ਮਾਨਸਾ, 22 ਨਵੰਬਰ
ਐਮ.ਬੀ. ਇੰਟਰਨੈਸ਼ਨਲ ਸਕੂਲ ਰੱਲਾ ਵੱਲੋਂ ਪ੍ਰਿੰਸੀਪਲ ਮੈਡਮ ਸਵਿਤਾ ਕਾਠ ਦੀ ਸੁਝਾਵਨਸ਼ੀਲ ਅਤੇ ਪ੍ਰੇਰਣਾਦਾਇਕ ਰਹਿਨੁਮਾਈ ਹੇਠ ਸਿੱਖਿਆ ਦੇ ਨਾਲ-ਨਾਲ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਸਾਲ ਵਿੱਦਿਅਕ ਅਤੇ ਸਹਿ-ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਬੀਤੇ ਦਿਨੀਂ ਸਤਿਕਾਰਯੋਗ ਮੈਨੇਜਮੈਂਟ ਸਕੱਤਰ ਸ੍ਰ. ਮਨਜੀਤ ਸਿੰਘ ਖਿਆਲਾ, ਮੈਡਮ ਅਮ੍ਰਿਤਪਾਲ ਕੌਰ ਅਤੇ ਪ੍ਰਿੰਸੀਪਲ ਸਵਿਤਾ ਕਾਠ ਜੀ ਦੀ ਅਗਵਾਈ ਹੇਠ ਕਲਾਸ ਪੰਜਵੀਂ ਤੋਂ ਨੌਵੀਂ ਤੱਕ ਦੇ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਵਿੱਦਿਅਕ ਟੂਰ ਦਾ ਪ੍ਰਬੰਧ ਕੀਤਾ ਗਿਆ, ਜਿਸ ਨੇ ਬੱਚਿਆਂ ਨੂੰ ਨਾ ਕੇਵਲ ਪੰਜਾਬ ਦੀ ਧਰਤੀ ਨਾਲ ਜੋੜਿਆ, ਸਗੋਂ ਉਹਨਾਂ ਨੂੰ ਇਤਿਹਾਸ, ਸੱਭਿਆਚਾਰ, ਵਿਰਾਸਤ ਅਤੇ ਆਧਿਆਤਮਿਕਤਾ ਨਾਲ ਵੀ ਗਹਿਰਾਈ ਨਾਲ ਜੋੜਿਆ।
ਟੂਰ ਦੀ ਸ਼ੁਰੂਆਤ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਤੀਰਥ ਸਥਾਨ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਦੇ ਦਰਸ਼ਨ ਨਾਲ ਹੋਈ। ਵਿਦਿਆਰਥੀਆਂ ਨੇ ਗੁਰਬਾਣੀ ਦੀ ਰੌਸ਼ਨੀ ਵਿੱਚ ਸ਼ਾਂਤੀ, ਅਧਿਆਤਮਿਕਤਾ ਅਤੇ ਸਮਰਸਤਾ ਦਾ ਵਿਲੱਖਣ ਅਨੁਭਵ ਕੀਤਾ। ਬੱਚਿਆਂ ਨੇ ਸਰੋਵਰ, ਲੰਗਰ ਪ੍ਰਥਾ, ਇਮਾਰਤੀ ਕਲਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਅਧਿਆਪਕਾਂ ਅਤੇ ਗਾਈਡਜ਼ ਨੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਨਿਰਮਾਣ, ਇਸ ਦੀ ਮਹੱਤਤਾ ਅਤੇ ਸਿੱਖ ਤਹਿਜ਼ੀਬ ਵਿੱਚ ਇਸ ਦੀ ਕੇਂਦਰੀ ਭੂਮਿਕਾ ਬਾਰੇ ਜਾਣੂ ਕਰਵਾਇਆ
ਟੂਰ ਦੇ ਅਗਲੇ ਪੜਾਅ ਵਿੱਚ ਵਿਦਿਆਰਥੀਆਂ ਨੇ ਵਿਰਾਸਤੀ ਸਾਡਾ ਪਿੰਡ ਦਾ ਦੌਰਾ ਕੀਤਾ, ਜਿੱਥੇ ਪੰਜਾਬ ਦੀ ਰੰਗ-ਬਰੰਗੀ ਲੋਕ ਵਿਰਾਸਤ ਨੂੰ ਬੜੇ ਸੁੰਦਰ ਢੰਗ ਨਾਲ ਦਰਸਾਇਆ ਗਿਆ ਹੈ। ਵਿਦਿਆਰਥੀਆਂ ਨੇ ਪੰਜਾਬ ਦੇ ਪੁਰਾਤਨ ਘਰਾਂ ਦੀ ਬਣਤਰ, ਲੋਕ ਜੀਵਨ, ਬੁਜ਼ੁਰਗਾਂ ਦੀਆਂ ਰਵਾਇਤਾਂ, ਖੇਤੀਬਾੜੀ ਦੇ ਪੁਰਾਣੇ ਸਾਜੋ-ਸਮਾਨ, ਲੋਕ-ਨਾਚ, ਲੋਕ-ਸੰਗੀਤ ਅਤੇ ਖੇਡਾਂ ਦਾ ਜੀਵੰਤ ਤਜਰਬਾ ਹਾਸਲ ਕੀਤਾ। ਬੱਚਿਆਂ ਨੇ ਰਵਾਇਤੀ ਪੰਜਾਬੀ ਖਾਣਿਆਂ ਦਾ ਅਨੰਦ ਲਿਆ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਦਾ ਆਨੰਦ ਲਿਆ।
ਟੂਰ ਦਾ ਸਭ ਤੋਂ ਗਿਆਨਵਰਧਕ ਹਿੱਸਾ ਸੁਲਤਾਨਪੁਰ ਲੋਧੀ ਦਾ ਦੌਰਾ ਸੀ—ਉਹ ਧਰਤੀ ਜਿਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਮਾ ਸਮਾਂ ਗੁਜਾਰਿਆ ਸੀ। ਇਸ ਪਵਿੱਤਰ ਧਰਤੀ ਦਾ ਦੌਰਾ ਵਿਦਿਆਰਥੀ ਤੇ ਅਧਿਆਪਕਾਂ ਲਈ ਅਸ਼ੀਰਵਾਦੀ ਸੀ।
ਪੂਰੇ ਟੂਰ ਦੌਰਾਨ ਵਿਦਿਆਰਥੀਆਂ ਨੇ ਇਤਿਹਾਸਕ ਘਟਨਾਵਾਂ, ਮਹੱਤਵਪੂਰਨ ਧਾਰਮਿਕ ਸਥਾਨਾਂ ਅਤੇ ਪੰਜਾਬ ਦੀ ਪ੍ਰਾਚੀਨ ਵਿਰਾਸਤ ਬਾਰੇ ਬੇਹੱਦ ਕੀਮਤੀ ਜਾਣਕਾਰੀ ਹਾਸਲ ਕੀਤੀ।
ਪ੍ਰਿੰਸੀਪਲ ਮੈਡਮ ਸਵਿਤਾ ਕਾਠ ਨੇ ਕਿਹਾ ਕਿ ਵਿੱਦਿਅਕ ਟੂਰ ਵਿਦਿਆਰਥੀਆਂ ਦੀ ਪੰਜਾਬ ਪ੍ਰਤੀ ਭੂਗੋਲਿਕ ਸਮਝ, ਇਤਿਹਾਸਕ ਜਾਣਕਾਰੀ, ਸੱਭਿਆਚਾਰਕ ਜਾਗਰੂਕਤਾ ਅਤੇ ਵਿਚਾਰਣਸ਼ੀਲ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਟੂਰ ਹਰ ਸਕੂਲੀ ਕਾਰਜਕ੍ਰਮ ਦਾ ਅਟੁੱਟ ਹਿੱਸਾ ਹੋਣੇ ਚਾਹੀਦੇ ਹਨ, ਤਾਂ ਜੋ ਵਿਦਿਆਰਥੀ ਸਿਰਫ ਕਿਤਾਬੀ ਸਿੱਖਿਆ ਨਹੀਂ ਸਗੋਂ ਪ੍ਰਯੋਗਾਤਮਕ ਸਿੱਖਿਆ ਨਾਲ ਵੀ ਜੁੜ ਸਕਣ।
ਟੂਰ ਦੀ ਸਫਲਤਾਪੂਰਵਕ ਸੰਪੂਰਨਤਾ ‘ਤੇ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰੀ ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰੀ ਮਨਜੀਤ ਸਿੰਘ ਖਿਆਲਾ, ਵਾਈਸ ਚੇਅਰਮੈਨ ਸ੍ਰੀ ਪਰਮਜੀਤ ਸਿੰਘ ਬੁਰਜ ਹਰੀ ਅਤੇ ਆਫਿਸ ਐਡਮਿਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਨੇ ਪੂਰੀ ਟੀਮ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੰਸਥਾ ਦਾ ਮਕਸਦ ਹਮੇਸ਼ਾ ਹੀ ਬੱਚਿਆਂ ਨੂੰ ਉੱਤਮ ਸਿੱਖਿਆ, ਵਿਸ਼ਵਾਸ, ਅਨੁਭਵਾਤਮਕ ਗਿਆਨ, ਅਤੇ ਵਿਰਾਸਤ ਨਾਲ ਜੁੜਾਅ ਪ੍ਰਦਾਨ ਕਰਨਾ ਹੈ।
