ਭਾਈ ਲਾਲੋ ਪੰਜਾਬੀ ਮੰਚ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ, ਮਨਰੇਗਾ ਯੂਨੀਅਨਾਂ ਵੱਲੋਂ ਭਰਵੀਂ ਮੀਟਿੰਗ ਮਹਿਲ ਕਲਾਂ ਵਿਖੇ
ਮਹਿਲ ਕਲਾਂ, 11 ਨਵੰਬਰ (ਡਾ. ਮਿੱਠੂ ਮੁਹੰਮਦ) —
ਭਾਈ ਲਾਲੋ ਪੰਜਾਬੀ ਮੰਚ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ, ਲਾਲ ਝੰਡਾ ਮਨਰੇਗਾ ਵਰਕਰ ਯੂਨੀਅਨ ਅਤੇ ਹੋਰ ਸੰਗਠਨਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਖੇ ਬਲਾਕ ਪ੍ਰਧਾਨ ਬਲਦੇਵ ਸਿੰਘ ਖ਼ਾਲਸਾ ਸਹਿਜੜਾ ਦੀ ਅਗਵਾਈ ਹੇਠ ਇੱਕ ਭਰਵੀਂ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸੰਗਠਨਾਂ ਨੇ ਐਲਾਨ ਕੀਤਾ ਕਿ ਆਪਣੀਆਂ ਲੰਬੇ ਸਮੇਂ ਤੋਂ ਅਣਸੁਣੀਆਂ ਮੰਗਾਂ ਨੂੰ ਲੈ ਕੇ 12 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਹਰਜੀਤ ਸਿੰਘ ਖਿਆਲੀ ਮਹਿਲ ਕਲਾਂ, ਜਗਰਾਜ ਸਿੰਘ ਟੱਲੇਵਾਲ (ਸਰਪੰਚ), ਅਤੇ ਬੀਬੀ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਅੱਜ ਵੀ ਦੇਸ਼ ਦਾ ਮਜ਼ਦੂਰ ਤੇ ਦਲਿਤ ਵਰਗ ਸ਼ੋਸ਼ਣ ਅਤੇ ਗਰੀਬੀ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਇਜ਼ਤ ਵਾਲਾ ਜੀਵਨ ਜੀਣਾ ਹੈ ਤਾਂ ਸੰਗਠਿਤ ਹੋ ਕੇ ਸੰਘਰਸ਼ ਕਰਨਾ ਪਵੇਗਾ, ਕਿਉਂਕਿ ਸਵੈਮਾਣ ਨਾਲ ਜੀਊਣਾ ਹੀ ਅਸਲ ਜੀਵਨ ਹੈ।
ਬਲਾਕ ਪ੍ਰਧਾਨ ਬਲਦੇਵ ਸਿੰਘ ਖ਼ਾਲਸਾ ਸਹਿਜੜਾ, ਸੁਦਾਗਰ ਸਿੰਘ ਭੋਤਨਾ, ਸਿੰਗਾਰਾ ਸਿੰਘ ਸੋਹੀਆਂ, ਨੰਬਰਦਾਰ ਜਗਦੇਵ ਸਿੰਘ ਕਲਾਲ ਮਾਜਰਾ ਆਦਿ ਆਗੂਆਂ ਨੇ ਸਰਕਾਰ ਦੇ ਨਾਮ ਮੰਗਾਂ ਦਾ ਪੱਤਰ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਮਜ਼ਦੂਰਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ,ਮਹਿੰਗਾਈ ਦੇ ਹਿਸਾਬ ਨਾਲ ਦਿਹਾੜੀ ਘੱਟੋ ਘੱਟ ₹700 ਕੀਤੀ ਜਾਵੇ।ਬੁਢਾਪਾ ਪੈਨਸ਼ਨ ਦੀ ਉਮਰ ਹੱਦ 65 ਸਾਲ ਤੋਂ ਘਟਾ ਕੇ 55 ਸਾਲ ਕੀਤੀ ਜਾਵੇ।ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ ਘੱਟੋ ਘੱਟ ₹10,000 ਮਹੀਨਾ ਕੀਤੀ ਜਾਵੇ। ਬੇਘਰ ਲੋਕਾਂ ਨੂੰ 10 ਮਰਲੇ ਦੇ ਪਲਾਟ ਦਿੱਤੇ ਜਾਣ।ਬਰਸਾਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।ਬਿਜਲੀ ਦੇ ਸੋਧ ਬਿੱਲ ਰੱਦ ਕੀਤੇ ਜਾਣ।
ਇਸ ਤੋਂ ਇਲਾਵਾ ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਹਸਪਤਾਲਾਂ ਵਿੱਚ ਡਾਕਟਰਾਂ ਤੇ ਸਟਾਫ ਦੀ ਘਾਟ ਪੂਰੀ ਕਰੇ, ਸਕੂਲਾਂ ਦੀਆਂ ਖਾਲੀ ਅਸਾਮੀਆਂ ਭਰੇ, ਅਤੇ ਵਾਤਾਵਰਣ ਸੁਧਾਰ ਲਈ ਹਰ ਪਿੰਡ ਵਿੱਚ ਘੱਟੋ-ਘੱਟ 20 ਹਜ਼ਾਰ ਪੌਦੇ ਲਗਾਏ ਜਾਣ।
ਭਗਵੰਤ ਮਾਨ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਆਗੂਆਂ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਹੁਣ ਤੱਕ ਪੂਰੇ ਨਹੀਂ ਕੀਤੇ ਗਏ। ਖ਼ਾਸ ਕਰਕੇ ਔਰਤਾਂ ਨਾਲ ₹1000 ਪ੍ਰਤੀ ਮਹੀਨਾ ਦੇ ਐਲਾਨ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਛੋਟੀਆਂ-ਛੋਟੀਆਂ ਰਾਹਤਾਂ ਦੀ ਥਾਂ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਵੱਡਾ ਸੰਘਰਸ਼ ਖੜ੍ਹਾ ਕਰਨਾ ਚਾਹੀਦਾ ਹੈ, ਕਿਉਂਕਿ ਹੱਕ ਲੈਣ ਲਈ ਸਖ਼ਤ ਮਿਹਨਤ ਅਤੇ ਇਕਜੁੱਟਤਾ ਜ਼ਰੂਰੀ ਹੈ।
ਇਸ ਮੌਕੇ ਪੱਲੇਦਾਰ ਗੁਰਦੀਪ ਸਿੰਘ, ਅਰਮਾਨ ਟੱਲੇਵਾਲ, ਅਮਨਦੀਪ ਸਿੰਘ ਮਾਂਗੇਵਾਲ, ਜਗਸੀਰ ਸਿੰਘ ਖਿਆਲੀ, ਰਾਜੂ ਮੈਂਬਰ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ ਗਹਿਲ, ਜੱਗਾ, ਕਾਲਾ ਪ੍ਰਧਾਨ (ਉਗਰਾਹਾਂ ਯੂਨੀਅਨ), ਜੱਗਰ ਸਲੇਮਪੁਰ, ਹਰਨੇਕ ਸਿੰਘ ਛੀਨੀਵਾਲ ਖੁਰਦ, ਮਨਦੀਪ ਕੌਰ, ਵੀਰਪਾਲ ਕੌਰ, ਕੁਲਵਿੰਦਰ ਕਿੰਦਾ, ਇੰਦਰਵੀਰ ਸਿੰਘ ਅਤੇ ਡੋਗਰ ਨੰਬਰਦਾਰ ਆਦਿ ਹਾਜ਼ਰ ਸਨ।
