18 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਜਾਰੀ ਹੁਕਮ ਰਾਹੀਂ ਦੱਸਿਆ ਕਿ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆਤਿਸ਼ਬਾਜੀ ਅਤੇ ਪਟਾਖਿਆਂ ਦੀ ਵਿਕਰੀ ਕਰਨ ਲਈ ਕੱਢੇ ਗਏ ਡਰਾਅ ਅਨੁਸਾਰ ਸਥਾਨਕ ਸਪੋਰਟਸ ਸਟੇਡੀਅਮ ਲਈ ਜਾਰੀ ਕੀਤੇ ਗਏ 23 ਲਾਇਸੰਸ ਧਾਰਕ ਹੁਣ ਸਪੋਰਟਸ ਸਟੇਡੀਅਮ, ਬਠਿੰਡਾ ਦੀ ਜਗ੍ਹਾ ਦੀ ਬਜਾਏ ਪੁੱਡਾ ਗਰਾਂਉਡ, ਪਾਵਰ ਹਾਊਸ ਰੋਡ, ਬਠਿੰਡਾ ਵਿਖੇ ਸਟਾਲਾਂ ਲਗਾਉਣਗੇ।
ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਪੋਰਟਸ ਸਟੇਡੀਅਮ, ਬਠਿੰਡਾ ਵਿਖੇ ਦੀਵਾਲੀ/ਗੁਰਪੂਰਬ ਦੇ ਤਿਉਹਾਰ ਦੇ ਮੱਦੇਨਜਰ ਪਟਾਕਿਆਂ ਦੀ ਆਰਜੀ ਤੌਰ ‘ਤੇ ਸਟਾਲਾਂ ਲਗਾਉਣ ਦੀ ਮੰਨਜੂਰੀ ਦਿੱਤੀ ਗਈ ਸੀ, ਪ੍ਰੰਤੂ ਹੁਣ ਖਿਡਾਰੀਆਂ ਵੱਲੋ ਇਤਰਾਜ ਕੀਤਾ ਗਿਆ ਹੈ ਕਿ ਅਥਲੈਟਿਕਸ ਟਰੈਕ ਪਟਾਕਿਆਂ ਦੀਆਂ ਸਟਾਲਾਂ ਲੱਗਣ ਨਾਲ ਖਰਾਬ ਹੋਣ ਦਾ ਡਰ ਹੈ, ਇਸ ਲਈ ਪਟਾਕਿਆਂ ਦੀਆਂ ਸਟਾਲਾਂ ਪਾਵਰ ਹਾਊਸ ਰੋਡ, ਪੁੱਡਾ ਗਰਾਂਊਡ ਬਠਿੰਡਾ ਵਿੱਚ ਲਗਾਈਆਂ ਜਾਣਗੀਆਂ।
ਇਹ ਹੁਕਮ ਤੁਰੰਤ ਲਾਗੂ ਹੋਣਗੇ।
