ਇਨਸਾਨ ਆਉਂਦਾ ਹੈ ਚਲਾ ਜਾਂਦਾ ਹੈ। ਇੱਥੇ ਪੱਕਾ ਸਮਾਂ ਕੋਈ ਰਹਿਣ ਨਹੀਂ ਆਇਆ। ਜੋ ਪੈਦਾ ਹੋਇਆ ਉਸਨੇ ਖਤਮ ਵੀ ਹੋਣਾ ਹੀ ਹੁੰਦਾ ਹੈ ਪਰ ਯਾਦਾਂ ਦੇ ਸਹਾਰੇ ਜਿੰਦਗੀ ਨੇ ਅੱਗੇ ਵਧਣਾ ਤੇ ਚੱਲਣਾ ਹੁੰਦਾ ਹੈ। ਜਿੱਥੇ ਮਾਂ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਹੁੰਦੀ ਹੈ ਉਥੇ ਪਿਤਾ ਦਾ ਵੀ ਰੋਲ ਵੱਡਾ ਹੁੰਦਾ ਹੈ ਮਾਤਾ ਤੇ ਪਿਤਾ ਦੋਵਾਂ ਦਾ ਬੱਚੇ ਲਈ ਵੱਖਰਾ-ਵੱਖਰਾ ਸਥਾਨ ਹੁੰਦਾ ਹੈ। ਬੱਚੇ ਦਾ ਆਢ-ਗੁਆਢ, ਚੋਗਿਰਦਾ ,ਸਕੂਲ, ਸ਼ਹਿਰ ਉਸ ਤੇ ਆਪਣਾ ਹੀ ਪ੍ਰਭਾਵ ਛੱਡਦੇ ਹਨ। ਆਪਣਿਆਂ ਦੇ ਚਲੇ ਜਾਣ ਤੋਂ ਬਾਅਦ ਮਨ ਉਦਾਸ ਹੋ ਜਾਂਦਾ ਹੈ ਅਤੇ ਫਿਰ ਜਿੰਦਗੀ ਦਾ ਅਗਲਾ ਪੜਾਅ ਉਸਦੀਆਂ ਯਾਦਾਂ ਦੇ ਸਹਾਰੇ ਹੀ ਚੱਲਣਾ ਸ਼ੁਰੂ ਹੋ ਜਾਂਦਾ ਹੈ। ਕਹਿੰਦੇ ਹਨ ਕਿ ਖੜੇ ਤਾਂ ਪਾਣੀ ਵੀ ਮੁਸ਼ਕ ਜਾਂਦੇ ਹਨ ਤੇ ਚਲਦੇ ਪਾਣੀਆਂ ਵਿੱਚ ਵੱਖਰੀ ਹੀ ਮਹਿਕ ਹੁੰਦੀ ਹੈ ।ਇਸ ਪ੍ਰਕਾਰ ਹੀ ਜ਼ਿੰਦਗੀ ਦਾ ਅਸੂਲ ਹੈ ਸਮੇਂ ਅਨੁਸਾਰ ਜਿੰਦਗੀ ਨੇ ਵੀ ਬਦਲਦੇ ਹੀ ਰਹਿਣਾ ਹੁੰਦਾ ਹੈ।
ਕਰੋਨਾ ਦੇ ਸਮੇਂ ਮੇਰਾ ਬਾਪੂ ਮੈਨੂੰ ਸਦਾ ਲਈ ਹੀ ਇਕੱਲਿਆਂ ਛੱਡ ਗਿਆ। ਉਸਦੇ ਜਿਉਂਦੇ ਹੁੰਦਿਆਂ ਮੈਨੂੰ ਜ਼ਿੰਦਗੀ ਵਿੱਚ ਕਿਸੇ ਵੀ ਗੱਲ ਦਾ ਭੋਰਾ ਫਿਕਰ ਤੱਕ ਨਹੀਂ ਸੀ। ਆਪਣੀ ਮਸਤ ਜ਼ਿੰਦਗੀ ਵਿੱਚ ਮੈਂ ਵੀ ਮਸਤ ਸਾਂ। ਪਿਤਾ ਦੇ ਜਾਣ ਤੋਂ ਬਾਅਦ ਸਾਰੀ ਜਿੰਮੇਵਾਰੀ ਦਾ ਮੈਨੂੰ ਇੱਕ ਵੱਖਰਾ ਹੀ ਅਹਿਸਾਸ ਹੋਇਆ। ਪਤਾ ਨਹੀਂ ਕਿਸ ਤਰ੍ਹਾਂ ਕਰਜ਼ੇ ਦੀਆਂ ਪੰਡਾਂ ਚੱਕੀ ਉਹ ਸਾਨੂੰ ਤਿੰਨੋਂ ਭੈਣ- ਭਰਾਵਾਂ ਨੂੰ ਪੜਾਉਂਦਾ ਅਤੇ ਘਰ ਦੀ ਕਬੀਲਦਾਰੀ ਤੋਰਦਾ ਰਿਹਾ। ਗੱਲ 1998 ਦੀ ਹੈ ਜਦੋਂ ਮੇਰੀ ਬੀਐਡ ਵਿੱਚ ਐਡਮੀਸ਼ਨ ਹੋਈ। ਘਰ ਕੋਈ ਪੈਸਾ ਟਕਾ ਨਹੀਂ ਸੀ । ਛਿਮਾਹੀ ਫਸਲ ਵਿਕਦੀ ਤਾਂ ਕਿਤੇ ਜਾ ਕੇ ਆੜਤੀਏ ਕੋਲੋਂ ਪੈਸੇ ਮਿਲਦੇ ਤੇ ਫਿਰ ਸਾਡੇ ਕੱਪੜੇ ਲੀੜੇ ਵਰਦੀਆਂ ਆਦਿ ਦਾ ਪ੍ਰਬੰਧ ਹੁੰਦਾ। ਪ੍ਰੀਖਿਆ ਪਾਸ ਕਰਨ ਤੋਂ ਤੁਰੰਤ ਬਾਅਦ ਬੀਐਡ ਦੀ ਐਡਮਿਸ਼ਨ ਦੀ ਖੁਸ਼ੀ ਦਾ ਚਾਅ ਮੈਥੋਂ ਚੱਕਿਆ ਤੱਕ ਨਹੀਂ ਸੀ ਜਾਂਦਾ। ਮੈਨੂੰ ਕੀ ਪਤਾ ਸੀ ਕਿ ਇੰਨੀ ਜਿਆਦਾ ਫੀਸ ਭਰਨ ਦੀ ਸਾਡੇ ਵਿੱਚ ਗੁੰਜਾਇਸ਼ ਨਹੀਂ ਸੀ। ਮੈਂ ਚੁੱਪ ਕਰਕੇ ਸੌ ਗਿਆ। ਮੇਰੀ ਮਾਂ ਨੇ ਕਿਤੇ ਮੇਰੇ ਪਿਤਾ ਨਾਲ ਗੱਲਬਾਤ ਕੀਤੀ ਕਿ ਇਸ ਦੀ ਐਡਮਿਸ਼ਨ ਹੋਈ ਹੈ ਮੁੰਡੇ ਨੇ ਮਾਸਟਰ ਲੱਗ ਜਾਣਾ ਹੈ ਫੀਸ ਕਾਫੀ ਜਿਆਦਾ ਹੈ ਆਪਾਂ ਕੋਈ ਹੱਲ ਕਰੀਏ। ਅਗਲੇ ਹੀ ਦਿਨ ਉਹ ਵਿਚਾਰਾ ਆਪਣੇ ਸੰਦਾ ਦੀ ਪਰਵਾਹ ਨਾ ਕਰਦਾ ਆਪਣੀ ਟਰਾਲੀ ਵੇਚ ਆਇਆ ਤੇ ਮੈਨੂੰ ਫੀਸ ਜੋਗੇ ਪੈਸੇ ਇਕੱਠੇ ਕਰਕੇ ਦੇ ਦਿੱਤੇ। ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਜਦੋਂ ਉਹ ਲੋਕਾਂ ਦੀਆਂ ਟਰਾਲੀਆਂ ਮੰਗ ਕੇ ਗੇੜੇ ਲਾਉਂਦਾ।
ਪਿਤਾ ਦਾ ਤੁਹਾਡੀ ਜ਼ਿੰਦਗੀ ਵਿੱਚ ਕਿੱਡਾ ਅਹਿਮ ਸਥਾਨ ਹੁੰਦਾ ਹੈ ਇਸਦਾ ਅਨੁਮਾਨ ਤੱਕ ਨਹੀਂ ਲਾਇਆ ਜਾ ਸਕਦਾ। ਪਿਤਾ ਤਾਂ ਆਪਣੀ ਜ਼ਿੰਦਗੀ ਵੀ ਆਪਣੇ ਬੱਚਿਆਂ ਲਈ ਕੁਰਬਾਨ ਕਰ ਦਿੰਦਾ ਹੈ। ਅੱਜ ਮੇਰਾ ਬਾਪੂ ਭਾਵੇਂ ਸਾਡੇ ਵਿਚਕਾਰ ਨਹੀਂ ਹੈ ਪ੍ਰੰਤੂ ਉਸਦੀਆਂ ਯਾਦਾਂ ਦੇ ਸਹਾਰੇ ਹੀ ਇਹ ਜ਼ਿੰਦਗੀ ਨੇ ਅੱਗੇ ਵੱਧਦੇ ਰਹਿਣਾ ਹੈ। ਜਦੋਂ ਮੈਂ ਅੱਜ ਆਪਣੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਉਦਾਹਰਨਾਂ ਦਿੰਦਾ ਹਾਂ ਤਾਂ ਉਹਨਾਂ ਦੀਆਂ ਅੱਖਾਂ ਵਿੱਚੋਂ ਜਿੱਥੇ ਨੀਰ ਵਹਿਣ ਲੱਗਦਾ ਹੈ ਉੱਥੇ ਉਹਨਾਂ ਦਾ ਪਿਆਰ ਸਤਿਕਾਰ ਆਪਣੇ ਮਾਪਿਆਂ ਪ੍ਰਤੀ ਹੋਰ ਜਿਆਦਾ ਵੱਧ ਜਾਂਦਾ ਹੈ।
ਮਾਪੇ ਤਾਂ ਘਰਾਂ ਦੇ ਜਿੰਦਰੇ ਹੁੰਦੇ ਹਨ ਜਿਨਾਂ ਦੇ ਹੁੰਦਿਆਂ ਕਿਸੇ ਪ੍ਰਕਾਰ ਦੀ ਕੋਈ ਫਿਕਰ ਨਹੀਂ ਹੁੰਦੀ। ਜਿੰਨਾਂ ਬੱਚਿਆਂ ਦੇ ਮਾਪੇ ਬਚਪਨ ਵਿੱਚ ਚਲੇ ਜਾਂਦੇ ਹਨ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਬਿਨਾਂ ਮਾਪਿਆਂ ਦੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਹੁੰਦੀ ਹੈ। ਜੇਕਰ ਜ਼ਿੰਦਗੀ ਵਿੱਚ ਯਾਦਾਂ ਨਾ ਹੋਣ ਤਾਂ ਜ਼ਿੰਦਗੀ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਚੰਗੀਆਂ ਮਾੜੀਆਂ ਯਾਦਾਂ ਦੇ ਸਹਾਰੇ ਜ਼ਿੰਦਗੀ ਨੇ ਚਲਦੇ ਹੀ ਰਹਿਣਾ ਹੈ।
ਤੁਹਾਨੂੰ ਛੱਡ ਜਾਣ ਤੋਂ ਬਾਅਦ ਵੀ ਮਾਪੇ ਤੁਹਾਡੇ ਸੁਪਨਿਆਂ ਵਿੱਚ ਆ ਕੇ ਤੁਹਾਨੂੰ ਚੰਗੇ ਅਤੇ ਮਾੜੇ ਦਾ ਫਰਕ ਦੱਸਦੇ ਰਹਿੰਦੇ ਹਨ। ਅਸਲ ਵਿੱਚ ਜ਼ਿੰਦਗੀ ਯਾਦਾਂ ਦੀ ਵੱਡੀ ਫਿਲਮ ਹੈ ਤੇ ਦਿਮਾਗ ਇਸ ਨੂੰ ਆਪਣੇ ਵਿੱਚ ਸਮਾ ਕੇ ਰੱਖਦਾ ਹੈ। ਚੰਗੀਆਂ ਯਾਦਾਂ ਜ਼ਿੰਦਗੀ ਨੂੰ ਅੱਗੇ ਵੱਲ ਲੈ ਜਾਂਦੀਆਂ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਵੱਡਿਆਂ ਦੀ ਕਦਰ ਕਰੀਏ ਅਤੇ ਜਿੰਦਗੀ ਦੀਆਂ ਚੰਗੀਆਂ ਯਾਦਾਂ ਹੋਰਾਂ ਨਾਲ ਵੀ ਸਾਂਝੀਆਂ ਕਰੀਏ।
ਤਹਿਸੀਲ ਬੁਢਲਾਡਾ ਜਿਲਾ ਮਾਨਸਾ।
9876074055
