕਿ ਮੈਂ ਕੱਲ ਦੀ ਉਸ ਦੀ ਪਾਰਟੀ ਵਿੱਚ ਜਰੂਰ ਸ਼ਾਮਲ ਹੋਵਾਂ ਜੋ ਮੇਰੇ ਹੀ ਰੈਸਟੋਰੈਂਟ ਵਿੱਚ ਰੱਖੀ ਸੀ ਤੇ ਮੈਂ ਤੇ ਮੇਰੀ ਵਾਈਫ਼ ਕੱਲ ਚਾਰ ਕੁ ਵੱਜੇ ਵਾਪਸ ਆ ਗਏ ਸਾਂ।
ਤਸਵੀਰਾਂ ਤੁਸੀਂ ਵੇਖ ਹੀ ਲਈਆਂ ਹਨ ਤੇ ਵੀਡੀਓ ਵੀ। ਇੱਕ ਜਿੰਦਾ ਦਿਲ ਇਨਸਾਨ ਜਾਣ ਤੋਂ ਇੱਕ ਰਾਤ ਪਹਿਲਾਂ ਇੱਕ ਦਿਨ ਰੱਜ ਕੇ ਜੀ ਗਿਆ, ਹੱਸ ਗਿਆ, ਹਸਾ ਗਿਆ ਭਾਵੁਕ ਵੀ ਕਰ ਗਿਆ ਤੇ ਭਿਆਨਕ ਮਜ਼ਾਕ ਵੀ। ਮੈਨੂੰ ਨਹੀਂ ਪਤਾ ਫਾਂਸੀ ਲੱਗਣ ਵਾਲੇ ਬੰਦੇ ਕਿਵੇਂ ਸੋਚਦੇ ਹੋਣਗੇ ਜਿੰਨਾ ਨੂੰ ਪਤਾ ਹੁੰਦਾ ਹੈ ਕਿ ਫਲਾਨੀ ਤਰੀਕ ਨੂੰ ਮੈਨੂੰ ਫਾਂਸੀ ਲੱਗਣੀ ਹੈ ਤੇ ਉਹ ਦਿਨ ਮੇਰਾ ਆਖਰੀ ਦਿਨ ਹੈ। ਕੱਲ ਦੀ ਸਾਰੀ ਰਾਤ ਮੇਰੇ ਸਿਰ ਵਿੱਚ ਭਗਤ ਸਿੰਘ ਦੀ ਤਸਵੀਰ ਘੁੰਮਦੀ ਰਹੀ। ਪਤਾ ਨਹੀਂ ਕਿਉਂ।
ਮੈਨੂੰ ਸਮਝ ਨਹੀਂ ਆਉਂਦੀ ਗੱਲ ਕਿੱਥੋਂ ਸ਼ੁਰੂ ਕਰਾਂ। ਗੱਲ ਉੱਨੀ ਸਤਾਸੀ ਦੀ ਹੈ ਜਦੋਂ ਤੋਂ ਮੈਂ ਕ੍ਰਿਸ ਨੂੰ ਜਾਣਦਾ ਹਾਂ। ਮੈਂ ਆਪਣੇ ਸ਼ਹਿਰ ਦੀ ਬਹੁਤ ਹੀ ਵੱਡੀ ਲੋਹੇ ਦੀ ਫੈਕਟਰੀ ਵਿੱਚ ਵੈਲਡਰ ਸੀ। ਮੈਂ ਇੱਥੇ ਸੀਨੀਅਰ ਸੀ ਇਹ ਤਿੰਨ ਮੁੰਡੇ ਕੱਠੇ ਹੀ ਸਕੂਲ ਤੋਂ ਡਿਪਲੋਮਾ ਕਰ ਫਰੈਂਡਸਿਪ ਯਾਨਿ ਕੰਮ ਦਾ ਤਜ਼ਰਬਾ ਕਰਨ ਮੇਰੇ ਕੋਲ ਸਾਡੀ ਯੂਨਿਟ ਵਿੱਚ ਆਏ। ਸਾਡੀ ਫਰਮ ਜਿਸ ਦਾ ਨਾਂ ਸਟੌਰਕ Stork ਸੀ ਜਿਸ ਵਿੱਚ ਸੋਵੀਅਤ ਯੁਨੀਅਨ ਤੋਂ ਆਈਆਂ ਪਾਣੀ ਵਾਲੇ ਸਿੱਪਾਂ ਦੀ ਵੱਡੀਆਂ ਵੱਡੀਆਂ ਮੋਟਰਾਂ ਖੋਹਲ ਕੇ ਰਿਪੇਅਰ ਕਰ ਫਿਰ ਬੰਨਣਾ ਤੇ ਵਾਪਸ ਭੇਜਣਾ ਸੀ। ਕ੍ਰਿਸ ਤੇ ਦੂਜਾ ਮੁੰਡਾ ਮਿਸਾਇਲ ਇਹ ਮੇਰੇ ਐਸਟੈਂਟ ਸਨ। ਇਹਨਾਂ ਨੇ ਮੇਰੇ ਕੋਲੋ ਕੰਮ ਸਿੱਖਣਾ ਸੀ। ਇਸ ਕਰਕੇ ਇਹ ਪੂਰੇ ਅੱਠ ਘੰਟੇ ਮੇਰੇ ਨਾਲ ਹੀ ਰਹਿੰਦੇ ਸਨ। ਅਸੀਂ ਪਾਣੀ ਵਾਲੇ ਜਹਾਜ਼ ਦੀ ਮੋਟਰ ਦੇ ਵੱਡੇ ਪਿਸਟਨ ਵੈਲਡ ਕਰਦੇ। ਇਹ ਵੈਲਡਿੰਗ ਆਟੋਮੈਟਿਕ ਸੀ ਬਸ ਤੁਸੀਂ ਧਿਆਨ ਰੱਖਣਾ ਤੇ ਬਾਰ ਬਾਰ ਮਿਣਨਾ ਕਿ ਵੈਲਡਿੰਗ ਦੀ ਮੁਟਾਈ ਸਹੀ ਹੋ ਰਹੀ ਹੈ ਤਾਂ ਜੋਂ ਖਰਾਦ ਤੇ ਚੱੜੇ ਪਿਸਟਨ ਨੂੰ ਦੁਬਾਰਾ ਉਤਾਰ ਵੈਲਡਿੰਗ ਨਾ ਕਰਨਾ ਪਵੇ ਠੰਡੀ ਤੱਤੀ ਦੋਹਵੇਂ ਕਿਸਮ ਦੀ ਮਿਣਾਈ ਜਾਰੀ ਰਹਿੰਦੀ ਸੀ। ਇੱਕ ਸਪੈਸ਼ਲ ਮਸ਼ੀਨ ਤੇ ਗਰਮ ਕਰਕੇ ਪਿਸਟਨ ਚਾਹੜ ਦਿੱਤਾ ਜਾਂਦਾ ਸੀ। ਪਾਉਡਰ ਵਾਲੀ ਵੈਲਡਿੰਗ ਦੀ ਚਾਰ ਮਿਲੀਮੀਟਰ ਤਾਰ ਪਿਸਟਨ ਨਾਲ ਟੱਚ ਕਰਦੀ ਸੀ ਤੇ ਉੱਤੇ ਪਾਉਂਡਰ ਪੈਂਦਾ ਸੀ ਤੇ ਘੁੰਮਦੇ ਪਿਸਟਨ ਦਵਾਲੇ ਦੋ ਦੋ ਇੰਚ ਚੌੜੀ ਵੈਲਡਿੰਗ ਹੋਈ ਜਾਂਦੀ ਸੀ।
ਕ੍ਰਿਸ ਹੋਣਾ ਨਾਲ ਖੂਬ ਹਾਸਾ ਮਖੌਲ ਚੱਲਣਾ ਉਦੋਂ ਮੈਨੂੰ ਡੱਚ ਵੀ ਚੰਗੀ ਤਰਾਂ ਨਹੀਂ ਆਉਂਦੀ ਸੀ ਜਰਮਨ ਨਾਲ ਹੀ ਕੰਮ ਚਲਾਉਣਾ ਪੈਂਦਾ ਸੀ। ਇਹ ਬਹੁਤ ਮਖੌਲੀਏ ਮੁੰਡੇ ਸਨ ਮੈਂ ਤੀਹਾਂ ਕੁ ਸਾਲਾਂ ਦਾ ਸੀ ਤੇ ਕ੍ਰਿਸ ਹੋਣਾਈ ਅਠਾਰਾਂ ਕੁ ਦੇ। ਸਾਡੀ ਸੋਹਣੀ ਆੜੀ ਪੈ ਗਈ ਸੀ। ਕੱਠੇ ਕੌਫੀਆਂ ਪੀਂਦੇ ਉਂਦੋ ਇਰਾਕ ਦੀ ਜੰਗ ਲੱਗ ਚੁੱਕੀ ਸੀ ਉਸ ਬਾਰੇ ਗੱਲਾਂ ਕਰਦੇ ਕਿਉਂਕਿ ਨੀਦਰਲੈਂਡ ਵੀ ਨਾਟੋ ਦਾ ਮੈਂਬਰ ਹੋਣ ਕਰਕੇ ਇਸ ਜੰਗ ਵਿੱਚ ਸ਼ਾਮਲ ਸੀ। ਦੁਪਿਹਰ ਦੀ ਬਰੇਕ ਵਿੱਚ ਕੰਟੀਨ ਵਿੱਚ ਬਹਿੰਦੇ ਗਰਮੀਆਂ ਵਿੱਚ ਸੜਕ ਤੇ ਜਿੱਥੋਂ ਲੋਕ ਲੰਘਦੇ। ਪਿੱਛੇ ਵੱਡਾ ਸਕੂਲ ਹੋਣ ਕਰਕੇ ਕੁੜੀਆਂ ਕੱਤਰੀਆਂ ਵੀ ਲੰਘਦੀਆਂ। ਸੜਕ ਤੇ ਬੈਠ ਮੁੰਡੇ ਉਹਨਾਂ ਨੂੰ ਮਖੌਲ ਕਰਦੇ ਅੱਗੋ ਉਹ ਵੀ ਕਰਦੀਆਂ। ਇੱਥੇ ਕੁੜੀ ਮੁੰਡੇ ਵਿੱਚ ਕੋਈ ਬਹੁਤਾ ਫ਼ਰਕ ਹੀ ਨਹੀਂ ਸੀ। ਸਟੌਰਕ ਦੀ ਕੰਟੀਨ ਫਾਈਵ ਸਟਾਰ ਵਰਗੀ ਸੀ ਖਾਣਾ ਪੀਣਾ ਆਹਲਾ ਦਰਜੇ ਦਾ ਸੀ ਤੇ ਸੀ ਵੀ ਬਹੁਤ ਸਸਤਾ ਇਸ ਕਰਕੇ ਕੋਈ ਵੀ ਵਰਕਰ ਘਰੋਂ ਲੰਚ ਪੈਕਿਟ ਨਹੀਂ ਸੀ ਲਿਆਉਂਦਾ। ਸੜਕ ਤੇ ਨੀਲੀਆਂ ਡਾਂਗਰੀਆਂ ਪਾਈ ਸਾਡੀ ਡਾਰਾਂ ਦੀ ਡਾਰ ਬੈਠੀ ਹੁੰਦੀ। ਜਿੰਨਾਂ ਵਿੱਚ ਰੰਗੀਲਾ ਸੱਜਣ ਯਾਨਿ ਰੰਗ ਦਾ ਅਮੀਰ ਮੈਂ ਹੀ ਸੀ ਬਾਕੀ ਸਾਰੇ ਗੋਰੇ ਟਰਕੀ ਰੰਗ ਦੇ ਗ਼ਰੀਬ ਲੋਕ ਸਨ।
ਇਸੇ ਤਰਾਂ ਇੱਕ ਦਿਨ ਇੱਕ ਬਹੁਤ ਸੋਹਣੀ ਕੁੜੀ ਆਪਣਾ ਬੱਚਿਆਂ ਵਾਲੀ ਰਿਹੜੀ ਵਿੱਚ ਸੋਹਣਾ ਜਵਾਕ ਪਾਈ ਤੁਰੀ ਜਾਵੇ। ਇਸੇ ਕ੍ਰਿਸ ਨੇ ਹੋਕਰਾ ਮਾਰਿਆ “ਇਹ ਜਵਾਕ ਤੇਰਾ ਹੈ “ਕੁੜੀ ਹੱਸ ਕੇ ਰੁਕ ਪਈ ਤੇ ਕ੍ਰਿਸ ਵੱਲ ਝਾਕੀ ਤੇ ਬੋਲੀ
” ਕੀ ਮਤਲਬ ? ਇਹ ਮੇਰਾ ਹੀ ਹੀ ਹੈ”। ਕੁੜੀ ਬੋਲੀ ਇਹ ਉਸ ਕੋਲ ਚਲਾ ਗਿਆ ਤੇ ਅਸੀਂ ਤਮਾਸ਼ਬੀਨ ਦਰਸ਼ਕ ਹੁੰਦਾ ਕੌਤਕ ਵਰਤਦੀ ਕਲਾ ਵੇਖ ਰਹੇ ਸਾਂ। ਇਸਨੇ ਰਿਹੜੀ ਵਿੱਚ ਪਏ ਜਵਾਕ ਵੱਲ ਵੇਖਿਆ ਤੇ ਅਜੀਬ ਜਿਹਾ ਮੂੰਹ ਬਣਾ ਸਿਰ ਮਾਰਨ ਲੱਗ ਪਿਆ। ਤੇ ਬੋਲਿਆ “ਨਹੀਂ”।
” ਕੀ ਨਹੀਂ ? ” ਉਹ ਅਜੇ ਵੀ ਹੱਸ ਰਹੀ ਸੀ ਬੋਲੀ।
” ਇਹ ਜਵਾਕ ਤੇਰਾ ਨੀ ਹੋ ਸਕਦਾ ਇਹ ” ਇਹ ਸਿਰ ਮਾਰੀਂ ਜਾਂਦਾ ਸੀ।
” ਕਿਉਂ ਨਹੀਂ ਮੇਰਾ ਮੇਰਾ ਬੰਦਾ ਹੈ ਅਸੀਂ ਕੱਠੇ ਰਹਿੰਦੇ ਹਾਂ ਇਹ ਸਾਡਾ ਜਵਾਕ ਹੈ” । ਉਹ ਹੱਸਦੀ ਹੋਈ ਪੂਰੇ ਯਕੀਨ ਨਾਲ ਆਪਣਾ ਜਵਾਕ ਵੇਖਦੀ ਬੋਲੀ।
“ਤੂੰ ਐਨੀ ਸੋਹਣੀ ਜਵਾਕ ਐਨਾ ਲੇਲਕ (ਕੋਹਜਾ) ਮੈਂ ਤੈਨੂੰ ਇੱਕ ਸਲਾਹ ਦੇਵਾਂ”।
“ਕੀ ਸਲਾਹ” ਉਹ ਹੱਸਦੀ ਹੋਈ ਬੋਲੀ ।
” ਤੂੰ ਇਹ ਜਵਾਕ ਆਪਣੇ ਬੰਦੇ ਨੂੰ ਮੋੜਦੇ ਜਾਹ ਮਾਰ ਉਹਦੇ ਮੱਥੇ ਤੇ ਆਜਾ ਮੇਰੇ ਨਾਲ ਆਪਾਂ ਨਵਾਂ ਨਕੋਰ ਤੇ ਨੰਬਰ ਵੰਨ ਜਵਾਕ ਬਣਾਉਂਦੇ ਹਾਂ”। ਕੁੜੀ ਸ਼ਰਮਾ ਗਈ ਤੇ ਅਸੀਂ ਨੀਲੀਆਂ ਡਾਂਗਰੀਆਂ ਦੀ ਡਾਰ ਹੱਸ ਹੱਸ ਦੂਸਰੇ ਹੋ ਗਏ। ਕੁੜੀ ਨੇ ਡੱਚ ਭਾਸ਼ਾ ਵਿਚ ਉਸ ਨੂੰ ਕੁਝ ਭਲਾ ਬੁਰਾ ਕਿਹਾ ਤੇ ਆਪਣਾ ਜਵਾਕ ਲੈ ਕੇ ਅਗਾਂਹ ਤੁਰ ਗਈ।
ਇਹੋ ਜਿਹਾ ਮਖੌਲੀਆ ਸੀ ਇਹ ਜਵਾਨੀ ਵੇਲੇ। ਢਾਈ ਸਾਲ ਇਸ ਨੇ ਮੇਰੇ ਨਾਲ ਕੰਮ ਕੀਤਾ। 1989 ਵਿੱਚ ਜਦੋਂ ਮੈਂ ਇਹ ਰੈਸਟੋਰੈਂਟ ਬਨਾਉਣ ਦੀ ਸ਼ੁਰੂਆਤ ਕੀਤੀ ਇਹਨਾਂ ਤਿੰਨਾ ਜਵਾਨਾਂ ਨੇ ਮੇਰੀ ਹਰ ਕੰਮ ਵਿੱਚ ਖੂਬ ਮੱਦਤ ਕੀਤੀ। ਸਵੇਰ ਦੀ ਸ਼ਿਫਟ ਲਾ ਅਸੀਂ ਸ਼ਾਮ ਨੂੰ ਰੈਸਟੋਰੈਂਟ ਦੀ ਤਿਆਰੀ ਕਰਦੇ ਭੰਨ ਤੋੜ ਕਿਚਨ ਤਿਆਰ ਕੀਤੀ। ਪੂਰੇ ਤਿੰਨ ਮਹੀਨੇ ਮੇਰੇ ਨਾਲ ਲੱਗੇ ਰਹੇ ਘਰੋਂ ਹੀ ਬੀਅਰ ਬੱਤਾ ਰੋਟੀ ਪਾਣੀ ਪੀਣਾ ਮੈਥੋਂ ਨਾ ਕੁਝ ਖ਼ਰਚਾ ਨਾ ਕਰਵਾਉਣਾ। ਜਦੋਂ ਮੈਂ ਕੁਝ ਖਾਣ ਪੀਣ ਬਾਰੇ ਪੁੱਛਣਾ। ਆਖਣਾ ਖਾਂਵਾਗੇ ਪੀਵਾਂਗੇ ਜਦੋ ਤੇਰਾ ਰੈਸਟੋਰੈਂਟ ਤਿਆਰ ਹੋ ਗਿਆ। ਵੱਡੀ ਪਾਰਟੀ ਲਵਾਂਗੇ ਅਜੇ ਨਹੀਂ ਜਿੰਨਾ ਚਿਰ ਪੂਰਾ ਰੈਸਟੋਰੈਂਟ ਨਹੀਂ ਤਿਆਰ ਹੁੰਦਾ।
ਮੇਰਾ ਰੈਸਟੋਰੈਂਟ ਤਿਆਰ ਹੋ ਗਿਆ ।ਮੈਂ ਕੰਪਨੀ ਤੋਂ ਅਸਤੀਫਾ ਲੈ ਲਿਆ ਮੇਰੇ ਆਲੇ ਕੰਮ ਤੇ ਕ੍ਰਿਸ ਫਿੱਟ ਹੋ ਗਿਆ। ਤੇ ਸ਼ਾਮਾਂ ਨੂੰ ਹਰ ਹਫ਼ਤੇ ਆਪਣੇ ਹੋਰ ਯਾਰਾਂ ਦੋਸਤਾਂ ਨਾਲ ਜਾ ਮਾਂ ਪਿਓ ਨਾਲ ਸਾਡੇ ਦੇਸੀ ਖਾਣਾ ਖਾਣ ਆਉਂਦੇ। ਮੇਰੇ ਰੈਸਟੋਰੈਂਟ ਨੂੰ ਤੇ ਖਾਣੇ ਨੂੰ ਪਾਪੂਲਰ ਕਰਦੇ ਕਿਉਂਕਿ ਇੱਥੇ ਪਿਉਰ ਗੋਰਿਆਂ ਦੇ ਇਸ ਡੂੰਘੇ ਕਿਸਾਨੀ ਇਲਾਕੇ ਵਿੱਚ ਇਹ ਪਹਿਲਾ ਭਾਰਤੀ ਰੈਸਟੋਰੈਂਟ ਸੀ। ਇੱਥੋਂ ਦੇ ਲੋਕਾਂ ਨੂੰ ਸਾਲਾਂ ਦੇ ਸਾਲ ਲੱਗ ਗਏ ਕਿ ਭਾਰਤੀ ਖਾਣਾ,ਚਿਕਨ,ਮਟਨ,ਦਾਲ,ਸਬਜ਼ੀ,ਰੋਟੀ ਨਾਨ,ਚੌਲ ਖਾਣੇ ਕਿਵੇਂ ਹਨ। ਸਾਡੇ ਇੱਥੇ ਕਹਾਵਤ ਹੈ।
ਜੱਟ ਉਹ ਚੀਜ਼ ਕਦੇ ਨਹੀਂ ਚਰਦਾ,ਜਿਸ ਨੂੰ ਉਹ ਜਾਣਦਾ ਨਹੀਂ। ਤੇ ਅਸੀਂ ਜੱਟਾਂ ਨੂੰ ਇਸ ਇਲਾਕੇ ਵਿੱਚ ਦਾਲ ਮੱਖਣੀ ਚਰਾਉਣ ਦੀ ਕਵਾਇਤ ਕਰ ਰਹੇ ਸਾਂ।
