ਹਾਲ ਹੀ ਵਿੱਚ ਕੋਟਕਪੂਰਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਵਾਪਰੀ ਘਟਨਾ ਨੇ ਪੂਰੇ ਸਮਾਜ ਵਿੱਚ ਇੱਕ ਵੱਡੀ ਚਰਚਾ ਦਾ ਵਿਸ਼ਾ ਖੜਾ ਕਰ ਦਿੱਤਾ ਹੈ। ਇੱਕ ਅਧਿਆਪਕ ਵੱਲੋਂ ਬੱਚਿਆਂ ਨੂੰ ਦੇਸ਼ ਦੀਆਂ ਮਹਾਨ ਔਰਤਾਂ ਵਿਸ਼ੇ ਤੇ ਪੜਾਏ ਜਾ ਰਹੇ ਇੱਕ ਚੈਪਟਰ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾਗਾਂਧੀ ਨਾਲ ਸੰਬੰਧਿਤ ਸਵਾਲ ਪੁੱਛੇ ਗਏ ਅਤੇ ਇੱਕ ਬੱਚੇ ਦੇ ਜਵਾਬ ਤੋਂ ਬਾਅਦ ਜੋ ਪ੍ਰਤੀਕ੍ਰਿਆ ਸਾਹਮਣੇ ਆਈ—ਖਾਸ ਕਰਕੇ ਬੱਚੇ ਨਾਲ ਕੀਤੀ ਗਈ ਮਾਰ-ਪੀਟ—ਉਸ ਨੇ ਸਿੱਖਿਆ ਪ੍ਰਣਾਲੀ ਅਤੇ ਅਧਿਆਪਕਾਂ ਦੀ ਭੂਮਿਕਾ ‘ਤੇ ਸਵਾਲ ਖੜੇ ਕਰ ਦਿੱਤੇ ਹਨ।
ਇਸ ਘਟਨਾ ਤੋਂ ਬਾਅਦ ਬੱਚੇ ਦੇ ਮਾਪਿਆਂ ਅਤੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਉਠਾਏ ਗਏ ਕਦਮਾਂ ਨੇ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ। ਹੁਣ ਇਹ ਮਸਲਾ ਕੇਵਲ ਇੱਕ ਸਕੂਲ ਜਾਂ ਇੱਕ ਅਧਿਆਪਕ ਤੱਕ ਸੀਮਿਤ ਨਹੀਂ ਰਿਹਾ, ਸਗੋਂ ਬੁੱਧੀਜੀਵੀ ਵਰਗ, ਸਿੱਖਿਆ ਵਿਦਵਾਨਾਂ ਅਤੇ ਆਮ ਲੋਕਾਂ ਵਿੱਚ ਇਹ ਗੱਲ ਚਰਚਾ ਦਾ ਕੇਂਦਰ ਬਣ ਗਈ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਘਰ ਅਤੇ ਸਕੂਲ ਵਿੱਚ ਕੀ ਸਿੱਖਾ ਰਹੇ ਹਾਂ।ਕੀ ਸਕੂਲ ਕੇਵਲ ਸਿਲੈਬਸ ਪੂਰਾ ਕਰਨ ਨੂੰ ਹੀ ਕਾਫੀ ਸਮਝਦੇ ਕੀ ਬੱਚਿਆਂ ਨੂੰ ਸਕੂਲਾਂ ਵਿੱਚ ਦਿੱਤੇ ਗਏ ਪਾਠਕ੍ਰਮ ਨੂੰ ਉਸੇ ਤਰਾਂ ਪੜਾਉਣਾ ਤਾਂ ਸਕੂਲਾਂ ਦਾ ਕੀ ਲਾਭ ਸਕੂਲਾਂ ਦਾ ਫਰਜ ਹੈ ਕਿ ਉਹ ਚੈਪਟਰ ਤਰਕ ਨਾਲ ਪੜਾਉਣ।
ਬੱਚਿਆਂ ਨੂੰ ਇੱਕ ਪੱਖੀ ਸਿੱਖਿਆ—ਕੀ ਇਹ ਠੀਕ ਹੈ?
ਇੱਕ 12-14 ਸਾਲ ਦੇ ਬੱਚੇ ਨੂੰ ਜੇਕਰ ਕੇਵਲ ਇੱਕ ਪੱਖੀ ਜਾਣਕਾਰੀ ਦਿੱਤੀ ਜਾਵੇ, ਤਾਂ ਇਹ ਸਿੱਖਿਆ ਦੇ ਮੂਲ ਉਦੇਸ਼ ਦੇ ਖਿਲਾਫ ਹੈ। ਸਿੱਖਿਆ ਦਾ ਮਤਲਬ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਬੱਚੇ ਵਿੱਚ ਸੋਚਣ ਦੀ ਸਮਰਥਾ, ਤਰਕ ਕਰਨ ਦੀ ਯੋਗਤਾ ਅਤੇ ਸਹੀ-ਗਲਤ ਦੀ ਪਛਾਣ ਕਰਨ ਦੀ ਸਮਝ ਵਿਕਸਿਤ ਕਰਨਾ ਹੈ।ਜੇ ਮਾਪੇ ਆਪਣੇ ਵਿਚਾਰਾਂ ਅਨੁਸਾਰ ਬੱਚੇ ਨੂੰ ਇੱਕ ਹੀ ਪਾਸੇ ਦੀ ਜਾਣਕਾਰੀ ਦੇ ਰਹੇ ਹਨ, ਤਾਂ ਸਕੂਲ ਅਤੇ ਅਧਿਆਪਕ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ ਕਿ ਉਹ ਬੱਚੇ ਨੂੰ ਸੰਤੁਲਿਤ ਅਤੇ ਤੱਥਾਂ ‘ਤੇ ਆਧਾਰਿਤ ਜਾਣਕਾਰੀ ਦੇਣ।ਅੱਜ ਅਧਿਆਪਕ ਕੋਲ ਇੱਕ ਚੰਗਾ ਮੋਕਾ ਸੀ ਕਿ ਉਹ ਮਪਿਆਂ ਵੱਲੋਂ ਦਿੱਤੀ ਗਈ ਇੱਕ ਤਰਫਾ ਜਾਣਕਾਰੀ ਦੇ ਨਾਲ ਦੂਜੇ ਪੱਖ ਬਾਰੇ ਵੀ ਦੱਸਦੀ।ਅਧਿਆਪਕ ਨੇ ਇੱਕ ਚੰਗਾ ਮੋਕਾ ਬੱਚੇ ਨੂੰ ਪਿਆਰ ਨਾਲ ਸਮਝਾਉਣ ਦੀ ਥਾਂ ਬੱੱਚੇ ਨੂੰ ਕੁੱਟ ਕੇ ਕੱਢ ਦਿੱਤਾ।
ਅਧਿਆਪਕ ਦੀ ਭੂਮਿਕਾ—ਗਿਆਨ ਜਾਂ ਭਾਵਨਾ?
ਇਸ ਘਟਨਾ ਵਿੱਚ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਅਧਿਆਪਕ ਨੇ ਬੱਚੇ ਦੇ ਜਵਾਬ ਨੂੰ ਤਰਕ ਨਾਲ ਸਮਝਾਉਣ ਦੀ ਬਜਾਏ ਭਾਵਨਾਵਾਂ ਵਿੱਚ ਆ ਕੇ ਕੁੱਟਣ ਦਾ ਸਹਾਰਾ ਲਿਆ। ਜੇ ਅਧਿਆਪਕ ਖੁਦ ਹੀ ਤਰਕ ਦੀ ਥਾਂ ਗੁੱਸੇ ਜਾਂ ਪੱਖਪਾਤ ਨਾਲ ਕੰਮ ਲਵੇ, ਤਾਂ ਫਿਰ ਅਧਿਆਪਕ ਅਤੇ ਵਿਿਦਆਰਥੀ ਵਿੱਚ ਕੀ ਅੰਤਰ ਰਹਿ ਜਾਂਦਾ ਹੈ? ਅਧਿਆਪਕ ਉਹ ਹੁੰਦਾ ਹੈ ਜੋ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖੇ, ਪਰ ਇਹ ਕੰਮ ਤਰਕ ਅਤੇ ਸਿੱਖਿਆ ਦੇ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਸਜ਼ਾ ਜਾਂ ਹਿੰਸਾ ਨਾਲ।
ਸਿੱਖਣ ਦੀ ਪ੍ਰਕਿਿਰਆ (ਲਰਿਨੰਗ ਮੈਥਿਡ) ਦੀ ਅਹਿਮੀਅਤ
ਅੱਜਕੱਲ੍ਹ ਸਿੱਖਿਆ ਵਿਭਾਗ ਵੀ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਬੱਚਿਆਂ ਨੂੰ ਸਿਰਫ਼ ਰੱਟਾ ਲਾਉਣ ਦੀ ਬਜਾਏ “ਸਿੱਖਣ ਦੀ ਪ੍ਰਕਿਿਰਆ” ਰਾਹੀਂ ਪੜ੍ਹਾਇਆ ਜਾਵੇ। ਇਸਦਾ ਮਤਲਬ ਹੈ ਕਿ ਬੱਚੇ ਨੂੰ ਸਵਾਲ ਪੁੱਛਣ ਲਈ ਉਤਸ਼ਾਹਿਤ ਕੀਤਾ ਜਾਵੇ, ਉਸਦੇ ਵਿਚਾਰ ਸੁਣੇ ਜਾਣ ਅਤੇ ਉਸਨੂੰ ਤਰਕ ਨਾਲ ਸਮਝਾਇਆ ਜਾਵੇ।ਪਰ ਜੇ ਸਕੂਲਾਂ ਵਿੱਚ ਬੱਚੇ ਦੇ ਸਵਾਲ ਨੂੰ ਹੀ ਗਲਤ ਸਮਝ ਕੇ ਉਸਨੂੰ ਸਜ਼ਾ ਦਿੱਤੀ ਜਾਵੇਗੀ, ਤਾਂ ਇਹ ਸਿੱਖਣ ਦੀ ਪ੍ਰਕਿਿਰਆ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਉਂਦਾ ਹੈ।
ਧਰਮ ਤੋਂ ਰਾਜਨੀਤੀ ਤੱਕ—ਵਿਸ਼ੇ ਦਾ ਵਿਸਥਾਰ
ਪਹਿਲਾਂ ਇਸ ਤਰ੍ਹਾਂ ਦੇ ਮਾਮਲੇ ਧਰਮ ਤੱਕ ਸੀਮਿਤ ਰਹਿੰਦੇ ਸਨ, ਪਰ ਹੁਣ ਇਹ ਰਾਜਨੀਤੀ ਨਾਲ ਵੀ ਜੁੜ ਰਹੇ ਹਨ। 2027 ਦੀਆਂ ਚੋਣਾਂ ਨੂੰ ਦੇਖਦੇ ਹੋਏ ਇਹ ਮਾਮਲੇ ਹੋਰ ਵੀ ਸੰਵੇਦਨਸ਼ੀਲ ਬਣ ਜਾਂਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਮਸਲਿਆਂ ਦੇ ਹੱਲ ਬਹੁਤ ਜਲਦੀ ਕੱਢਣ ਦੀ ਬਜਾਏ ਲੰਮੇ ਖਿੱਚਣੇ ਚਾਹੀਦੇ ਤਾਂ ਜੋ ਉਸ ਦਾ ਫਾਇਦਾ ਲੇ ਸਕਣ।
ਸਜ਼ਾ—ਸਹੀ ਜਾਂ ਗਲਤ?
ਸਕੂਲ ਦੇ ਅਧਿਆਪਕ ਵੱਲੋਂ ਬੱਚੇ ਨੂੰ ਮਾਰਨਾ ਕਦੇ ਵੀ ਠੀਕ ਨਹੀਂ ਮੰਨਿਆ ਜਾ ਸਕਦਾ। ਬੱਚਾ ਸਕੂਲ ਸਿੱਖਣ ਲਈ ਆਉਂਦਾ ਹੈ, ਡਰਣ ਲਈ ਨਹੀਂ। ਜੇ ਉਸਦਾ ਜਵਾਬ ਗਲਤ ਵੀ ਹੈ, ਤਾਂ ਉਸਨੂੰ ਸਹੀ ਤਰੀਕੇ ਨਾਲ ਸਮਝਾਉਣਾ ਅਧਿਆਪਕ ਦੀ ਜ਼ਿੰਮੇਵਾਰੀ ਹੈ।ਬੱਚੇ ਲੜ ਰਹੇ ਹਨ ਉਹਨਾਂ ਨੂੰ ਸਖਤੀ ਨਾਲ ਸਮਝਾਇਆ ਜਾ ਸਕਦਾ ਉਸ ਦਾ ਮਾਪੇ ਉਲਾਭਾਂ ਵੀ ਨਹੀਂ ਦਿੰਦੇਂ।
ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਸਜ਼ਾ ਦਾ ਮਕਸਦ ਸਿੱਖਿਆ ਦੇਣਾ ਹੋਣਾ ਚਾਹੀਦਾ ਹੈ, ਨਾ ਕਿ ਬੱਚੇ ਨੂੰ ਡਰਾਉਣਾ ਜਾਂ ਉਸਦੀ ਆਤਮ-ਵਿਸ਼ਵਾਸ ਨੂੰ ਤੋੜਣਾ।
ਮਾਪਿਆਂ ਅਤੇ ਸਮਾਜ ਦੀ ਜ਼ਿੰਮੇਵਾਰੀ
ਇਸ ਮਾਮਲੇ ਵਿੱਚ ਮਾਪਿਆਂ ਅਤੇ ਸਮਾਜ ਦੀ ਭੂਮਿਕਾ ਵੀ ਮਹੱਤਵਪੂਰਨ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੰਤੁਲਿਤ ਜਾਣਕਾਰੀ ਦੇਣ ਅਤੇ ਉਹਨਾਂ ਨੂੰ ਖੁਦ ਸੋਚਣ ਦੀ ਆਜ਼ਾਦੀ ਦੇਣ। ਸਮਾਜ ਨੂੰ ਵੀ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਸੰਵੇਦਨਸ਼ੀਲਤਾ ਨਾਲ ਦੇਖਣਾ ਚਾਹੀਦਾ ਹੈ, ਨਾ ਕਿ ਇਸਨੂੰ ਧਰਮ ਜਾਂ ਰਾਜਨੀਤੀ ਦਾ ਮਸਲਾ ਬਣਾਉਣਾ ਚਾਹੀਦਾ ਹੈ।
ਕੋਟਕਪੂਰਾ ਦੀ ਇਹ ਘਟਨਾ ਸਾਨੂੰ ਇੱਕ ਵੱਡਾ ਸਬਕ ਦੇ ਰਹੀ ਹੈ ਕਿ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ ਹੈ। ਇਹ ਬੱਚਿਆਂ ਦੀ ਸੋਚ, ਉਹਨਾਂ ਦੇ ਭਵਿੱਖ ਅਤੇ ਸਮਾਜ ਦੀ ਦਿਸ਼ਾ ਨੂੰ ਨਿਰਧਾਰਤ ਕਰਦੀ ਹੈ।ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸੱਚੇ, ਸਚੇਤ ਅਤੇ ਸਮਝਦਾਰ ਨਾਗਰਿਕ ਬਣਨ, ਤਾਂ ਸਾਨੂੰ ਘਰ ਅਤੇ ਸਕੂਲ ਦੋਵੇਂ ਥਾਵਾਂ ‘ਤੇ ਉਹਨਾਂ ਨੂੰ ਤਰਕ, ਸਹਿਣਸ਼ੀਲਤਾ ਅਤੇ ਸੱਚ ਦੀ ਸਿੱਖਿਆ ਦੇਣੀ ਪਵੇਗੀ।ਨਹੀਂ ਤਾਂ ਅਜਿਹੇ ਮਾਮਲੇ ਵਾਰ-ਵਾਰ ਸਾਹਮਣੇ ਆਉਂਦੇ ਰਹਿਣਗੇ ਅਤੇ ਸਾਡੀ ਸਿੱਖਿਆ ਪ੍ਰਣਾਲੀ ‘ਤੇ ਸਵਾਲ ਉੱਠਦੇ ਰਹਿਣਗੇ।
ਲੇਖਕ
ਡਾ ਸੰਦੀਪ ਘੰਡ ਐਡਵੋਕੇਟ
ਲਾਈਫ ਕੋਚ ਮਾਨਸਾ
ਮੋਬਾਈਲ 9815139576
ਸਕੂਲਾਂ ਵਿੱਚ ਸਿੱਖਿਆ ਦਾ ਮਿਆਰ, ਬੱਚਿਆਂ ਦੇ ਪ੍ਰਸ਼ਨ ਅਤੇ ਸਮਾਜਕ ਜ਼ਿੰਮੇਵਾਰੀ ਬੱਚਿਆਂ ਨੂੰ ਸੁਤੰਲਿਤ ਸਿੱਖਿਆ ਦੀ ਜਰੂਰਤ ਲੇਖਕ/-ਡਾ. ਸੰਦੀਪ ਘੰਡ ਐਡਵੋਕੇਟ
Leave a comment
