ਚੰਡੀਗੜ੍ਹ-20_Nov
ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਵੱਲੋਂ ਹਰ ਸਾਲ ਦਸੰਬਰ ਮਹੀਨੇ ਕਰਵਾਇਆ ਜਾਂਦਾ ਪ੍ਰੋਫ਼ੈਸਰ ਦੀਪਕ ਮਨਮੋਹਨ ਸਿੰਘ
ਪੰਜਾਬੀ ਸਾਹਿਤਕ/ਸਭਿਆਚਾਰਕ ਮੇਲਾ ਇਸ ਵਾਰ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਇੱਥੋਂ ਜਾਰੀ ਇਕ ਸਾਂਝੇ ਪ੍ਰੈੱਸ ਬਿਆਨ ਵਿਚ ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ, ਜਨਰਲ ਸਕੱਤਰ ਡਾ. ਸਵਰਾਜ ਸਿੰਘ ਸੰਧੂ ਅਤੇ ਮੇਲੇ ਦੇ ਮੁੱਖ ਬੁਲਾਰੇ ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਮੇਲੇ ਦੇ ਮੁੱਖ ਪ੍ਰਬੰਧਕਾਂ ਬਲਵਿੰਦਰ ਸਿੰਘ ਲਾਲੀ ਧਨੋਆ (ਅਮਰੀਕਾ), ਡੇਵਿਡ ਗਰੇਵਾਲ (ਕੈਨੇਡਾ) ਡਾ. ਪਰਮਜੀਤ ਸਿੰਘ ਭੁੱਲਰ, ਅਸ਼ੋਕ ਗੁਪਤਾ (ਸੇਵਾ ਮੁਕਤ ਆਈ. ਏ. ਐੱਸ.) ਡਾ. ਜਸਵਿੰਦਰ ਸਿੰਘ ਖੁਣਖੁਣ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸੁਰਜੀਤ ਕੌਰ ਬੈਂਸ ਨਾਲ਼ ਹੋਈ ਜ਼ੂਮ ਮੀਟਿੰਗ ਵਿਚ ਸਰਬਸੰਮਤੀ ਨਾਲ਼ ਇਹ ਮੇਲਾ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ।
ਮੇਲਾ ਮੁਲਤਵੀ ਕਰਨ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਐਤਕੀਂ ਯਾਨੀ 2025 ਦੇ ਸਾਲ ਵਿੱਚ ਬਹੁਤ ਹੀ ਅਣਹੋਣੀਆਂ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਢਾਹ ਲਾਉਣ ਵਾਲੀਆਂ ਘਟਨਾਵਾਂ ਵਾਪਰੀਆਂ ਹਨ; ਜਿਵੇਂ ਪੰਜਾਬ ਵਿੱਚ ਹੜਾਂ ਨਾਲ ਹੋਈ ਤਬਾਹੀ, ਜਾਨੀ ਅਤੇ ਮਾਲੀ ਨੁਕਸਾਨ, ਦਿੱਲੀ ਅਤੇ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੀਆਂ ਕਾਲ਼ੀਆਂ ਕਰਤੂਤਾਂ ਕਰ ਕੇ ਕੀਮਤੀ ਮਨੁੱਖੀ ਜਾਨਾਂ ਦਾ ਗਵਾਚਣਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੋਂਦ ਦੀ ਲੜਾਈ ਲਈ ਲੱਗੇ ਧਰਨੇ ਤੇ ਕੁੱਝ ਗ਼ੈਰ-ਸਮਾਜੀ ਤੱਤਾਂ ਵੱਲੋਂ ਕੀਤੀ ਗਈ ਹੁੱਲੜਬਾਜ਼ੀ ਅਤੇ ਸਾਹਿਤ ਦੇ ਸੱਭਿਆਚਾਰ ਨਾਲ ਜੁੜੀਆਂ ਕੁੱਝ ਅਹਿਮ ਸਖ਼ਸ਼ੀਅਤਾਂ ਦੇ ਸਦੀਵੀ ਵਿਛੋੜੇ ਇਹ ਆਗਿਆ ਨਹੀਂ ਦਿੰਦੇ ਕਿ ਪੰਜਾਬ ਦੇ ਰੰਗਲੇ ਸਭਿਆਚਾਰ ਨਾਲ਼ ਜੁੜੀਆਂ ਗਾਇਨ ਅਤੇ ਨ੍ਰਿਤ ਪੇਸ਼ਕਾਰੀਆਂ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਅਗਲਾ ਪ੍ਰੋਫ਼ੈਸਰ ਦੀਪਕ ਪੰਜਾਬੀ ਸਾਹਿਤਕ/ਸਭਿਆਚਾਰਕ ਮੇਲਾ ਬਦਲੇ ਹੋਏ ਰੂਪ ਵਿਚ 2026 ਦੇ ਫਰਵਰੀ ਮਹੀਨੇ ਵਿਚ ਕਰਵਾਇਆ ਜਾਵੇਗਾ।
