ਮਹਿਲ ਕਲਾਂ, 10 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ):
ਇੱਕ ਪਾਸੇ ਮਾਂ ਬਣਨ ਦੇ ਸੁਪਨੇ ਸਜਾ ਰਹੀ ਇਕ ਨੌਜਵਾਨ ਔਰਤ ਦੀ ਕੁੱਖ ਵਿੱਚ ਨਵੀਂ ਜ਼ਿੰਦਗੀ ਧੜਕ ਰਹੀ ਸੀ, ਦੂਜੇ ਪਾਸੇ ਮਨੁੱਖੀ ਲਾਪਰਵਾਹੀ ਉਸਦੀ ਆਪਣੀ ਜ਼ਿੰਦਗੀ ਦੇ ਦੀਵੇ ਨੂੰ ਬੁਝਾਉਣ ਲਈ ਤਿਆਰ ਬੈਠੀ ਸੀ। ਲੁਧਿਆਣਾ ਦੇ ਸੀਰਤ ਹਸਪਤਾਲ, ਸ਼ਿਮਲਾਪੁਰੀ ਦੀ ਕਥਿਤ ਅਣਗਹਿਲੀ ਨੇ ਮਹਿਲ ਕਲਾਂ ਦੀ 25 ਸਾਲਾ ਨਾਜ਼ੀਆ ਪ੍ਰਵੀਨ ਦੀ ਜ਼ਿੰਦਗੀ ਖੋਹ ਲਈ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਨਾਜ਼ੀਆ ਪ੍ਰਵੀਨ, ਜੋ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਦੀ ਧਰਮਪਤਨੀ ਸੀ, ਆਪਣੇ ਪਿੱਛੇ ਇੱਕ ਨਵਜੰਮੇ ਬੱਚੇ ਸਮੇਤ ਰੋਣ ਵਾਲਾ ਪਰਿਵਾਰ ਛੱਡ ਗਈ ਹੈ। ਦਿਲ ਦਹਿਲਾ ਦੇਣ ਵਾਲੀ ਗੱਲ ਇਹ ਹੈ ਕਿ ਉਹ ਮਾਂ ਬਣਨ ਦੀ ਖੁਸ਼ੀ ਨੂੰ ਪੂਰੀ ਤਰ੍ਹਾਂ ਮਹਿਸੂਸ ਵੀ ਨਾ ਕਰ ਸਕੀ।
ਜਾਣਕਾਰੀ ਮੁਤਾਬਕ ਨਾਜ਼ੀਆ ਆਪਣੇ ਪੇਕੇ ਸ਼ਹਿਰ ਮਲੇਰਕੋਟਲਾ ਵਿਖੇ ਸੀ, ਜਿੱਥੇ ਪਿੰਡ ਚੀਮੇ ਚੌਹਾਣੇ ਦੀ ਸਟਾਫ ਨਰਸ ਕੁਲਵਿੰਦਰ ਕੌਰ ਕੋਲ ਉਸਦਾ ਇਲਾਜ ਚੱਲ ਰਿਹਾ ਸੀ। ਸਰੀਰ ਵਿੱਚ ਸੈੱਲ ਅਤੇ ਖੂਨ ਘੱਟ ਹੋਣ ਕਰਕੇ ਉਸਨੂੰ ਲੁਧਿਆਣਾ ਦੇ ਸੀਰਤ ਹਸਪਤਾਲ ਵਿੱਚ ਜਾਂਚ ਲਈ ਲਿਜਾਇਆ ਗਿਆ। ਉਸ ਵੇਲੇ ਉਹ ਕੇਵਲ 33 ਹਫ਼ਤਿਆਂ ਦੀ ਗਰਭਵਤੀ ਸੀ, ਜਦਕਿ ਡਾਕਟਰੀ ਮਿਆਰਾਂ ਅਨੁਸਾਰ ਸੁਰੱਖਿਅਤ ਡਿਲਿਵਰੀ ਲਈ ਸਮਾਂ ਹਾਲੇ ਬਾਕੀ ਸੀ।
ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਹਸਪਤਾਲ ਦੇ ਡਾਕਟਰਾਂ ਵੱਲੋਂ ਡਰ ਦਾ ਮਾਹੌਲ ਬਣਾਉਂਦਿਆਂ ਤੁਰੰਤ ਡਿਲਿਵਰੀ ਕਰਨ ਲਈ ਜਬਰੀ ਦਬਾਅ ਬਣਾਇਆ ਗਿਆ ਅਤੇ ਇੱਥੋਂ ਤੱਕ ਕਿਹਾ ਗਿਆ ਕਿ ਦੇਰੀ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। “ਪੂਰੀ ਜ਼ਿੰਮੇਵਾਰੀ ਸਾਡੀ,” ਦੇ ਭਰੋਸੇ ਨਾਲ ਪਰਿਵਾਰ ਨੂੰ ਮਨਾਇਆ ਗਿਆ। ਮਜਬੂਰੀ ਵਿੱਚ ਪਰਿਵਾਰ ਨੇ ਹਾਮੀ ਭਰੀ ਅਤੇ ਡਾਕਟਰਾਂ ਵੱਲੋਂ ਜਲਦਬਾਜ਼ੀ ਵਿੱਚ ਸੀਜ਼ੇਰੀਅਨ ਆਪਰੇਸ਼ਨ ਕਰਕੇ ਬੱਚੇ ਦਾ ਜਬਰਦਸਤੀ ਜਨਮ ਕਰਵਾਇਆ ਗਿਆ।
ਨਾਜ਼ੀਆ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸਨੂੰ ਸਮੇਂ ਤੋਂ ਪਹਿਲਾਂ ਜਨਮ ਹੋਣ ਕਾਰਨ ਕਿਸੇ ਹੋਰ ਹਸਪਤਾਲ ਵਿੱਚ ਮਸ਼ੀਨਾਂ ਵਿੱਚ ਰੱਖਿਆ ਗਿਆ। ਪਰ ਖੁਸ਼ੀ ਦੇ ਇਹ ਪਲ ਜਿਆਦਾ ਚਿਰ ਨਹੀਂ ਟਿਕੇ। ਉਸੇ ਰਾਤ ਕਰੀਬ 12 ਵਜੇ ਨਾਜ਼ੀਆ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਵੱਧ ਖੂਨ ਵਗਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਇਹ ਸਭ ਕੁਝ ਡਾਕਟਰਾਂ ਦੀ ਘੋਰ ਲਾਪਰਵਾਹੀ ਅਤੇ ਘਟੀਆ ਪ੍ਰਬੰਧਾਂ ਦਾ ਨਤੀਜਾ ਹੈ।
ਇਸ ਹਿਰਦੇਵੇਦਕ ਘਟਨਾ ਨੇ ਪੱਤਰਕਾਰ ਭਾਈਚਾਰੇ ਨੂੰ ਵੀ ਝੰਝੋੜ ਕੇ ਰੱਖ ਦਿੱਤਾ ਹੈ। ਸਮੂਹ ਪੱਤਰਕਾਰਾਂ ਵੱਲੋਂ ਡੂੰਘਾ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਦੇ ਆਪਣੇ ਪੱਤਰਕਾਰ ਸਾਥੀ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨਾਲ ਖੜ੍ਹਨ ਅਤੇ ਨਾਜ਼ੀਆ ਪ੍ਰਵੀਨ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਆਵਾਜ਼ ਬੁਲੰਦ ਕਰਨ ਦਾ ਐਲਾਨ ਕੀਤਾ ਹੈ।
ਮਰਹੂਮ ਨਾਜ਼ੀਆ ਪ੍ਰਵੀਨ ਦੀ ਅੰਤਿਮ ਅਰਦਾਸ ਅਤੇ ਦੁਆ 12 ਅਪ੍ਰੈਲ 2026 ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਗੋਲਡਨ ਕਲੋਨੀ, ਮਹਿਲ ਕਲਾਂ (ਜ਼ਿਲ੍ਹਾ ਬਰਨਾਲਾ) ਵਿਖੇ ਅਦਾ ਕੀਤੀ ਜਾਵੇਗੀ।
ਇਹ ਘਟਨਾ ਨਾ ਸਿਰਫ਼ ਇਕ ਪਰਿਵਾਰ ਲਈ ਅਸਹਿਣਯੋਗ ਦੁੱਖ ਹੈ, ਸਗੋਂ ਸਿਹਤ ਪ੍ਰਣਾਲੀ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
